MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਈਰਾਨ ਨੇ ਬਰਤਾਨਵੀ ਤੇਲ ਟੈਂਕਰ ਫੜਿਆ, ਖਾੜੀ 'ਚ ਤਣਾਅ

ਲੰਡਨ 20 ਜੁਲਾਈ 2019 (ਮਪ) ਈਰਾਨ ਦੀ ਫ਼ੌਜ ਨੇ ਬਰਤਾਨੀਆ ਦੇ ਇਕ ਤੇਲ ਟੈਂਕਰ ਨੂੰ ਹਾਰਮੂਜ ਜਲ ਸੰਧੀ ਖੇਤਰ 'ਚ ਫੜ ਲਿਆ ਹੈ। ਇਸ ਨੂੰ ਲੈ ਕੇ ਖਾੜੀ ਖੇਤਰ 'ਚ ਤਣਾਅ ਵਧ ਗਿਆ ਹੈ। ਬਰਤਾਨੀਆ ਨੇ ਇਸ ਮਾਮਲੇ ਦੇ ਖ਼ਤਰਨਾਕ ਮੋੜ 'ਤੇ ਜਾਣ ਦੀ ਈਰਾਨ ਨੂੰ ਚਿਤਾਵਨੀ ਦਿੱਤੀ ਹੈ ਤਾਂ ਅਮਰੀਕਾ ਨੇ ਆਪ੍ਰਰੇਸ਼ਨ ਸੈਂਟੀਨਲ ਦੇ ਨਾਂ ਤੋਂ ਮੱਧ-ਪੂਰਬ ਵਿਚ ਅਮਰੀਕੀ ਅਗਵਾਈ 'ਚ ਕਈ ਦੇਸ਼ਾਂ ਵੱਲੋਂ ਚੌਕਸੀ ਵਧਾਉਣ ਦਾ ਐਲਾਨ ਕੀਤਾ ਹੈ। ਭਾਰਤ ਲਈ ਇਸ ਮਾਮਲੇ 'ਚ ਸਭ ਤੋਂ ਵੱਡੀ ਪਰੇਸ਼ਾਨੀ ਦੀ ਗੱਲ ਇਹ ਹੈ ਕਿ ਜਹਾਜ਼ 'ਤੇ ਬੰਧਕ ਚਾਲਕ ਦਲ ਦੇ 23 ਮੈਂਬਰਾਂ 'ਚ 18 ਭਾਰਤੀ ਨਾਗਰਿਕ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਉਥੋਂ ਸੁਰੱਖਿਅਤ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਹਾਰਮੂਜ ਜਲ ਸੰਧੀ ਖੇਤਰ ਦੇ ਕੌਮਾਂਤਰੀ ਜਲ ਖੇਤਰ ਵਿਚ ਈਰਾਨ ਦੇ ਦੋ ਵਿਦੇਸ਼ੀ ਤੇਲ ਟੈਂਕਰਾਂ 'ਤੇ ਕਬਜ਼ਾ ਕਰਨ ਤੋਂ ਬਾਅਦ ਤੋਂ ਖਾੜੀ ਖੇਤਰ ਵਿਚ ਤਣਾਅ ਵਧ ਗਿਆ ਹੈ। ਇਨ੍ਹਾਂ ਵਿਚੋਂ ਸ਼ੁੱਕਰਵਾਰ ਦੀ ਰਾਤ ਨੂੰ ਕਬਜ਼ੇ ਵਿਚ ਲਿਆ ਗਿਆ ਇਕ ਟੈਂਕਰ ਬਰਤਾਨੀਆ ਦਾ ਹੈ ਜਦਕਿ ਦੂਜਾ ਲਾਇਬੇਰੀਆ ਦਾ ਹੈ। ਸਟੇਨਾ ਇੰਪੈਰੋ ਨਾਂ ਦੇ ਬਰਤਾਨਵੀ ਤੇਲ ਟੈਂਕਰ 'ਤੇ ਮੌਜੂਦ ਚਾਲਕ ਦਲ ਦੇ 23 ਮੈਂਬਰਾਂ ਵਿਚ ਪੰਜ ਹੋਰ ਮੈਂਬਰ ਰੂਸ, ਫਿਲਪੀਨ, ਲਤੀਵੀਆ ਅਤੇ ਹੋਰਨਾਂ ਦੇਸ਼ਾਂ ਦੇ ਹਨ। ਇਸ ਵਿਚਾਲੇ ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਸਾਡਾ ਮਿਸ਼ਨ ਈਰਾਨ ਦੀ ਸਰਕਾਰ ਦੇ ਸੰਪਰਕ 'ਚ ਹੈ। ਈਰਾਨ 'ਚ ਬੰਧਕ 18 ਭਾਰਤੀਆਂ ਨੂੰ ਛੇਤੀ ਛੁਡਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਧਰ, ਈਰਾਨ ਦੀ ਅਧਿਕਾਰਤ ਸਮਾਚਾਰ ਏਜੰਸੀ ਈਰਨਾ ਮੁਤਾਬਕ ਹਾਰਮੂਜ ਜਲ ਸੰਧੀ ਖੇਤਰ ਵਿਚ ਈਰਾਨੀ ਫ਼ੌਜ ਰੈਵੇਊਲੂਸ਼ਨਰੀ ਗਾਰਡ ਨੇ ਮੱਛੀਆਂ ਫੜਨ ਵਾਲੀ ਆਪਣੇ ਦੇਸ਼ ਦੀ ਇਕ ਕਿਸ਼ਤੀ ਨਾਲ ਬਰਤਾਨਵੀ ਟੈਂਕਰ ਦੇ ਟਕਰਾਉਣ ਦਾ ਦੋਸ਼ ਲਗਾਉਂਦੇ ਹੋਏ ਉਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਈਰਾਨੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਤੇਲ ਟੈਂਕਰ ਨੂੰ ਚਾਲਕ ਦਲ ਦੇ ਸਾਰੇ ਮੈਂਬਰਾਂ ਸਮੇਤ ਈਰਾਨੀ ਬੰਦਰਗਾਹ ਵਿਖੇ ਲਿਜਾਇਆ ਗਿਆ ਹੈ।
ਉਥੇ, ਬਰਤਾਨਵੀ ਜਹਾਜ਼ ਸਟੇਨਾ ਇੰਪੈਰੋ ਦਾ ਸੰਚਾਲਨ ਕਰ ਰਹੀ ਸਵੀਡਿਸ਼ ਸ਼ਿਪਿੰਗ ਕੰਪਨੀ ਸਟੇਨਾ ਬਲਕ ਨੇ ਇਕ ਬਿਆਨ ਵਿਚ ਕਿਹਾ ਕਿ ਟੈਂਕਰ ਦੇ ਹਾਰਮੂਜ ਜਲ ਸੰਧੀ ਖੇਤਰ ਨੂੰ ਪਾਰ ਕਰਨ ਦੌਰਾਨ ਜਦੋਂ ਜਹਾਜ਼ ਕੌਮਾਂਤਰੀ ਜਲ ਖੇਤਰ ਵਿਚ ਸੀ, ਉਦੋਂ ਅਣਪਛਾਤੀਆਂ ਛੋਟੀਆਂ ਕਿਸ਼ਤਾਂ ਅਤੇ ਇਕ ਹੈਲੀਕਾਪਟਰ ਨੇ ਉਸ ਨਾਲ ਸੰਪਰਕ ਕੀਤਾ ਸੀ। ਜਦਕਿ ਈਰਾਨ ਦੀ ਫ਼ੌਜ ਨੇ ਆਪਣੀ ਵੈੱਬਸਾਈਟ 'ਤੇ ਜਾਰੀ ਬਿਆਨ ਵਿਚ ਕਿਹਾ ਕਿ ਜਹਾਜ਼ ਨੂੰ ਕੌਮਾਂਤਰੀ ਸਮੁੰਦਰੀ ਕਾਨੂੰਨਾਂ ਦਾ ਪਾਲਣ ਨਾ ਕਰਨ ਕਾਰਨ ਜ਼ਬਤ ਕੀਤਾ ਗਿਆ। ਸਵੀਡਿਸ਼ ਕੰਪਨੀ ਸਟੇਨਾ ਬਲਕ ਮੁਤਾਬਕ, ਚਾਲਕ ਦਲ ਦੇ ਮੈਂਬਰਾਂ ਵਿਚੋਂ ਕਿਸੇ ਨੂੰ ਵੀ ਸੱਟ ਨਹੀਂ ਲੱਗੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਮਾਲਕਾਂ ਅਤੇ ਪ੍ਰਬੰਧਕਾਂ ਦੋਵਾਂ ਲਈ ਚਿੰਤਾ ਦਾ ਵਿਸ਼ਾ ਹੈ। ਹਾਰਮੂਜ ਜਲ ਸੰਧੀ ਖੇਤਰ ਦੀ ਇਸ ਘਟਨਾ 'ਤੇ ਬਰਤਾਨੀਆ ਸਮੇਤ ਕਈ ਪੱਛਮੀ ਦੇਸ਼ਾਂ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ। ਬਰਤਾਨੀਆ ਦੀ ਵਿਦੇਸ਼ ਮੰਤਰੀ ਜੈਰੇਮੀ ਹੰਟ ਨੇ ਇਸ ਨੂੰ ਨਾਕਾਬਲੇ ਬਰਦਾਸ਼ਤ ਦੱਸਦੇ ਹੋਏ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਬਹੁਤ ਚਿੰਤਤ ਹਨ। ਹੰਟ ਨੇ ਇਕ ਐਮਰਜੈਂਸੀ ਬੈਠਕ ਕਰ ਕੇ ਇਸ ਗੱਲ ਦੀ ਸਮੀਖਿਆ ਕੀਤੀ ਹੈ ਕਿ ਮੌਜੂਦਾ ਸਥਿਤੀ ਕੀ ਹੈ ਅਤੇ ਦੋਵਾਂ ਜਹਾਜ਼ਾਂ ਨੂੰ ਰਿਹਾਅ ਕਰਵਾਉਣ ਲਈ ਕੀ ਕੀਤਾ ਜਾ ਸਕਦਾ ਹੈ। ਹੰਟ ਅਗਲੇ ਹਫ਼ਤੇ ਦੇ ਅੰਤ 'ਤੇ ਇਕ ਹੋਰ ਬੈਠਕ ਕਰਕੇ ਆਪਣੇ ਕੌਮਾਂਤਰੀ ਭਾਈਵਾਲਾਂ ਦੇ ਸੰਪਰਕ ਵਿਚ ਰਹੇਗੀ। ਬਰਤਾਨੀਆ ਨੇ ਇਹਤਿਆਤ ਵਜੋਂ ਆਪਣੇ ਜਹਾਜ਼ਾਂ ਨੂੰ ਕੁਝ ਸਮੇਂ ਲਈ ਹਾਰਮੂਜ ਜਲ ਸੰਧੀ ਖੇਤਰ 'ਚ ਜਾਣ ਤੋਂ ਰੋਕ ਦਿੱਤਾ ਹੈ।