MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੰਥ ਵਿਚ ਦੁਬਿਧਾ ਤੇ ਵਾਦ-ਵਿਵਾਦ ਪੈਦਾ ਕਰਨ ਵਾਲੇ ਮੁੱਦੇ ਨਾ ਉਛਾਲੇ ਜਾਣ- ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ, 2 ਜਨਵਰੀ (ਜਗਜੀਤ ਸਿੰਘ ਖ਼ਾਲਸਾ) ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਦੇਸ਼-ਵਿਦੇਸ਼ ਵਿਚ ਵਿਚਰ ਕੇ ਪ੍ਰਚਾਰ ਦੀ ਸੇਵਾ ਨਿਭਾਉਣ ਵਾਲੇ ਪ੍ਰਚਾਰਕਾਂ, ਰਾਗੀਆਂ, ਢਾਡੀਆਂ, ਕਵੀਸ਼ਰਾਂ ਨੂੰ ਉਨ੍ਹਾਂ ਮੁਦਿੱਆਂ ਨੂੰ ਉਭਾਰਨ ਤੋਂ ਗੁਰੇਜ ਕਰਨ ਦੀ ਸਲਾਹ ਦਿਤੀ ਹੈ ਜਿਨ੍ਹਾਂ ਨਾਲ ਸਿੱਖ ਸੰਗਤਾਂ ਦੇ ਮਨ ਵਿਚ ਦੁਬਿਧਾ ਤੇ ਵਾਦ-ਵਿਵਾਦ ਪੈਦਾ ਹੋਣ ਦਾ ਖਦਸ਼ਾ ਹੋਵੇ।ਸਿੰਘ ਸਾਹਿਬ ਅਨੁਸਾਰ ਜਗਤ ਗੁਰੂ ਬਾਬੇ ਦੁਆਰਾ ਚਲਾਇਆ ਨਿਰਾਲਾ ਪੰਥ 'ਧੁਰਿ ਕੀ ਬਾਣੀ' ਦੇ ਰੂਪ ਵਿਚ ਹਾਸਲ ਹੋਏ ਬ੍ਰਹਮ ਗਿਆਨ ਦੀ ਮਜਬੂਤ ਅਧਾਰਸ਼ਿਲਾ ਉਤੇ ਅਧਾਰਿਤ ਹੈ ਜਿਸ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਖਤਮ ਨਹੀਂ ਕਰ ਸਕਦੀ।ਨਿਰਮੂਲ ਤੇ ਕਾਲਪਨਿਕ ਖਦਸ਼ਿਆਂ ਦੇ ਅਧਾਰ ਉਤੇ ਪੰਥਕ ਪਰੰਪਰਾਵਾਂ, ਪ੍ਰਵਾਣਿਤ ਮਰਯਾਦਾ, ਸਿੱਖ ਇਤਿਹਾਸ ਤੇ ਗ੍ਰੰਥਾਂ ਉਤੇ ਵਿਵਾਦਿਤ ਟਿਪਣੀਆਂ ਕਰਨਾ ਪੰਥ ਨਾਲ ਧ੍ਰੋਹ ਕਮਾਉਣ ਦੇ ਤੁੱਲ ਹੈ।ਯੂਰਪ ਵਿਚ ਦਸਮ ਗ੍ਰੰਥ ਦੇ ਮੁੱਦੇ ਉਤੇ ਭਰਾ-ਮਾਰੂ ਜੰਗ ਦੇ ਹਾਲਤ ਬਣਦੇ ਜਾ ਰਹੇ ਹਨ ਜੋ ਕਿ ਬਹੁਤ ਹੀ ਮੰਗਭਾਗਾ ਰੁਝਾਨ ਹੈ।ਇਸ ਲਈ ਸਮੁੱਚੀ ਪ੍ਰਚਾਰਕ ਸ਼੍ਰੇਣੀ ਨੂੰ ਵਾਦ-ਵਿਵਾਦ ਵਾਲੇ ਮੁੱਦਿਆਂ ਨੂੰ ਵਿਤੰਡਾਵਾਦ ਦੀ ਪ੍ਰਵਿਰਤੀ ਅਧੀਨ ਸਟੇਜਾਂ ਉਤੇ ਉਭਾਰਨ ਦੀ ਥਾਂ ਗੁਰਮਤਿ ਗਿਆਨ ਦੀ ਰੋਸ਼ਨੀ ਵਿਚ ਸੰਵਾਦ ਦੀ ਜੁਗਤ ਰਾਹੀਂ ਹਲ ਕਰਨ ਲਈ ਆਪਣਾ ਯੋਗਦਾਨ ਪਾਉਣ ਲਈ ਉਪਰਾਲੇ ਕਰਨਾ ਸਮੇਂ ਦੀ ਮੰਗ ਹੈ।ਨਿਜੀ ਤੇ ਧੜੇਬੰਦਕ ਸੋਚ ਦਾ ਤਿਆਗ ਕਰਕੇ ਗੁਰੂ ਦੀ ਭੈ-ਭਾਵਨੀ ਤੇ ਪੰਥਕ ਹਿਤਾਂ ਨੂੰ ਮੁੱਖ ਰੱਖ ਕੇ ਰਚਿਆ ਸੰਜੀਦਾ ਸੰਵਾਦ ਗੰਭੀਰ ਤੇ ਗੁੰਝਲਦਾਰ ਮੁੱਦਿਆਂ ਨੂੰ ਸੁਲਝਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਅ ਸਕਦਾ ਹੈ।ਪੰਥ ਵਿਚ ਏਕਤਾ, ਪਿਆਰ ਤੇ ਇਤਫਾਕ ਵਧਾਉਣ ਲਈ ਫੌਰੀ ਤੌਰ ਉਤੇ ਅਜਿਹੇ ਯਤਨ ਕਰਨਾ ਸਮੇਂ ਦੀ ਲੋੜ ਹੈ।ਖੁਸ਼ੀ ਦੀ ਗਲ ਹੈ ਕਿ ਜਰਮਨ ਨਿਵਾਸੀ ਭਾਈ ਨਿਰਮਲ ਸਿੰਘ ਹੰਸਪਾਲ ਵਰਗੇ ਕੁਝ ਫਿਕਰਮੰਦ ਪੰਥ ਦਰਦੀ ਇਸ ਭਰਾ-ਮਾਰੂ ਮਾਹੌਲ ਨੂੰ ਰੋਕਣ ਲਈ ਜਤਨਸ਼ੀਲ ਹਨ।ਇਸ ਪੱਖ ਤੋਂ ਦੇਸ਼-ਵਿਦੇਸ਼ ਦੇ ਕਿਸੇ ਵੀ ਪੰਥ ਦਰਦੀ ਵਲੋਂ ਨਿਜੀ ਰੂਪ ਜਾਂ ਸੰਸਥਾਗਤ ਪੱਖ ਤੋਂ ਕੀਤੇ ਜਾਣ ਵਾਲੇ ਸ਼ਲਾਘਾਯੋਗ ਉਪਰਾਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।