MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰੈਲੀ ਤੋਂ ਪਹਿਲਾਂ ਨਜ਼ਰਬੰਦ ਕੀਤੇ ਗਏ ਚੰਦਰਬਾਬੂ ਸਮੇਤ ਟੀਡੀਪੀ ਦੇ ਕਈ ਨੇਤਾ

ਅਮਰਾਵਤੀ 11 ਸਤੰਬਰ (ਮਪ) ਆਂਧਰ ਪ੍ਰਦੇਸ਼ ਵਿਚ ਚਲੋ ਅਤਮਾਕੁਰ ਰੈਲੀ 'ਚ ਹਿੱਸਾ ਲੈਣ ਤੋਂ ਰੋਕਣ ਲਈ ਪੁਲਿਸ ਨੇ ਚੰਦਰਬਾਬੂ ਸਮੇਤ ਟੀਡੀਪੀ ਦੇ ਕਈ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ। ਸੱਤਾਧਾਰੀ ਵਾਈਐੱਸਆਰ ਕਾਂਗਰਸ 'ਤੇ ਸਿਆਸੀ ਹਿੰਸਾ ਦਾ ਦੋਸ਼ ਲਗਾਉਂਦੇ ਹੋਏ ਟੀਡੀਪੀ ਨੇ ਬੁੱਧਵਾਰ ਨੂੰ ਰੈਲੀ ਦੀ ਅਪੀਲ ਕੀਤੀ ਸੀ। ਨਜ਼ਰਬੰਦ ਕੀਤੇ ਗਏ ਨੇਤਾਵਾਂ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਟੀਡੀਪੀ ਮੁਖੀ ਦਾ ਬੇਟਾ ਨਾਰਾ ਲੋਕੇਸ਼ ਵੀ ਸ਼ਾਮਲ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਮੌਜੂਦਾ ਸੂਬਾ ਸਰਕਾਰ ਨਜ਼ਰਬੰਦ ਕਰਕੇ ਉਨ੍ਹਾਂ ਨੂੰ ਅਤੇ ਟੀਡੀਪੀ ਦੇ ਹੋਰਨਾਂ ਨੇਤਾਵਾਂ 'ਤੇ ਕੰਟਰੋਲ ਨਹੀਂ ਕਰ ਸਕਦੀ। ਆਂਧਰ ਪ੍ਰਦੇਸ਼ ਦੇ ਡੀਜੀਪੀ ਡੀਜੀ ਸਾਵਾਂਗ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੂੰ ਇਹਤਿਆਤ ਦੇ ਤੌਰ 'ਤੇ ਹਿਰਾਸਤ ਵਿਚ ਲਿਆ ਗਿਆ ਹੈ ਕਿਉਂਕਿ ਉਹ ਤਣਾਅ ਪੈਦਾ ਕਰ ਰਹੇ ਸਨ ਅਤੇ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਵਿਗਾੜ ਰਹੇ ਸਨ। ਸੱਤਾਧਾਰੀ ਵਾਈਐੱਸਆਰਸੀਪੀ ਦੇ ਨੇਤਾ ਲਾਵ ਸ੍ਰੀਕ੍ਰਿਸ਼ਨਾ ਦੇਵਰਾਯਾਲੂ ਨੇ ਦੋਸ਼ ਲਾਇਆ ਕਿ ਸਾਬਕਾ ਮੁੱਖ ਮੰਤਰੀ ਗੁੰਟੂਰ ਜ਼ਿਲ੍ਹੇ ਦੇ ਪਾਲਨਾਡੂ ਵਿਚ ਸਿਆਸੀ ਬਦਲੇ ਦੀਆਂ ਝੂਠੀਆਂ ਖ਼ਬਰਾਂ ਫੈਲਾ ਰਹੇ ਹਨ। ਉਹ ਹਮੇਸ਼ਾ ਹਰ ਚੀਜ਼ ਦਾ ਸਿਆਸੀਕਰਨ ਕਰਦੇ ਰਹਿੰਦੇ ਹਨ।
ਪੁਲਿਸ ਨੇ ਬੁੱਧਵਾਰ ਨੂੰ ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਅਤੇ ਉਨ੍ਹਾਂ ਦੇ ਬੇਟੇ ਨਾਰਾ ਲੋਕੇਸ਼ ਨੂੰ ਅਮਰਾਵਤੀ ਵਿਚ ਉਨ੍ਹਾਂ ਦੀ ਰਿਹਾਇਸ਼ ਤੋਂ ਇਹਤਿਆਤ ਵਜੋਂ ਹਿਰਾਸਤ ਵਿਚ ਲੈ ਲਿਆ ਹੈ। ਇਸ ਦੇ ਵਿਰੋਧ ਵਿਚ ਨਾਇਡੂ ਭੁੱਖ ਹੜਤਾਲ 'ਤੇ ਬੈਠ ਗਏ। ਕ੍ਰਿਸ਼ਨਾ ਜ਼ਿਲ੍ਹੇ ਵਿਚ ਸਾਬਕਾ ਵਿਧਾਇਕ ਅਤੇ ਟੀਡੀਪੀ ਨੇਤਾ ਤਾਂਗਿਰਾਲਾ ਸੌਮਿਆ ਨੂੰ ਵੀ ਨੰਦੀਗਾਮਾ ਕਸਬੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਜਿਸ ਸਮੇਂ ਉਹ ਰੈਲੀ ਵਿਚ ਹਿੱਸਾ ਲੈਣ ਲਈ ਰਵਾਨਾ ਹੋ ਰਹੀ ਸੀ, ਉਸੇ ਸਮੇਂ ਪੁਲਿਸ ਨੇ ਕਾਰਵਾਈ ਕੀਤੀ। ਇਸ ਦੇ ਵਿਰੋਧ ਵਿਚ ਪਾਰਟੀ ਨੇਤਾਵਾਂ ਨਾਲ ਆਪਣੇ ਘਰ ਦੇ ਸਾਹਮਣੇ ਉਹ ਧਰਨੇ 'ਤੇ ਬੈਠ ਗਈ। ਇਸੇ ਤਰ੍ਹਾਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਟੀਡੀਪੀ ਵਿਧਾਨ ਕੌਂਸਲਰਾਂ ਅਤੇ ਸਾਬਕਾ ਵਿਧਾਇਕਾਂ ਅਤੇ ਹੋਰਨਾਂ ਵਰਕਰਾਂ ਨੂੰ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ ਹੈ। ਵਿਜੇਵਾੜਾ ਵਿਚ ਸਾਬਕਾ ਮੰਤਰੀ ਭੂਮਾ ਅਖਿਲ ਪ੍ਰਿਆ ਨੂੰ ਹੋਟਲ ਦੇ ਕਮਰੇ 'ਚੋਂ ਬਾਹਰ ਨਹੀਂ ਆਉਣ ਦਿੱਤਾ ਗਿਆ ਹੈ।