
ਦੇਸ਼ 'ਚ ਬਿਜਲੀ ਸੰਕਟ ਲਈ ਕੇਂਦਰ ਸਰਕਾਰ ਜਿੰਮੇਵਾਰ-ਰਾਕੇਸ਼ ਪ੍ਰਭਾਕਰ
* ਮਹਿੰਗੇ ਪੈਟਰੋਲ-ਡੀਜਲ ਤੇ ਐਲ.ਪੀ.ਜੀ. ਨੇ ਵਿਗਾੜਿਆ ਜਨਤਾ ਦਾ ਬਜਟ
ਫਗਵਾੜਾ 14 ਅਕਤੂਬਰ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪੰਜਾਬ ਸਮੇਤ ਦੇਸ਼ ਦੇ ਕਈ ਰਾਜਾਂ ਵਿਚ ਕੌਲੇ ਦੀ ਕਮੀ ਦੇ ਚਲਦਿਆਂ ਪੈਦਾ ਹੋਏ ਬਿਜਲੀ ਦੇ ਸੰਕਟ ਲਈ ਕੇਂਦਰ ਸਰਕਾਰ ਨੂੰ ਜਿੰਮੇਵਾਰ ਦਸਦਿਆਂ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਮੈਂਬਰ ਅਤੇ ਪੀ.ਪੀ.ਸੀ.ਸੀ. ਦੇ ਸਾਬਕਾ ਮੈਂਬਰ ਰਾਕੇਸ਼ ਪ੍ਰਭਾਕਰ (ਕਾਕਾ) ਨੇ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਐਨ.ਡੀ.ਏ. ਦੇ ਰਾਜ ਵਿਚ ਜਨਤਾ ਦਾ ਬੁਰਾ ਹਾਲ ਹੈ ਪਹਿਲਾਂ ਮਹਿੰਗਾਈ ਨੇ ਜਨਤਾ ਦਾ ਲੱਕ ਭੰਨਿਆ ਤੇ ਹੁਣ ਬਿਜਲੀ ਦੇ ਸੰਕਟ ਨੇ ਰੋਜਾਨਾ ਦੀ ਜਿੰਦਗੀ ਅਤੇ ਵਪਾਰ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਉਹਨਾਂ ਕਿਹਾ ਕਿ ਭਾਜਪਾ ਮਹਿੰਗਾਈ ਨੂੰ ਸੌ ਦਿਨ ਵਿਚ ਠ੍ਹਲ ਪਾਉਣ ਦਾ ਵਾਅਦਾ ਕਰਕੇ ਕੇਂਦਰ ਦੀ ਸੱਤਾ ਵਿਚ ਆਈ ਸੀ ਪਰ ਜਿੰਨੀ ਮਹਿੰਗਾਈ ਇਸ ਸਰਕਾਰ ਦੇ ਰਾਜ ਵਿਚ ਵਧੀ ਹੈ ਓਨੀ ਪਹਿਲਾਂ ਕਦੇ ਵੀ ਨਹੀਂ ਸੀ। ਦੁਨੀਆ ਵਿਚ ਸਭ ਤੋਂ ਮਹਿੰਗਾ ਪੈਟਰੋਲ, ਡੀਜਲ ਤੇ ਰਸੋਈ ਗੈਸ ਭਾਰਤ ਵਿਚ ਵਿਕ ਰਿਹਾ ਹੈ। ਰਸੋਈ ਗੈਸ ਤੇ ਪੈਟਰੋਲ ਦੇ ਮੁੱਲ ਤਾਂ ਰੋਜਾਨਾ ਹੀ ਵੱਧ ਰਹੇ ਹਨ। ਜਨਤਾ ਤ੍ਰਾਹੀ-ਤ੍ਰਾਹੀ ਕਰ ਰਹੀ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਪਤਾ ਨਹੀਂ ਕਿਹੜੇ ਨਵੇਂ ਭਾਰਤ ਦੇ ਸਬਜਬਾਗ ਦਿਖਾ ਰਹੀ ਹੈ। ਉਹਨਾਂ ਸਵਾਲ ਕਰਦਿਆਂ ਕਿਹਾ ਕਿ ਜਿਸ ਨਵੇਂ ਭਾਰਤ ਦੀ ਭਾਜਪਾ ਵਾਲੇ ਗੱਲ ਕਰਦੇ ਹਨ, ਕੀ ਉਸ ਵਿਚ ਜਵਾਨੀ ਬੇਰੁਜਗਾਰ, ਅਤੇ ਜਨਤਾ ਵਿਚ ਭੁੱਖਮਰੀ ਨਾਲ ਹਾਹਾਕਾਰ ਹੋਵੇਗਾ? ਉਹਨਾਂ ਕੇਂਦਰ ਸਰਕਾਰ 'ਤੇ ਕਮਾਈ ਵਾਲੇ ਸਰਕਾਰੀ ਸਰੋਤਾਂ ਨੂੰ ਵੇਚ ਕੇ ਦੇਸ਼ ਨੂੰ ਕੰਗਾਲ ਬਨਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਸਮੇਂ ਦੇਸ਼ ਨੂੰ ਬਚਾਉਣ ਅਤੇ ਮਹਿੰਗਾਈ ਦੀ ਮਾਰ ਤੋਂ ਛੁਟਕਾਰਾ ਪਾਉਣ ਲਈ ਭਾਜਪਾ ਨੂੰ ਸੱਤਾ ਤੋਂ ਬੇਦਖਲ ਕਰਨਾ ਬਹੁਤ ਜਰੂਰੀ ਹੈ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਅਗਲੇ ਸਾਲ ਪੰਜਾਬ, ਯੂਪੀ ਸਮੇਤ ਪੰਜਾਬ ਰਾਜਾਂ ਦੀਆਂ ਵਿਧਾਨਸਭਾ ਚੋਣਾ ਵਿਚ ਕਾਂਗਰਸ ਦੇ ਹੱਥ ਮਜਬੂਤ ਕੀਤੇ ਜਾਣ।