MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪਾਕਿ ’ਚ ਪਹਿਲੀ ਹਿੰਦੂ ਦਲਿਤ ਮਹਿਲਾ ਨੇ ਸੈਨੇਟਰ ਵਜੋਂ ਚੁੱਕੀ ਸਹੁੰ

ਇਸਲਾਮਾਬਾਦ, 12 ਮਾਰਚ 2018 (ਮਪ) ਪਾਕਿਸਤਾਨ ਦੀ ਪਹਿਲੀ ਮਹਿਲਾ ਹਿੰਦੂ ਸਾਂਸਦ ਕ੍ਰਿਸ਼ਣਾ ਕੁਮਾਰੀ ਕੋਹਲੀ ਨੇ ਸੋਮਵਾਰ ਨੂੰ ਉੱਪਰੀ ਸਦਨ ਦੀ ਮੈਂਬਰ ਦੇ ਰੂਪ ਵਿਚ ਸਹੁੰ ਚੁੱਕੀ। ਉਹ ਸਹੁੰ ਲੈਣ ਵਾਲੇ 51 ਸੰਸਦ ਮੈਂਬਰਾਂ ਵਿਚ ਸ਼ਾਮਲ ਸੀ।ਸਿੰਧ ਸੂਬੇ 'ਚ ਥਾਰ ਦੇ ਨਗਰਪਾਰਕਰ ਜ਼ਿਲ੍ਹੇ ਦੇ ਇਕ ਦੂਰ-ਦੁਰਾਡੇ ਪਿੰਡ ਦੀ ਰਹਿਣ ਵਾਲੀ 39 ਸਾਲਾ ਕੋਹਲੀ, ਬਿਲਾਵਲ ਭੁੱਟੋ ਜ਼ਰਦਾਰੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੀ ਮੈਂਬਰ ਹੈ। ਸਰਦਾਰ ਯਾਕੂਬ ਖਾਨ ਨਸਾਰ ਨੇ ਸੰਘੀ ਅਤੇ ਸੂਬਾਈ ਅਸੈਂਬਲੀਆਂ ਵਲੋਂ 3 ਮਾਰਚ ਨੂੰ ਚੁਣੇ ਗਏ ਸੰਸਦ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ।ਕੋਹਲੀ ਸਿੰਧ ਤੋਂ ਇਕ ਘੱਟਗਿਣਤੀ ਸੀਟ ਤੋਂ ਚੁਣੀ ਗਈ ਹੈ। ਉਹ ਅਪਣੇ ਪਰਵਾਰ ਨਾਲ ਰਵਾਇਤੀ ਥਾਰ ਲਿਬਾਸ ਵਿਚ ਸੰਸਦ ਭਵਨ ਪਹੁੰਚੀ। ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਉਹ ਸਿਹਤ ਦੇ ਖੇਤਰ 'ਚ ਸੁਧਾਰ ਅਤੇ ਪਾਣੀ ਦੀ ਕਮੀ ਦੇ ਮੁੱਦੇ ਸਮੇਤ ਤਮਾਮ ਮਸਲਿਆਂ ਦੇ ਹੱਲ ਲਈ ਕੰਮ ਕਰੇਗੀ। ਉਨ੍ਹਾਂ ਦੀ ਚੋਣ ਪਾਕਿਸਤਾਨ ਵਿਚ ਔਰਤਾਂ ਅਤੇ ਘੱਟਗਿਣਤੀ ਦੇ ਅਧਿਕਾਰਾਂ ਲਈ ਇਕ ਮੀਲ ਦਾ ਪੱਥਰ ਹੈ। ਇਸ ਤੋਂ ਪਹਿਲਾਂ ਪੀ.ਪੀ.ਪੀ. ਨੇ ਸੰਸਦ ਮੈਂਬਰ ਦੇ ਰੂਪ ਵਿਚ ਪਹਿਲੀ ਹਿੰਦੂ ਮਹਿਲਾ ਰਤਨ ਭਗਵਾਨਦਾਸ ਨੂੰ ਚੁਣਿਆ ਸੀ। ਜ਼ਿਕਰਯੋਗ ਹੈ ਕਿ ਕ੍ਰਿਸ਼ਣਾ ਕੁਮਾਰੀ ਕੋਹਲੀ ਇਕ ਗ਼ਰੀਬ ਕਿਸਾਨ ਜਗਨੂੰ ਕੋਹਲੀ ਦੇ ਘਰ ਸਾਲ 1979 'ਚ ਜਨਮੀ ਸੀ। ਕ੍ਰਿਸ਼ਣਾ ਦਾ 16 ਸਾਲ ਦੀ ਉਮਰ 'ਚ ਵਿਆਹ ਹੋ ਗਿਆ ਸੀ। ਉਸ ਸਮੇਂ ਉਹ 9ਵੀਂ ਜਮਾਤ ਦੀ ਵਿਦਿਆਰਥਣ ਸੀ। ਹਾਲਾਂਕਿ ਵਿਆਹ ਤੋਂ ਬਾਅਦ ਕ੍ਰਿਸ਼ਣਾ ਨੇ ਅਪਣੀ ਪੜ੍ਹਾਈ ਜਾਰੀ ਰੱਖੀ ਅਤੇ ਸਾਲ 2013 ਵਿਚ ਉਨ੍ਹਾਂ ਨੇ ਸਿੰਧ ਯੂਨੀਵਰਸਿਟੀ ਤੋਂ ਸਮਾਜਸ਼ਾਸਤਰ ਵਿਚ ਮਾਸਟਰ ਦੀ ਡਿਗਰੀ ਹਾਸਲ ਕੀਤੀ। ਉਹ ਅਪਣੇ ਭਰਾ ਨਾਲ ਇਕ ਸਮਾਜਕ ਵਰਕਰ ਦੇ ਰੂਪ ਵਿਚ ਪੀ.ਪੀ.ਪੀ. ਪਾਰਟੀ 'ਚ ਸ਼ਾਮਲ ਹੋਈ ਸੀ।