MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕਪੂਰਥਲਾ ਜਿਲ੍ਹੇ ਵਿਚ 11 ਨਵੇਂ ਹੈਲਥ ਐਂਡ ਵੈਲਨੈੱਸ ਸੈਂਟਰਾਂ ਦਾ ਵਰਚੁਅਲ ਉਦਘਾਟਨ

ਮੁਹਾਲੀ ਸਥਿਤ ਟੈਲੀਮੈਡੀਸਨ ਨਾਲ ਆਨਲਾਇਨ ਜੁੜੇ ਹਨ ਵੈਲਨੈਸ ਸੈਂਟਰ
ਕਪੂਰਥਲਾ, 25 ਮਾਰਚ ( ਮੀਨਾ ਗੋਗਨਾ ) ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਕਪੂਰਥਲਾ ਦੇ 11 ਹੈਲਥ ਐਂਡ ਵੈਲਨੈੱਸ ਸੈਂਟਰਾਂ ਦਾ ਅੱਜ ਵਰਚੁਅਲ ਉਦਘਾਟਨ ਹੋਇਆ। ਇਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ  ਦੀਪਤੀ ਉੱਪਲ, ਜਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਕਮਲੇਸ਼ ਰਾਣੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ ਪੀ ਆਂਗਰਾ, ਵਿਸ਼ਾਲ ਸੋਨੀ ਵਲੋਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਨਲਾਇਨ ਤਰੀਕੇ ਸਮਾਗਮ ਵਿਚ ਸ਼ਿਰਕਤ ਕੀਤੀ। 
ਡਿਪਟੀ ਕਮਿਸ਼ਨਰ ਨੇ  ਦੱਸਿਆ ਕਿ ਇਨ੍ਹਾਂ ਹੈਲਥ ਐਂਡ ਵੈਲਨੈੱਸ ਸੈਂਟਰਾਂ ਵਿਚ ਮੁੱਢਲੀਆਂ ਸਿਹਤ ਸਹੂਲਤਾਂ ਪਿੰਡ ਪੱਧਰ ਤੱਕ ਲੋਕਾਂ ਨੂੰ ਪਹੁੰਚਾਈਆਂ ਜਾਣਗੀਆਂ। ਸੈਂਟਰਾਂ ਵਿਚ ਕਮਿਊਨਿਟੀ ਹੈਲਥ ਅਫਸਰਾਂ ਦੇ ਨਾਲ-ਨਾਲ ਮਲਟੀਪਰਪਜ਼ ਹੈਲਥ ਵਰਕਰ ਤੇ ਆਸ਼ਾ ਵਰਕਰ ਵੀ ਤਾਇਨਾਤ ਹਨ। ਇਹ ਵੈਲਨੈਸ ਸੈਂਟਰ ਈ-ਸੰਜੀਵਨੀ ਤਹਿਤ ਟੈਲੀਮੈਡੀਸਨ  ਕੇਂਦਰ ਮੁਹਾਲੀ ਨਾਲ ਸਿੱਧੇ ਜੁੜੇ ਹਨ ਤਾਂ ਜੋ ਲੋੜ ਪੈਣ ’ਤੇ ਸਿਹਤ ਮਾਹਿਰਾਂ ਦੀ ਸਲਾਹ ਲਈ ਜਾ ਸਕੇ।  
ਇਨ੍ਹਾਂ ਹੈਲਥ ਐਂਡ ਵੈਲਨੈੱਸ ਸੈਂਟਰਾਂ ਵਿਚ ਇਲਾਜ ਦੇ ਨਾਲ ਨਾਲ ਫਿਟਨੈੱਸ ਗਤੀਵਿਧੀਆਂ ਜਿਵੇਂ ਕਿ ਯੋਗਾ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਦੇ ਦੌਰ ਵਿਚ ਈ-ਸੰਜੀਵਨੀ ਓ.ਪੀ.ਡੀ. ਘਰ ਬੈਠੇ ਸਿਹਤ ਸਹੂਲਤ ਦੇਣ ਵਿਚ ਲੋਕਾਂ ਲਈ ਇੱਕ ਵਰਦਾਨ ਦੀ ਤਰ੍ਹਾਂ ਸਾਬਤ ਹੋਈ ਹੈ। 
ਸਿਵਲ ਸਰਜਨ ਕਪੂਰਥਲਾ ਡਾ. ਸੀਮਾ ਨੇ ਦੱਸਿਆ ਕਿ ਜਿਹੜੇ ਨਵੇਂ ਹੈਲਥ ਐਂਡ ਵੈਲਨੈੱਸ ਸੈਂਟਰਾਂ ਦਾ ਅੱਜ ਰਸਮੀ ਉਦਘਾਟਨ ਹੋਇਆ ਹੈ ਉਨ੍ਹਾਂ ਵਿਚ ਬਲਾਕ ਕਾਲਾ ਸੰਘਿਆ ਦੇ ਅਹਿਮਦਪੁਰ, ਇਬਣ, ਕੇਸਰਪੁਰ ਤੇ ਜੱਲੋਵਾਲ ਸ਼ਾਮਿਲ ਹਨ। ਇਸੇ ਤਰ੍ਹਾਂ ਢਿਲਵਾਂ ਬਲਾਕ ਵਿਚ ਦਾਊਦਪੁਰ, ਮੁਰਾਰ, ਧੰਮ, ਹੰਬੋਵਾਲ ਅਤੇ ਬਾਗੜੀਆਂ ਹੈਲਥ ਐਂਡ ਵੈਲਨੈੱਸ ਸੈਂਟਰ ਅਤੇ ਬਲਾਕ ਪਾਂਸ਼ਟਾਂ ਦੇ ਮਹੇੜੂ ਅਤੇ ਚਹੇੜੂ ਦਾ ਅੱਜ ਰਸਮੀ ਉਦਘਾਟਨ ਹੋਇਆ ਹੈ। 
ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ ਨੇ ਦੱਸਿਆ ਕਿ ਜਿੱਥੇ ਪਹਿਲਾਂ ਸਬ ਸੈਂਟਰਾਂ ਵਿਚ ਕੇਵਲ ਜੱਚਾ ਬੱਚਾ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ ਹੁਣ ਉੱਥੇ ਹੀ ਇਨ੍ਹਾਂ ਨੂੰ  ਹੈਲਥ ਐਂਡ ਵੈਲਨੈੱਸ ਸੈਂਟਰਾਂ ਵਿਚ ਅਪਗ੍ਰੇਡ ਕਰ ਕੇ ਗੈਰਸੰਚਾਰੀ ਰੋਗਾਂ ਦੀ ਸਕਰੀਨਿੰਗ ਦੀ ਸਹੂਲਤ ਵੀ ਮੁੱਹਈਆ ਕਰਵਾਈ ਗਈ ਹੈ। ਸੈਂਟਰਾਂ ਵਿਚ ਟੈਸਟਾਂ ਦੀ ਤੇ ਇਲਾਜ ਦੀ ਮੁਫਤ ਸਹੂਲਤ ਹੈ। ਇਸ ਮੌਕੇ ਐਸ.ਡੀ.ਐਮ. ਵਰਿੰਦਰਪਾਲ ਸਿੰਘ ਬਾਜਵਾ ,  ਡੀ.ਡੀ.ਪੀ.ਓ. ਲਖਵਿੰਦਰ ਸਿੰਘ, ਜਿਲਾ ਪ੍ਰੋਗਰਾਮ ਮੈਨੇਜਰ ਡਾ.ਸੁਖਵਿੰਦਰ ਕੌਰ, ਸੰਦੀਪ ਖੰਨਾ, ਜੋਤੀ ਆਨੰਦ, ਰਵਿੰਦਰ ਜੱਸਲ ਵੀ ਹਾਜ਼ਰ ਸਨ।