MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਆਲੋਕ ਵਰਮਾ ਨੇ ਸੀਵੀਸੀ ਅੱਗੇ ਰੱਖਿਆ ਆਪਣਾ ਪੱਖ

ਨਵੀਂ ਦਿੱਲੀ,  8 ਨਵੰਬਰ (ਮਪ) ਕੇਂਦਰੀ ਜਾਂਚ ਬਿਓਰੋ ਦੇ ਨਿਰਦੇਸ਼ਕ ਆਲੋਕ ਵਰਮਾ ਨੇ ਕੇਂਦਰੀ ਵਿਜ਼ੀਲੈਂਸ ਕਮਿਸ਼ਨਰ ਕੇਵੀ ਚੌਧਰੀ ਨਾਲ ਮੁਲਾਕਾਤ ਕੀਤੀ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਜਾਂਚ ਏਜੰਸੀ ਦੇ ਖਾਸ ਨਿਰਦੇਸ਼ਕ ਰਾਕੇਸ਼ ਅਸਥਾਨਾ ਵੱਲੋਂ ਉਨ੍ਹਾਂ ਤੇ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਰਮਾ ਦੁਪਹਿਰ ਇਕ ਵਜੇ ਕੇਂਦਰੀ ਵਿਜ਼ੀਲੈਂਸ ਆਯੋਗ ਦੇ ਦਫਤਰ ਵਿਖੇ ਪਹੁੰਚ ਅਤੇ ਉਨ੍ਹਾਂ ਨੇ ਚੌਧਰੀ ਅਤੇ ਵਿਜ਼ੀਲੈਂਸ ਕਮਿਸ਼ਨਰ ਸ਼ਰਦ ਕੁਮਾਰ ਨਾਲ ਮੁਲਾਕਾਤ ਕੀਤੀ। ਅਧਿਕਾਰੀਆਂ ਨੇ ਹੋਰ ਕੋਈ ਜਾਣਕਾਰੀ ਨਹੀਂ ਦਿਤੀ। ਸੁਪਰੀਮ ਕੋਰਟ ਨੇ 26 ਅਕਤੂਬਰ ਨੂੰ ਕੇਂਦਰੀ ਵਿਜ਼ੀਲੈਂਸ ਆਯੋਗ ਨੂੰ ਅਸਥਾਨਾ ਵੱਲੋਂ ਵਰਮਾ ਤੇ ਲਗਾਏ ਗਏ ਦੋਸ਼ਾਂ ਦੀ ਜਾਂਚ ਦੋ ਹਫਤਿਆਂ ਵਿਚ ਕਰਨ ਨੂੰ ਕਿਹਾ ਸੀ। ਵਰਮਾ ਅਤੇ ਅਸਥਾਨਾ ਨੂੰ ਕੇਂਦਰ ਸਰਕਾਰ ਨੇ ਛੁੱਟੀ ਤੇ ਭੇਜਿਆ ਹੋਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਅਸਥਾਨਾ ਨੇ ਵੀ ਚੌਧਰੀ ਅਤੇ ਕੁਮਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਆਯੋਗ ਨੇ ਮਹੱਤਵਪੂਰਨ ਮਾਮਲਿਆਂ ਦੀ ਜਾਂਚ ਕਰ ਰਹੇ ਸੀਬੀਆਈ ਦੇ ਕੁਝ ਅਧਿਕਾਰੀਆਂ ਤੋਂ ਪੁਛਗਿਛ ਕੀਤੀ ਸੀ। ਇਨ੍ਹਾਂ ਅਧਿਕਾਰੀਆਂ ਦੇ ਨਾਮ ਸੀਬੀਆਈ​ਮੁਖੀ ਵਰਮਾ ਦੇ ਵਿਰੁਧ ਭ੍ਰਿਸ਼ਟਾਚਾਰ ਦੀ ਅਸਥਾਨਾ ਦੀ ਸ਼ਿਕਾਇਤ ਵਿਚ ਸਾਹਮਣੇ ਆਏ ਸੀ। ਅਧਿਕਾਰੀਆਂ ਨੇ ਕਿਹਾ ਕਿ ਇੰਸਪੈਕਟਰ ਤੋਂ ਪੁਲਿਸ ਅਧਿਕਾਰੀ ਰੈਂਕ ਦੇ ਸੀਬੀਆਈ ਅਧਿਕਾਰੀਆਂ ਨੂੰ ਬੁਲਾਇਆ ਗਿਆ ਅਤੇ ਇਕ ਸੀਨੀਅਰ ਸੀਵੀਸੀ ਅਧਿਕਾਰੀ ਦੇ ਸਾਹਮਣੇ ਉਨ੍ਹਾਂ ਦਾ ਬਿਆਨ ਦਰਜ਼ ਕੀਤਾ। ਸੁਪਰੀਮ ਅਦਾਲਤ ਨੇ ਨਿਰਦੇਸ਼ ਦਿਤਾ ਸੀ ਕਿ ਵਰਮਾ ਦੇ ਵਿਰੁਧ ਦੋਸ਼ਾਂ ਦੀ ਸੀਵੀਸੀ ਦੀ ਜਾਂਚ ਦੀ ਨਿਗਰਾਨੀ ਸਿਖਰ ਅਦਾਲਤ ਦੇ ਸੇਵਾਮੁਕਤ ਜੱਜ ਏਕੇ ਪਟਨਾਇਕ ਕਰਨਗੇ। ਵਰਮਾ ਨੇ ਉਨ੍ਹਾਂ ਨੂੰ ਡਿਊਟੀ ਤੋਂ ਹਟਾਉਣ ਅਤੇ ਛੁੱਟੀ ਤੇ ਭੇਜਣ ਦੇ ਸਰਕਾਰ ਦੇ ਫੈਸਲੇ ਵਿਰੁਧ ਚੁਣੌਤੀ ਦਿਤੀ ਸੀ। ਸੀਬੀਆਈ ਨੇ ਹੈਦਰਾਬਾਦ ਦੇ ਕਾਰੋਬਾਰੀ ਸਨਾ ਸਤੀਸ਼ ਬਾਬੂ ਤੋਂ ਦੋ ਕਰੋੜ ਰੁਪਏ ਦੀ ਰਿਸ਼ਵਤ ਦੇ ਕਥਿਤ ਤੌਰ ਤੇ ਲੈਣ ਲਈ ਅਸਥਾਨਾ ਦੇ ਵਿਰੁਧ 15 ਅਕਤੂਬਰ ਨੂੰ ਐਫਆਈਆਰ ਦਰਜ਼ ਕੀਤੀ ਸੀ। ਕਥਿਤ ਰਿਸ਼ਵਤ ਮੀਟ ਕਾਰੋਬਾਰੀ ਮੋਈਨ ਕੁਰੈਸ਼ੀ ਵਿਰਧ ਜਾਂਚ ਪ੍ਰਭਾਵਿਤ ਕਰਨ ਲਈ ਵਿਚੌਲੇ ਮਨੋਜ ਪ੍ਰਸਾਦ ਅਤੇ ਸੋਮੇਸ਼ ਪ੍ਰਸਾਦ ਰਾਹੀ ਦਿਤੀ ਗਈ ਸੀ। ਅਸਥਾਨਾ ਨੇ 24 ਅਗਸਤ ਨੂੰ ਕੈਬਿਨੇਟ ਸੱਕਤਰ ਨੂੰ ਦਿਤੀ ਸ਼ਿਕਾਇਤ ਵਿਚ ਵਰਮਾ ਵਿਰੁਧ ਦੋਸ਼ ਲਗਾਏ ਸਨ ਕਿ ਉਨ੍ਹਾਂ ਨੂੰ ਪੁਛਗਿਛ ਵਿਚ ਮਦਦ ਦੇ ਬਦਲੇ ਸਨਾ ਤੋਂ ਦੋ ਕਰੋੜ ਰੁਪਏ ਦੀ ਰਿਸ਼ਵਤ ਮਿਲੀ ਸੀ।