MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਆਗਮਨ ਪ੍ਰਕਾਸ਼ ਪੁਰਬ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਲਾ-ਕੋਰਨਵ (ਪੈਰਿਸ) ਵਿੱਖੇ ਬੜੇ ਉਤਸ਼ਾਹ ਤੇ ਸਤਿਕਾਰ ਨਾਲ ਮਨਾਇਆ।

ਪੈਰਿਸ 27 ਜੂਨ (ਦਲਜੀਤ ਸਿੰਘ ਬਾਬਕ), ਸਿੱਖ ਧਰਮ ਦੇ ਛੇਵੇਂ ਗੁਰੂ 'ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਪ੍ਰਕਾਸ਼ ਪੁਰਬ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਲਾ-ਕੋਰਨਵ (ਪੈਰਿਸ) ਵਿੱਖੇ ਸੰਗਤਾਂ ਨੇ ਬੜੇ ਉਤਸ਼ਾਹ ਅਤੇ ਪ੍ਰੇਮ ਭਾਵਨਾ ਨਾਲ ਮਨਾਇਆ। ਇਸ ਮੋਕੇ ਸ਼੍ਰੀ ਸੁਖਮਨੀ ਸਾਹਿਬ ਪਾਠ ਦੇ ਸੰਪੂਰਨ ਭੋਗ ਪਾਏ ਗਏ। ਉਪਰੰਤ ਗੁਰੂ ਘਰ ਦੇ ਵਜ਼ੀਰ ਗਿਆਨੀ ਸੁਰਜੀਤ ਸਿੰਘ ਨੇ  ਗੁਰਬਾਣੀ ਦੇ ਹਰ ਜਸ ਕੀਰਤਨ ਅਤੇ ਗੁਰੂ ਸਾਹਿਬ ਦੇ ਇਤਿਹਾਸ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਉਨਾਂ ਸਮੁੱਚੀਆਂ ਸੰਗਤਾਂ ਨੂੰ 'ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ। ਗਿਆਨੀ ਸੁਰਜੀਤ ਸਿੰਘ ਨੇ ਦੱਸਿਆ ਕਿ ਪੰਚਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਦੀ ਕੁੱਖ ਤੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ 1595 ਨੂੰ ਆਗਮਨ ਪ੍ਰਕਾਸ਼ ਗੁਰੂ ਕੀ ਵਡਾਲੀ (ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਛੇਵੇਂ ਗੁਰੂ ਸਾਹਿਬ ਸਰੀਰਕ ਅਤੇ ਮਾਨਸਿਕ ਤੋਰ ਤੇ ਮਜ਼ਬੂਤ ਸ਼ਕਤੀਸ਼ਾਲੀ ਸੂਰਬੀਰ ਯੋਧੇ ਸਨ। 'ਦਲਿ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਕਾਰੀ। ਆਦਿ ਨਾਵਾਂ ਨਾਲ ਸਤਿਕਾਰਿਆਂ ਜਾਂਦਾ ਹੈ। ਕੱਟੜ ਪੰਥੀ ਅਤੇ ਸਿਆਸੀ ਲੋਕਾਂ ਦੀ ਭੈੜੀ ਤੰਗ-ਦਿਲੀ ਸਿਆਸਤ ਨੇ ਹਾਕਮ ਜਹਾਂਗੀਰ ਤੋਂ ਫੱਤਵਾ ਦੁਆ ਕੇ 'ਸਿੱਖਾਂ ਦੇ ਪੰਚਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾ ਦਿੱਤੇ ਜਾਣ ਕਰਕੇ ਗਿਆਰਾ ਸਾਲ ਦੀ ਉਮਰ ਵਿੱਚ ਛੇਵੇਂ ਸਤਿਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰਤਾਗੱਦੀ ਉੱਪਰ ਬਿਰਾਜਮਾਨ ਹੋਏ। ਇਸ ਅੱਤਿਆਚਾਰ ਦੇ ਕਾਲੇ ਹਨੇਰੇ ਵਿਚ ਦੀਨ-ਦੁਖੀਆਂ ਲਈ ਢਾਲ ਬਣ ਸੂਰਜ ਵਾਂਗ ਚਮਕੇ ਅਤੇ ਆਪਣੇ ਤੇਜ ਗੌਰਵ, ਪ੍ਰਤਿਭਾ ਤੇ ਬਹਾਦਰੀ ਨਾਲ ਸਿੱਖਾਂ ਨੂੰ ਹਰ ਤਰ੍ਹਾਂ ਦੇ ਜ਼ਬਰ-ਜ਼ੁਲਮ, ਅਨਿਆ ਖਿਲਾਫ ਟਕਰਾਉਣ ਦਾ ਸਾਹਸ ਬਖਸ਼ਿਆ। ਗੁਰੂ ਸਾਹਿਬ ਨੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਜ਼ਬਰ-ਜ਼ੁਲਮ ਤੇ ਅਨਿਆਂ ਦੇ ਵਿਰੁੱਧ ਸਮੇਂ ਸਮੇਂ ਅੰਦਰ ਟੱਕਰ ਲੈਦਿਆ ਆਪਣੇ ਸਿੱਖਾਂ ਨੂੰ ਜ਼ੁਲਮ ਨਾਲ ਟੱਕਰ ਲੈਣ ਦਾ ਸੰਦੇਸ਼ ਦਿੱਤਾ ਹੈ।  ਮੀਰੀ ਪੀਰੀ ਦੇ ਮਾਲਕ ਗੁਰੂ ਜੀ ਨੇ ਭਗਤੀ ਦੇ ਨਾਲ ਸ਼ਕਤੀ ਨੂੰ ਜਰੂਰੀ ਸਮਝਿਆ। ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਜ਼ੁਲਮ ਵਿਰੁਧ ਡੱਟਣ ਲਈ 'ਸਿੱਖ ਧਰਮ ਨੂੰ ਇਕ ਸਿਧਾਂਤਕ ਅਜਿਹੀ ਚਟਾਨ 'ਸ਼੍ਰੀ ਅਕਾਲ ਤਖਤ ਸਾਹਿਬ ਦੇ ਰੂਪ ਵਿਚ ਸਿਰਜ ਕੇ ਦਿੱਤਾ, ਜਿਸ ਵਿੱਚੋ ਪੂਰੀ ਮਨੁੱਖਤਾ ਲਈ ਆਜ਼ਾਦੀ, ਸਮਾਨਤਾ ਅਤੇ ਮਾਨਵੀ ਕਦਰਾਂ ਕੀਮਤਾਂ ਦੀ ਜੋਤ ਜਗ ਰਹੀ ਹੈ।  ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਹੁਕਮ ਜਾਰੀ ਕੀਤੇ ਗੁਰੂ ਘਰ ਦੇ ਦਰਸ਼ਨਾਂ ਨੂੰ ਆਉਣ ਸਮੇਂ ਘੋੜੇ, ਸ਼ਸਤਰ ਆਦਿ ਭੇਟਾ ਕੀਤੇ ਜਾਣ ਅਤੇ ਖੁਦ ਵੀ ਤਿਆਰ-ਬਰ-ਤਿਆਰ ਹੋ ਕੇ ਰਹਿਣ।  ਸਤਿਗੁਰੂ ਜੀ, ਨੇ ਖੁਦ ਆਪ ਵੀ ਦੋ ਤਲਵਾਰਾਂ ਮੀਰੀ-ਪੀਰੀ ਦੀਆਂ ਧਾਰਨ ਕੀਤੀਆਂ ਤਾ ਕਿ 'ਮੁਗਲ ਜ਼ਾਲਮ ਹਕੂਮਤ ਨਾਲ ਲੋਹਾ ਲੈ ਕੇ ਪੂਰੇ ਭਾਰਤ ਦੀ ਗੁਲਾਮ ਹੋ ਚੁੱਕੀ ਮਾਨਸਿਕਤਾ ਅਤੇ ਜ਼ੁਲਮ ਦੀ ਚੱਕੀ ਵਿੱਚ ਪਿਸ ਰਹੀ ਜਨਤਾ ਨੂੰ ਬਚਾਇਆ ਜਾ ਸਕੇ। ਗਿਆਨੀ ਸੁਰਜੀਤ ਸਿੰਘ ਨੇ ਇਸ ਮੋਕੇ ਅਪੀਲ ਕੀਤੀ ਸਾਨੂੰ 'ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਸਿਖਿਆਵਾਂ ਤੇ ਚਲ ਕੇ ਹਰ ਤਰ੍ਹਾਂ ਦੇ ਗੁਲਾਮੀ ਦੇ ਬੰਧਨਾਂ ਤੋਂ ਮੁਕਤੀ ਪਾ ਕੇ 'ਅਗਿਆਨਤਾ ਦਾ ਹਨ੍ਹੇਰਾ ਦੂਰ ਕਰਕੇ ਸਿੱਖੀ ਦੇ ਗਿਆਨ ਦਾ ਆਪਣੇ ਹਿਰਦਿਆ ਵਿੱਚ ਪ੍ਰਕਾਸ਼ ਕਰਨ ਦੀ ਅਹਿਮ ਲੋੜ ਹੈ।