MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਵਪਾਰੀਆਂ ਦੇ ਹਿਤਾਂ ਦੀ ਰਖਿਆ ਕਰਦੇ ਹਨ ਮੋਦੀ - ਰਾਹੁਲ ਗਾਂਧੀ

ਲਖੀਮਪੁਰ 24 ਅਪ੍ਰੈਲ (ਮਪ) ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਕਿਸਾਨਾਂ, ਛੋਟੇ ਵਪਾਰੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਚਿੰਤਾ ਛੱਡ ਕੇ 15 ਚੌਣਵੇਂ ਵਪਾਰੀਆਂ ਦੇ ਹੀ ਹਿਤਾਂ ਦੀ ਰਖਿਆ ਕਰਦੇ ਹਨ।  ਲੋਕਾਂ ਚੋਣਾਂ ਤੋਂ ਬਾਅਦ ਕੇਂਦਰ ਵਿਚ ਕਾਂਗਰਸ ਸਰਕਾਰ ਬਣਨ ਦਾ ਦਾਅਵਾ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਪਾਰਟੀ ਦਾ ਅਗਲਾ ਟੀਚਾ ਸਾਲ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਤਾਕਿ ਇਸ ਰਾਜ ਨੂੰ ਸਿਖਿਆ, ਸਿਹਤ ਅਤੇ ਰੁਜ਼ਗਾਰ ਦੇ ਮਾਮਲੇ ਵਿਚ ਸਿਖ਼ਰ 'ਤੇ ਲਿਜਾਂਦਾ ਜਾ ਸਕੇ। ਕਾਂਗਰਸ ਉਮੀਦਵਾਰਾਂ ਦੇ ਸਮਰਥਨ ਵਿਚ ਕਰਵਾਈ ਗਈ ਚੋਣ ਰੈਲੀ ਵਿਚ ਕਿਸਾਨਾਂ ਨੂੰ ਗੰਨਾ ਖ਼ਰੀਦ ਦੇ 14 ਦਿਨ ਦੇ ਅੰਦਰ ਕੀਮਤ ਦੀ ਅਦਾਇਗੀ ਦੇ ਪ੍ਰਧਾਨ ਮੰਤਰੀ ਵਾਅਦੇ ਦੀ ਯਾਦ ਦੁਆਉਂਦਿਆਂ ਉਨ੍ਹਾਂ ਲੋਕਾਂ ਨੂੰ ਪੁਛਿਆ ਕਿ ਕੀ ਪਿਛਲੇ ਪੰਜ ਸਾਲ ਦੌਰਾਨ ਇਹ ਵਾਅਦਾ ਪੂਰਾ ਕੀਤਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਨੇ ਸਾਲ 2014 ਵਿਚ ਅੱਛੇ ਦਿਨ ਲਿਆਉਣ, ਹਰ ਸਾਲ ਦੋ ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ, ਹਰ ਨਾਗਰਿਗ ਨੂੰ 15-15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਰਾਹੁਲ ਨੇ ਪ੍ਰਧਾਨ ਮੰਤਰੀ ਦੇ ਚੌਕੀਦਾਰ ਸ਼ਬਦ 'ਤੇ ਵਿਅੰਗ ਕਰਦਿਆਂ ਕਿਹਾ ਕਿ ਇਸ ਚੌਕੀਦਾਰ ਨੇ ਅਪਣੇ ਪੰਜ ਸਾਲਾਂ ਦੌਰਾਨ 15 ਚੌਣਵੇਂ ਵਪਾਰੀਆਂ ਦਾ ਹੀ ਭਲਾ ਕੀਤਾ ਜਦਕਿ ਗੰਨਾ ਕਿਸਾਨਾਂ ਨੂੰ ਕਿਹਾ ਕਿ ਕਿ ਗੰਨੇ ਨਾਲ ਸ਼ੂਗਰ ਹੁੰਦੀ ਹੈ। ਰਾਫ਼ੇਲ ਜਹਾਜ਼ ਖ਼ਰੀਦ ਸਬੰਧੀ ਉਨ੍ਹਾਂ ਕਿਹਾ ਕਿ ਜਹਾਜ਼ ਬਣਾਉਣ ਦਾ ਕੋਈ ਤਜਰਬਾ ਨਾ ਰੱਖਣ ਵਾਲੇ ਅਨਿਲ ਅੰਬਾਨੀ ਦੀ ਕੰਪਨੀ ਨੂੰ ਰਾਫ਼ੇਲ ਲਈ 30 ਹਜ਼ਾਰ ਕਰੋੜ ਰੁਪਏ ਦੇ ਠੇਕਾ ਦਿਤਾ ਗਿਆ ਪਰ ਜਦ ਗੰਨਾ ਕਿਸਾਨ ਅਪਣਾ ਬਕਾਇਆ ਮੁੱਲ ਮੰਗਦੇ ਹਨ ਤਾਂ ਮੋਦੀ ਕਹਿੰਦੇ ਹਨ ਕਿ ਗੰਨੇ ਨਾਲ ਸ਼ੂਗਰ ਹੋ ਜਾਂਦੀ ਹੈ।