MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਦਿੱਲੀ ਵਿਚ ਅੱਤਵਾਦੀ ਢਾਂਚੇ ਦਾ ਪਰਦਾਫਾਸ਼, ਦੋ ਪਾਕਿਸਤਾਨੀਆਂ ਸਮੇਤ ਛੇ ਜਣੇ ਗ੍ਰਿਫ਼ਤਾਰ

ਨਵੀਂ ਦਿੱਲੀ 14 ਸਤੰਬਰ (ਮਪ) ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਕਿ ਦੇ ਸੰਗਠਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਟੀਮ ਨੇ ਪਾਕਿ ਸਿਖਾਂਦਰੂ ਦੋ ਅੱਤਵਾਦੀ ਗ੍ਰਿਫ਼ਤਾਰ ਵੀ ਕੀਤੇ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਮਲਟੀ ਸਟੇਟ ਆਪ੍ਰੇਸ਼ਨ ’ਚ ਬੰਬ ਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ। ਦਿੱਲੀ ਪੁਲਿਸ ਸਪੈਸ਼ਲ ਸੈੱਲ ਨੇ ਪਾਕਿ ਤੋਂ ਸਿਖਲਾਈ ਪ੍ਰਾਪਤ ਅੱਤਵਾਦੀਆਂ ਸਮੇਤ ਕੁੱਲ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਸਾਰਿਆਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।ਇਨ੍ਹਾਂ ਦੇ ਨਾਂ ਜੀਸ਼ਾਨ, ਜਾਨ ਮੁਹੰਮਦ ਅਲੀ, ਮੁਹੰਮਦ ਅਬੂ ਬਕਰ, ਓਸਾਮਾ ਅਤੇ ਮੂਲਚੰਦ ਉਰਫ਼ ਲਾਲਾ ਹਨ। ਡੀਸੀਪੀ ਸਪੈਸ਼ਲ ਸੈੱਲ ਪ੍ਰਮੋਦ ਕੁਸ਼ਵਾਹਾ ਨੇ ਦੱਸਿਆ ਕਿ ਵਿਸ਼ੇਸ਼ ਵਿੰਗ ਨੇ ਪਾਕਿ ਦੇ ਸੰਗਠਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ, ਪਾਕਿ ਸਿਖਲਾਈ ਪ੍ਰਾਪਤ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਵੱਡੀ ਗਿਣਤੀ ’ਚ ਬੰਬ ਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਹਨ। ਛੇ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ’ਚ ਆਪ੍ਰੇਸ਼ਨ ਚਲਾ ਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅੱਤਵਾਦੀਆਂ ’ਚ ਇੱਕ ਦਾ ਨਾਂ ਮੁਹੰਮਦ ਓਸਾਮਾ, ਜਿਸ ਨੂੰ ਦਿੱਲੀ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।ਪੁਲਿਸ ਨੇ ਇਨ੍ਹਾਂ ਦੇ ਫੋਟੋ ਵੀ ਜਾਰੀ ਕੀਤੇ ਹਨ। ਇਹ ਸਾਰੇ ਪਾਕਿ ਖ਼ੁਫ਼ੀਆ ਏਜੰਸੀ ਆਈਐੱਸਆਈ ਅਤੇ ਅੱਤਵਾਦੀ ਸੰਗਠਨ ਨਾਲ ਜੁੜੇ ਹੋਏ ਹਨ। ਰਾਜਧਾਨੀ ਦਿੱਲੀ ਹਮੇਸ਼ਾ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਰਹੀ ਹੈ। ਪਾਕਿਸਤਾਨ ਹਮਾਇਤੀ ਅੱਤਵਾਦੀ ਸੰਗਠਨ ਦਿੱਲੀ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਰਚਦੇ ਰਹਿੰਦੇ ਹਨ। ਦਿੱਲੀ ਪੁਲਿਸ ਨੂੰ 15 ਅਗਸਤ ਤੋਂ ਪਹਿਲਾਂ ਅੱਤਵਾਦੀਆਂ ਦਾ ਇਨਪੁਟ ਮਿਲਿਆ ਸੀ, ਉਨ੍ਹਾਂ ਨੂੰ ਧਿਆਨ ’ਚ ਰੱਖ ਕੇ ਸਪੈਸ਼ਲ ਟੀਮ ਕੰਮ ਕਰ ਰਹੀ ਸੀ। ਪੁਲਿਸ ਨੂੰ ਇਸ ਬਾਰੇ ਸੂਚਨਾਵਾਂ ਮਿਲ ਰਹੀਆਂ ਹਨ। ਪੁਲਿਸ ਅੱਤਵਾਦੀਆਂ ਦੇ ਪੂਰੇ ਢਾਂਚੇ ’ਤੇ ਨਜ਼ਰ ਰੱਖ ਰਹੀ ਸੀ। ਜਦੋਂ ਸੂਚਨਾ ਪੁਖ਼ਤਾ ਹੋ ਗਈ, ਉਸ ਤੋਂ ਬਅਦ ਸਪੈਸ਼ਲ ਸੈੱਲ ਨੇ ਇਸ ਢਾਂਚੇ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਜਿਨ੍ਹਾਂ ਲੋਕਲ ਲੋਕਾਂ ਨੂੰ ਫੜਿਆ ਹੈ, ਉਨ੍ਹਾਂ ਦੇ ਇਨ੍ਹਾਂ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।