MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪ੍ਰਾਈਵੇਟ ਸਕੂਲਾਂ ਦੇ ਸੰਚਾਲਕਾਂ ਤੇ ਅਧਿਆਪਕਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ

ਭਿੱਖੀਵਿੰਡ 25 ਮਾਰਚ (ਜਗਮੀਤ ਸਿੰਘ) ਸਮੂਹ ਪ੍ਰਾਈਵੇਟ ਸਕੂਲਾਂ ਸਰਬਜੀਤ ਮੈਮੋਰੀਅਲ ਪਬਲਿਕ ਸਕੂਲ ਲਾਲਪੁਰਾ, ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਕੰਗ, ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਝਬਾਲ, ਬਲਜੀਤ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕਾਹਲਵਾਂ, ਸੰਤ ਸਿੰਘ ਸੂਬਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ, ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੰਗ, ਭਾਈ ਲੱਧਾ ਜੀ ਖਾਲਸਾ ਅਕੈਡਮੀ ਨੂਰਪੁਰ, ਪਰਮ ਅਕੈਡਮੀ ਧੱਤਲ, ਬਾਬਾ ਬਸਤਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੈਰੋਂ, ਗੁਰੂ ਨਾਨਕ ਦੇਵ ਕਾਨਵੈਂਟ ਸਕੂਲ ਨਾਗੋਕੇ ,ਫੋਰ ਐਸ ਖਾਲਸਾ ਪਬਲਿਕ ਸਕੂਲ ਹਰੀਕੇ, ਸ਼ਾਹ ਹਰਬੰਸ ਇੰਟਰਨੈਸ਼ਨਲ ਸਕੂਲ ਰਾਣੀ ਵਲਾਹ , ਬਾਬਾ ਦੀਪ ਸਿੰਘ ਪਬਲਿਕ ਸਕੂਲ ਬੇਗੇਪੁਰ, ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕੋਟ ਦਾਤਾ, ਬੀ ਬੀ ਐੱਸ ਕੇ ਐਸ ਸਕੂਲ ਢੋਟਾ, ਨਿਊ ਲਾਈਫ ਪਬਲਿਕ ਸਕੂਲ ਚੋਹਲਾ ਸਾਹਿਬ ਸਮੇਤ ਸੈਂਕੜੇ ਹੋਰ ਸਕੂਲਾਂ ਵਿੱਚ ਸਰਕਾਰ ਵੱਲੋਂ ਕਰੋਨਾ ਦੀ ਆੜ ਹੇਠ ਸਕੂਲਾਂ ਨੂੰ ਬੰਦ ਰੱਖਣ ਦੇ ਤੁਗਲਕੀ ਫੁਰਮਾਨ ਦੇ ਖਿਲਾਫ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਕਾਲੀਆਂ ਝੰਡੀਆਂ ਲਹਿਰਾ ਕੇ ਕੇਂਦਰ ਅਤੇ ਸੂਬਾ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ।ਇਸ ਰੋਸ ਪ੍ਰਦਰਸ਼ਨ ਵਿੱਚ ਸਕੂਲ ਸੰਚਾਲਕਾਂ ਤੋਂ ਇਲਾਵਾ ਅਧਿਆਪਕਾਂ, ਮਾਪਿਆਂ ਅਤੇ ਟਰਾਂਸਪੋਰਟ ਨਾਲ ਸਬੰਧਤ ਲੋਕਾਂ ਨੇ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਪਿਛਲੇ ਦਿਨੀਂ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਕਰਨ ਦੇ ਆਦੇਸ਼ ਤੋਂ ਬਾਅਦ ਸਮੁੱਚੇ ਵਿਦਿਅਕ ਜਗਤ ਵਿੱਚ ਜਬਰਦਸਤ ਰੋਸ ਪਾਇਆ ਜਾ ਰਿਹਾ ਹੈ।ਰੈਕੋਗਨਾਈਜਡ ਐਂਡ ਐਫੀਲੀਏਟਡ ਸਕੂਲ ਐਸੋਸੀਏਸ਼ਨ ( ਰਾਸਾ) ਸੂਬਾ ਸਕੱਤਰ ਸਕੱਤਰ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਗਿੱਲ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੋਸ ਪ੍ਰਦਰਸ਼ਨ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ 30 ਮਾਰਚ ਨੂੰ ਸਮੁੱਚੇ ਪੰਜਾਬ ਵਿੱਚ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ  ਸਰਕਾਰ ਦੇ ਨਾਦਰਸ਼ਾਹੀ ਅਤੇ ਤਰਕਹੀਣ ਫੈਸਲੇ ਦੇ ਖਿਲਾਫ ਮੰਗ ਪੱਤਰ ਸੌਂਪੇ ਜਾਣਗੇ ਅਤੇ ਜੇਕਰ ਸਰਕਾਰ ਦੇ ਕੰਨਾਂ ਤੇ ਫਿਰ ਵੀ ਜੂੰ ਨਾ ਸਰਕੀ ਤਾਂ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।