MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕਿਸ ਦਿਸ਼ਾ ਵੱਲ ਜਾ ਰਿਹੈ ਭਾਰਤ - ਗੁਰਦੀਸ਼ ਪਾਲ ਕੌਰ ਬਾਜਵਾ

ਕੋਰੋਨਾ ਕਾਲ ਨਾਲ ਨਿਪਟਣ ਵਿੱਚ ਭਾਰਤ ਸਰਕਾਰ ਬੁਰੀ ਤਰ੍ਹਾਂ ਨਾਲ ਫੇਲ੍ਹ ਹੋਈ ਹੈ। ਭਾਰਤ ਸਰਕਾਰ ਨੇ ਇਸ ਸੰਕਟ ਨੂੰ ਹੱਲ ਕਰਨ ਦੀ ਥਾਂ ਇਸ ਤੋਂ ਲਾਭ ਲੈਣ ਦੀ ਨੀਤੀ ਬਣਾਈ ਹੈ, ਜਿਸ ਦੀ ਚਾਰੇ ਪਾਸੇ ਤੋਂ ਆਲੋਚਨਾ ਹੋ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਦੌਰਾਨ ਕਈ ਵਾਰ ਕਹਿ ਚੁੱਕੇ ਹਨ ਕਿ ਇਹ ਆਫਤ ਉਨ੍ਹਾਂ ਲਈ ਇਕ ਅਵਸਰ ਹੈ, ਉਹ ਇਸ ਆਫਤ ਨੂੰ ਭਾਰਤ ਨੂੰ ਆਤਮ ਨਿਰਭਰ ਬਣਾਉਣ ਲਈ ਵਰਤ ਰਹੇ ਹਨ। ਪਰ ਜਿਸ ਤਰ੍ਹਾਂ ਦਾ ਆਤਮ ਨਿਰਭਰ ਭਾਰਤ ਉਹ ਬਣਾ ਰਹੇ ਹਨ ਉਸ ਦੀ ਪਰਿਭਾਸ਼ਾ ਉਹ ਅਜੇ ਤੱਕ ਸਮਝਾ ਨਹੀਂ ਸਕੇ। ਇਕ ਆਮ ਸਮਝ ਵਾਲਾ ਵਿਅਕਤੀ ਦੇਸ਼ ਦੀ ਆਤਮ ਨਿਰਭਰਤਾ ਤੋਂ ਇਹੀ ਅਰਥ ਕੱਢਦਾ ਹੈ ਕਿ ਸਾਡਾ ਦੇਸ਼ ਹੁਣ ਵਿਦੇਸ਼ਾਂ ਤੇ ਨਿਰਭਰ ਨਹੀਂ ਹੋਵੇਗਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਤਮ ਨਿਰਭਰਤਾ ਦਾ ਮਤਲਬ ਕੁਝ ਹੋਰ ਹੀ ਹੈ। ਅਰਥ ਸ਼ਾਸ਼ਤਰ ਦਾ ਇਕ ਸਧਾਰਨ ਵਿਦਿਆਰਥੀ ਵੀ ਦੱਸ ਦੇਵੇਗਾ ਕਿ ਆਤਮ ਨਿਰਭਰਤਾ ਤੋਂ ਉਨ੍ਹਾਂ ਦਾ ਭਾਵ ਬਾਜ਼ਾਰ ਤੇ ਨਿਰਭਰਤਾ ਤੋਂ ਹੈ, ਭਾਵ ਕਿ ਸਰਕਾਰ ਆਰਥਿਕ ਪ੍ਰਸ਼ਾਸ਼ਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਆਪਣੇ ਆਪ ਨੂੰ ਮੁਕਤ ਕਰ ਲਵੇਗੀ ਅਤੇ ਸਭ ਕੁਝ ਬਾਜ਼ਾਰ ਆਸਰੇ ਛੱਡ ਦਿੱਤਾ ਜਾਵੇਗਾ। ਆਪਣੇ ਇਸੇ ਉਦੇਸ਼ ਵੱਲ ਵਧਦਿਆਂ ਉਹ ਸਾਰੀਆਂ ਸਰਕਾਰੀ ਕੰਪਨੀਆਂ ਨੂੰ ਇਕ ਤੋਂ ਬਾਅਦ ਇਕ ਵੇਚਦੇ ਜਾ ਰਹੇ ਹਨ। ਰੇਲਵੇ ਸ਼ਟੇਸ਼ਨਾਂ ਨੂੰ ਵੇਚਿਆ ਜਾ ਰਿਹਾ ਹੈ, ਰੇਲ ਰੂਟਾਂ ਨੂੰ ਵੇਚਿਆ ਜਾ ਰਿਹਾ ਹੈ। ਉਤਰ ਪ੍ਰਦੇਸ਼ ਵਿੱਚ ਤਾਂ ਸਰਕਾਰ ਨੇ ਬੱਸ ਅੱਡੇ ਤੱਕ ਵੇਚ ਦਿੱਤੇ ਹਨ, ਸੜਕਾਂ ਵੇਚੀਆਂ ਜਾ ਰਹੀਆਂ ਹਨ। ਇਸ ਤੇ ਕਿਸੇ ਨੂੰ ਹੈਰਾਨੀ ਨਹੀਂ ਹੋਵੇਗੀ ਜਦੋਂ ਨਦੀਆਂ ਦੇ ਘਾਟਾਂ ਅਤੇ ਸਰਕਾਰੀ ਪਾਰਕਾਂ ਤੱਕ ਨੂੰ ਵੀ ਵੇਚ ਦਿੱਤਾ ਜਾਵੇਗਾ। ਬੈਂਕਾਂ ਨੂੰ ਵੇਚਣ ਦਾ ਐਲਾਨ ਤਾਂ ਭਾਰਤ ਸਰਕਾਰ ਪਹਿਲਾਂ ਹੀ ਕਰ ਚੁੱਕੀ ਹੈ। ਕਿਸਾਨਾਂ ਖਿਲਾਫ ਤਿੰਨ ਖੇਤੀ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਵੀ ਬੰਧੂਆਂ ਮਜ਼ਦੂਰਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕਰ ਦਿੱਤਾ ਹੈ। ਇਹ ਸਭ ਕੁਝ ਕਰਨ ਲਈ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਸਮੇਂ ਨੂੰ ਚੁਣਿਆ ਹੈ। ਲੋਕ ਜਿਸ ਸਮੇਂ ਸੰਕਟ ਨਾਲ ਜੂਝ ਰਹੇ ਹਨ ਸਰਕਾਰ ਆਪਣੇ ਕਾਰਿਆਂ ਵਿੱਚ ਲੱਗੀ ਹੋਈ ਹੈ। ਸਰਕਾਰ ਸਾਰੀਆਂ ਸਰਕਾਰੀ ਜਾਇਦਾਦਾਂ ਨੂੰ ਵੇਚਣ ਦੇ ਏਜੰਡੇ ਤੇ ਕੰਮ ਬਹੁਤ ਤੇਜ਼ੀ ਨਾਲ ਕਰ ਰਹੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਆਰਥਿਕ ਔਕੜਾਂ ਵਧਾਉਣ ਵਾਲੀਆਂ ਹਨ। ਅਜਿਹੇ ਮਾਹੌਲ ਵਿੱਚ ਇਹ ਸੰਭਵ ਹੈ ਕਿ ਦੇਸ਼ ਦੀ 50 ਫੀਸਦੀ ਵਸੋਂ ਕੋਲ ਬਾਜ਼ਾਰ ਤੋਂ ਖਰੀਦਣ ਲਈ ਕੁਝ ਨਾ ਹੋਵੇ, ਫਿਰ ਉਨ੍ਹਾਂ ਲਈ ਆਤਮ ਨਿਰਭਰਤਾ ਦਾ ਕੀ ਮਤਲਬ ਹੋਵੇਗਾ? ਇਸ ਤੋਂ ਇਲਾਵਾ ਕਾਲਾ ਬਾਜ਼ਾਰ ਵੀ ਹੁੰਦਾ ਹੈ। ਇਹ ਕਾਲਾ ਬਾਜ਼ਾਰ ਕਿਸੇ ਵੀ ਚੀਜ਼ ਦੀ ਕਮੀ ਹੋਣ ਜਾਂ ਉਸ ਦੀ ਪੂਰਤੀ ਸਹੀ ਰਹਿਣ ਦੇ ਬਾਵਜੂਦ ਜਮ੍ਹਾਖੋਰੀ ਕਰਨ ਨਾਲ ਪੈਦਾ ਹੁੰਦਾ ਹੈ। ਜੇਕਰ ਸਰਕਾਰ ਦਾ ਕੰਟਰੋਲ ਹੱਟ ਜਾਵੇ ਤਾਂ ਕਾਲਾ ਬਾਜ਼ਾਰ ਦੂਜੇ ਬਾਜ਼ਾਰ ਦਾ ਵੀ ਬਾਪ ਬਣ ਜਾਂਦਾ ਹੈ। ਕੋਰੋਨਾ ਕਾਲ ਦੌਰਾਨ ਇਸ ਬਿਮਾਰੀ ਦੇ ਇਲਾਜ ਨਾਲ ਜੁੜੀਆਂ ਚੀਜ਼ਾਂ ਦੀ ਕਾਲਾ ਬਾਜ਼ਾਰੀ ਸਿਖਰਾਂ ਤੇ ਹੈ। ਆਕਸੀਜਨ ਦੀ ਕਮੀ ਨਾਲ ਲੋਕ ਮਰ ਰਹੇ ਹਨ, ਇਸ ਦੀ ਕਾਲਾ ਬਾਜ਼ਾਰੀ ਜ਼ੋਰਾਂ ਤੇ ਹੈ। ਜੇਕਰ ਤੁਹਾਡੇ ਕੋਲ ਪੈਸਾ ਹੈ ਪਰ ਤੁਹਾਡੀ ਪਹੁੰਚ ਕਾਲਾ ਬਾਜ਼ਾਰੀ ਤੱਕ ਨਹੀਂ ਹੈ ਤਾਂ ਤੁਹਾਡਾ ਪੈਸਾ ਵੀ ਤੁਹਾਡੀ ਜ਼ਿੰਦਗੀ ਨਹੀਂ ਬਚਾ ਸਕਦਾ। ਪ੍ਰਧਾਨ ਮੰਤਰੀ ਦੀਆਂ ਨੀਤੀਆਂ ਨੇ ਦੇਸ਼ਾਂ ਵਿੱਚ ਇਕ ਤਰ੍ਹਾਂ ਦਾ ਖਲਾਅ ਪੈਦਾ ਕਰ ਦਿੱਤਾ ਹੈ ਅਤੇ ਆਮ ਲੋਕ ਇਹੀ ਸੋਚ ਰਹੇ ਹਨ ਕਿ ਭਾਰਤ ਦੇਸ਼ ਕਿਸ ਦਿਸ਼ਾ ਵੱਲ ਨੂੰ ਤੁਰਿਆ ਜਾ ਰਿਹਾ ਹੈ?