MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਭਾਰਤ ਵਿਸ਼ਵ ਕੱਪ ਹਾਕੀ ਮੁਕਾਬਲੇ ਵਿਚੋਂ ਬਾਹਰ : ਨਿਊਜੀਲੈਂਡ ਨੇ ਭਾਰਤ ਨੂੰ 5-4 ਦੇ ਫਰਕ ਨਾਲ ਹਰਾ ਕੇ ਕੀਤਾ ਬਾਹਰ

ਭੁਬਨੇਸ਼ਵਰ 22 ਜਨਵਰੀ (ਕੁਲਬੀਰ ਸੈਣੀ) ਭਾਰਤੀ ਹਾਕੀ ਟੀਮ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਉਸ ਸਮੇਂ ਟੁੱਟ ਗਿਆ ਜਦੋਂ ਹੇਠਲੇ ਰੈਂਕ ਦੀ ਨਿਊਜੀਲੈਂਡ ਟੀਮ ਨੇ ਭਾਰਤੀ ਹਾਕੀ ਟੀਮ ਨੂੰ ਸਡਨ ਡੈਥ ਪੈਨਲਟੀ ਸ਼ੂਟ ਆਊਟ ਵਿੱਚ 5-4 ਦੇ ਫਰਕ ਨਾਲ ਹਰਾ ਕੇ ਵਿਸ਼ਵ ਕੱਪ ਹਾਕੀ ਮੁਕਾਬਲੇ ਵਿਚੋਂ ਬਾਹਰ ਕਰ ਦਿੱਤਾ। ਭੁਬਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਖੇਡੇ ਗਏ ਕਰਾਸ ਓਵਰ ਮੁਕਾਬਲੇ ਵਿੱਚ ਭਾਰਤੀ ਹਾਕੀ ਟੀਮ ਨੇ ਪਹਿਲਾਂ ਲੀਡ ਤਾਂ ਹਾਸਲ ਕੀਤੀ ਪਰ ਖੇਡ ਦੇ ਦੂਜੇ ਅੱਧ ਵਿੱਚ ਭਾਰਤੀ ਟੀਮ ਦੀ ਢਿੱਲੀ ਖੇਡ ਨੇ ਉਨ੍ਹਾਂ ਦਾ ਸੁਪਨਾ ਹੀ ਤੋੜ ਦਿੱਤਾ। ਭਾਰਤੀ ਟੀਮ ਵਲੋਂ ਦੂਜੇ ਕਵਾਰਟਰ ਵਿੱਚ ਲਲਿਤ ਉਪਾਧਿਆਏ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ। ਉਸ ਤੋਂ ਬਾਅਦ ਸੁਖਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 2-1 ਕੀਤਾ। ਇਸ ਤੋਂ ਬਾਅਦ ਨਿਊਜੀਲੈਂਡ ਦੇ ਸੇਮ ਲੇਨ ਨੇ ਗੋਲ ਕਰਕੇ ਸਕੋਰ 1-2 ਕੀਤਾ। ਇਸ ਤੋਂ ਬਾਅਦ ਭਾਰਤ ਦੇ ਵਰੁਣ ਕੁਮਾਰ ਨੇ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਸਕੋਰ 3-1 ਕੀਤਾ। ਇਸ ਤੋਂ ਬਾਅਦ ਨਿਊਜੀਲੈਂਡ ਦੇ ਖਿਡਾਰੀਆਂ ਨੇ ਦੋ ਗੋਲ ਕਰਕੇ ਸਕੋਰ 3-3 ਕੀਤਾ। ਪੈਨਲਟੀ ਸ਼ੂਟ ਆਊਟ ਵਿੱਚ ਵੀ ਬਰਾਬਰ ਰਹੇ ਪਰ ਪੈਨਲਟੀ ਸ਼ੂਟ ਅਊਟ ਵਿੱਚ ਭਾਰਤੀ ਖਿਡਾਰੀ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਤ ਹੋਏ ਅਤੇ ਮੈਚ 5-4 ਦੇ ਫਰਕ ਨਾਲ ਗੁਆ ਲਿਆ ਅਤੇ ਵਿਸ਼ਵ ਕੱਪ ਵਿਚੋਂ ਬਾਹਰ ਹੋ ਗਏ।ਨਿਊਜੀਲੈਂਡ ਦੀ ਟੀਮ ਇਸ ਜਿੱਤ ਤੋਂ ਬਾਅਦ ਕਵਾਰਟਰ ਫਾਇਨਲ ਵਿੱਚ ਪਹੁੰਚ ਗਈ। ਕਵਾਰਟਰ ਫਾਇਨਲ ਵਿੱਚ ਨਿਊਜੀਲੈਂਡ ਦਾ ਮੁਕਾਬਲਾ ਬੈਲਜੀਅਮ ਨਾਲ ਹੋਵੇਗਾ।
ਹਰਮਨਪ੍ਰੀਤ ਸਿੰਘ ਦੀ ਖੇਡ ਨੇ ਭਾਰਤੀ ਟੀਮ ਦੇ ਭਵਿੱਖ ਤੇ ਪਹਿਲਾਂ ਹੀ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਸਨ ਕਿਉਂਕਿ ਵਿਸ਼ਵ ਕੱਪ ਮੁਕਾਬਲੇ ਵਿੱਚ ਚਾਰ ਮੈਚ ਖੇਡਣ ਤੋਂ ਬਾਅਦ ਸਿਰਫ ਇਕ ਹੀ ਪਨੈਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ, ਉਸ ਵੀ ਸਿਰਫ ਵੇਲਜ਼ ਵਰਗੀ ਟੀਮ ਖਿਲਾਫ ਜਦੋਂ ਗੋਲ ਪੋਸਟ ਵਿੱਚ ਗੋਲ ਕੀਪਰ ਵੀ ਨਹੀਂ ਸੀ। ਦੂਜਾ ਭਾਰਤੀ ਖਿਡਾਰੀ ਹਾਰਦਿਕ ਸਿੰਘ, ਜਿਸ ਨੇ ਪਹਿਲੇ ਦੋ ਮੈਚਾਂ ਵਿਚ ਬੇਹਤਰੀਨ ਖੇਡ ਦਿਖਾਈ ਸੀ, ਇੰਗਲੈਂਡ ਖਿਲਾਫ ਮੈਚ ਵਿੱਚ ਸੱਟ ਲੱਗਣ ਕਰਕੇ ਉਹ ਵਿਸ਼ਵ ਕੱਪ ਵਿਚੋਂ ਬਾਹਰ ਹੋ ਗਿਆ ਸੀ।
ਇਸ ਤੋਂ ਪਹਿਲਾਂ ਖੇਡੇ ਗਏ ਇਕ ਹੋਰ ਕਰਾਸ ਓਵਰ ਮੁਕਾਬਲੇ ਵਿੱਚ ਸਪੇਨ ਨੇ ਮਲੇਸ਼ੀਆ ਨੂੰ ਪੈਨਲਟੀ ਸ਼ੂਟ ਆਊਟ ਰਾਹੀਂ 4-3 ਨਾਲ ਹਰਾ ਕੇ ਕਵਾਰਟਰ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ਤੇ ਸਨ। ਕਵਾਰਟਰ ਫਾਇਨਲ ਵਿੱਚ ਸਪੇਨ ਦਾ ਮੁਕਾਬਲਾ ਆਸਟਰੇਲ਼ੀਆ ਨਾਲ ਹੋਵੇਗਾ।
 
