MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕੋਰੋਨਾ ਕਾਲ ਭਾਰਤ ਸਰਕਾਰ ਲਈ ਵੱਡਾ ਇਮਤਿਹਾਨ - ਗੁਰਦੀਸ਼ ਪਾਲ ਕੌਰ ਬਾਜਵਾ

ਕੋਰਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਜਿਸ ਤਰੀਕੇ ਨਾਲ ਭਾਰਤ ਨੂੰ ਝੰਬਿਆ ਹੈ ਉਸ ਦੀ ਕਿਸੇ ਨੇ ਵੀ ਆਸ ਨਹੀਂ ਸੀ ਕੀਤੀ। ਜਦੋਂ ਪਹਿਲੀ ਲਹਿਰ ਖਤਮ ਹੋਈ ਸੀ ਤਾਂ ਭਾਰਤ ਨੇ ਬਾਕੀ ਦੇਸਾਂ ਦੇ ਮੁਕਾਬਲੇ ਵੱਡੇ ਦਮਗਜੇ ਮਾਰੇ ਸਨ ਕਿ ਉਸ ਨੇ ਕੋਰੋਨਾ ਕਾਲ ਨੂੰ ਬਾਕੀ ਦੇਸ਼ਾਂ ਦੇ ਮੁਕਾਬਲੇ ਜਲਦੀ ਹਰਾ ਦਿੱਤਾ ਹੈ। ਪਰ ਜਿੰਨਾ ਨੁਕਸਾਨ ਕੋਰੋਨਾ ਦੀ ਦੂਜੀ ਲਹਿਰ ਨੇ ਕੀਤਾ ਹੈ ਉਸ ਨੇ ਭਾਰਤ ਸਰਕਾਰ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਕੋਰਨਾ ਦੀ ਦੂਜੀ ਲਹਿਰ ਸੁਨਾਮੀ ਦੀ ਤਰ੍ਹਾਂ ਪੂਰੇ ਦੇਸ਼ ਵਿੱਚ ਫੈਲ ਚੁੱਕੀ ਹੈ। ਭਾਰਤ ਵਿੱਚ ਟੀਕਾਕਰਨ ਦੀ ਪ੍ਰਕਿਰਿਆ ਵੀ ਅੱਧ ਵਿਚਾਲੇ ਹੀ ਲਟਕ ਗਈ ਹੈ। ਭਾਰਤ ਵਿੱਚ ਕੋਰੋਨਾ ਵੈਕਸੀਨ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਨੇ ਉਤਪਾਦਨ ਸਮਰੱਥਾ ਵਧਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਹੁਣ ਭਾਰਤ ਸਰਕਾਰ ਵਲੋਂ ਦੂਜੇ ਦੇਸ਼ਾਂ ਤੋਂ ਟੀਕੇ ਮੰਗਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਉਦਾਹਰਣ ਦੇ ਤੌਰ ਤੇ ਭਾਰਤ ਵਲੋਂ ਰੂਸ ਤੋਂ ਵੱਡੀ ਮਾਤਰਾ ਵਿੱਚ ਸਪੂਤਨਿਕ ਟੀਕੇ ਦੀਆਂ ਖੁਰਾਕਾਂ ਮੰਗਵਾਈਆਂ ਜਾ ਰਹੀਆਂ ਹਨ। ਸਾਰੇ ਸੂਬਿਆਂ ਵਿੱਚ ਟੀਕਿਆਂ ਦੀ ਘਾਟ ਕਾਰਨ ਵਿਵਸਥਾ ਚਰਮਰਾ ਗਈ ਹੈ। ਭਾਰਤ ਸਰਕਾਰ ਵਲੋਂ ਬਿਆਨ ਜਾਰੀ ਕੀਤਾ ਗਿਆ ਕਿ ਹਾਲੇ ਵੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ 90 ਲੱਖ ਟੀਕਿਆਂ ਦੀਆਂ ਖੁਰਾਕਾਂ ਮੋਜੂਦ ਹਨ ਅਤੇ ਹੋਰ ਵੀ ਆ ਰਹੀਆਂ ਹਨ। ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਇਹ ਵੀ ਕਿਹਾ ਹੈ ਕਿ ਹੁਣ ਤੱਕ ਸੂਬਿਆਂ ਨੂੰ 17 ਕਰੋੜ ਤੋਂ ਉਪਰ ਖੁਰਾਕਾਂ ਮੁਫਤ ਦਿੱਤੀਆਂ ਜਾ ਚੁੱਕੀਆਂ ਹਨ। ਸਰਕਾਰ ਦੇ ਬੁਲਾਰੇ ਨੇ ਇਥੋਂ ਤੱਕ ਕਿਹਾ ਹੈ ਕਿ 45 ਸਾਲ ਤੋਂ ਉਪਰ ਉਮਰ ਵਰਗ ਦੇ 40 ਫੀਸਦੀ ਦੇ ਕਰੀਬ ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ, ਜੇਕਰ ਇੰਨੀ ਵੱਡੀ ਮਾਤਰਾ ਵਿੱਚ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਤਾਂ ਵਾਇਰਸ ਦਾ ਇਸ ਤੇਜ਼ ਗਤੀ ਨਾਲ ਇਸ ਉਮਰ ਵਰਗ ਵਿੱਚ ਵਧਣਾ ਖਤਰੇ ਦੀ ਘੰਟੀ ਹੈ। ਮਹਾਂਰਾਸ਼ਟਰ, ਉਤਰ ਪ੍ਰਦੇਸ਼, ਗੁਜਰਾਤ, ਦਿੱਲੀ ਵਿੱਚ ਜਿੰਨੀ ਤਬਾਹੀ ਹੋਈ ਹੈ ਉਹ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਇਸ ਸਮੇਂ ਭਾਰਤ ਦੇ 12 ਸੂਬੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਹਰ ਕੋਈ ਆਕਸੀਜਨ, ਟੀਕੇ ਅਤੇ ਮੁਢਲੀਆਂ ਸਿਹਤ ਸਹੂਲਤਾਂ ਦੀ ਮੰਗ ਕਰ ਰਿਹਾ ਹੈ। ਥਾਂ-ਥਾਂ ਤੋਂ ਆਕਸੀਜਨ ਦੀ ਘਾਟ ਦੀਆਂ ਖਬਰਾਂ ਆ ਰਹੀਆਂ ਹਨ। ਇਸਦੇ ਨਾਲ ਹੀ ਕਈ ਸੂਬਿਆਂ ਨੇ ਕੋਰੋਨਾ ਦੀ ਗਤੀ ਨੂੰ ਰੋਕਣ ਲਈ ਲਾਕ ਡਾਊਨ ਤੱਕ ਵੀ ਲਗਾ ਦਿੱਤੇ ਹਨ। ਭਾਂਵੇ ਇਸ ਤਰ੍ਹਾਂ ਦੇ ਲਾਕ ਡਾਊਨ ਕੋਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ ਕਾਰਗਾਰ ਸਾਬਤ ਹੋ ਸਕਦੇ ਹਨ ਪਰ ਇਨ੍ਹਾਂ ਲਾਕ ਡਾਊਨਾਂ ਦੇ ਜੋ ਨਤੀਜੇ ਆ ਰਹੇ ਹਨ ਉਹ ਵੱਡੀ ਪੱਧਰ ਤੇ ਲੋਕ ਮਾਰੂ ਸਾਬਤ ਹੋ ਰਹੇ ਹਨ। ਲੋਕਾਂ ਦੀ ਆਰਥਿਕਤਾ ਲੜਖੜਾਉਂਦੀ ਹੀ ਨਹੀਂ, ਪਰ ਤਰ੍ਹਾਂ ਨਾਲ ਤਬਾਹ ਹੋ ਜਾਂਦੀ ਹੈ। ਦੁਨੀਆਂ ਦੇ ਅੰਕੜਿਆਂ ਅਨੁਸਾਰ ਹੁਣ ਤੱਕ 15 ਕਰੋੜ ਲੋਕ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ ਅਤੇ 32 ਲੱਖ ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਭਾਰਤ ਵਿੱਚ ਮਰੀਜ਼ਾਂ ਦੀ ਗਿਣਤੀ 2 ਕਰੋੜ ਤੋਂ ਟੱਪ ਚੁੱਕੀ ਹੈ ਅਤੇ ਭਾਰਤ ਵਿੱਚ ਹੁਣ ਤੱਕ ਸਰਕਾਰੀ ਅੰਕੜਿਆਂ ਅਨੁਸਾਰ ਸਵਾ ਦੋ ਲੱਖ ਤੋਂ ਉਪਰ ਲੋਕ ਮਰ ਚੁੱਕੇ ਹਨ। ਹਰ ਰੋਜ਼ ਵੱਡੀ ਗਿਣਤੀ ਵਿੱਚ ਗੰਭੀਰ ਕੇਸ ਸਾਹਮਣੇ ਆ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ 4 ਲੱਖ ਤੋਂ ਵੱਧ ਕੇਸ ਰੋਜ਼ਾਨਾ ਆਉਣੇ ਵੱਡੀ ਖਤਰੇ ਦੀ ਘੰਟੀ ਹੈ। ਇਸ ਕਰਕੇ ਹੁਣ ਭਾਰਤ ਸਰਕਾਰ ਲਈ ਇਸ ਮਹਾਂਮਾਰੀ ਨਾਲ ਨਿਪਟਣਾ ਵੱਡਾ ਇਮਤਿਹਾਨ ਸਾਬਤ ਹੋ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਭਾਰਤ ਸਰਕਾਰ ਕਿਸ ਯੋਜਨਾ ਅਧੀਨ ਇਸ ਮਹਾਂਮਾਰੀ ਤੋਂ ਜਨਤਾ ਨੂੰ ਬਚਾ ਪਾਉਂਦੀ ਹੈ।