MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸਰਹੱਦ ਵਿਵਾਦ ਸ਼ਾਂਤੀਪੂਰਨ ਤਰੀਕੇ ਨਾਲ ਸੁਲਝਾਉਣ 'ਤੇ ਅਸਾਮ-ਮਿਜ਼ੋਰਮ ਰਾਜ਼ੀ, ਐਡਵਾਈਜ਼ਰੀ ਵਾਪਸ

ਆਈਜੋਲ 5 ਅਗਸਤ (ਮਪ) ਅੰਤਰਰਾਜੀ ਸਰਹੱਦ ਵਿਵਾਦ ਦੇ ਮੁੱਦੇ 'ਤੇ ਅਸਾਮ ਤੇ ਮਿਜ਼ੋਰਮ ਦੇ ਪ੍ਰਤੀਨਿਧੀਆਂ ਨੇ ਵੀਰਵਾਰ ਨੂੰ ਇੱਥੇ ਗੱਲਬਾਤ ਕੀਤੀ ਅਤੇ ਮਾਮਲੇ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ 'ਤੇ ਸਹਿਮਤੀ ਪ੍ਰਗਟਾਈ। ਗੱਲਬਾਤ ਤੋਂ ਬਾਅਦ ਅਸਾਮ ਸਰਕਾਰ ਨੇ ਮਿਜ਼ੋਰਮ ਦੀ ਯਾਤਰਾ ਖ਼ਿਲਾਫ਼ ਪਹਿਲਾਂ ਜਾਰੀ ਐਡਵਾਇਜ਼ਰੀ ਰੱਦ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਦੋਵਾਂ ਸੂਬਾ ਸਰਕਾਰਾਂ ਨੇ ਅੰਤਰਰਾਜੀ ਸਰਹੱਦੀ ਖੇਤਰਾਂ 'ਚ ਸ਼ਾਂਤੀ ਬਣਾਏ ਰੱਖਣ ਲਈ ਭਾਰਤ ਸਰਕਾਰ ਵੱਲੋਂ ਸੁਰੱਖਿਆ ਬਲਾਂ ਦੀ ਤਾਇਨਾਤੀ ਕਰਨ ਦਾ ਵੀ ਸਵਾਗਤ ਕੀਤਾ। ਦੋਵੇਂ ਧਿਰਾਂ ਵੱਲੋਂ ਸਾਂਝੇ ਰੂਪ ਨਾਲ ਜਾਰੀ ਬਿਆਨ ਮੁਤਾਬਕ ਸੂਬੇ ਦੀ ਸਰਹੱਦ 'ਤੇ ਦੋਵੇਂ ਸੂਬੇ ਆਪਣੇ-ਆਪਣੇ ਜੰਗਲਾਤ ਅਤੇ ਪੁਲਿਸ ਬਲਾਂ ਨੂੰ ਗਸ਼ਤ ਜਾਂ ਉਨ੍ਹਾਂ ਖੇਤਰਾਂ 'ਚ ਨਵੇਂ ਸਿਰੇ ਤੋਂ ਤਾਇਨਾਤੀ ਲਈ ਨਹੀਂ ਭੇਜਣਗੇ, ਜਿੱਥੇ ਹਾਲ ਦੇ ਦਿਨਾਂ ਵਿਚ ਦੋਵੇਂ ਸੂਬਿਆਂ ਦੇ ਪੁਲਿਸ ਬਲਾਂ ਵਿਚਾਲੇ ਟਕਰਾਅ ਹੋਇਆ ਸੀ। ਇਸ ਵਿਚ ਅਸਾਮ-ਮਿਜ਼ੋਰਮ ਸਰਹੱਦ 'ਤੇ ਅਸਾਮ ਦੇ ਕਰੀਮਗੰਜ, ਹੈਲਾਕਾਂਡੀ ਅਤੇ ਕਛਾਰ ਜ਼ਿਲਿ੍ਹਆਂ ਅਤੇ ਮਿਜ਼ੋਰਮ ਦੇ ਮਮਿਤ ਅਤੇ ਕੋਲਾਸਿਬ ਜ਼ਿਲਿ੍ਹਆਂ ਦੇ ਵਿਵਾਦ ਵਾਲੇ ਸਾਰੇ ਖੇਤਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਸਾਂਝੇ ਬਿਆਨ 'ਤੇ ਅਸਾਮ ਦੇ ਸੀਮਾ ਸੁਰੱਖਿਆ ਅਤੇ ਵਿਕਾਸ ਮੰਤਰੀ ਅਤੁਲ ਬੋਰਾ ਅਤੇ ਵਿਭਾਗ ਦੇ ਕਮਿਸ਼ਨਰ ਤੇ ਸਕੱਤਰ ਜੀਡੀ ਤਿ੍ਪਾਠੀ ਅਤੇ ਮਿਜ਼ੋਰਮ ਦੇ ਗ੍ਹਿ ਮੰਤਰੀ ਲਾਲਚਮਲਿਆਨਾ ਅਤੇ ਗ੍ਰਹਿ ਸਕੱਤਰ ਵਨਲਾਲੰਗਥਸਾਕਾ ਨੇ ਦਸਤਖ਼ਤ ਕੀਤੇ। ਅਸਾਮ ਦੇ ਮੰਤਰੀ ਅਸ਼ੋਕ ਸਿੰਘਲ ਨੇ ਟਵਿੱਟਰ 'ਤੇ ਕਿਹਾ ਕਿ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਦੇ ਪ੍ਰਤੀਨਿਧੀ ਅਸਾਮ ਤੇ ਮਿਜ਼ੋਰਮ ਵਿਚ ਰਹਿਣ ਵਾਲੇ ਲੋਕਾਂ ਵਿਚਾਲੇ ਸ਼ਾਂਤੀ ਤੇ ਸਦਭਾਵਨਾ ਨੂੰ ਬੜ੍ਹਾਵਾ ਦੇਣ, ਸੁਰੱਖਿਅਤ ਕਰਨ ਤੇ ਬਣਾਏ ਰੱਖਣ ਲਈ ਸਾਰੇ ਲੋੜੀਂਦੇ ਉਪਾਅ ਕਰਨ 'ਤੇ ਸਹਿਮਤ ਹਨ। ਸਿੰਘਲ ਨੇ ਆਪਣੇ ਟਵੀਟ 'ਚ ਕਿਹਾ ਕਿ ਦੋਵੇਂ ਧਿਰਾਂ ਨੇ ਵੱਡੀਆਂ ਉਮੀਦਾਂ ਨਾਲ ਗੱਲਬਾਤ ਕੀਤੀ। ਅਸੀਂ ਮਿਜ਼ੋਰਮ ਦੇ ਗ੍ਰਹਿ ਮੰਤਰੀ ਲਾਲਛਮਲਿਆਨਾ ਅਤੇ ਹੋਰਨਾਂ ਅਧਿਕਾਰੀਆਂ ਨਾਲ ਸਰਹੱਦੀ ਵਿਵਾਦ ਦੇ ਮੁੱਦੇ ਨੂੰ ਹੱਲ ਕਰਨ 'ਤੇ ਚਰਚਾ ਕੀਤੀ। ਇਹ ਚਰਚਾ ਅਸਾਮ ਦੇ ਸੀਐੱਮ ਹਿਮੰਤਾ ਵਿਸਵ ਸਰਮਾ ਅਤੇ ਮਿਜ਼ੋਰਮ ਦੇ ਸੀਐੱਮ ਜੋਰਮਥਾਂਗਾ ਦੀਆਂ ਗੱਲਬਾਤਾਂ ਦੇ ਕ੍ਰਮ 'ਚ ਹੋਈ। ਦੱਸਣਯੋਗ ਹੈ ਕਿ 26 ਜੁਲਾਈ ਨੂੰ ਉੱਤਰ-ਪੂਰਬ ਦੇ ਇਨ੍ਹਾਂ ਗੁਆਂਢੀ ਸੂਬਿਆਂ ਵਿਚਾਲੇ ਅੰਤਰਰਾਜੀ ਸੀਮਾ ਸੰਘਰਸ਼ 'ਚ ਅਸਾਮ ਪੁਲਿਸ ਦੇ ਛੇ ਜਵਾਨ ਮਾਰੇ ਗਏ ਸਨ ਅਤੇ ਕਛਾਰ ਜ਼ਿਲ੍ਹੇ ਦੇ ਐੱਸਪੀ ਸਮੇਤ 50 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਸਨ। ਦੋਵੇਂ ਸੂਬਿਆਂ ਨੇ ਇਸ ਘਟਨਾ ਵਿਚ ਮਾਰੇ ਗਏ ਲੋਕਾਂ ਦੀ ਮੌਤ 'ਤੇ ਵੀ ਸੋਗ ਪ੍ਰਗਟਾਇਆ ਅਤੇ ਜ਼ਖ਼ਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਪ੍ਰਰਾਰਥਨਾ ਕੀਤੀ।