MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰਾਜਨੀਤਿਕ ਲੋਕਾਂ ਦੇ ਆਖੇ ਲੱਗ, ਪੜਿਆਂ ਲਿਖਿਆਂ ਨੂੰ ਨੌਕਰਸ਼ਾਹੀ ਨੇ ਮਾਰੀਆਂ ਡਾਂਗਾਂ।

ਪੈਰਿਸ  10 ਫਰਵਰੀ (ਭੱਟੀ ਫਰਾਂਸ) ਦੋ ਸਾਲ ਪਹਿਲਾਂ ਫੋਕੇ ਲਾਰਿਆਂ ਦੀ ਝੜੀ ਲਗਾ ਕੇ ਹੋਂਦ ਵਿੱਚ ਆਈ ਪੰਜਾਬ ਸਰਕਾਰ ਜਿਸਤੋਂ ਹਰ ਵਰਗ ਦੇ ਲੋਕਾਂ ਨੇ ਆਸ ਲਗਾਈ ਸੀ ਕਿ ਉਹ ਸ਼ਾਇਦ ਆਪਣੇ ਵਾਅਦੇ ਪੂਰੇ ਕਰਕੇ ਉਨਾਂ ਦਾ ਭਵਿੱਖ ਸੁਨਹਿਰੀ ਬਣਾਏਗੀ।ਪਰ ਕੀ ਪਤਾ ਸੀ ਅੱਜ ਦੀ ਹੜਤਾਲ ਕਰਨ ਵਾਲੇ ਪੜੇ ਲਿਖੇ ਵਰਗ ਦੇ ਅਧਿਆਪਕਾਂ ਨੂੰ ਕਿ ਉਨਾਂ ਦਾ ਇਹ ਹਾਲ ਹੋਵੇਗਾ ਕਿ ਉਹ ਜਾਣਗੇ ਤਾਂ ਆਪਣੇ ਪੈਰਾਂ ਨਾਲ ਤੁਰ ਕੇ ਅਤੇ ਵਾਪਿਸ ਫੌੜੀਆਂ ਫੜ ਕੇ ਆਉਣਗੇ।ਪਤਾ ਨਹੀਂ ਇਹ ਕੀ ਤਰੀਕਾ ਹੈ ਪੰਜਾਬ ਸਰਕਾਰ ਦਾ ਕਿ ਜਿਹੜਾ ਆਪਣੇ ਹੱਕਾਂ ਦੀ ਗੱਲ ਕਰੇ, ਉਸਦਾ ਇਹ ਹਾਲ ਕੀਤਾ ਜਾਵੇ ਕਿ ਅੱਗੇ ਤੋਂ ਕੋਈ ਹੋਰ ਮਹਿਕਮੇ ਵਾਲਾ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰੇ।ਵੈਸੇ ਦੇਖਿਆ ਜਾਵੇ ਤਾਂ ਅਧਿਆਪਕਾਂ ਦਾ ਹਾਲ ਦੇਖ ਕੇ ਚੁਰਾਸੀ ਯਾਦ ਆ ਗਈ ਹੈ, ਜਦ ਇਹੋ ਜਿਹਾ ਹੀ ਸੀਨ ਦਿੱਲੀ ਵਿਖੇ ਸਿੱਖ ਪ੍ਰੀਵਾਰਾਂ ਦਾ ਹੋਇਆ ਸੀ। ਉਸ ਵਕਤ ਵੀ ਇਸੇ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਿਸਨੇ ਅਧਿਆਪਕਾਂ ਵਾਂਗ ਨਿਹੱਥੇ ਸਿੱਖਾਂ ਉਪਰ ਤਾਬੜ ਤੋੜ ਹਮਲੇ ਕਰਕੇ ਹਜਾਰਾਂ ਸਿੱਖ ਪ੍ਰੀਵਾਰਾਂ ਦਾ ਘਾਣ ਕਰ ਦਿੱਤਾ ਸੀ ਤੇ ਅੱਜ ਅਸੀਂ ਇਸੇ ਪਾਰਟੀ ਦੀ ਸਰਕਾਰ ਕੋਲੋਂ ਬਰਗਾੜੀ ਕਾਂਡ ਦਾ ਨਿਆਂ ਅਤੇ ਆਪਣੇ ਹੱਕ ਮੰਗਣ ਦੀ ਗੱਲ ਕਰ ਰਹੇ ਹਾਂ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਫਰਾਂਸ ਵੱਸਦੇ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨੇ ਮੀਡੀਆ ਪੰਜਾਬ ਦੇ ਪੱਤਰਕਾਰ ਇਕਬਾਲ ਸਿੰਘ ਭੱਟੀ ਨੂੰ ਕਿਹਾ ਕਿ ਪਤਾ ਨਹੀਂ ਪੰਜਾਬੀਆਂ ਨੂੰ ਉਨਾਂ ਦੇ ਬਣਦੇ ਹੱਕ ਕਦੋਂ ਮਿਲਣਗੇ।