ਵਕਫ਼ ਬਿੱਲ ਦਾ ਰਾਹ ਹੋਇਆ ਪੱਧਰਾ, ਭਾਜਪਾ ਨੂੰ ਰਾਜ ਸਭਾ ’ਚ ਮਿਲਿਆ ਬਹੁਮਤ
ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗਠਜੋੜ (ਰਾਜਗ) ਕੋਲ 6 ਨਾਮਜ਼ਦ ਮੈਂਬਰਾਂ ਦੇ ਸਮਰਥਨ ਨਾਲ ਰਾਜ ਸਭਾ ਵਿਚ ਮਾਮੂਲੀ ਬਹੁਮਤ ਹੈ, ਜਿਸ ਨਾਲ ਪਾਰਟੀ ਨੂੰ ਵਕਫ਼ (ਸੋਧ) ਬਿੱਲ ਵਰਗੇ ਪ੍ਰਮੁੱਖ ਬਿੱਲ ਪਾਸ ਕਰਾਉਣ ਵਿਚ ਮਦਦ ਮਿਲ ਸਕਦੀ ਹੈ। ਹਾਲ ਹੀ ’ਚ ਸੰਪੰਨ ਹੋਈ ਰਾਜ ਸਭਾ ਦੀ ਉੱਪ-ਚੋਣ ਤੋਂ ਬਾਅਦ ਸੰਸਦ ਦੇ ਉਪਰਲੇ ਸਦਨ ’ਚ ਮੈਂਬਰਾਂ ਦੀ ਗਿਣਤੀ 234 ਹੋ ਗਈ ਹੈ, ਜਿਸ ਵਿਚ ਭਾਜਪਾ ਕੋਲ ਆਪਣੇ 96 ਮੈਂਬਰ ਹਨ। ਰਾਜਗ ਦੇ ਮੈਂਬਰਾਂ ਦੀ ਗਿਣਤੀ 113 ਹੈ। ਆਮ ਤੌਰ ’ਤੇ ਸਰਕਾਰ ਦੇ ਪੱਖ ’ਚ ਵੋਟ ਪਾਉਣ ਵਾਲੇ 6 ਨਾਮਜ਼ਦ ਮੈਂਬਰਾਂ ਦੇ ਨਾਲ, ਰਾਜਗ ਦੀ ਗਿਣਾਤਮਕ ਤਾਕਤ ਵਧ ਕੇ 119 ਹੋ ਜਾਂਦੀ ਹੈ, ਜੋ ਬਹੁਮਤ ਦੇ ਮੌਜੂਦਾ ਅੰਕੜੇ 117 ਤੋਂ ਦੋ ਵੱਧ ਹੈ। ਉਪਰਲੇ ਸਦਨ ਵਿਚ ਕਾਂਗਰਸ ਦੇ 27 ਮੈਂਬਰ, ਜਦ ਕਿ ਉਸਦੀਆਂ ਸਹਿਯੋਗੀ ਪਾਰਟੀਆਂ ਦੇ 58 ਮੈਂਬਰ ਹਨ, ਜਿਸ ਨਾਲ ਰਾਜ ਸਭਾ ਵਿਚ ਵਿਰੋਧੀ ਗਠਜੋੜ ਦੇ ਕੁੱਲ ਮੈਂਬਰਾਂ ਦੀ ਗਿਣਤੀ 85 ਹੈ। ਰਾਜ ਸਭਾ ਵਿਚ ਵੱਡੀ ਗਿਣਤੀ ਵਾਲੀਆਂ ਹੋਰਨਾਂ ਪਾਰਟੀਆਂ ਵਾਈ. ਐੱਸ. ਆਰ. ਕਾਂਗਰਸ ਕੋਲ 9 ਅਤੇ ਬੀਜੂ ਜਨਤਾ ਦਲ (ਬੀਜਦ) ਦੇ ਕੋਲ 7 ਮੈਂਬਰ ਹਨ। ਅਨਾਦ੍ਰਮੁਕ ਦੇ ਕੋਲ 4 ਮੈਂਬਰ, 3 ਆਜ਼ਾਦ ਅਤੇ ਹੋਰ ਸੰਸਦ ਮੈਂਬਰ ਉਨ੍ਹਾਂ ਛੋਟੀਆਂ ਪਾਰਟੀਆਂ ਦੇ ਹਨ, ਜੋ ਕਾਂਗਰਸ ਜਾਂ ਭਾਜਪਾ ਕਿਸੇ ਦੇ ਵੀ ਗੱਠਜੋੜ ਵਿਚ ਨਹੀਂ ਹਨ।