MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪਦਮਸ਼੍ਰੀ ਸੰਤ ਸੀਚੇਵਾਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ

* ਪੰਜਾਬ ਦੇ ਦੂਸ਼ਿਤ ਹੋ ਚੁੱਕੇ ਪਾਣੀਆਂ ਨੂੰ ਸਾਫ ਕਰਨ ਦੇ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਇੱਕ ਚਣੌਤੀ ਵਜੋਂ ਲਵੇਗੀ: ਭਗਵੰਤ ਮਾਨ
* ਵੇਈਂ ਪ੍ਰੋਜੈਕਟ ਨੂੰ ਲੈ ਕੇ ਜਲਦੀ ਕੀਤੀ ਜਾਵੇਗੀ ਉੱਚ ਪੱਧਰੀ ਮੀਟਿੰਗ
* ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਪੰਜਾਬ ਨੂੰ ਹੋਇਆ 2 ਹਜ਼ਾਰ ਕਰੋੜ ਦਾ ਜੁਰਮਾਨਾ: ਸੰਤ ਸੀਚੇਵਾਲ



ਸ਼ਾਹਕੋਟ/ਮਲਸੀਆਂ, 24 ਸਤੰਬਰ (ਏ.ਐਸ.ਅਰੋੜਾ) ਪੰਜਾਬ ’ਚ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਅੱਜ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਵਾਤਾਵਰਣ ਪੱਖੋਂ ਪੰਜਾਬ ਬੜੇ ਨਾਜ਼ੁਕ ਦੌਰ ਵਿੱਚੋਂ ਨਿਕਲ ਰਿਹਾ ਹੈ। ਇਸ ਦੇ ਪਾਣੀ ਗੰਦੇ ਤੇ ਜ਼ਹਿਰੀਲੇ ਹੋ ਗਏ ਹਨ। ਪੰਜਾਬ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਸੰਤ ਸੀਚੇਵਾਲ ਵੱਲੋਂ ਮੁੱਖ ਮੰਤਰੀ ਨਾਲ ਪਵਿੱਤਰ ਕਾਲੀ ਵੇਈਂ, ਚਿੱਟੀ ਵੇਈਂ, ਬੁੱਢਾ ਦਰਿਆ, ਕਾਲਾ ਸੰਘਿਆ ਡਰੇਨ ਸਮੇਤ ਧਰਤੀ ਹੇਠਲੇ ਦੂਸ਼ਿਤ ਹੋ ਰਹੇ ਪਾਣੀਆਂ ਬਾਰੇ ਚਰਚਾ ਕੀਤੀ। ਉਨਾਂ ਦੱਸਿਆ ਕਿ ਪੰਜਾਬ ਦੇ ਦਰਿਆ ਤੇ ਨਦੀਆਂ ਇਸ ਕਰਕੇ ਪਲੀਤ ਹੋ ਰਹੀਆਂ ਹਨ ਕਿਉਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣੀ  ਸੰਵਿਧਾਨਕ ਜ਼ਿਮੇਵਾਰੀ ਨਹੀਂ ਨਿਭਾਈ। ਉਨਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਅਧਿਕਾਰੀਆਂ ਦੀ ਜਵਾਬਤਲਬੀ ਯਕੀਨੀ ਬਣਾਉਣ। ਐਨ.ਜੀ.ਟੀ. ਵਲੋਂ ਪੰਜਾਬ ਨੂੰ ਲਾਏ ਗਏ 2000 ਕਰੋੜ ਦੇ ਜ਼ੁਰਮਾਨੇ ਦਾ ਜ਼ਿਕਰ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਇਸ ਲਈ ਸੀਨੀਅਰ ਅਧਿਕਾਰੀ ਜ਼ਿੰਮੇਵਾਰ ਹਨ। ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਐਨ.ਜੀ.ਟੀ. ਵੱਲੋਂ ਬਣਾਈ ਨਿਗਰਾਨ ਕਮੇਟੀ ਦੇ ਮੈਂਬਰ ਹਨ ਤੇ ਇਸ ਕਮੇਟੀ ਦੀਆਂ ਰਿਪੋਰਟਾਂ ਦੇ ਅਧਾਰ ’ਤੇ ਹੀ ਪੰਜਾਬ ਨੂੰ ਇਹ ਜ਼ੁਰਮਾਨੇ ਲੱਗ ਰਹੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਜੇ ਅਫ਼ਸਰਾਂ ਨੇ 1974 ਦੇ ਵਾਟਰ ਐਕਟ ਨੂੰ ਲਾਗੂ ਕਰਵਾਉਣ ਵਿੱਚ ਆਪਣੀ ਭੂਮਿਕਾ ਨਿਭਾਈ ਹੁੰਦੀ ਤਾਂ ਇਸ ਜੁਰਮਾਨੇ ਤੋਂ ਬਚਿਆ ਜਾ ਸਕਦਾ ਸੀ। ਸੰਤ ਸੀਚੇਵਾਲ ਨੇ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਚਿੱਟੀ ਵੇਈ ਅਤੇ ਬੁੱਢੇ ਦਰਿਆ ’ਚ 200 ਕਿਊਸਿਕ  ਛੁਡਵਾਉਣ ਲਈ ਸੰਜੀਦਗੀ ਨਾਲ ਕੰਮ ਕਰਨ ਤੇ ਇਸੇ ਤਰਾਂ ਕਾਲਾ ਸੰਘਿਆ ਡਰੇਨ ਵਿੱਚ ਵੀ ਅਲਾਵਲਪੁਰ ਤੋ ਸਾਫ ਪਾਣੀ ਛੱਡਿਆ ਜਾਵੇ। ਪਵਿੱਤਰ ਕਾਲੀ ਵੇਈਂ ਪ੍ਰੋਜੈਕਟ ਦਾ ਜ਼ਿਕਰ ਸੰਤ ਸੀਚੇਵਾਲ ਨੇ ਦੱਸਿਆ ਪਿਛਲ਼ੇ ਕਈ ਸਾਲਾਂ ਤੋਂ ਸਰਕਾਰ ਵੱਲੋਂ ਬਣਾਈ ਗਏ ਪਵਿੱਤਰ ਕਾਲੀ ਵੇਈਂ ਪ੍ਰੋਜੈਕਟ (ਹੋਲੀ ਬੇਈਂ ਪ੍ਰੋਜੈਕਟ) ਤੇ ਵੀ ਮੀਟਿੰਗ ਨਹੀਂ ਕੀਤੀ ਜਾ ਰਹੀ। ਇਸ ਦੌਰਾਨ ਸੰਤ ਸੀਚੇਵਾਲ ਨੂੰ ਭਰੋਸਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਉਨਾਂ ਦੀ ਦਿਲੀ ਇੱਛਾ ਹੈ ਕਿ ਪੰਜਾਬ ਦੇ ਦਰਿਆ ਮੁੜ ਸਾਫ਼ ਤੇ ਨਿਰਮਲ ਵੱਗਣ। ਪੰਜਾਬ ਦਾ ਵਾਤਾਵਰਣ ਮੁੜ ਤੋਂ ਹਰਿਆ ਭਰਿਆ ਤੇ ਸਾਫ ਸੁਥਰਾ ਹੋਵੇ। ਉਨਾਂ ਕਿਹਾ ਕਿ ਪੰਜਾਬ ਦੇ ਦੂਸ਼ਿਤ ਹੋ ਚੁੱਕੇ ਪਾਣੀਆਂ ਨੂੰ ਸਾਫ ਕਰਨ ਦੇ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਇਕ ਚਣੌਤੀ ਵਜੋਂ ਲਵੇਗੀ ਤੇ ਇਸ ’ਤੇ ਗੰਭੀਰਤਾ ਨਾਲ ਕੰਮ ਵੀ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਉਹ ਜਲਦ ਹੀ ਵੇਈਂ ਪ੍ਰੋਜੈਕਟ ਦੀ ਵੀ ਉਚ ਪੱਧਰੀ ਮੀਟਿੰਗ ਸੱਦਣਗੇ।