MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਚਮਕੌਰ ਦੀ ਗੜੀ ਦੇ ਮਹਾਨ ਸ਼ਹੀਦ ਬਾਬਾ ਸੰਗਤ ਸਿੰਘ ਦੀ ਯਾਦ ਵਿੱਚ ਸਜਾਇਆ ਗਿਆ ਨਗਰ ਕੀਰਤਨ

ਬੀਬਾ ਕਮਲਜੀਤ ਕੋਰ ਸੋਲਖੀਆਂ ਅਤੇ ਭਾਈ ਅਵਤਾਰ ਸਿੰਘ ਸਾਬਕਾ ਸਕੱਤਰ ਵੱਲੋਂ ਨਗਰ ਕੀਰਤਨ ਦੇ ਮੋਰਿੰਡਾ ਪੁੱਜਣ ਤੇ ਕੀਤਾ ਸਵਾਗਤ

ਮੋਰਿੰਡਾ 28 ਨਵੰਬਰ  (  ਭਟੋਆ  ) ਸ੍ਰੀ ਚਮਕੌਰ ਸਾਹਿਬ ਦੀ ਜੰਗ ਦੇ ਮਹਾਨ ਸ਼ਹੀਦ ਬਾਬਾ ਸੰਗਤ ਸਿੰਘ ਦੀ ਪਵਿੱਤਰ ਯਾਦ ਵਿੱਚ ਸੰਤ ਬਾਬਾ ਰਣਜੀਤ ਸਿੰਘ ਤਪਾ ਦਰਾਜ ਮੋਹਾਲੀ ਵੱਲੋਂ ਸ੍ਰੀ ਚਮਕੌਰ ਸਾਹਿਬ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸਦੇ ਮੋਰਿੰਡਾ ਪੁੱਜਣ ਤੇ ਬੀਬਾ ਕਮਲਜੀਤ ਕੋਰ ਸੋਲਖੀਆਂ ਦੀ ਅਗਵਾਈ ਹੇਠਾਂ ਸਿੱਖ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਸ਼ਾਨਦਾਰ ਪਾਲਕੀ ਸਾਹਿਬ ਵਿੱਚ ਸੁਭਾਇਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠਾਂ ਸਜਾਇਆ ਇਹ ਨਗਰ ਕੀਰਤਨ ਸ੍ਰੀ ਚਮਕੌਰ ਸਾਹਿਬ ਤੋਂ ਚੱਲਕੇ ਵੱਖ ਵੱਖ ਪਿੰਡਾਂ ਵਿੱਚੋਂ ਗੁਜਰਦਾ ਹੋਇਆ ਜਿਉਂ ਹੀ ਮੋਰਿੰਡਾ ਪੁਹਂਚਿਆ ਤਾਂ ਸਿੱਖ ਸੰਗਤਾਂ ਨੇ ਬੀਬਾ ਕਮਲਜੀਤ ਕੋਰ ਸੋਲਖੀਆਂ ਅਤੇ ਸ੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਭਾਈ ਅਵਤਾਰ ਸਿੰਘ ਸੈਂਪਲਾ ਦੀ ਅਗਵਾਈ ਹੇਠਾਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਂਟ ਕੀਤਾ, ਉੱਥੇ ਹੀ ਪੰਜ ਪਿਆਰਿਆਂ ਨੂੰ ਵੀ ਸਿਰਪਾਓ  ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਜਦਕਿ ਸੰਗਤਾਂ ਵੱਲੋਂ ਪੰਜ ਪਿਆਰਿਆਂ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਤੇ ਗੱਲ ਕਰਦਿਆਂ ਬਾਬਾ ਰਣਜੀਤ ਸਿੰਘ ਤਪਾ ਦਰਾਜ ਮੋਹਾਲੀ ਵਾਲਿਆਂ ਨੇ ਕਿਹਾ ਕਿ ਮਹਾਨ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿੱਜਦਾ ਕਰਨ ਲਈ ਉਨ੍ਹਾਂ ਵੱਲੋਂ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਤਾਂ ਕਿ ਨਵੀਂ ਪੀੜੀ ਨੂੰ ਸ਼ਹੀਦਾਂ ਵੱਲੋਂ ਦਿੱਤੀਆਂ ਸ਼ਹਾਦਤ ਤੋਂ ਜਾਣੂ ਕਰਵਾਇਆ ਜਾ ਸਕੇ । ਇਸ ਮੌਕੇ ਤੇ ਢਾਡੀ ਜਥੇ ਵੱਲੋਂ ਬਾਬਾ ਸੰਗਤ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ।
 ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਭਾਈ ਨਿਰਭੈ ਸਿੰਘ, ਭਾਈ ਤੇਜ਼ੀ ਸਿੰਘ, ਵਰਲਡ ਸਿੱਖ ਮਿਸ਼ਨ ਦੇ ਆਗੂ ਤੀਰਥ ਸਿੰਘ ਭਟੋਆ, ਸ: ਮੱਘਰ ਸਿੰਘ, ਰਾਜਿੰਦਰ ਸਿੰਘ ਨਸਰਾਲੀ, ਜਗਦੀਸ਼ ਸਿੰਘ, ਕਾਂਗਰਸੀ ਆਗੂ ਹਰਮਿੰਦਰ ਸਿੰਘ ਲੱਕੀ, ਮਹਿੰਦਰ ਸਿੰਘ ਢਿੱਲੋਂ, ਕਰਨੈਲ ਸਿੰਘ, ਕਸ਼ਮੀਰ ਸਿੰਘ, ਸੱਜਣ ਸਿੰਘ, ਗੁਰਸ਼ਰਨ ਸਿੰਘ, ਆਦਿ ਵੀ ਹਾਜ਼ਰ ਸਨ।
ਇਸ ਮੌਕੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਸੋਲਖੀਆਂ ਵੱਲੋਂ ਸੰਗਤਾਂ ਲਈ ਲੰਗਰ ਅਤੁੱਟ ਵਰਤਾਇਆ ਗਿਆ।