MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕਾਂਗਰਸ ਵੱਲੋਂ ਕੀਤੀ ਧੱਕੇਸ਼ਾਹੀ ਦਾ ਅਕਾਲੀ ਦਲ ਦੀ ਸਰਕਾਰ ਆਉਣ ਤੇ ਦਿੱਤਾ ਜਾਵੇਗਾ ਮਾਕੂਲ ਜਵਾਬ-ਰੋਜ਼ੀ ਬਰਕੰਦੀ

ਜੇਕਰ ਕਾਂਗਰਸੀ ਧੱਕਾ ਨਾ ਕਰਦੇ ਤਾਂ ਅਕਾਲੀ ਦਲ ਨੂੰ ਬਹੁਮਤ ਮਿਲਣੀ ਸੀ ਯਕੀਨੀ


ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ,17 ਫਰਵਰੀ (ਸੁਰਿੰਦਰ ਸਿੰਘ ਚੱਠਾ)-ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਨਗਰ ਕੌਸਲ ਚੋਣਾਂ ਦੇ ਨਤੀਜੇ ਆਉਣ ਤੋਂ ਤੁਰੰਤ ਬਾਅਦ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਕੌਸਲ ਸ੍ਰੀ ਮੁਕਤਸਰ ਸਾਹਿਬ ਦੀਆਂ 31 ਸੀਟਾਂ ਹਨ, ਜਿਨਾਂ ਵਿੱਚੋਂ ਅਕਾਲੀ ਦਲ ਦੇ ਦੋ ਉਮੀਦਵਾਰਾਂ ਦੇ ਕਾਗਜ ਰੱਦ ਕਰਵਾ ਦਿੱਤੇ ਗਏ ਸਨ। ਇਸ ਕਰਕੇ ਅਕਾਲੀ ਦਲ ਨੇ 29 ਸੀਟਾਂ ਵਿੱਚੋਂ ਦਸ ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਕਾਂਗਰਸ ਨੂੰ ਦੱਸ ਦਿੱਤਾ ਹੈ ਕਿ ਜੇਕਰ ਧੱਕੇਸ਼ਾਹੀ ਨਾ ਕੀਤੀ ਜਾਂਦੀ ਤਾਂ ਅਕਾਲੀ ਦਲ ਨੇ ਨਗਰ ਕੌਸਲ ਤੇ ਕਬਜਾ ਕਰ ਲੈਣਾ ਸੀ। ਉਹਨਾਂ ਕਿਹਾ ਕਿ ਜਿਨਾਂ ਧੱਕਾ ਇਸ ਵਾਰ ਹੋਇਆ ਹੈ, ਉਨਾਂ ਧੱਕਾ ਤਾਂ ਪਹਿਲਾ ਕਦੇ ਦੇਖਣ ਨੂੰ ਨਹੀਂ ਮਿਲਿਆ। ਉਹਨਾਂ ਦੱਸਿਆ ਕਿ ਚੋਣਾਂ ਵਾਲੇ ਦਿਨ ਤੋਂ ਦੋ ਦਿਨ ਪਹਿਲਾਂ ਅਕਾਲੀ ਉਮੀਦਵਾਰਾਂ ਨੂੰ ਪੁਲਿਸ ਵੱਲੋਂ ਫੜਨਾ ਸ਼ੁਰੂ ਕਰ ਦਿੱਤਾ ਗਿਆ ਸੀ ਤਾਂ ਕਿ ਅਕਾਲੀ ਦਲ ਦੇ ਉਮੀਦਵਾਰ ਅਖੀਰਲੇ ਦੋ ਦਿਨਾਂ ਵਿੱਚ ਵੋਟਰਾਂ ਨਾਲ ਸੰਪਰਕ ਨਾ ਬਣਾ ਸਕਣ। ਇਸ ਤੋਂ ਇਲਾਵਾ ਸਾਡੇ ਕਈ ਆਗੂਆਂ ਤੇ ਗੰਭੀਰ ਧਾਰਾਵਾਂ ਹੇਠ ਝੂਠੇ ਪਰਚੇ ਦਿੱਤੇ ਗਏ, ਜਿਸ ਕਰਕੇ ਚੋਣਾਂ ਪ੍ਰਭਾਵਿਤ ਹੋਈਆਂ ਪਰ ਫਿਰ ਵੀ ਕਾਂਗਰਸੀਆਂ ਵੱਲੋਂ ਪੂਰੀ ਵਾਹ ਲਾਉਣ ਦੇ ਬਾਵਜੂਦ ਅਕਾਲੀ ਦਲ ਦਸ ਸੀਟਾਂ ਜਿੱਤਣ ਵਿੱਚ ਕਾਮਯਾਬ ਰਿਹਾ, ਜੋ ਕਾਂਗਰਸੀਆਂ ਦੇ ਮੂੰਹ ਤੇ ਚਪੇੜ ਹੈ। ਇਸ ਸਮੇਂ ਪ੍ਰੈੱਸ ਕਾਨਫਰੰਸ ਵਿੱਚ ਨਵੇਂ ਜਿੱਤੇ ਹੋਏ ਅਕਾਲੀ ਉਮੀਦਵਾਰ ਵੀ ਹਾਜਰ ਰਹੇ। ਰੋਜੀ ਬਰਕੰਦੀ ਨੇ ਜਿੱਥੇ ਸ਼ਹਿਰ ਦੀ ਜਨਤਾ ਦਾ ਧੰਨਵਾਦ ਕੀਤਾ, ਉਥੇ ਉਹਨਾਂ ਨੇ ਸਥਾਨਕ ਪ੍ਰੈੱਸ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਕਿਉਂਕਿ ਇਹਨਾਂ ਚੋਣਾਂ ਵਿੱਚ ਸਥਾਨਕ ਪ੍ਰੈੱਸ ਵੱਲੋਂ ਤਨਦੇਹੀ ਨਾਲ ਕੰਮ ਕਰਕੇ ਨਿਰਪੱਖ ਚੋਣਾਂ ਕਰਾਉਣ ਵਿੱਚ ਆਪਣੀ ਭੂਮਿਕਾ ਨਿਭਾਈ ਹੈ। ਇਸ ਸਮੇਂ ਉਹਨਾਂ ਦੇ ਨਾਲ ਮਨਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ, ਪੱਪੀ ਸਰਪੰਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।