
ਬੀਮਾਰ ਪਸ਼ੂਆਂ ਦੇ ਪਿੰਗਲਵਾੜੇ ਵਿੱਚ ਤੂੜੀ ਭੇਜਣ ਦੀ ਅਪੀਲ

ਸੁਨਾਮ ਊਧਮ ਸਿੰਘ ਵਾਲਾ,29 ਅਪ੍ਰੈਲ ( ਜਗਸੀਰ ਲੌਂਗੋਵਾਲ) - ਸਥਾਨਕ ਖਾਲਸ ਪ੍ਰੇਮ ਮਾਰਗ ਬੀਮਾਰ ਪਸ਼ੂਆਂ ਦੇ ਪਿੰਗਲਵਾੜੇ ਦੀ ਪ੍ਰਬੰਧਕ ਕਮੇਟੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸ਼ਾਮ ਲਾਲ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਮੇਟੀ ਮੈਂਬਰਾਂ ਨੇ ਭਾਗ ਲਿਆ ਅਤੇ ਪਿੰਗਲਵਾੜੇ ਵਿੱਚ ਦਾਖਲ ਬੀਮਾਰ ਗਊਆਂ ਦੀ ਹੋਰ ਵੀ ਚੰਗੀ ਤਰ੍ਹਾਂ ਸਾਂਭ-ਸੰਭਾਲ ਕਰਨ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਹਾਜ਼ਰ ਮੈਂਬਰਾਂ ਵੱਲੋਂ ਆਪਣੇ-ਆਪਣੇ ਸੁਝਾਅ ਦਿੱਤੇ ਗਏ ਜਿਸ ਵਿੱਚ ਪਿੰਗਲਵਾੜੇ ਨੂੰ ਹੋਰ ਬਿਹਤਰ ਬਣਾਇਆ ਜਾਵੇ। ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਸ਼ੋਕ ਸਿੰਗਲਾ ਨੇ ਦੱਸਿਆ ਕਿ ਇਸ ਪਿੰਗਲਵਾੜੇ ਵਿੱਚ ਬੀਮਾਰ ਪਸ਼ੂਆਂ ਅਤੇ ਵਾਹਨਾਂ ਆਦਿ ਨਾਲ ਫੱਟੜ ਹੋਈਆਂ ਗਊਆਂ ਨੂੰ ਲਿਆ ਕੇ ਇਲਾਜ ਕੀਤਾ ਜਾਂਦਾ ਹੈ ਇਹ ਸਭ ਕੁਝ ਆਮ ਲੋਕਾਂ ਵੱਲੋਂ ਦਿੱਤੇ ਦਾਨ ਨਾਲ ਹੀ ਹੋ ਰਿਹਾ ਹੈ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਆਮ ਲੋਕਾਂ ਖਾਸ ਕਰਕੇ ਕਿਸਾਨ ਭਰਾਵਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਆਪਣੇ ਵਿੱਤ ਅਨੁਸਾਰ ਪਿੰਗਲਵਾੜੇ ਵਿੱਚ ਤੂੜੀ ਭੇਜਣ ਤਾਂ ਜੋ ਬੀਮਾਰ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਹੋ ਸਕੇ। ਉਹਨਾਂ ਕਿਹਾ ਕਿ ਦਾਨੀ ਸੱਜਣ ਇਸ ਪਿੰਗਲਵਾੜੇ ਲਈ ਦਵਾਈਆਂ ਵੀ ਦਾਨ ਕਰਨ ਤਾਂ ਜੋ ਬੀਮਾਰ ਪਸ਼ੂਆਂ ਦਾ ਸਹੀ ਢੰਗ ਨਾਲ ਬਿਹਤਰ ਇਲਾਜ ਹੋ ਸਕੇ। ਇਸ ਮੌਕੇ ਪ੍ਰਧਾਨ ਸ਼ਾਮ ਲਾਲ ਬਾਂਸਲ, ਮੈਨੇਜਰ ਵਿਕਰਮਜੀਤ ਸਿੰਘ ਵਿੱਕੀ, ਸਕੱਤਰ ਅਸ਼ੋਕ ਸਿੰਗਲਾ, ਕ੍ਰਿਸ਼ਨ ਸੰਦੋਹਾ, ਡਾ. ਮਦਨ ਲਾਲ ਗੋਇਲ, ਓਮ ਪ੍ਰਕਾਸ਼ ਮਾਰਡੇ, ਲਾਜਪਤ ਰਾਏ, ਗਿਰਧਾਰੀ ਲਾਲ ਜਿੰਦਲ, ਡਾ. ਗਗਨ, ਨਛੱਤਰ ਸਿੰਘ, ਦਲੀਪ ਸਿੰਘ, ਜੀਤ ਸਿੰਘ ਸਾਰੋਂ, ਜਗਦੀਸ਼ ਕੁਮਾਰ, ਰਮੇਸ਼ ਸਿੰਗਲਾ, ਰਿੰਕੂ ਨਾਗਰੇ ਵਾਲਾ, ਪ੍ਰਿਤਪਾਲ ਸਿੰਘ, ਦਰਸ਼ਨ ਸਿੰਘ ਛਾਜਲੀ, ਗੁਰਦੀਪ ਸਿੰਘ, ਭਰਪੂਰ ਸਿੰਘ ਚੱਠੇ, ਰਾਜ ਕੁਮਾਰ ਗੋਇਲ, ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।