MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰਾਹੁਲ ਗਾਂਧੀ ਨੂੰ ਦੋਹਰਾ ਝਟਕਾ, 2 ਸਾਲ ਦੀ ਸਜ਼ਾ ਤੋਂ ਬਾਅਦ ਲੋਕ ਸਭਾ ਮੈਂਬਰੀ ਰੱਦ



ਨਵੀਂ ਦਿੱਲੀ 24 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਰਾਹੁਲ ਗਾਂਧੀ ਨੂੰ ਆਪਣੀ 'ਮੋਦੀ ਸਰਨੇਮ' ਵਾਲੀ ਟਿੱਪਣੀ ਨੂੰ ਲੈ ਕੇ ਅਪਰਾਧਿਕ ਮਾਣਹਾਨੀ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇਕ ਹੋਰ ਵੱਡਾ ਝਟਕਾ ਲੱਗਾ ਹੈ। ਹੁਣ ਉਹ ਦੋਸ਼ੀ ਠਹਿਰਾਏ ਜਾਣ ਦੀ ਮਿਤੀ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਅਯੋਗ ਕਰਾਰ ਦੇ ਦਿੱਤੇ ਗਏ ਹਨ। ਬੀਤੇ ਦਿਨ ਉਸ ਨੂੰ ਗੁਜਰਾਤ ਦੀ ਸੂਰਤ ਅਦਾਲਤ ਨੇ ਮਾਣਹਾਨੀ ਦੇ ਮਾਮਲੇ ਵਿੱਚ 2 ਸਾਲ ਦੀ ਸਜ਼ਾ ਸੁਣਾਈ ਹੈ। ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ ਰਾਹੁਲ ਗਾਂਧੀ ਦੀ ਕਾਂਗਰਸ ਦੇ ਸੰਸਦ ਮੈਂਬਰ ਹਨ, ਜੋ ਕਿ ਹੁਣ ਰੱਦ ਕਰ ਦਿੱਤੀ ਗਈ ਹੈ। ਰਾਹੁਲ ਨੂੰ ਮਾਣਹਾਨੀ ਦੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 499 ਅਤੇ 500 ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ । ਹਾਲਾਂਕਿ, ਅਦਾਲਤ ਨੇ ਸਜ਼ਾ 'ਤੇ 30 ਦਿਨ ਦੀ ਰੋਕ ਲਗਾਉਂਦੇ ਹੋਏ ਉਸ ਨੂੰ ਤੁਰੰਤ ਜ਼ਮਾਨਤ ਦੇ ਦਿੱਤੀ।
ਜਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ 2019 ਦੀ ਕਰਨਾਟਕ ਰੈਲੀ ਦੌਰਾਨ ਬਿਆਨ ਦਿੱਤਾ ਸੀ ਕਿ ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਉਂ ਹੈ। ਇਸ ਬਿਆਨ ਖਿਲਾਫ ਸੂਰਤ ਦੀ ਅਦਾਲਤ 'ਚ ਭਾਜਪਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਪੂਰਨੇਸ਼ ਮੋਦੀ ਨੇ ਮਾਣਹਾਨੀ ਦਾ ਦਾਅਵਾ ਕੀਤਾ ਸੀ।
ਲੋਕ ਨੁਮਾਇੰਦਗੀ ਕਾਨੂੰਨ ਅਨੁਸਾਰ ਜੇਕਰ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਕਿਸੇ ਵੀ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਹੋਈ ਹੈ ਤਾਂ ਉਨ੍ਹਾਂ ਦੀ ਮੈਂਬਰਸ਼ਿਪ (ਸੰਸਦ ਅਤੇ ਵਿਧਾਨ ਸਭਾ) ਰੱਦ ਕਰ ਦਿੱਤੀ ਜਾਵੇਗੀ। ਇੰਨਾ ਹੀ ਨਹੀਂ ਸਜ਼ਾ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਉਹ 6 ਸਾਲ ਤੱਕ ਚੋਣ ਵੀ ਨਹੀਂ ਲੜ ਸਕਦਾ। ਲੋਕ ਸਭਾ ਸਕੱਤਰੇਤ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਉਨ੍ਹਾਂ ਨੂੰ ਅਯੋਗ ਕਰਾਰ ਦੇ ਦਿੱਤਾ ਹੈ।