MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਇਜ਼ਰਾਈਲ ਨੇ ਗਾਜ਼ਾ ਪੱਟੀ ਤੇ ਮੁੜ ਕੀਤੇ ਹਵਾਈ ਹਮਲੇ

ਗਾਜ਼ਾ  16 ਜੂਨ (ਮਪ) 11 ਦਿਨ ਦੀ ਜੰਗ ਮਗਰੋਂ 21 ਮਈ ਤੋਂ ਸ਼ਾਂਤ ਚੱਲ ਰਹੇ ਇਜ਼ਰਾਈਲ ਤੇ ਫਲਸਤੀਨ ਵਿਚਾਲੇ ਹੁਣ ਮੁੜ ਤਣਾਅ ਵੱਧ ਰਿਹਾ ਹੈ। ਇਜ਼ਰਾਈਲ 'ਚ ਹਮਾਸ ਵਲੋਂ ਛੱਡੇ ਗਏ ਅੱਗ ਲਗਾਉਣ ਵਾਲੇ ਗ਼ੁਬਾਰਿਆਂ ਤੋਂ ਬਾਅਦ ਗਾਜ਼ਾ ਪੱਟੀ ਇਜ਼ਰਾਈਲ ਦੇ ਹਵਾਈ ਹਮਲਿਆਂ ਨਾਲ ਮੁੜ ਦਹਿਲ ਗਈ। ਤੜਕੇ ਇਜ਼ਰਾਈਲ 'ਚ ਇੱਥੇ ਹਮਾਸ ਦੇ ਟਿਕਾਣਿਆਂ 'ਤੇ ਕਈ ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ 'ਚ ਹਾਲੇ ਜਾਨਮਾਲ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ। ਪਿਛਲੇ ਦਿਨੀਂ ਇਜ਼ਰਾਈਲ ਤੇ ਫਲਸਤੀਨ ਜੰਗ ਦੇ ਬਾਅਦ ਇਜ਼ਰਾਈਲ ਨੇ ਹਾਲੀਆ ਦੋਸ਼ ਲਗਾਇਆ ਸੀ ਕਿ ਹਮਾਸ ਉਸਦੇ ਇੱਥੇ ਵਿਸਫੋਟਕ ਰੱਖੇ ਗ਼ੁਬਾਰਿਆਂ ਨੂੰ ਛੱਡ ਰਿਹਾ ਹੈ, ਇਸ ਨਾਲ ਕਈ ਥਾਵਾਂ 'ਤੇ ਅੱਗ ਦੀਆਂ ਘਟਨਾਵਾਂ ਹੋ ਰਹੀਆਂ ਹਨ। ਇਜ਼ਰਾਈਲ ਡਿਫੈਂਸ ਫੋਰਸ (ਆਈਡੀਐੱਫ) ਮੁਤਾਬਕ ਉਸਦੇ ਫਾਈਟਰ ਜੈੱਟ ਨੇ ਖਾਨ ਯੂਨਿਸ ਤੇ ਗਾਜ਼ਾ ਪੱਟੀ 'ਚ ਹਮਾਸ ਦੇ ਟਿਕਾਣਿਆਂ 'ਤੇ ਹਮਲੇ ਕੀਤੇ ਹਨ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਜਿਨ੍ਹਾਂ ਥਾਵਾਂ 'ਤੇ ਹਵਾਈ ਹਮਲੇ ਕੀਤੇ ਗਏ ਹਨ, ਉੱਥੇ ਅੱਤਵਾਦੀ ਸਰਗਰਮੀਆਂ ਚੱਲ ਰਹੀਆਂ ਸਨ। ਇਸਦੇ ਜਵਾਬ 'ਚ ਹਮਾਸ ਦੇ ਬੁਲਾਰੇ ਨੇ ਟਵੀਟ ਕੀਤਾ ਹੈ ਕਿ ਅਸੀਂ ਇਜ਼ਰਾਈਲ ਦਾ ਵਿਰੋਧ ਜਾਰੀ ਰੱਖਾਂਗੇ। ਸਾਡੀ ਜ਼ਮੀਨ ਤੋ ਯਹੂਦੀ ਜਦੋਂ ਤਕ ਨਹੀਂ ਨਿਕਲਦੇ, ਉਦੋਂ ਤਕ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਇਜ਼ਰਾਈਲ ਦੀ ਫਾਇਰ ਬਿ੍ਗੇਡ ਸੇਵਾ ਮੁਤਾਬਕ ਪਿਛਲੇ ਹਫ਼ਤੇ ਇਨ੍ਹਾਂ ਗ਼ੁਬਾਰਿਆਂ ਨਾਲ 20 ਥਾਵਾਂ 'ਤੇ ਅੱਗ ਦੀਆਂ ਘਟਨਾਵਾਂ ਵਾਪਰੀਆਂ ਹਨ। ਯਾਦ ਰਹੇ ਕਿ 12 ਸਾਲ ਪੁਰਾਣੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ਵਾਲੀ ਸਰਕਾਰ ਦੇ ਜਾਣ ਤੇ ਨਫਤਾਲੀ ਬੈਨੇਟ ਦੀ ਅਗਵਾਈ ਵਾਲੀ ਸਰਕਾਰ ਦੇ ਆਉਣ ਤੋਂ ਬਾਅਦ ਇਹ ਫਲਸਤੀਨ ਨਾਲ ਟਕਰਾਅ ਦੀ ਪਹਿਲੀ ਘਟਨਾ ਹੈ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਸਾਡੇ ਸਾਰਿਆਂ ਵੱਲੋਂ ਹਾਲਾਤਾਂ ਲਈ ਪੂਰੀ ਤਰ੍ਹਾਂ ਨਾਲ ਤਿਆਰੀ ਹੈ। ਗਾਜ਼ਾ ਤੋਂ ਜ਼ਾਰੀ ਅੱਤਵਾਦੀ ਹਮਲਿਆਂ ਦਾ ਸਾਹਮਣਾ ਕਰਨ ਲਈ ਨਵੇਂ ਸਿਰੇ ਤੋਂ ਲੜਾਈ ਸ਼ਾਮਲ ਹੈ। ਜ਼ਿਕਰਯੋਗ ਹੈ ਕਿ 21 ਮਈ ਤੋਂ ਬਾਅਦ ਇਜ਼ਰਾਈਲ ਤੇ ਫਿਲਸਤੀਨ ’ਚ ਇਕ ਵਾਰ ਫਿਰ ਹਵਾਈ ਹਮਲੇ ਤੇ ਗੁਬਾਰੇ ਬੰਬ ਨਾਲ ਹਮਲੇ ਸੁਰੂ ਹੋ ਚੁੱਕੇ ਹਨ। 21 ਮਈ ਨੂੰ ਲੜਾਈ ਹੋ ਸ਼ੁਰੂ ਹੋਈ ਸੀ, ਜੋ 11 ਦਿਨਾਂ ਬਾਅਦ ਸਮਾਪਤ ਹੋਈ ਸੀ। ਬੀਤੇ ਕੁਝ ਦਿਨਾਂ ਦੇ ਹਮਲਿਆਂ ’ਚ ਅਜੇ ਤਕ 260 ਫਿਲਸਤੀਨੀ ਮਾਰੇ ਜਾ ਚੁੱਕੇ ਹਨ ਤੇ 13 ਇਜ਼ਰਾਈਲ ਦੇ ਲੋਕ ਵੀ ਆਪਣੀ ਜਾਨ ਗਵਾ ਚੁੱਕੇ ਹਨ।