
ਰਿਹਾਈ ਤੋਂ ਬਾਅਦ ਨਵਜੋਤ ਸਿੱਧੂ ਦਾ ਸਰਕਾਰ 'ਤੇ ਹਮਲਾ, ਕਿਹਾ- ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਰਚੀ ਜਾ ਰਹੀ ਸਾਜ਼ਿਸ਼

ਪਟਿਆਲਾ : ਰੋਡਰੇਜ ਮਾਮਲੇ ’ਚ ਜੇਲ੍ਹ ’ਚ 315 ਦਿਨ ਬਿਤਾਉਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਸ਼ਨਿਚਰਵਾਰ ਨੂੰ ਆਖਰ ਜੇਲ੍ਹ ’ਚੋਂ ਰਿਹਾਅ ਹੋ ਗਏ। ਉਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ ’ਚ ਉਨ੍ਹਾਂ ਦੇ ਸਮੱਰਥਕ ਪੁੱਜੇ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਹੀਂ ਆਏ। ਉਹ ਭਾਵੇਂ ਸਿਹਤ ਪੱਖੋਂ ਕਮਜ਼ੋਰ ਦਿਸੇ ਪਰ ਉਨ੍ਹਾਂ ਦੇ ਤੇਵਰ ਪਹਿਲਾਂ ਦੀ ਤਰਾਂ ਹੀ ਤਿੱਖੇ ਨਜ਼ਰ ਆਏ। ਕਾਲਾ ਕੁੜਤਾ ਪਜਾਮਾ, ਪੱਗ ਅਤੇ ਨੀਲੀ ਜੈਕਟ ਵਿਚ ਸਿੱਧੂ ਜੇਲ੍ਹ ਦੇ ਅੰਦਰੂਨੀ ਗੇਟ ਤੋਂ ਮੁੱਖ ਗੇਟ ਤੱਕ ਪੈਦਲ ਹੀ ਆਏ ਜਿੱਥੇ ਉਨ੍ਹਾਂ ਨੇ ਪਹਿਲਾਂ ਧਰਤੀ ਨੂੰ ਹੱਥ ਲਾਇਆ ਤੇ ਫਿਰ ਬਾਹਰ ਖੜ੍ਹੇ ਸਮਰਥਕਾਂ ਦਾ ਪਿਆਰ ਕਬੂਲਿਆ ਤੇ ਧੰਨਵਾਦ ਕੀਤਾ।
ਇਸ ਮੌਕੇ ਸਿੱਧੂ ਨੂੰ ਲੈਣ ਲਈ ਉਨ੍ਹਾਂ ਦਾ ਪੁੱਤਰ ਕਰਨ ਸਿੱਧੂ ਤੋਂ ਇਲਾਵਾ ਉਨ੍ਹਾਂ ਦੇ ਸਮਰਥਕ ਜੇਲ੍ਹ ਦੇ ਬਾਹਰ ਇਕੱਠੇ ਹੋਏ। ਜੇਲ੍ਹ ਤੋਂ ਬਾਹਰ ਆਉਣ 'ਤੇ ਸਿੱਧੂ ਦਾ ਢੋਲ-ਢਮਕਿਆਂ ਨਾਲ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਹਾਈਕਮਾਂਡ ਨੇ ਅੱਜ ਦੇ ਸੂਬਾ ਪੱਧਰੀ ਪ੍ਰੋਗਰਾਮ ਰੱਦ ਕਰ ਦਿੱਤੇ ਅਤੇ ਆਗੂਆਂ ਨੂੰ ਸਿੱਧੂ ਦੇ ਸਵਾਗਤ ਲਈ ਆਉਣ ਲਈ ਕਿਹਾ ਸੀ। ਦੱਸ ਦੇਈਏ ਕਿ ਸਿੱਧੂ ਦੇ ਸਵਾਗਤ ਲਈ ਸ਼ਹਿਰ 'ਚ ਹੋਰਡਿੰਗ ਵੀ ਲਗਾਏ ਗਏ।
ਜੇਲ੍ਹ ਤੋਂ ਬਾਹਰ ਨਿਕਲਦਿਆਂ ਹੀ ਨਵਜੋਤ ਸਿੱਧੂ ਨੇ ਪੁਰਾਣੇ ਅੰਦਾਜ਼ ਵਿਚ ਕੇਂਦਰ ਤੇ ਸੂਬਾ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨਾਂ ਕਿਹਾ ਕਿ ਸਰਕਾਰ ਉਨਾਂ ਦੀ ਰਿਹਾਈ ਤੋਂ ਖੌਫ਼ਜ਼ਦਾ ਹੈ। ਅੱਜ ਵੀ ਰਿਹਾਈ ’ਚ ਜਾਣਬੁੱਝ ਕੇ ਦੇਰ ਕੀਤੀ ਗਈ ਤਾਂ ਜੋ ਜੇਲ੍ਹ ਦੇ ਬਾਹਰ ਇਕੱਠੇ ਹੋਏ ਕਾਂਗਰਸੀ ਵਰਕਰ ਚਲੇ ਜਾਣ ਤੇ ਉਨ੍ਹਾਂ ਦੀ ਆਵਾਜ਼ ਕਿਸੇ ਤੱਕ ਨਾ ਪੁੱਜੇ। ਉਨ੍ਹਾਂ ਕਿਹਾ ਕਿ ਮੇਰੀ ਪਤਨੀ ਕੈਂਸਰ ਤੋਂ ਪੀੜਤ ਹੈ, ਪਰ ਫਿਰ ਵੀ ਛੁੱਟੀ ਨਹੀਂ ਲਈ ਤੇ ਸਜ਼ਾ ਪੂਰੀ ਕੀਤੀ ਹੈ, ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕੋਈ ਅਜਿਹੇ ਕੇਸ ਵਿਚ ਐਨੇ ਦਿਨ ਜੇਲ੍ਹ ਰਿਹਾ ਹੋਵੇ। ਅੱਜ ਮੁਸੀਬਤ ਦੀ ਘੜੀ ਵਿਚ ਕਾਂਗਰਸ ਪਾਰਟੀ ਨਾਲ ਖੜ੍ਹਾ ਹਾਂ। ਸੁਰੱਖਿਆ ਘਟਾਉਣ ’ਤੇ ਉਨ੍ਹਾਂ ਕਿਹਾ ਕਿ ਕੋਈ ਫ਼ਰਕ ਨਹੀਂ ਪੈਂਦਾ।
ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ’ਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਬਚੀ। ਪੰਜਾਬ ’ਚ ਰਾਸ਼ਟਰਪਤੀ ਰਾਜ ਲਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇਸ਼ ’ਚ ਜਦੋਂ ਵੀ ਤਾਨਾਸ਼ਾਹੀ ਆਈ ਆਈ ਹੈ ਉਦੋਂ ਕਰਾਂਤੀ ਹੋਈ ਹੈ ਤੇ ਹੁਣ ਕਰਾਂਤੀ ਦਾ ਨਾਂ ਰਾਹੁਲ ਗਾਂਧੀ ਹੈ। ਕੇਂਦਰ ਸਰਕਾਰ ਸੂਬਿਆਂ ਨੂੰ ਆਪਣੇ ਕਬਜ਼ੇ ’ਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਨੂੰ ਕਮਜ਼ੋਰ ਕਰ ਕੇ ਕੋਈ ਵੀ ਸਰਕਾਰ ਕਦੇ ਵੀ ਮਜ਼ਬੂਤ ਨਹੀਂ ਹੋ ਸਕਦੀ। ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਦੇ ਪੂਰਵਜਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ। ਅੱਜ ਉਨ੍ਹਾਂ ਪੂਰਵਜਾਂ ਦੀ ਪ੍ਰੇਰਣਾ ਨਾਲ ਰਾਹੁਲ ਗਾਂਧੀ ਦੇਸ਼ ’ਚ ਗਰਜ ਰਹੇ ਹਨ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਬਹੁਤ ਸ਼ੇਖੀ ਮਾਰੀ ਸੀ, ਸੁਪਨੇ ਵੇਚ ਕੇ ਸੱਤਾ ਹਾਸਲ ਕੀਤੀ ਪਰ ਹੁਣ ਹਰੇ ਪੈੱਨ ਦੀ ਸਿਆਹੀ ਮੁੱਕ ਗਈ ਹੈ। ਬਰਗਾੜੀ ਦਾ ਨਿਆਂ ਨਹੀਂ ਮਿਲਿਆ, ਰੇਤਾ ਅੱਜ ਵੀ ਠੇਕੇਦਾਰਾਂ ਲਈ ਹੀ ਖੁੱਲਾ ਹੈ, ਪੰਜਾਬ ਦੇ ਸਿਰ ਕਰਜ਼ਾ ਹੀ ਚੜਿ੍ਹਆ ਹੈ ਤੇ ਵਿਕਾਸ ਠੱਪ ਪਿਆ ਹੈ। ਉਨ੍ਹਾਂ ਕਿਹਾ ਕਿ ਅਮਨ-ਸ਼ਾਂਤੀ ਬਾਰੇ ਉਹ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਬੋਲਣਗੇ।
ਉਨ੍ਹਾਂ ਕਿਹਾ ਕਿ ਮੇਰੀ ਪਤਨੀ ਕੈਂਸਤ ਤੋਂ ਪੀੜਤ ਹੈ, ਪਰ ਫਿਰ ਵੀ ਉਸ ਨੇ ਛੁੱਟੀ ਨਹੀਂ ਲਈ। ਉਨ੍ਹਾਂ ਕਿਹਾ ਕਿ ਅੱਜ ਮੁਸੀਬਤ ਦੀ ਘੜੀ ਵਿਚ ਕਾਂਗਰਸ ਪਾਰਟੀ ਨਾਲ ਖੜ੍ਹਾਂ ਹਾਂ। ਸਿੱਧੂ ਨੇ ਕਿਹਾ ਕਿ ਜਾਣਬੁਝ ਕੇ ਦੇਰੀ ਨਾਲ ਰਿਹਾਈ ਕੀਤੀ ਗਈ ਤਾਂ ਜੋ ਜੇਲ੍ਹ ਦੇ ਬਾਹਰੋਂ ਸਮਰਥਕ ਚਲੇ ਜਾਣ ਤੇ ਉਨ੍ਹਾਂ ਦੀ ਆਵਾਜ਼ ਕੋਈ ਸੁਣ ਨਾ ਸਕੇ। ਸਿੱਧੂ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਬੁਹਤ ਦਗਮਜ਼ੇ ਮਾਰੇ ਸੀ, ਸੁਪਨੇ ਵੇਚ ਕੇ ਸੱਤਾ ਹਾਸਲ ਕੀਤੀ। ਸੁਰੱਖਿਆ ਘਟਾਉਣ ’ਤੇ ਸਿੱਧੂ ਨੇ ਕਿਹਾ ਕਿ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਹਰੇ ਪੈੱਨ ਦੀ ਸਿਆਹੀ ਹੁਣ ਕਿਥੇ ਹੈ। ਸਿੱਧੂ ਨੇ ਕਿਹਾ ਕਿ ਅਮਨ ਸ਼ਾਂਤੀ ਬਾਰੇ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਬੋਲਣਗੇ।
ਉਨ੍ਹਾਂ ਦੇ ਸਵਾਗਤ ਲਈ ਜੇਲ੍ਹ ਦੇ ਬਾਹਰ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਲਾਲ ਸਿੰਘ, ਮਹਿੰਦਰ ਸਿੰਘ ਕੇਪੀ ਤੇ ਸ਼ਮਸ਼ੇਰ ਸਿੰਘ ਦੂਲੋ ਦੇ ਨਾਲ-ਨਾਲ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਕਾਕਾ ਰਜਿੰਦਰ ਸਿੰਘ, ਪਿਰਮਲ ਸਿੰਘ ਖ਼ਾਲਸਾ, ਸੁਖਜੀਤ ਸਿੰਘ ਲੋਹਗੜ੍ਹ, ਜਸਵਿੰਦਰ ਸਿੰਘ ਧੀਮਾਨ, ਹਰਦਿਆਲ ਸਿੰਘ ਕੰਬੋਜ, ਨਿਰਮਲ ਸਿੰਘ ਸ਼ੁਤਰਾਣਾ ਆਦਿ ਮੌਜੂਦ ਸਨ।
