MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਆਰਥਿਕ ਸੰਕਟ ਦੇ ਵਿਚਕਾਰ ਰਾਨਿਲ ਵਿਕਰਮਸਿੰਘੇ ਬਣੇ ਸ਼੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ

ਕੋਲੰਬੋ 13 ਮਈ (ਮਪ)  ਯੂਨਾਈਟਿਡ ਨੈਸ਼ਨਲ ਪਾਰਟੀ ਦੇ ਨੇਤਾ ਰਾਨਿਲ ਵਿਕਰਮਸਿੰਘੇ ਨੂੰ ਸ਼੍ਰੀਲੰਕਾ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਸ੍ਰੀਲੰਕਾ ਦੀ 225 ਮੈਂਬਰੀ ਸੰਸਦ ਵਿੱਚ ਰਾਨਿਲ ਵਿਕਰਮਸਿੰਘੇ ਦੀ ਯੂਨਾਈਟਿਡ ਨੈਸ਼ਨਲ ਪਾਰਟੀ (ਯੂਐਨਪੀ) ਕੋਲ ਸਿਰਫ਼ ਇੱਕ ਸੀਟ ਹੈ, ਪਰ ਉਹ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣ ਗਿਆ ਹੈ। ਸ਼੍ਰੀਲੰਕਾ ਦੇ ਚਾਰ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਵਿਕਰਮਸਿੰਘੇ ਨੂੰ ਅਕਤੂਬਰ 2018 ਵਿੱਚ ਤਤਕਾਲੀ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਹਾਲਾਂਕਿ ਦੋ ਮਹੀਨੇ ਬਾਅਦ ਹੀ ਸਿਰੀਸੇਨਾ ਨੇ ਉਨ੍ਹਾਂ ਨੂੰ ਇਸ ਅਹੁਦੇ 'ਤੇ ਬਹਾਲ ਕਰ ਦਿੱਤਾ। ਵਿਕਰਮਸਿੰਘੇ ਨੂੰ ਅੰਤਰਿਮ ਪ੍ਰਸ਼ਾਸਨ ਦੀ ਅਗਵਾਈ ਕਰਨ ਲਈ ਸਾਰੀਆਂ ਪਾਰਟੀਆਂ ਦਾ ਸਮਰਥਨ ਹਾਸਲ ਹੈ। ਉਨ੍ਹਾਂ ਦੀ ਸਰਕਾਰ ਛੇ ਮਹੀਨੇ ਤੱਕ ਚੱਲ ਸਕਦੀ ਹੈ। ਗੰਭੀਰ ਆਰਥਿਕ ਸੰਕਟ ਦੇ ਵਿਚਕਾਰ ਸ਼੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਰਾਨਿਲ ਵਿਕਰਮਸਿੰਘੇ ਨੇ ਕਿਹਾ, "ਮੈਂ ਅਰਥਵਿਵਸਥਾ ਨੂੰ ਚੁੱਕਣ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ ਅਤੇ ਮੈਨੂੰ ਇਸ ਨੂੰ ਪੂਰਾ ਕਰਨਾ ਹੋਵੇਗਾ।" ਭਾਰਤ-ਸ਼੍ਰੀਲੰਕਾ ਸਬੰਧਾਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ, "ਇਹ ਬਹੁਤ ਬਿਹਤਰ ਹੋਵੇਗਾ।" ਦੇਸ਼ ਦੀਆਂ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਸਬੰਧ 'ਚ ਪੀਐੱਮ ਨੇ ਕਿਹਾ, "ਉਹ ਰੁਕਣ ਅਸੀਂ ਚਾਹੁੰਦੇ ਹਾਂ ਕਿ ਉਹ ਰੁਕਣ, ਜੇਕਰ ਉਹ ਗੱਲ ਕਰਨਾ ਚਾਹੁੰਦੇ ਹਨ ਤਾਂ ਅਸੀਂ ਤਿਆਰ ਹਾਂ। ਦੱਸ ਦੇਈਏ ਕਿ ਵੀਰਵਾਰ ਸ਼ਾਮ ਨੂੰ ਸ਼੍ਰੀਲੰਕਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਨਿਲ ਵਿਕਰਮਾਸਿੰਘੇ ਨੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ। ਕੁਝ ਦਿਨ ਪਹਿਲਾਂ ਮਹਿੰਦਾ ਰਾਜਪਕਸ਼ੇ ਨੇ ਦੇਸ਼ ਦੀ ਵਿਗੜਦੀ ਆਰਥਿਕ ਸਥਿਤੀ ਦੇ ਮੱਦੇਨਜ਼ਰ ਹਿੰਸਕ ਝੜਪਾਂ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਯੂਨਾਈਟਿਡ ਨੈਸ਼ਨਲ ਪਾਰਟੀ (ਯੂਐਨਪੀ) ਦੇ ਨੇਤਾ ਵਿਕਰਮਸਿੰਘੇ (73) ਨੂੰ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਦੋਵਾਂ ਨੇ ਬੁੱਧਵਾਰ ਨੂੰ ਬੰਦ ਕਮਰੇ 'ਚ ਗੱਲਬਾਤ ਕੀਤੀ ਸੀ।