MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੂਰੀ ਦੁਨੀਆ 'ਚ ਪਿਛਲੇ 24 ਘੰਟਿਆਂ 'ਚ 14 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ


ਵਾਸ਼ਿੰਗਟਨ 13 ਮਈ ( ਸਿੰਘ  ਦੁਨੀਆ 'ਚ ਕੋਰੋਨਾ ਮਹਾਮਾਰੀ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕਈ ਦੇਸ਼ਾਂ 'ਚ ਇਹ ਖ਼ਤਰਨਾਕ ਵਾਇਰਸ ਦਾ ਮੁੜ ਕਹਿਰ ਢਾਹ ਰਿਹਾ ਹੈ। ਨਤੀਜੇ ਵਜੋਂ ਕੌਮਾਂਤਰੀ ਪੱਧਰ 'ਤੇ ਨਵੇਂ ਮਾਮਲਿਆਂ ਤੇ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਪੂਰੀ ਦੁਨੀਆ 'ਚ ਪਿਛਲੇ 24 ਘੰਟਿਆਂ 'ਚ 14 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੌਰਾਨ ਸਾਢੇ ਸੱਤ ਲੱਖ ਤੋਂ ਜ਼ਿਆਦਾ ਨਵੇਂ ਇਨਫੈਕਟਿਡ ਪਾਏ ਗਏ।ਜੌਹਨ ਹਾਪਕਿੰਸ ਯੂਨੀਵਰਸਿਟੀ ਦੇ ਡਾਟੇ ਮੁਤਾਬਕ, ਵੀਰਵਾਰ ਸਵੇਰੇ ਕੋਰੋਨਾ ਪੀੜਤਾਂ ਦਾ ਕੌਮਾਂਤਰੀ ਅੰਕੜਾ 16 ਕਰੋੜ 63 ਹਜ਼ਾਰ 260 ਹੋ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਕੇ 33 ਲੱਖ 26 ਹਜ਼ਾਰ 378 ਹੋ ਗਈ। ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਜੂਝਣ ਵਾਲੇ ਅਮਰੀਕਾ 'ਚ ਹੁਣ ਤਕ ਕੁਲ ਤਿੰਨ ਕਰੋੜ 35 ਲੱਖ 80 ਹਜ਼ਾਰ ਤੋਂ ਜ਼ਿਆਦਾ ਮਾਮਲੇ ਮਿਲੇ ਹਨ। ਪੰਜ ਲੱਖ 97 ਹਜ਼ਾਰ ਤੋਂ ਜ਼ਿਆਦਾ ਦੀ ਮੌਤ ਹੋ ਗਈ ਹੈ। ਅਮਰੀਕਾ ਤੋਂ ਬਾਅਦ ਭਾਰਤ ਤੇ ਬ੍ਰਾਜ਼ੀਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਬ੍ਰਾਜ਼ੀਲ 'ਚ ਬੱੁਧਵਾਰ ਨੂੰ 75 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਮਿਲਣ ਨਾਲ ਪੀੜਤਾਂ ਦੀ ਗਿਣਤੀ ਇਕ ਕਰੋੜ 53 ਲੱਖ 60 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਢਾਈ ਹਜ਼ਾਰ ਤੋਂ ਜ਼ਿਆਦਾ ਪੀੜਤਾਂ ਦੇ ਦਮ ਤੋੜਨ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ ਚਾਰ ਲੱਖ 28 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।
ਬਰਤਾਨੀਆ 'ਚ ਨਵੇਂ ਮਾਮਲਿਆਂ 'ਚ ਗਿਰਾਵਟ ਦਾ ਦੌਰ ਜਾਰੀ ਹੈ। ਪਿਛਲੇ 24 ਘੰਟਿਆਂ 'ਚ ਦੋ ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਪਾਏ ਗਏ ਤੇ ਮਹਿਜ਼ 11 ਦੀ ਮੌਤ ਹੋਈ। ਦੂਜੀ ਲਹਿਰ ਦੌਰਾਨ ਬਰਤਾਨੀਆ 'ਚ ਬੀਤੀ ਜਨਵਰੀ 'ਚ ਕਈ ਵਾਰ 50 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਮਿਲੇ ਸਨ। ਇਧਰ, ਬਰਤਾਨਵੀ ਸਰਕਾਰ ਵੱਲੋਂ ਗਠਿਤ ਇਕ ਸਲਾਹਕਾਰ ਗਰੁੱਪ ਭਾਰਤੀ ਸਰੂਪ ਦੀ ਸਮੀਖਿਆ ਕਰਨ ਦੀ ਤਿਆਰੀ 'ਚ ਹੈ।
ਰੂਸ 'ਚ ਭਾਰਤੀ ਸਰੂਪ ਦੇ ਪਹਿਲੇ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਕੁਲ 16 ਮਾਮਲੇ ਪਾਏ ਗਏ ਹਨ। ਇਹ ਕੇਸ ਮਾਸਕੋ ਤੋਂ 700 ਕਿਲੋਮੀਟਰ ਦੂਰ ਉਲਯਾਨੋਵਸਕ ਸਟੇਟ ਯੂਨੀਵਰਸਿਟੀ 'ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ 'ਚ ਮਿਲੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਕੁਝ ਵਿਦਿਆਰਥੀਆਂ ਨੂੰ ਸੈਲਫ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। ਉਹ ਸਰੂਪ ਕਈ ਦੇਸ਼ਾਂ 'ਚ ਪੁੱਜ ਚੁੱਕਾ ਹੈ।