
ਜਵੰਦਾ ਕੁਦਰਤੀ ਖੇਤੀ ਫਾਰਮ, ਬਡਬਰ ਵਿਖੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਦਾ ਪ੍ਰਭਾਵੀ ਦੌਰਾ

ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 13 ਸਤੰਬਰ (ਸੁਰਿੰਦਰ ਸਿੰਘ ਚੱਠਾ)- ਆਤਮਾ ਸਕੀਮ ਅਧੀਨ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕੁਦਰਤੀ ਖੇਤੀ ਨੂੰ ਅਪਨਾਉਣ ਦੇ ਚਾਹਵਾਨ ਗਿੱਦੜਬਾਹਾ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਤਕਰੀਬਨ 35 ਕਿਸਾਨਾਂ ਨੂੰ ਜਵੰਦਾ ਕੁਦਰਤੀ ਖੇਤੀ ਫਾਰਮ, ਪਿੰਡ ਬਡਬਰ, ਜਿਲ੍ਹਾ ਬਰਨਾਲਾ ਦਾ ਦੌਰਾ ਕਰਵਾਇਆ ਗਿਆ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਡਾ. ਚਰਨਜੀਤ ਸਿੰਘ ਕੈਂਥ ਨੇ ਦੱਸਿਆ ਕਿ ਬਰਨਾਲਾ ਜਿਲ੍ਹੇ ਦੇ ਕਿਸਾਨ ਹਰਵਿੰਦਰ ਸਿੰਘ ਅਤੇ ਉਸਦੇ ਭਰਾ ਕੁਦਰਤੀ ਖੇਤੀ ਕਰਕੇ ਸਾਲ ਵਿੱਚ 2 ਜਾਂ 4 ਨਹੀਂ ਬਲਕਿ 40-45 ਫਸਲਾਂ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਮਲਟੀਕਰਾਪਿੰਗ ਵਿੱਚ ਗੰਨਾ, ਸਵੀਟ ਮੱਕੀ, ਦਾਲਾਂ, ਮਿਲਿਟਸ, ਪੀ.ਏ.ਯੂ ਮਾਡਲ ਤਹਿਤ ਫਲਦਾਰ ਬਗੀਚੀ, ਡਰੈਗਨ ਫਰੂਟ ਆਦਿ ਲਗਾ ਰਹੇ ਹਨ। ਇਸ ਤੋਂ ਇਲਾਵਾ ਕਿਸਾਨ ਵੱਲੋਂ ਮੈਡੀਸਨ ਪਲਾਂਟ ਜਿਵੇਂ ਕਿ ਸਫੈਦ ਮੁਸਲੀ, ਅਸ਼ਵਗੰਧਾ, ਅਕਰਕਰਾ, ਸਿਟਰੋਨੇਲਾ, ਲੈਮਨ ਗਰਾਸ ਅਤੇ ਸਬਜੀਆਂ ਦੀ ਪਨੀਰੀ ਖੁੱਦ ਤਿਆਰ ਕਰਕੇ ਵੇਚੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨ ਵੱਲੋਂ ਆਤਮਾ ਸਕੀਮ ਅਧੀਨ ਬਰਨਾਲਾ-ਸੰਗਰੂਰ ਹਾਇਵੇਅ ਉਪਰ ਕਿਸਾਨ ਹੱਟ ਲਗਾ ਕੇ ਆਪਣੇ ਫਾਰਮ ਦੀ ਪ੍ਰੋਡਿਊਸ, ਪਨੀਰੀ/ਮੈਡੀਸਨ ਪਲਾਂਟ ਵੇਚ ਕੇ ਚੰਗਾ ਮੁਨਾਫਾ ਕਮਾਇਆ ਜਾ ਰਿਹਾ ਹੈ। ਕਿਸਾਨ ਹਰਵਿੰਦਰ ਸਿੰਘ ਨੇ ਆਪਣੇ ਫਾਰਮ 'ਤੇ ਪਹੁੰਚੇ ਕਿਸਾਨਾਂ ਨੂੰ ਆਪਣਾ ਫਾਰਮ ਦਿਖਾਇਆ ਅਤੇ ਕੁਦਰਤੀ ਖੇਤੀ ਸਬੰਧੀ ਆਪਣੇ ਨਿੱਜੀ ਤਜਰਬਿਆਂ ਬਾਰੇ ਦੱਸਿਆ ਗਿਆ ਕਿ ਕੁਦਰਤੀ ਖੇਤੀ ਵਿੱਚ ਕਿਸੇ ਵੀ ਕੀੜੇ ਮਕੌੜੇ ਨੂੰ ਪੈਸਟੀਸਾਈਡ ਨਾਲ ਮਾਰਿਆ ਨਹੀਂ ਜਾਂਦਾ ਬਲਕਿ ਕੁਦਰਤੀ ਢੰਗਾਂ ਨਾਲ ਕੀੜੇ ਮਕੌੜਿਆਂ ਨੂੰ ਖੇਤ ਵਿੱਚੋ ਭਜਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਕਰੀ ਪੇਸ਼ਾ ਲੋਕ ਸਵੇਰੇ 9:00 ਵਜੇ ਤੋਂ 5:00 ਵਜੇ ਤੱਕ ਆਪਣੀ ਡਿਊਟੀ 'ਤੇ ਹਾਜਰ ਹੁੰਦੇ ਹਨ ਤਾਂ ਫਿਰ ਕਿਸਾਨ ਖੇਤਾਂ ਵਿੱਚ ਸਿਰਫ 2 ਘੰਟੇ ਲਗਾ ਕੇ ਕਿਵੇਂ ਕੁਝ ਕਮਾ ਸਕਦੇ ਹਨ। ਡਾ. ਕਰਨਜੀਤ ਸਿੰਘ (ਪੀ.ਡੀ) ਆਤਮਾ ਨੇ ਦੱਸਿਆ ਕਿ ਕਿਸਾਨਾਂ ਨੂੰ ਹਰਵਿੰਦਰ ਸਿੰਘ ਵਰਗੇ ਕਿਸਾਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਜੇਕਰ ਕਿਸਾਨ ਖੇਤ ਦੀ ਹਰ ਫਸਲ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਵਰਤਣਾ ਸ਼ੁਰੂ ਕਰਨਗੇ ਤਾਂ ਹੀ ਉਹ ਸਫਲ ਹੋ ਸਕਦੇ ਹਨ। ਇਸ ਵਿਜਿਟ ਮੌਕੇ ਕਿਸਾਨ ਤੋਂ ਇਲਾਵਾ ਜਗਮੋਹਨ ਸਿੰਘ, ਜੋਬਨਦੀਪ ਸਿੰਘ, ਅਮਨਦੀਪ ਕੌਰ, ਰਮਨਦੀਪ ਕੌਰ (ਏ.ਡੀ.ਓ), ਜਗਤਾਰ ਸਿੰਘ (ਏ.ਈ.ਓ), ਅਸ਼ੀਸ਼ ਅਰੋੜਾ (ਬੀ.ਟੀ.ਐਮ), ਭਗਤ ਸਿੰਘ (ਏ.ਐਸ.ਆਈ), ਜਗਪ੍ਰੀਤ ਸਿੰਘ (ਏ.ਟੀ.ਐਮ) ਸ਼ਾਮਲ ਸਨ।