MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਉੜੀਸਾ ਦੀ 23 ਸਾਲਾ ਅਨੁਪ੍ਰਿਯਾ ਬਣੀ ਪਹਿਲੀ ਆਦਿਵਾਸੀ ਮਹਿਲਾ ਪਾਇਲਟ

ਨਵੀਂ ਦਿੱਲੀ 10 ਸਤੰਬਰ (ਮਪ) ਸੁਪਨਿਆਂ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਕਿਹਾ ਜਾਂਦਾ ਹੈ ਕਿ ਸੁਪਨੇ ਹਮੇਸ਼ਾ ਵੱਡੇ ਦੇਖੋ ਜੋ ਦੂਸਰਿਆਂ ਨੂੰ ਨਾਮੁਮਕਿਨ ਲੱਗਣ ਅਤੇ ਤੁਸੀਂ ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਤਾਕਤ ਲਗਾ ਦਿਓ। ਅਜਿਹਾ ਹੀ ਉੜੀਸਾ ਦੀ 23 ਸਾਲਾ ਅਨੁਪ੍ਰਿਯਾ ਲਕੜਾ ਨੇ ਆਪਣੇ ਉੱਚੇ ਸੁਪਨਿਆਂ ਨੂੰ ਪੂਰਾ ਕਰਨ 'ਚ ਕੋਈ ਕਸਰ ਨਹੀਂ ਛੱਡੀ ਅਤੇ ਅੱਜ ਉਹ ਪਹਿਲੀ ਆਦਿਵਾਸੀ ਮਹਿਲਾ ਪਾਇਲਟ ਬਣ ਕੇ ਆਪਣਾ ਨਾਮ ਰੋਸ਼ਨ ਕਰ ਚੁੱਕੀ ਹੋ। ਉੜੀਸਾ ਦੇ ਮਾਉਵਾਦ ਪ੍ਰਭਾਵਤ ਮਲਕਾਨਗਰੀ ਜ਼ਿਲ੍ਹੇ ਦੀ ਆਦਿਵਾਸੀ ਕੁੜੀ ਨੇ ਸਾਲਾਂ ਪਹਿਲਾਂ ਆਕਾਸ਼ ਵਿਚ ਉਡਣ ਦਾ ਸੁਪਨਾ ਵੇਖਿਆ ਅਤੇ ਉਸ ਨੂੰ ਪੂਰਾ ਕਰਨ ਲਈ ਇੰਜਨੀਅਰਿੰਗ ਦੀ ਪੜ੍ਹਾਈ ਵਿਚਾਲੇ ਛੱਡ ਦਿਤੀ ਅਤੇ ਆਖ਼ਰਕਾਰ ਅਪਣੇ ਸੁਪਨਿਆਂ ਨੂੰ ਸਾਕਾਰ ਕਰ ਕੇ ਹੀ ਦਮ ਲਿਆ। 23 ਸਾਲਾ ਅਨੁਪ੍ਰਿਯਾ ਲਕੜਾ ਅਪਣੀ ਕਾਬਲੀਅਤ ਅਤੇ ਲਗਨ ਨਾਲ ਛੇਤੀ ਹੀ ਨਿਜੀ ਜਹਾਜ਼ ਕੰਪਨੀ ਵਿਚ ਸਹਿ-ਪਾਇਲਟ ਵਜੋਂ ਸੇਵਾਵਾਂ ਦੇਣ ਵਾਲੀ ਹੈ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਲਕੜਾ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਇਹ ਦੂਜਿਆਂ ਲਈ ਮਿਸਾਲ ਪੇਸ਼ ਕਰੇਗੀ।
ਅਨੁਪ੍ਰਿਯਾ ਦੇ ਪਿਤਾ ਮਾਰੀਨਿਯਾਮ ਲਕੜਾ ਉੜੀਸਾ ਪੁਲਿਸ ਵਿਚ ਹੌਲਦਾਰ ਹਨ ਅਤੇ ਮਾਂ ਸੁਆਣੀ ਹੈ। ਅਨੁਪ੍ਰਿਯਾ ਨੇ ਦਸਵੀਂ ਦੀ ਪੜ੍ਹਾਈ ਕਾਨਵੈਂਟ ਸਕੂਲ ਤੋਂ ਅਤੇ 12ਵੀਂ ਦੀ ਪੜ੍ਹਾਈ ਸੇਮੀਲਿਦੂਗਾ ਦੇ ਸਕੂਲ ਤੋਂ ਕੀਤੀ। ਉਸ ਦੇ ਪਿਤਾ ਨੇ ਦਸਿਆ, 'ਪਾਇਲਟ ਬਣਨ ਦੀ ਚਾਹ ਵਿਚ ਉਸ ਨੇ ਇੰਜਨੀਅਰਿੰਗ ਦੀ ਪੜ੍ਹਾਈ ਵਿਚਾਲੇ ਹੀ ਛੱਡ ਦਿਤੀ ਅਤੇ ਪਾਇਲਟ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਭੁਵਨੇਸ਼ਵਰ ਤੋਂ ਕੀਤੀ। ਮਲਕਾਨਗਰੀ ਜਿਹੇ ਪਿਛੜੇ ਜ਼ਿਲ੍ਹੇ ਨਾਲ ਸਬੰਧਤ ਕਿਸੇ ਵਿਅਕਤੀ ਲਈ ਇਹ ਵੱਡੀ ਪ੍ਰਾਪਤੀ ਹੈ। ਉਸ ਦੀ ਮਾਂ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹੈ ਅਤੇ ਇਲਾਕੇ ਦੇ ਲੋਕਾਂ ਲਈ ਇਹ ਮਾਣ ਵਾਲੀ ਗੱਲ ਹੈ। ਉਸ ਦੀ ਸਫ਼ਲਤਾ ਦੂਜੀਆਂ ਕੁੜੀਆਂ ਲਈ ਪ੍ਰੇਰਨਾ ਹੋਵੇਗੀ।