MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਖੇਤੀ ਮੰਤਰੀ ਜਾਣ ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਿਹਾ ਹੈ  _  ਕਿਸਾਨ ਆਗੂ


ਜਗਰਾਉਂ  10  ਜੂਨ(  ਰਛਪਾਲ ਸਿੰਘ ਸ਼ੇਰਪੁਰੀ)   ਖੇਤੀ ਮੰਤਰੀ ਦਾ ਤਾਜਾ ਬਿਆਨ ਸਿਰੇ ਦਾ ਬਚਕਾਨਾਪਨ ਕਰਾਰ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ । ਅੱਜ ਸਥਾਨਕ ਰੇਲ ਪਾਰਕ ਜਗਰਾਂਓ ਚ  ਕਿਸਾਨ ਸੰਘਰਸ਼ ਮੋਰਚੇ ਦੇ 252 ਵੇਂ ਦਿਨ ਚ ਦਾਖਲ ਹੋਏ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ  ਨੇ ਕਿਹਾ ਕਿ 11 ਮੀਟਿੰਗਾਂ ਚ ਇਕਠੇ ਇਕਲੇ ਨੁਕਤੇ ਤੇ ਲਾਜਵਾਬ ਹੋਣ ਦੇ ਬਾਵਜੂਦ ਖੇਤੀ ਮੰਤਰੀ ਜਾਣ ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਬੇਤੁਕਾ ਯਤਨ ਕਰ ਰਿਹਾ ਹੈ ।ਝੋਨੇ ਦੇ ਭਾਅ ਚ ਕੀਤੇ ਨਾਮਾਤਰ ਵਾਧੇ ਨੂੰ ਇਕ ਕੌੜਾ ਮਜਾਕ ਕਰਾਰ ਦਿੱਤਾ। ਉਨਾਂ ਕਿਹਾ ਕਿ ਇਹ ਵਖ ਵਖ ਫਸਲਾਂ ਦੀ ਐਲਾਨੀ ਐਮ ਐਸ ਪੀ ਮੋਦੀ ਹਕੂਮਤ ਵਲੋਂ ਅਪਣੀ ਡੁੱਬ ਰਹੀ ਬੇੜੀ ਨੂੰ ਬਚਾਉਣ ਦਾ ਅਸਫਲ ਯਤਨ ਹੈ। ਸੰਯੁਕਤ ਕਿਸਾਨ ਮੋਰਚਾ ਪੂਰੇ ਦੇਸ਼ ਚ ਤੇਈ ਫਸਲਾਂ ਤੇ ਐਮ ਐਸ ਪੀ ਹਾਸਲ ਕਰਨ ਦੀ ਇਤਿਹਾਸਕ ਲੜਾਈ ਲੜ ਰਿਹਾ ਹੈ। ਮੁੰਗੀ ਤੇ ਮੱਕੀ ਦੀ ਐਮ ਐਸ ਪੀ ਹੋਣ ਦੇ ਬਾਵਜੂਦ ਖਰੀਦ ਵਪਾਰੀਆਂ ਦੇ ਹਥ ਚ ਹੋਣ ਕਾਰਨ ਕਿਸਾਨਾਂ ਨੂੰ ਨਿਸ਼ਚਿਤ ਰੇਟ ਨਹੀਂ ਮਿਲ ਰਿਹਾ।ਕਾਲੇ ਕਾਨੂੰਨਾਂ ਚ ਮੁੱਦਾ ਹੀ ਇਹੀ ਹੈ ਕਿ ਸਰਕਾਰੀ ਖਰੀਦ ਬੰਦ ਕਰਕੇ ਸਾਰੀ ਖਰੀਦ ਨਿਜੀ ਕੰਪਨੀਆਂ ਅਤੇ ਵਪਾਰੀਆਂ ਦੇ ਹੱਥਾਂ ਚ ਦੇ ਦਿੱਤੀ ਜਾਣੀ ਹੈ। ਜੇ ਕਰ ਖੇਤੀ ਮੰਤਰੀ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਹੈ ਤਾਂ ਮੋਦੀ ਹਕੂਮਤ ਨੂੰ ਅਪਣੀ ਯੋਗਤਾ ਬਾਰੇ ਸੋਚਣਾ ਚਾਹੀਦਾ ਹੈ। ਇਸ ਸਮੇਂ ਅਪਣੇ ਸੰਬੋਧਨ ਚ ਲੋਕ ਆਗੂ ਕੰਵਲਜੀਤ ਖੰਨਾ ਨੇ ਪਟਿਆਲਾ ਵਿਖੇ ਪਿਛਲੇ 80 ਦਿਨ ਤੋਂ ਪਾਣੀ ਵਾਲੀ ਟੈਂਕੀ ਤੇ ਚੜੇ ਬੈਠੇ ਬੇਰੁਜ਼ਗਾਰ ਨੌਜਵਾਨ ਸੁਰਿੰਦਰ ਦੀ ਵਿਗੜ ਰਹੀ ਹਾਲਤ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੂਬਾ ਪੰਜਾਬ ਚ ਘਰ ਘਰ ਨੌਕਰੀ ਦੇ ਵਾਦੇ ਦਾ ਜਲੂਸ ਨਿਕਲ ਚੁੱਕਿਆ ਹੈ।ਉਨਾਂ ਬੀਤੇ ਕੱਲ ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਮੰਤਰੀ ਨਾਲ ਸਫਾਈ ਸੇਵਕਾਂ ਦੀਆਂ ਮੰਗਾਂ ਬਾਰੇ ਬੇਸਿੱਟਾ ਰਹੀ ਮੀਟਿੰਗ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮਹੀਨੇ ਭਰ ਤੋਂ ਚਲ ਰਹੀ ਹੜਤਾਲ ਦੇ ਬਾਵਜੂਦ ਮੰਤਰੀ ਵਲੋਂ ਹੋਰ ਪੰਦਰਾ ਦਿਨ ਦਾ ਸਮਾਂ ਮੰਗਣਾ ਵੀ ਸਿਰੇ ਦੀ ਢੀਠਤਾਈ ਹੈ। ਉਨਾਂ ਪੰਜਾਬ ਭਰ ਦੀਆਂ ਜਨਤਕ ਜਥੇਬੰਦੀਆਂ ਨੂੰ  ਸਫਾਈ ਸੇਵਕਾਂ ਦੇ ਸੰਘਰਸ਼ ਦੇ ਹੱਕ ਚ  ਉਠਣ ਦਾ ਸੱਦਾ ਦਿੱਤਾ। ਇਸ ਸਮੇਂ ਸਾਬਕਾ ਮੁਲਾਜ਼ਮ ਆਗੂ ਜਗਦੀਸ਼ ਸਿੰਘ, ਹਰਭਜਨ ਸਿੰਘ  ਨੇ ਵੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ 14 ਜੂਨ ਨੂੰ ਇਲਾਕੇ ਭਰ ਚੋਂ ਔਰਤਾਂ ਦੇ ਕਾਫਲੇ ਟਿਕਰੀ ਅਤੇ ਸਿੰਘੂ ਬਾਰਡਰ ਵਲ ਨੂੰ ਰਵਾਨਾ ਹੋਵੇਗਾ।