MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਲੋਕ ਸਭਾ ਚੋਣਾਂ : ਪਹਿਲੇ ਗੇੜ 'ਚ 60 ਫ਼ੀਸਦੀ ਵੋਟਾਂ, ਝੜਪਾਂ 'ਚ ਇਕ ਦੀ ਮੌਤ

ਨਵੀਂ ਦਿੱਲੀ 11 ਅਪ੍ਰੈਲ 2019 (ਮਪ)    ਲੋਕ ਸਭਾ ਚੋਣਾਂ ਦੇ ਪਹਿਲੇ ਗੇੜ 'ਚ 18 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਕੁਲ 91 ਸੀਟਾਂ 'ਤੇ 70 ਫ਼ੀਸਦੀ ਵੋਟਾਂ ਪਈਆਂ। ਇਨ੍ਹਾਂ ਸੀਟਾਂ 'ਤੇ ਕੁਲ 1279 ਉਮੀਦਵਾਰ ਮੈਦਾਨ ਵਿਚ ਹਨ। ਚੋਣ ਅਮਲ ਦੌਰਾਨ ਕੁੱਝ ਥਾਈਂ ਹਿੰਸਕ ਘਟਨਾਵਾਂ ਵੀ ਵਾਪਰੀਆਂ ਹਨ। ਆਂਧਰਾ ਪ੍ਰਦੇਸ਼ ਵਿਚ ਵੱਖ-ਵੱਖ ਥਾਈਂ ਹਿੰਸਕ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿਚ ਤੇਲਗੂ ਦੇਸਮ ਪਾਰਟੀ ਦੇ ਵਰਕਰ ਦੀ ਮੌਤ ਹੋ ਗਈ। ਇਹ ਘਟਨਾ ਅਨੰਤਪੁਰ ਵਿਚ ਵਾਪਰੀ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ 362 ਵੋਟਿੰਗ ਮਸ਼ੀਨਾਂ ਵਿਚ ਗੜਬੜ ਸਾਹਮਣੇ ਆਈ। ਉਧਰ, ਮਹਾਰਾਸ਼ਟਰ ਅਤੇ ਉੱਤਰ ਪੂਰਬ ਤੋਂ ਆਈਈਡੀ ਧਮਾਕੇ ਹੋਣ ਦੀਆਂ ਖ਼ਬਰਾਂ ਹਨ ਜਿਨ੍ਹਾਂ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।  ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਬਾਰਾਮੂਲ ਸੰਸਦੀ ਖੇਤਰ ਵਿਚ ਪੀਡੀਪੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਸਮਰਥਕ ਭਿੜ ਗਏ ਜਿਨ੍ਹਾਂ ਵਿਚੋਂ ਚਾਰ ਜ਼ਖ਼ਮੀ ਹੋ ਗਏ। ਇਹ ਘਟਨਾ ਬਾਂਦੀਪੁਰ ਜ਼ਿਲ੍ਹੇ ਦੇ ਸੁਬਲ ਇਲਾਕੇ ਦੀ ਹੈ। ਸੁਰੱਖਿਆ ਮੁਲਾਜ਼ਮਾਂ ਨੇ ਹਾਲਾਤ 'ਤੇ ਤੁਰਤ ਕਾਬੂ ਪਾਇਆ। ਅੱਜ ਦੀਆਂ ਚੋਣਾਂ ਵਿਚ 14 ਕਰੋੜ 20 ਲੱਖ 54 ਹਜ਼ਾਰ 978 ਵੋਟਰ ਸਨ ਜਿਨ੍ਹਾਂ ਵਿਚੋਂ 7 ਕਰੋੜ 21 ਲੱਖ ਪੁਰਸ਼ ਵੋਟਰ ਜਦਕਿ 6 ਕਰੋੜ 98 ਲੱਖ ਮਹਿਲਾ ਵੋਟਰ ਸਨ। ਕੁਲ 1 ਲੱਖ 70 ਹਜ਼ਾਰ ਮਤਦਾਨ ਕੇਂਦਰਾਂ 'ਤੇ ਵੋਟਾਂ ਪਈਆਂ। ਅੱਜ ਯੂਪੀ ਦੀਆਂ 8, ਉਤਰਾਖੰਡ ਦੀਆਂ 5, ਬਿਹਾਰ ਦੀਆਂ 4, ਮਹਾਰਾਸ਼ਟਰ ਦੀਆਂ 7, ਉੜੀਸਾ ਦੀਆਂ 4, ਜੰਮੂ ਤੇ ਕਸ਼ਮੀਰ, ਅਰੁਣਾਚਲ ਪ੍ਰਦੇਸ਼, ਮੇਘਾਲਿਆ ਅਤੇ ਪਛਮੀ ਬੰਗਾਲ ਦੀਆਂ 2-2 ਸੀਟਾਂ ਅਤੇ ਛੱਤੀਸਗੜ੍ਹ, ਮਣੀਪੁਰ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ, ਸਿੱਕਮ, ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ ਤੇ ਲਕਸ਼ਦੀਪ ਦੀਆਂ 1-1 ਸੀਟਾਂ ਲਈ ਵੋਟਾਂ ਪਈਆਂ। ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸਮੇਤ ਨੌਂ ਅਜਿਹੇ ਰਾਜ ਹਨ ਜਿਥੇ ਪਹਿਲੇ ਦੌਰ ਵਿਚ ਹੀ ਚੋਣਾਂ ਖ਼ਤਮ ਹੋ ਜਾਣਗੀਆਂ। ਯੂਪੀ ਦੇ ਸਹਾਰਨਪੁਰ ਵਿਚ 100 ਤੋਂ ਵੱਧ ਈਵੀਐਮ ਮਸ਼ੀਨਾਂ ਵਿਚ ਖ਼ਰਾਬੀ ਆਈ ਜਿਸ ਮਗਰੋਂ ਇਨ੍ਹਾਂ ਨੂੰ ਬਦਲਿਆ ਗਿਆ। ਚੋਣ ਨਤੀਜੇ 23 ਮਈ ਨੂੰ ਆਉਣਗੇ।