ਰਿਹਾਈ ਤੋਂ ਪਹਿਲਾਂ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਦਾ ਨਾਂ ਜ਼ੈੱਡ ਸ਼ੇ੍ਰਣੀ ਦੀ ਸੁਰੱਖਿਆ ਤੋਂ ਬਾਹਰ ਕਰ ਦਿੱਤਾ ਹੈ। ਉਨ੍ਹਾਂ ਦੀ ਸੁਰੱਖਿਆ ’ਚ ਸਿਰਫ਼ 6 ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ। ਸੁਰੱਖਿਆ ਘਟਾਉਣ ਦੀ ਕਾਂਗਰਸੀ ਆਗੂਆਂ ਨੇ ਨਿੰਦਾ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਿਰਫ ਇਕ ਪਾਰਟੀ ਦੇ ਆਗੂ ਹੀ ਨਹੀਂ ਸਗੋਂ ਦੇਸ਼ ਦੀ ਸੈਲੀਬ੍ਰਿਟੀ ਵੀ ਹਨ, ਸਿਆਸਤ ਵਿਚ ਉਨ੍ਹਾਂ ਦਾ ਕੱਦ ਬਹੁਤ ਵੱਡਾ ਹੈ। ਕਾਂਗਰਸੀ ਆਗੂਆਂ ਨੇ ਪੰਜਾਬ ’ਚ ਮੌਜੂਦਾ ਹਾਲਾਤ ਦੇ ਮੱਦੇਨਜਰ. ਸਿੱਧੂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।
ਸਿੱਧੂ ਦੀ ਰਿਹਾਈ ਨੂੰ ਲੈ ਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿਚ ਉਨ੍ਹਾਂ ਦੇ ਸਵਾਗਤ ਵੇਲੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਦੋਂਕਿ ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗ਼ੈਰਹਾਜ਼ਰੀ ਚਰਚਾ ਦਾ ਵਿਸ਼ਾ ਰਹੀ। ਭਾਵੇਂਕਿ ਵੜਿੰਗ ਵੱਲੋਂ ਟਵੀਟ ਕਰਕੇ ਸਿੱਧੂ ਦੀ ਰਿਹਾਈ ਦਾ ਸਵਾਗਤ ਕਰਕੇ ਜਲਦ ਮੁਲਾਕਾਤ ਕਰਨ ਦੀ ਗੱਲ ਕਹੀ ਹੈ। ਕੇਂਦਰੀ ਜੇਲ੍ਹ ਦੇ ਬਾਹਰ ਸਵੇਰੇ ਅੱਠ ਵਜੇ ਤੋਂ ਲੋਕ ਪੁੱਜਣੇ ਸ਼ੁਰੂ ਹੋਏ ਤੇ ਦੁਪਹਿਰ 12 ਵਜੇ ਤੱਕ ਜੇਲ੍ਹ ਦੇ ਬਾਹਰ ਸੜਕਾਂ ’ਤੇ ਆਵਾਜਾਈ ਵੀ ਬੰਦ ਕਰਨੀ ਪਈ।