MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਗੁ: ਗੁਰੂ ਅਰਜਨ ਦੇਵ ਕੱਦਗਿੱਲ ਛਾਉਣੀ ਬੁੱਢਾ ਦਲ ਵਿਖੇ ਸਲਾਨਾ ਜੋੜ ਮੇਲਾ ਮਨਾਇਆ ਗਿਆ

ਵਾਹਿਗੁਰੂ ਕਬੱਡੀ ਸਪੋਰਟਸ ਕਲੱਬ ਰਾਜਾ ਰਾਮ ਗੁਰਦਾਸਪੁਰ ਨੇ ਕਬੱਡੀ ਮੈਚ ਜਿੱਤਿਆ


ਤਰਨਤਾਰਨ, 19 ਮਾਰਚ (ਬਚਨ ਸਿੰਘ ਰੈਸ਼ੀਆਣਾ)- ਜਿਲ੍ਹਾ ਤਰਨਤਾਰਨ ਦੇ ਪਿੰਡ ਕੱਦਗਿੱਲ ਵਿਖੇ ਇਤਿਹਾਸਕ ਗੁਰਦੁਆਰਾ ਪਾ: ਪੰਜਵੀਂ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਹਰ ਸਾਲ ਦੀ ਤਰਾਂ 16, 17 ਅਤੇ 18 ਮਾਰਚ ਨੂੰ ਜੋੜ ਮੇਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਾਇਆ ਗਿਆ। ਨਿਹੰਗ ਸਿੰਘਾਂ ਦੀ ਛਾਉਣੀ ਪਿੰਡ ਕੱਦਗਿੱਲ ਦੇ ਇਤਿਹਾਸਕ ਗੁਰਦੁਆਰਾ ਪਾ: ਪੰਜਵੀਂ ਗੁਰੂ ਅਰਜਨ ਦੇਵ ਜੀ ਵਿਖੇ ਨਿਹੰਗ ਸਿੰਘਾਂ ਦੀ ਪੁਰਾਤਨ ਮਰਿਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਮਹੰਤ ਬਲਦੇਵ ਸਿੰਘ ਢੋਢੀਵਿੰਡ ਦੇ ਪ੍ਰਬੰਧਾਂ ਵਿਚ ਅਤੇ ਪੰਜ ਪਿਆਰਿਆਂ, ਨਿਸ਼ਾਨਚੀਆਂ, ਨਗਾਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੇਠ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਵਿਚ ਸੰਗਤਾਂ ਪੈਦਲ, ਸਕੂਟਰਾਂ, ਟਰਾਲੀਆਂ ਤੇ ਵਾਹਿਗੁਰੂ ਦਾ ਜਾਪ ਕਰਦੀਆਂ ਸ਼ਾਮਲ ਹੋਈਆਂ। ਇਹ ਨਗਰ ਕੀਰਤਨ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ ਪੰਜਵੀਂ ਕੱਦਗਿੱਲ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸੰਗਤ ਸਾਹਿਬ ਪਿੰਡ ਮੱਲੀਆਂ, ਗੁਰਦੁਆਰਾ ਬਾਬਾ ਜੀਵਨ ਸਿੰਘ ਤੋਂ ਹੁੰਦਾ ਹੋਇਆ ਵੱਖ-ਵੱਖ ਬਹਿਕਾਂ, ਅਬਾਦੀਆਂ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਇਆ। ਦੀਵਾਨ ਵਿਚ ਵੱਖ-ਵੱਖ ਢਾਡੀ, ਪ੍ਰਚਾਰਕਾਂ, ਕਵੀਸ਼ਰਾਂ ਨੇ ਗੁਰੂ ਜੱਸ ਗਾਇਨ ਕੀਤਾ ਅਤੇ ਇਸ ਅਸਥਾਨ ਦੀ ਮਹਿਮਾ ਬਿਆਨ ਕਰਦਿਆਂ ਕਿਹਾ ਕਿ ਇਸ ਪਵਿੱਤਰ ਅਸਥਾਨ 'ਤੇ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 6 ਮਹੀਨੇ 9 ਦਿਨ ਰਹਿ ਕੇ ਭਾਰੀ ਤਪੱਸਿਆ ਕੀਤੀ ਅਤੇ ਸੰਗਤਾਂ ਨੂੰ ਵਰ ਦਿੱਤਾ ਕਿ ਇਸ ਪਵਿੱਤਰ ਸਰੋਵਰ ਵਿਚ ਜੋ ਵੀ ਪ੍ਰਾਣੀ ਇਸ਼ਨਾਨ ਕਰੇਗਾ ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ ਅਤੇ ਸੁਕੇ ਬੱਚੇ ਹਰੇ ਹੋਣਗੇ। ਇਸ ਸਲਾਨਾ ਜੋੜ ਮੇਲੇ ਵਿਚ ਸੰਤ ਬਾਬਾ ਪ੍ਰਦੀਪ ਸਿੰਘ ਜੀ ਬੋਰੇ ਵਾਲੇ ਬੱਧਨੀ ਕਲਾਂ, ਭਾਈ ਜੋਗਾ ਸਿੰਘ ਜੀ ਕਵੀਸ਼ਰੀ ਜੱਥਾ ਅਤੇ ਪੰਥ ਦੇ ਪ੍ਰਸਿੱਧ ਢਾਡੀ ਜੱਥਿਆਂ ਤੋਂ ਇਲਾਵਾ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਭਗਤ ਸਿੰਘ ਮਹੰਤ ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਬਾਬਾ ਤਰਸੇਮ ਸਿੰਘ ਮਹਿਤਾ ਚੌਂਕ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਗੁਰਪਿੰਦਰ ਸਿੰਘ ਸਤਲਾਣੀ ਸਾਹਿਬ ਵਾਲੇ, ਝਿਰਮਲ ਸਿੰਘ ਨੰਬਰਦਾਰ, ਬਾਬਾ ਮੇਜਰ ਸਿੰਘ ਯੂਨੀਅਨ ਪ੍ਰਧਾਨ, ਹਰਪਾਲ ਸਿੰਘ ਸਰਪੰਚ ਪਿੰਡ ਕੱਦਗਿੱਲ, ਹਰਜਿੰਦਰ ਸਿੰਘ ਸਰਪੰਚ ਪਿੰਡ ਮੱਲ੍ਹੀਆਂ, ਸ਼ੇਰ ਸਿੰਘ ਸਟੇਜ ਸੈਕਟਰੀ ਆਦਿ ਨੇ ਹਾਜ਼ਰੀ ਭਰੀ ਹੈ। ਉਪਰੰਤ ਕਬੱਡੀ ਦਾ ਮੈਚ ਵੀ ਕਰਵਾਇਆ ਗਿਆ ਜਿਸ ਵਿਚ ਵਾਹਿਗੁਰੂ ਕਬੱਡੀ ਸਪੋਰਟਸ ਕਲੱਬ ਰਾਜਾ ਰਾਮ ਗੁਰਦਾਸਪੁਰ ਅਤੇ ਪੀਰ ਬਾਬਾ ਢੋਲੇ ਸ਼ਾਹ ਸਪੋਰਟਸ ਕਲੱਬ ਘਰਿਆਲਾ ਦੀਆਂ ਟੀਮਾਂ ਦੇ ਵਿਚਕਾਰ ਹੋਇਆ। ਵਾਹਿਗੁਰੂ ਕਬੱਡੀ ਸਪੋਰਟਸ ਕਲੱਬ ਰਾਜਾ ਰਾਮ ਗੁਰਦਾਸਪੁਰ ਨੇ ਕਬੱਡੀ ਮੈਚ ਜਿੱਤਿਆ। ਉਪਰੰਤ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਇਸ ਜੋੜ ਮੇਲੇ ਵਿਚ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ, ਸੰਤ ਮਹਾਪੁਰਸ਼ ਅਤੇ ਛਾਉਣੀਆਂ ਦੇ ਮਹੰਤ ਤੇ ਨਿਹੰਗ ਸਿੰਘ ਫੌਜਾਂ ਹੁੰਮ ਹਮਾ ਕੇ ਪਹੁੰਚੀਆਂ। ਇਸ ਸਮੇਂ ਗੁਰੂ ਕਾ ਲੰਗਰ ਵੀ ਅਟੁੱਟ ਵਰਤਿਆ।