MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਡੇਰਾ ਸੰਤ ਬਾਬਾ ਬੱਗੂ ਭਗਤ ਵਿਖੇ ਫੁਲਾਂ ਦੀ ਹੋਲੀ ਮਨਾਈ ਗਈ

-- ਵਿਸ਼ੇਸ਼ ਸਮਾਗਮ ਆਯੋਜਿਤ --  


ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਜਗਦੀਸ਼ ਰਾਏ ਢੋਸੀਵਾਲ) ਸਥਾਨਕ ਡੇਰਾ ਸੰਤ ਬਾਬਾ ਬੱਗੂ ਭਗਤ, ਸਾਂਝਾ ਦਰਬਾਰ ਸੰਤ ਮੰਦਰ ਵਿਖੇ ਫੁਲਾਂ ਦੀ ਹੋਲੀ ਮਨਾਈ ਗਈ। ਇਸ ਸਮੇਂ ਡੇਰੇ ਵਿਚ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਕਰੀਬ ਪੈਂਤੀ ਸਾਲ ਤੋਂ ਚੱਲੇ ਆ ਰਹੇ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਅਧਿਆਤਮਕ ਆਗੂ ਪਰਮ ਸਤਿਕਾਰਯੋਗ ਭਗਤ ਸ਼ੰਮੀ ਚਾਵਲਾ ਬਾਊ ਜੀ ਦੀ ਅਗਵਾਈ ਹੇਠ ਆਯੋਜਿਤ ਹੋਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਡੇਰਾ ਸ਼ਰਧਾਲੂਆਂ ਨੇ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਪ੍ਰਚਲਿਤ ਮਰਿਆਦਾ ਅਨੁਸਾਰ ਬਾਊ ਜੀ ਵੱਲੋਂ ਅਰਦਾਸ ਅਤੇ ਡੇਰਾ ਸੰਸਥਾਪਕ ਬ੍ਰਹਮਲੀਨ ਸੰਤ ਬਾਬਾ ਬੱਗੂ ਭਗਤ ਜੀ ਦੀ ਪਵਿੱਤਰ ਮੂਰਤੀ ਦੀ ਚਰਨ ਵੰਦਨਾ ਕਰਕੇ ਕੀਤੀ। ਸਮਾਗਮ ਦੇ ਸ਼ੁਰੂ ਵਿੱਚ ਬਾਊ ਜੀ ਨੇ ਸਭਨਾਂ ਨੂੰ ਹੋਲੀ ਦੀ ਵਧਾਈ ਦਿੱਤੀ। ਆਪਣੇ ਮਖਾਰਬਿੰਦ ਤੋਂ ਪ੍ਰਵਚਨਾਂ ਦੀ ਅੰਮ੍ਰਿਤ ਵਰਖਾ ਕਰਦੇ ਹੋਏ ਬਾਊ ਜੀ ਨੇ ਫਰਮਾਇਆ ਕਿ ਹੋਲੀ ਆਪਸੀ ਭਾਈਚਾਰੇ ਤੇ ਸਦਭਾਵਨਾ ਦਾ ਪ੍ਰਤੀਕ ਹੈ। ਇਸ ਦਿਨ ਸਾਰੇ ਲੋਕ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਇਕ ਦੂਜੇ ਦੇ ਗਲੇ ਮਿਲਦੇ ਹਨ। ਬਾਊ ਜੀ ਨੇ ਅੱਗੇ ਫਰਮਾਇਆ ਕਿ ਮਾਨਵਤਾ ਹੀ ਸਭ ਤੋਂ ਵੱਡਾ ਧਰਮ ਹੈ। ਸਾਨੂੰ ਸਾਰਿਆਂ ਨੂੰ ਹਰੇਕ ਪ੍ਰਤੀ ਮਾਨਵਤਾ ਅਤੇ ਭਾਈਚਾਰੇ ਵਾਲਾ ਰਵੱਈਆ ਅਪਨਾਉਣਾ ਚਾਹੀਦਾ ਹੈ। ਸੰਤਾਂ ਦੀ ਸੰਗਤ ਅਤੇ ਸਤਿਸੰਗ ਵਿਚ ਆਉਣ ਨਾਲ ਆਪਸੀ ਭਾਈਚਾਰਾ ਵਧਦਾ ਹੈ। ਸਮਾਗਮ ਸਮੇਂ ਬਾਊ ਜੀ ਨੇ ਫੁਲਾਂ ਦੀ ਵਰਖਾ ਕਰਕੇ ਅਸ਼ੀਰਵਾਦ ਵੀ ਦਿੱਤਾ। ਜਾਣਕਾਰੀ ਦਿੰਦੇ ਹੋਏ ਡੇਰਾ ਕਮੇਟੀ ਦੇ ਚੀਫ਼ ਆਗਰੇਨਾਈਜਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਸਮਾਗਮ ਦੇ ਅਖੀਰ ਵਿਚ ਇਲਾਕੇ ਦੀ ਸੁਖ ਸ਼ਾਂਤੀ ਅਤੇ ਸਭਨਾਂ ਦੇ ਭਲੇ ਲਈ ਅਰਦਾਸ ਕੀਤੀ ਗਈ। ਸਤਿਸੰਗ ਦੀ ਸਮਾਪਤੀ ਉਪਰੰਤ ਸੰਤ ਬਾਬਾ ਬੱਗੂ ਭਗਤ ਜੀ ਦਾ ਭੰਡਾਰਾ ਵਰਤਾਇਆ ਗਿਆ।