MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਨਹਿਰੂ ਯੁਵਾ ਕੇਂਦਰ ਨੇ ਜੀ.ਐਨ.ਏ. ਯੁਨੀਵਰਸਿਟੀ 'ਚ ਕਰਵਾਈ ਬਲਾਕ ਪੱਧਰੀ ਸਪੋਰਟਸ ਮੀਟ

ਫਗਵਾੜਾ 23 ਦਸੰਬਰ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਨਹਿਰੂ ਯੁਵਾ ਕੇਂਦਰ ਜਿਲ੍ਹਾ ਕਪੂਰਥਲਾ ਵਲੋਂ ਸਥਾਨਕ ਹੁਸ਼ਿਆਰਪੁਰ ਰੋਡ ਸਥਿਤ ਜੀ.ਐਨ.ਏ. ਯੁਨੀਵਰਸਿਟੀ ਵਿਖੇ ਬਲਾਕ ਪੱਧਰੀ ਸਪੋਰਟਸ ਮੀਟ ਕਰਵਾਈ ਗਈ। ਜਿਸ ਵਿਚ ਵਾਲੀਬਾਲ, ਦੌੜਾਂ, ਅਥਲੈਟਿਕਸ ਤੋਂ ਇਲਾਵਾ ਬਾਸਕੇਟ ਬਾਲ ਦੇ ਮੈਚ ਕਰਵਾਏ ਗਏ। ਜੇਤੂ ਟੀਮਾਂ ਨੂੰ ਪੁਰਸਕਾਰਾਂ ਦੀ ਵੰਡ ਕਰਨ ਲਈ ਜੀ.ਐਨ.ਏ. ਦੇ ਡਾਇਰੈਕਟਰ ਸ੍ਰ. ਜਸਬੀਰ ਸਿੰਘ ਸੀਹਰਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਹਨਾਂ ਪਹਿਲਾ, ਦੂਸਰਾ ਅਤੇ ਤੀਸਰਾ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਮੈਡਲ ਪ੍ਰਦਾਨ ਕਰਦਿਆਂ ਆਪਣੇ ਸੰਬੋਧਨ ਵਿਚ ਕਿਹਾ ਕਿ ਨਹਿਰੂ ਯੁਵਾ ਕੇਂਦਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਖੇਡਾਂ ਦਾ ਸਾਡੇ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ। ਅੱਜ ਦੇ ਮਸ਼ੀਨੀ ਯੁੱਗ ਵਿਚ ਸਰੀਰਿਕ ਮਿਹਨਤ ਕਾਫੀ ਘੱਟ ਹੋਣ ਕਰਕੇ ਬਹੁਤ ਘੱਟ ਉਮਰ ਵਿਚ ਦਿਲ, ਸ਼ੁਗਰ ਵਰਗੀਆਂ ਬਿਮਾਰੀਆਂ ਦਾ ਖਤਰਾ ਕਾਫੀ ਵੱਧ ਗਿਆ ਹੈ ਪਰ ਖੇਡਾਂ ਨਾਲ ਸਰੀਰ ਦੀ ਚੰਗੀ ਕਸਰਤ ਹੋ ਜਾਂਦੀ ਹੈ। ਇਸ ਲਈ ਬੱਚਿਆਂ ਅਤੇ ਨੌਜਵਾਨਾਂ ਨੂੰ ਰੋਜਾਨਾ ਕੁੱਝ ਸਮਾਂ ਖੇਡਾਂ ਵਿੱਚ ਜਰੂਰ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਜਿਲ੍ਹਾ ਕੋਆਰਡੀਨੇਟਰ ਆਦਿਤਯ ਆਨੰਦ ਨੇ ਕਿਹਾ ਕਿ ਸਪੋਰਟਸ ਮੀਟ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਰਹਿ ਕੇ ਖੇਡਾਂ ਵਿਚ ਕੈਰੀਅਰ ਬਨਾਉਣ ਲਈ ਪ੍ਰੇਰਿਤ ਕਰਨਾ ਹੈ। ਸਮਾਗਮ ਨੂੰ ਸਫਲ ਬਨਾਉਣ ਵਿਚ ਯੂਥ ਡਿਵੈਲਪਮੈਂਟ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਜਗਜੀਵਨ ਕੁਮਾਰ ਅਤੇ ਉਹਨਾਂ ਦੀ ਟੀਮ ਦਾ ਵਿਸ਼ੇਸ਼ ਸਹਿਯੋਗ ਰਿਹਾ।