MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸੰਵਿਧਾਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ - ਪ੍ਰਿਅੰਕਾ ਗਾਂਧੀ

ਅਸਾਮ  14 ਅਪ੍ਰੈਲ 2019 (ਮਪ) ਅਸਾਮ ਦੇ ਸਿਲਚਰ 'ਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਭਾਜਪਾ 'ਤੇ ਜ਼ੋਰਦਾਰ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਸੰਵਿਧਾਨ ਦਾ ਸਨਮਾਨ ਨਹੀਂ ਕੀਤਾ ਜਾ ਰਿਹਾ ਹੈ ਉਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਸਿਲਚਰ ਤੋਂ ਪਾਰਟੀ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਸੁਸ਼ਮਿਤਾ ਦੇਵ ਦੇ ਹੱਕ 'ਚ ਰੋਡ ਸ਼ੋਅ ਕਰ ਰਹੀ ਕਾਂਗਰਸ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੁਨੀਆ ਭਰ ਦਾ ਦੌਰਾ ਕੀਤਾ, ਪਰ ਆਪਣੇ ਸੰਸਦੀ ਖੇਤਰ ਵਾਰਾਨਸੀ ਲਈ ਉਨ੍ਹਾਂ ਨੇ ਸਮਾਂ ਨਹੀਂ ਕੱਢਿਆ। ਪ੍ਰਿਅੰਕਾ ਨੇ ਕਿਹਾ, 'ਅੱਜ ਮਹਾਪੁਰਸ਼ (ਅੰਬੇਡਕਰ ਜੀ) ਦੀ ਜੈਅੰਤੀ ਹੈ। ਉਨ੍ਹਾਂ ਨੇ ਸੰਵਿਧਾਨ ਰਾਹੀਂ ਇਸ ਦੇਸ਼ ਦੀ ਨੀਂਹ ਰੱਖੀ। ਹਰ ਨੇਤਾ ਦਾ ਫ਼ਰਜ਼ ਉਸ ਸੰਵਿਧਾਨ ਦਾ ਸਨਮਾਨ ਕਰਨਾ ਹੈ ਪਰ ਅੱਜ ਤੁਸੀਂ ਵੇਖ ਰਹੇ ਹੋ ਕਿ ਸੰਵਿਧਾਨ ਦਾ ਸਨਮਾਨ ਨਹੀਂ ਕੀਤਾ ਜਾ ਰਿਹਾ ਤੇ ਉਸ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।' ਕਾਂਗਰਸ ਦੀ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਅੰਕਾ ਨੇ ਭਾਜਪਾ ਦੇ ਮਨੋਰਥ ਪੱਤਰ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਮਨੋਰਥ ਪੱਤਰ 'ਚ ਨਾ ਤਾਂ ਸੰਵਿਧਾਨ ਲਈ ਕੋਈ ਜਗ੍ਹਾ ਹੈ ਤੇ ਨਾ ਹੀ ਦੂਜੇ ਧਰਮ ਦੇ ਲੋਕਾਂ ਲਈ। ਉਨ੍ਹਾਂ ਕਿਹਾ ਕਿ ਵਾਰਾਨਸੀ 'ਚ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਪਿਛਲੇ ਪੰਜ ਸਾਲ ਦੌਰਾਨ ਮੋਦੀ ਨੇ ਵਾਰਾਨਸੀ 'ਚ ਕਿਸੇ ਨਾਲ ਪੰਜ ਮਿੰਟ ਨਹੀਂ ਗੁਜ਼ਾਰੇ। 'ਉਹ ਅਮਰੀਕਾ ਗਏ ਲੋਕਾਂ ਨੂੰ ਗਲ਼ੇ ਲਗਾਇਆ। ਚੀਨ ਗਏ ਉੱਥੇ ਵੀ ਲੀਡਰਾਂ ਨੂੰ ਗਲ਼ੇ ਲਗਾਇਆ। ਉਨ੍ਹਾਂ ਰੂਸ ਤੇ ਅਫਰੀਕਾ ਜਾ ਕੇ ਵੀ ਲੋਕਾਂ ਨੂੰ ਗਲ਼ੇ ਲਗਾਇਆ। ਜਾਪਾਨ 'ਚ ਡਰੰਮ ਵਜਾਇਆ, ਤਾਂ ਪਾਕਿਸਤਾਨ 'ਚ ਬਿਰਿਆਨੀ ਦਾ ਸਵਾਦ ਵੇਖਿਆ। ਪਰ ਆਪਣੇ ਸੰਸਦੀ ਖੇਤਰ 'ਚ ਕਿਸੇ ਵੀ ਪਰਿਵਾਰ ਦੇ ਘਰ ਜਾ ਕੇ ਉਨ੍ਹਾਂ ਦਾ ਹਾਲ ਨਹੀਂ ਪੁੱਛਿਆ। ਸੁਸ਼ਮਿਤਾ ਦੇਵ ਦੀ ਤਾਰੀਫ਼ ਕਰਦਿਆਂ ਪ੍ਰਿਅੰਕਾ ਨੇ ਉਨ੍ਹਾਂ ਦੀ ਤੁਲਨਾ ਆਪਣੀ ਦਾਦੀ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਕੀਤੀ। ਉਨ੍ਹਾਂ ਕਿਹਾ, ਜੇਕਰ ਤੁਸੀਂ ਇੰਦਰਾ ਗਾਂਧੀ ਨੂੰ ਅੱਜ ਵੀ ਯਾਦ ਕਰਦੇ ਹੋ ਤਾਂ ਇਸ ਲਈ ਕਿ ਉਨ੍ਹਾਂ ਨੇ ਤੁਹਾਡੇ ਲਈ ਕੰਮ ਕੀਤਾ ਸੀ। ਮੈਂ ਇੱਥੇ ਸੁਸ਼ਮਿਤਾ ਲਈ ਆਈ ਹਾਂ। ਇਨ੍ਹਾਂ 'ਚ ਉਹ ਸਾਹਸ ਹੈ ਜੋ ਇੰਦਰਾ ਜੀ ਵਿਚ ਸੀ। ਸੁਸ਼ਮਿਤਾ ਈਮਾਨਦਾਰ ਹਨ ਤੇ ਉਨ੍ਹਾਂ ਦੀ ਨੀਅਤ ਚੰਗੀ ਹੈ, ਉਹ ਦਿਲ ਤੋਂ ਤੁਹਾਡੇ ਲਈ ਕੰਮ ਕਰਨਾ ਚਾਹੁੰਦੀ ਹੈ।