MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਨਵੇਂ ਸੰਸਦ ਭਵਨ 'ਚ ਮਿਲੇਗੀ 5000 ਸਾਲ ਪੁਰਾਣੀ ਭਾਰਤੀ ਸੱਭਿਆਚਾਰ ਦੀ ਝਲਕ


ਨਵੀਂ ਦਿੱਲੀ- ਦਿੱਲੀ 'ਚ ਨਵਾਂ ਸੰਸਦ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗਾ। ਇਸ ਨਵੇਂ ਸੰਸਦ ਭਵਨ 'ਚ ਭਾਰਤੀ ਸੱਭਿਅਤਾ ਦੀ 5,000 ਸਾਲ ਪੁਰਾਣੀਆਂ ਤਸਵੀਰਾਂ ਨੂੰ ਵੀ ਦਰਸਾਇਆ ਜਾਵੇਗਾ। ਇਸ ਲਈ ਸਨਾਤਮ ਧਰਮ ਅਤੇ ਵਾਸਤੂ ਕਲਾ ਨਾਲ ਜੁੜੇ 5,000 ਆਰਟ ਤਿਆਰ ਕੀਤੇ ਗਏ ਹਨ। ਇਨ੍ਹਾਂ 'ਚ ਚਿੱਤਰਕਾਰੀ, ਸਜਾਵਟੀ ਕਲਾ, ਦੀਵਾਰ ਪੈਨਲ, ਪੱਥਰ ਦੀਆਂ ਮੂਰਤੀਆਂ ਅਤੇ ਧਾਤੂ ਦੀਆਂ ਵਸਤੂਆਂ ਸ਼ਾਮਲ ਹਨ।
ਇਕ ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਮੁਤਾਬਕ ਪ੍ਰਵੇਸ਼ ਦੁਆਰ 'ਤੇ ਭਾਰਤੀ ਸੱਭਿਆਚਾਰ 'ਚ ਸ਼ੁੱਭ ਮੰਨੇ ਜਾਣ ਵਾਲੇ ਹਾਥੀ, ਮੋਰ, ਗਰੂੜ, ਹੰਸ, ਗਊ ਆਦਿ ਵਰਗੇ ਜੀਵ-ਜੰਤੂਆਂ ਨੂੰ ਦਰਸਾਇਆ ਜਾਵੇਗਾ। ਇਨ੍ਹਾਂ ਸ਼ੁੱਭ ਜਾਨਵਰਾਂ ਨੂੰ ਭਾਰਤੀ ਸੱਭਿਆਚਾਰ ਅਤੇ ਵਾਸਤੂ ਸ਼ਾਸਤਰ 'ਚ ਗਿਆਨ, ਸ਼ਕਤੀ, ਸਫ਼ਲਤਾ, ਖ਼ੁਸ਼ਹਾਲੀ ਆਦਿ ਗੁਣਾਂ ਨੂੰ ਪ੍ਰਦਰਸ਼ਿਤ ਕਰਨ ਲਈ ਕੀਤਾ ਜਾਂਦਾ ਹੈ। ਇਨ੍ਹਾਂ ਨੂੰ ਇਸੇ ਮਹੱਤਵ ਅਤੇ ਆਧਾਰ 'ਤੇ ਚੁਣਿਆ ਗਿਆ ਹੈ।
ਇਸ ਤੋਂ ਇਲਾਵਾ ਇਮਾਰਤ ਦੇ ਅੰਦਰ ਹਰੇਕ ਕੰਧ 'ਤੇ ਖ਼ਾਸ ਪਹਿਲੂ ਨੂੰ ਦਰਸਾਇਆ ਜਾਵੇਗਾ। ਜਿਵੇਂ ਕਿ ਆਦਿਵਾਸੀ ਅਤੇ ਮਹਿਲਾ ਨੇਤਾਵਾਂ ਵਲੋਂ ਯੋਗਦਾਨ ਆਦਿ। ਸੰਸਦ ਭਵਨ ਦੀ ਥੀਮ ਵਾਸਤੂ ਸ਼ਾਸਤਰ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤੀ ਗਈ ਹੈ। ਨਵੀਆਂ ਕਲਾਕ੍ਰਿਤੀਆਂ ਨੂੰ ਬਣਾਉਣ ਲਈ 1,000 ਤੋਂ ਵੱਧ ਕਾਰੀਗਰ ਅਤੇ ਕਲਾਕਾਰ ਲੱਗੇ ਹੋਏ ਹਨ। ਰਿਪੋਰਟ ਮੁਤਾਬਕ ਦੇਸ਼ ਭਰ ਦੇ ਦੇਸੀ ਅਤੇ ਜ਼ਮੀਨੀ ਕਲਾਕਾਰਾਂ ਨੂੰ ਇਸ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਲਗਭਗ 1200 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਨਵਾਂ ਸੰਸਦ ਭਵਨ ਸੈਂਟਰਲ ਵਿਸਟਾ ਪ੍ਰਾਜੈਕਟ ਦਾ ਹਿੱਸਾ ਹੈ। ਇਸ 'ਚ ਸੰਯੁਕਤ ਕੇਂਦਰੀ ਸਕੱਤਰੇਤ, ਰਾਜਪਥ ਦਾ ਨਵੀਨੀਕਰਨ, ਨਵਾਂ ਪ੍ਰਧਾਨ ਮੰਤਰੀ ਨਿਵਾਸ, ਨਵਾਂ ਪ੍ਰਧਾਨ ਮੰਤਰੀ ਦਫ਼ਤਰ ਅਤੇ ਇਕ ਨਵਾਂ ਉਪ-ਰਾਸ਼ਟਰਪਤੀ ਐਨਕਲੇਵ ਸ਼ਾਮਲ ਹੈ।
ਭਾਰਤ ਦੀ ਮੌਜੂਦਾ ਸੰਸਦ ਦੀ ਇਮਾਰਤ ਨੂੰ ਬ੍ਰਿਟਿਸ਼ ਆਰਕੀਟੈਕਟ ਸਰ ਐਡਵਿਨ ਲੁਟੀਅਨ ਅਤੇ ਹਰਬਰਟ ਬੇਕਰ ਵਲੋਂ ਡਿਜ਼ਾਈਨ ਕੀਤਾ ਗਿਆ ਸੀ। ਬਸਤੀਵਾਦੀ ਯੁੱਗ ਦੀ ਇਮਾਰਤ ਨੂੰ ਬਣਾਉਣ ਵਿਚ 6 ਸਾਲ ਲੱਗੇ ਸਨ, ਜੋ ਕਿ 1921 ਤੋਂ 1927 ਤੱਕ ਬਣਿਆ ਸੀ। ਇਸ ਇਮਾਰਤ ਵਿਚ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਸਥਿਤ ਸੀ, ਜਿਸ ਨੂੰ ਬ੍ਰਿਟਿਸ਼ ਕਾਲ ਵਿਚ ਕੌਂਸਲ ਹਾਊਸ ਕਿਹਾ ਜਾਂਦਾ ਸੀ।