MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਫਰੀਦਕੋਟ ਦੇ ਇਤਿਹਾਸਕ ਘੰਟਾ ਘਰ ਦੀਆਂ ਚਾਰੇ ਘੜੀਆਂ ਤਬਦੀਲ ਕਰਕੇ ਜੀ.ਪੀ.ਐੱਸ ਸਿਸਟਮ ਵਾਲੀਆਂ ਨਵੀਆਂ ਘੜੀਆਂ ਲਗਾਈਆਂ ਗਈਆਂ  ਕਿੱਕੀ ਢਿਲੋਂ

- ਰਾਤ ਸਮੇਂ ਅਲੌਕਿਕ ਨਜ਼ਾਰਾ ਪੇਸ਼ ਕਰਦਾ ਹੈ ਘੰਟਾ ਘਰ  

ਫ਼ਰੀਦਕੋਟ 28 ਅਕਤੂਬਰ ( ਧਰਮ ਪ੍ਰਵਾਨਾਂ )  ਫ਼ਰੀਦਕੋਟ ਦੇ ਵਿਧਾਇਕ ਤੇ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਸ੍ਰੀ ਕੁਸ਼ਲਦੀਪ ਸਿੰਘ ਢਿੱਲੋਂ ਦੇ ਅਣਥੱਕ ਯਤਨਾਂ ਅਤੇ ਮਿਹਨਤ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਅਤੇ ਨਗਰ ਕੌਂਸਲ ਵੱਲੋਂ ਪਾਏ ਗਏ ਯੋਗਦਾਨ ਸਦਕਾ  ਫ਼ਰੀਦਕੋਟ ਦੀ ਇਤਿਹਾਸਕ ਧਰੋਹਰ ਘੰਟਾ ਘਰ ਨੂੰ ਜਿੱਥੇ ਨਵੀਂ ਦਿੱਖ ਪ੍ਰਦਾਨ ਕੀਤੀ ਗਈ ਹੈ ਉਥੇ ਹੀ ਇਸ ਦੀਆਂ ਚਾਰੇ ਘੜੀਆਂ ਜੋ ਕਾਫ਼ੀ ਲੰਮੇ ਸਮੇਂ ਤੋਂ  ਖ਼ਰਾਬ ਹੋ ਚੁੱਕੀਆਂ ਸਨ ਨੂੰ ਬਦਲ ਕੇ ਉਨ੍ਹਾਂ ਦੀ ਥਾਂ ਨਵੀਆਂ ਜੀ.ਪੀ.ਐੱਸ ਸਿਸਟਮ ਨਾਲ ਲੈਸ ਘੜੀਆਂ ਲਗਾਈਆਂ ਗਈਆਂ ਹਨ । ਇਸ ਦੇ ਆਲੇ ਦੁਆਲੇ ਲਗਾਈਆਂ ਗਈਆਂ  ਫਲੱਡ ਲਾਈਟਾਂ ਕਾਰਨ ਰਾਤ ਸਮੇਂ  ਇਤਿਹਾਸਕ ਘੰਟਾ ਘਰ ਅਲੌਕਿਕ ਨਜ਼ਾਰਾ ਪੇਸ਼ ਕਰਦਾ ਹੈ।

ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਫ਼ਰੀਦਕੋਟ ਦੀਆਂ ਇਤਿਹਾਸਕ ਤੇ ਵਿਰਾਸਤੀ ਇਮਾਰਤਾਂ ਨੂੰ  ਸੰਭਾਲਿਆ ਜਾਵੇ। ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੀ ਡਿਊਟੀ ਲਗਾਈ ਗਈ ਸੀ। ਉਨ੍ਹਾਂ ਕਿਹਾ ਕਿ ਇਤਿਹਾਸਕ ਘੰਟਾ ਘਰ ਚੌਕ ਨੂੰ ਸ਼ਹਿਰ ਦਾ ਦਿਲ ਕਿਹਾ ਜਾਂਦਾ ਹੈ ਤੇ ਇਸ ਦੀ ਉਸਾਰੀ 1902 ਦੇ ਕਰੀਬ ਉਸ ਸਮੇਂ ਦੇ ਮਹਾਰਾਜਾ ਬਲਬੀਰ ਸਿੰਘ ਵੱਲੋਂ ਕਰਵਾਈ ਗਈ ਸੀ ਅਤੇ ਇਸ ਦੀ ਉਚਾਈ 115 ਫੁੱਟ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਜਿਥੇ ਇਸ ਵਿਰਾਸਤੀ ਘੰਟਾ ਘਰ ਦਾ ਪੁਰਾਤਨ ਵਜੂਦ ਕਾਇਮ ਰੱਖ ਕੇ ਇਸ ਨੂੰ ਨਵੀਂ ਦਿੱਖ ਦਿੱਤੀ ਗਈ ਹੈ ਉਥੇ ਹੀ  ਚਾਰੇ ਘੜੀਆਂ ਤਬਦੀਲ ਕਰਵਾਈਆਂ ਗਈਆਂ ਹਨ ਜੋ  ਬਿਲਕੁਲ ਸਹੀ ਸਮਾਂ ਦੱਸਣਗੀਆਂ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਦੇ ਇਸ ਘੰਟਾ ਘਰ ਚੌਕ ਕਾਰਨ ਹੀ ਸੈਲਾਨੀਆਂ ਦੀ ਗਿਣਤੀ ਹੋਰ ਵਧੇਗੀ।

 ਨਗਰ ਕੌਂਸਲ ਫ਼ਰੀਦਕੋਟ ਦੇ ਪ੍ਰਧਾਨ ਸ੍ਰੀ ਨਰਿੰਦਰ ਪਾਲ ਸਿੰਘ ਨਿੰਦਾ ਨੇ ਕਿਹਾ ਕਿ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਨਿੱਜੀ ਦਿਲਚਸਪੀ ਲੈ ਕੇ ਘੰਟਾ ਘਰ ਦੀਆਂ ਘੜੀਆਂ ਚਾਲੂ ਕਰਵਾਈਆਂ ਗਈਆਂ ਹਨ। ਨਗਰ ਕੌਂਸਲ ਵੱਲੋਂ ਇਸ ਸਬੰਧੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਗਈ ਹੈ ।ਉਨ੍ਹਾਂ ਇਸ ਉਪਰਾਲੇ ਲਈ ਸਮੂਹ ਸ਼ਹਿਰ ਵਾਸੀਆਂ ਵੱਲੋਂ ਸ.ਕੁਸ਼ਲਦੀਪ ਸਿੰਘ ਢਿੱਲੋਂ ਦਾ ਧੰਨਵਾਦ ਵੀ ਕੀਤਾ।

          ਇਸ ਮੌਕੇ ਐਕਸੀਅਨ ਨਗਰ ਕੌਸਲ ਇੰਜੀ: ਰਾਕੇਸ਼ ਕੰਬੋਜ ਵੀ ਹਾਜ਼ਰ ਸਨ।