ਭਾਰਤੀ ਹਾਕੀ ਟੀਮ ਨੇ ਬਹੁਤ ਹੇਠਲੇ ਪੱਧਰ ਦਾ ਪ੍ਰਦਰਸ਼ਨ ਕੀਤਾ- ਪਰਗਟ ਸਿੰਘ

ਭਾਰਤੀ ਟੀਮ ਦੇ ਪ੍ਰਦਰਸ਼ਨ ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਦਮ ਸ੍ਰੀ ਪਰਗਟ ਸਿੰਘ ਨੇ ਕਿਹਾ ਕਿ ਇਹ ਭਾਰਤੀ ਹਾਕੀ ਲਈ ਬਹੁਤ ਮਾੜਾ ਹੈ ਕਿ ਭਾਰਤੀ ਟੀਮ ਨੇ ਬਹੁਤ ਹੇਠਲੇ ਪੱਧਰ ਦਾ ਪ੍ਰਦਰਸ਼ਨ ਕੀਤਾ। ਹੇਠਲੇ ਰੈਂਕ ਦੀ ਨਿਊਜੀਲੈਂਡ ਦੀ ਟੀਮ ਤੋਂ ਇਸ ਤਰ੍ਹਾਂ ਦੀ ਹਾਰ ਚਿੰਤਾ ਦਾ ਵਿਸ਼ਾ ਹੈ। ਭਾਰਤੀ ਟੀਮ ਤੋਂ ਇਸ ਤਰ੍ਹਾਂ ਦੇ ਪ੍ਰਦਰਸ਼ਨ ਦੀ ਕਿਸੇ ਨੇ ਵੀ ਆਸ ਨਹੀਂ ਸੀ ਕੀਤੀ। ਅਜੇ ਪਿਛਲੇ ਸਾਲ ਹੀ ਉਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤ ਕੇ ਭਾਰਤੀ ਹਾਕੀ ਵਿੱਚ ਜਾਨ ਫੂਕੀ ਸੀ। ਇਸ ਵਿਸ਼ਵ ਕੱਪ ਵਿਚ ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ ਨੇ ਭਾਰਤੀ ਹਾਕੀ ਦੇ ਪ੍ਰਸ਼ੰਸ਼ਕਾਂ ਨੂੰ ਪੂਰੀ ਤਰ੍ਹਾਂ ਨਾਲ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਤਾਂ ਵਿਸ਼ਵ ਕੱਪ ਭਾਰਤੀ ਜ਼ਮੀਨ ਤੇ ਹੋ ਰਿਹਾ ਹੋਵੇ ਅਤੇ ਵੱਡੀ ਗਿਣਤੀ ਵਿੱਚ ਭਾਰਤੀ ਪ੍ਰਸ਼ੰਸ਼ਕ ਮੈਦਾਨ ਤੇ ਹੋਣ ਤਾਂ ਇਹੋ ਜਿਹਾ ਪ੍ਰਦਰਸ਼ਨ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਹੈ। ਹਾਕੀ ਇੰਡੀਆ ਨੂੰ ਇਸ ਟੀਮ ਦੇ ਲੱਚਰ ਪ੍ਰਦਰਸ਼ਨ ਤੇ ਨੋਟਿਸ ਲੈਂਦੇ ਹੋਏ ਇਸ ਟੀਮ ਦੇ ਹਾਰ ਦੇ ਕਾਰਨਾਂ ਦੀ ਘੋਖ ਕਰਨੀ ਚਾਹੀਦੀ ਹੈ। ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ ਤੋਂ ਹਰ ਭਾਰਤੀ ਹਾਕੀ ਪ੍ਰਸ਼ੰਸ਼ਕ ਨਿਰਾਸ਼ ਹੈ।