MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

 ਮਾਪੇ - ਅਧਿਆਪਕ ਮਿਲਣੀ ਦਾ ਆਯੋਜਨ



ਲੌਂਗੋਵਾਲ,1 ਜੂਨ (ਜਗਸੀਰ ਸਿੰਘ) - ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਮੁਤਾਬਕ ਸ਼ਹੀਦ ਭਾਈ ਮਤੀ ਦਾਸ ਸਕੂਲ ਆਫ ਐਮੀਨੈਂਸ ਵਿਖੇ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ । ਇਸ ਸਮੇਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰੀ ਰਾਮੇਸ਼ ਸਿੰਘ ਅਤੇ ਸਮੂਹ ਮੈਂਬਰ ਸਾਹਿਬਾਨ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲ ਇੰਚਾਰਜ ਸ੍ਰੀਮਤੀ ਰਵਨੀਤ ਕੌਰ ਜੀ ਆਇਆਂ ਨੂੰ ਕਿਹਾ । ਸ੍ਰੀਮਤੀ ਰਵਨੀਤ ਕੌਰ ਅਤੇ ਸਮੂਹ ਸਟਾਫ ਨੇ ਆਏ ਹੋਏ ਸਮੂਹ ਮਹਿਮਾਨਾਂ ਨੂੰ ਸਕੂਲ ਵਿਜ਼ਿਟ ਦੌਰਾਨ ਪੰਜਾਬ ਸਰਕਾਰ ਵੱਲੋਂ 'ਸਿੱਖਿਆ ਕ੍ਰਾਂਤੀ' ਤਹਿਤ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣੂੰ ਕਰਵਾਇਆ । ਮਾਪੇ-ਅਧਿਆਪਕ ਮਿਲਣੀ ਦੀ ਰਸਮੀ ਸ਼ੁਰੂਆਤ ਸਤਿਕਾਰਯੋਗ ਮਾਪਿਆਂ ਦੁਆਰਾ ਪੌਦੇ ਲਗਾ ਕੇ ਕੀਤੀ ਗਈ । ਇਸ ਮੌਕੇ ਸਮੂਹ ਸਕੂਲ ਸਟਾਫ ਨੇ ਵੀ ਵਾਤਾਵਰਣ ਨੂੰ ਹਰਿਆ ਭਰਿਆ ਬਨਾਉਣ ਵਾਲੀ ਇਸ ਗਤੀਵਿਧੀ ਵਿੱਚ ਸ਼ਮੂਲੀਅਤ ਕੀਤੀ । ਇਸ ਮੌਕੇ ਸਕੂਲ ਇੰਚਾਰਜ ਸ੍ਰੀਮਤੀ ਰਵਨੀਤ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰੀ ਰਾਮੇਸ਼ ਸਿੰਘ ਅਤੇ ਮੈਂਬਰ ਮੇਲਾ ਸਿੰਘ ਅਤੇ ਹਾਜ਼ਰ ਵਿਦਿਆਰਥੀਆਂ ਦੇ ਮਾਪਿਆਂ ਨੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ । ਇਸ ਸਮੇਂ ਮਾਪਿਆਂ ਲਈ ਵਿਸ਼ੇਸ਼ ਤੌਰ ਤੇ ਕੁਝ ਦਿਲਚਸਪ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ । ਆਉਣ ਵਾਲੇ ਮਹਿਮਾਨਾਂ ਤੋਂ ਇਸ ਮਿਲਣੀ ਅਤੇ 'ਸਿੱਖਿਆ ਕ੍ਰਾਂਤੀ' ਬਾਰੇ ਵਿਚਾਰ ਲੈਣ ਲਈ ਵਿਸ਼ੇਸ਼ ਤੌਰ ਤੇ 'ਦਸਤਖਤ ਮੁਹਿੰਮ' ਦਾ ਵੀ ਸਕੂਲ ਵੱਲੋਂ ਪ੍ਰਬੰਧ ਕੀਤਾ ਗਿਆ ਸੀ । ਇਸ ਮੌਕੇ ਸਕੂਲ ਪ੍ਰਿੰਸੀਪਲ ਇੰਚਾਰਜ ਸ੍ਰੀਮਤੀ ਰਵਜੀਤ ਕੌਰ ਨੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਖਾਸ ਪ੍ਰੋਗਰਾਮ 'ਬਾਲ ਵਿਆਹ ਮੁਕਤ ਭਾਰਤ' ਦੇ ਅੰਤਰਗਤ ਬਾਲ ਵਿਆਹ ਦੇ ਮਾੜੇ ਪ੍ਰਭਾਵਾਂ ਸੰਬੰਧੀ ਵੀ ਜਾਣਕਾਰੀ ਦਿੱਤੀ । ਸਕੂਲ ਦੇ ਨਸ਼ਾ ਮੁਕਤੀ ਸੰਬੰਧੀ ਨੋਡਲ ਇੰਚਾਰਜ ਸ੍ਰੀਮਤੀ ਪਰਮਪ੍ਰੀਤ ਕੌਰ ਜੀ ਨੇ ਜਿੱਥੇ ਬੱਚਿਆਂ ਅਤੇ ਹਾਜ਼ਰ ਮਾਪਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ, ਉੱਥੇ ਨਾਲ ਹੀ ਕਾਨੂੰਨੀ ਸ਼ਾਖਰਤਾ ਬਾਰੇ ਵੀ ਜਾਗਰੂਕ ਕੀਤਾ । ਸਕੂਲ ਦੇ ਕੰਪਿਊਟਰ ਅਧਿਆਪਕ ਸ੍ਰੀ ਵਿਸ਼ਾਲ ਕੁਮਾਰ ਅਤੇ ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਾਈਬਰ ਸੁਰੱਖਿਆ ਅਤੇ ਕਿੱਤਾਮੁਖੀ ਸਿੱਖਿਆ ਬਾਰੇ ਜਾਣਕਾਰੀ ਦਿੱਤੀ । ਸਕੂਲ ਅਧਿਆਪਕ ਮਾਲੀ ਸਿੰਘ ਅਤੇ ਹਰਕੇਸ਼ ਕੁਮਾਰ ਨੇ 'ਏਕ ਭਾਰਤ, ਸ਼੍ਰੇਸ਼ਟ ਭਾਰਤ' ਮੁਹਿੰਮ ਅਤੇ ਸਰੀਰਿਕ ਸਾਫ ਸਫਾਈ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ । ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ, ਮੈਂਬਰ ਸਾਹਿਬਾਨ ਅਤੇ ਸਮੂਹ ਮਾਪਿਆਂ ਨੇ ਸਕੂਲ ਦੀ ਵਿਸ਼ਾਲ ਲਾਇਬ੍ਰੇਰੀ, ਸਮਾਰਟ ਕਲਾਸ ਰੂਮ, ਮਿਡ ਡੇ ਮੀਲ ਵਿਵਸਥਾ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵਜ਼ੀਫਾ ਸਕੀਮਾਂ, ਸਿੱਖਿਆ ਦੇ ਖੇਤਰ ਵਿੱਚ ਟੈਕਨਾਲੋਜੀ ਜਿਵੇਂ ਇੰਟਰਐਕਟਿਵ ਫਲੈਟ ਪੈਨਲ ਅਤੇ ਪ੍ਰੋਜੈਕਟਰ ਆਦਿ ਅਤੇ ਵਿਦਿਆਰਥੀਆਂ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਕਿ ਮੁਫਤ ਕਿਤਾਬਾਂ ਅਤੇ ਵਰਦੀਆਂ ਦੀ ਸਹੂਲਤ ਆਦਿ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੈਗਾ ਪੀਟੀਐਮ ਦੇ ਆਯੋਜਨ ਵਿੱਚ ਸਕੂਲ ਅਧਿਆਪਕ ਸ੍ਰੀਮਤੀ ਪਰਮਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਮੈਡਮ ਪ੍ਰਿਆ, ਮੈਡਮ ਹਰਪ੍ਰੀਤ ਕੌਰ, ਮੈਡਮ ਦਮਨਜੀਤ ਕੌਰ, ਮੈਡਮ ਹਰਸਿਮਰਨ ਕੌਰ, ਮੈਡਮ ਸੰਦੀਪ ਸ਼ਰਮਾਂ, ਮੈਡਮ ਬੇਅੰਤ ਕੌਰ, ਮੈਡਮ ਕਮਲਜੀਤ ਕੌਰ ਅਤੇ ਨਾਨ ਟੀਚਿੰਗ ਸਟਾਫ ਗੁਰਪ੍ਰੀਤ ਸਿੰਘ, ਕੈਂਪਸ ਮੈਨੇਜਰ ਚਮਕੌਰ ਸਿੰਘ, ਸੁਰੱਖਿਆ ਕਰਮੀ ਕੁਲਵੰਤ ਸਿੰਘ, ਦਰਸ਼ਨ ਸਿੰਘ ਅਤੇ ਰਾਜ ਕੁਮਾਰ ਨੇ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਇਆ । ਐਸ.ਐਮ.ਸੀ. ਕਮੇਟੀ ਅਤੇ ਸਕੂਲ ਪ੍ਰਿੰਸੀਪਲ ਇੰਚਾਰਜ ਸ੍ਰੀਮਤੀ ਰਵਜੀਤ ਕੌਰ ਜੀ ਨੇ ਸਕੂਲ ਦੀ ਬਿਹਤਰੀ ਲਈ ਯੋਗਦਾਨ ਪਾਉਣ ਲਈ ਸਮੂਹ ਸਕੂਲ ਸਟਾਫ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ । ਅਖੀਰ ਵਿੱਚ ਸਕੂਲ ਪ੍ਰਿੰਸੀਪਲ ਇੰਚਾਰਜ ਸ੍ਰੀਮਤੀ ਰਵਜੀਤ ਕੌਰ ਨੇ ਸਕੂਲ ਦੀ ਬਿਹਤਰੀ ਲਈ ਕਾਰਜਸ਼ੀਲ ਸਕੂਲ ਮੈਨੇਜਮੈਂਟ ਕਮੇਟੀ ਦੇ ਯੋਗਦਾਨ ਦੀ ਤਾਰੀਫ ਕੀਤੀ ਅਤੇ ਆਏ ਹੋਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ।