MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਭਾਰਤ ਨੇ ਪੁਲਾੜ ’ਚ ਬਣਾਇਆ ਸੈਂਕੜਾ

ਆਂਧਰਾ ਪ੍ਰਦੇਸ਼,  12 ਜਨਵਰੀ 2018 (ਮਪ) ਭਾਰਤ ਨੇ 100ਵਾਂ ਉਪਗ੍ਰਹਿ ਅਤੇ 30 ਹੋਰ ਪੁਲਾੜ ਵਾਹਨ ਦਾਗ਼ ਕੇ ਪੁਲਾੜ ’ਚ ਆਪਣੀ ਪਛਾਣ ਨੂੰ ਮਜ਼ਬੂਤ ਕਰ ਲਿਆ ਹੈ। ਪੀਐਸਐਲਵੀ ਵੱਲੋਂ ਮੌਸਮ ’ਤੇ ਨਜ਼ਰ ਰੱਖਣ ਵਾਲੇ ਕਾਰਟੋਸੈਟ 2 ਸੀਰੀਜ਼ ਦੇ ਉਪਗ੍ਰਹਿ ਨੂੰ ਪੋਲਰ ਰਾਕੇਟ ਰਾਹੀਂਂ ਦਾਗ਼ਿਆ ਗਿਆ ਜੋ 710 ਕਿਲੋਗ੍ਰਾਮ ਭਾਰਾ ਹੈ। ਪੀਐਸਐਲਵੀ ਦਾ ਇਹ ਸਭ ਤੋਂ ਵੱਡਾ ਮਿਸ਼ਨ ਹੈ। ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐਸਐਲਵੀ) ਨੇ ਵਿਦੇਸ਼ੀ ਮੁਲਕਾਂ ਦੇ 28 ਉਪਗ੍ਰਹਿ ਸਫ਼ਲਤਾਪੂਰਬਕ ਲਾਂਚ ਕੀਤੇ ਹਨ ਅਤੇ ਚਾਰ ਮਹੀਨੇ ਪਹਿਲਾਂ ਮਿਲੀ ਨਾਕਾਮੀ ਨੂੰ ਮਾਤ ਦੇ ਦਿੱਤੀ ਹੈ। ਕੈਨੇਡਾ, ਫਿਨਲੈਂਡ, ਫਰਾਂਸ, ਕੋਰੀਆ, ਯੂਕੇ ਅਤੇ ਅਮਰੀਕਾ ਦੇ ਤਿੰਨ ਮਾੲਕਰੋ ਅਤੇ 25 ਨੈਨੋ ਉਪਗ੍ਰਹਿ ਦਾਗ਼ੇ ਗਏ ਹਨ। ਭਾਰਤੀ ਪੁਲਾੜ ਖੋਜ ਜਥੇਬੰਦੀ (ਇਸਰੋ) ਨੂੰ ਪਿਛਲੇ ਸਾਲ ਅਗਸਤ ’ਚ ਪੀਐਸਐਲਵੀ-ਸੀ 39 ਮਿਸ਼ਨ ਦੀ ਨਾਕਾਮੀ ਨਾਲ ਝਟਕਾ ਲੱਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀਐਸਐਲਵੀ  ਸੀ-40 ਮਿਸ਼ਨ ਦੀ ਸਫ਼ਲਤਾ ਲਈ ਇਸਰੋ ਦੇ ਵਿਗਿਆਨੀਆਂ ਨੂੰ ਮੁਬਾਰਕਬਾਦ ਦਿੱਤੀ ਹੈ। ਸ੍ਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਇਸਰੋ ਵੱਲੋਂ 100ਵਾਂ ਉਪਗ੍ਰਹਿ ਦਾਗਣਾ ਅਹਿਮ ਪ੍ਰਾਪਤੀ ਹੈ ਅਤੇ ਭਾਰਤ ਦੇ ਪੁਲਾੜ ਪ੍ਰੋਗਰਾਮ ਦਾ ਭਵਿੱਖ ਸੁਨਹਿਰਾ ਹੈ। ਰਾਹਤ ਮਹਿਸੂਸ ਕਰ ਰਹੇ ਇਸਰੋ ਦੇ ਚੇਅਰਮੈਨ ਏ ਐਸ ਕਿਰਨ ਕੁਮਾਰ ਨੇ ਕਿਹਾ ਕਿ ਉਹ ਕਾਰਟੋਸੈਟ 2 ਸੀਰੀਜ਼ ਦੇ ਰੂਪ ’ਚ ਮੁਲਕ ਨੂੰ ਨਵੇਂ ਵਰ੍ਹੇ ਦਾ ਤੋਹਫ਼ਾ ਦੇ ਕੇ ਖੁਸ਼ ਹਨ। ਪੁਲਾੜ ਏਜੰਸੀ ਦੇ ਮੁਖੀ ਵਜੋਂ ਇਹ ਉਨ੍ਹਾਂ ਦਾ ਅੰਤਿਮ ਮਿਸ਼ਨ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਸ਼ੀਲਡ ਦੇ ਗਰਮ ਹੋਣ ਦੀ ਸਮੱਸਿਆ ਆ ਗਈ ਸੀ ਅਤੇ ਇਸਰੋ ਕਮੇਟੀ ਨੇ ਉਸ ਨੂੰ ਦੂਰ ਕਰਨ ਲਈ ਕਈ ਜ਼ੋਰਦਾਰ ਕਦਮ ਉਠਾਏ। ਸ੍ਰੀ ਕੁਮਾਰ ਨੇ ਕਿਹਾ ਕਿ ਇਸਰੋ ਦੇ ਸੰਚਾਰ, ਮੌਸਮ ਨਿਗਰਾਨੀ, ਨੇਵੀਗੇਸ਼ਨ ਅਤੇ ਤਜਰਬੇ ਵਾਲੇ ਪੁਲਾੜ ਵਾਹਨਾਂ ਦੇ ਨਾਲ 100 ਉਪਗ੍ਰਹਿ ’ਚ ਨੈਨੋ ਅਤੇ ਮਾਇਕਰੋ ਪੁਲਾੜ ਵਾਹਨ ਮੁਲਕ ’ਚ ਸਿੱਖਿਆ ਸੰਸਥਾਵਾਂ ਵੱਲੋਂ ਤਿਆਰ ਕੀਤੇ ਗਏ ਹਨ। ਇਸ ਤੋਂ ਪਹਿਲਾਂ 28 ਘੰਟਿਆਂ ਦੀ ਪੁੱਠੀ ਗਿਣਤੀ ਮਗਰੋਂ ਚੇਨਈ ਤੋਂ ਕਰੀਬ 110 ਕਿਲੋਮੀਟਰ ਦੂਰ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਪੀਐਸਐਲਵੀ-ਸੀ 40 ਨੇ ਸਵੇਰੇ 9.28 ਵਜੇ ਇਸ ਨੇ ਆਕਾਸ਼ ਵੱਲ ਉਡਾਣ ਭਰੀ।