MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮੁਲਕਾਂ ਦੀ ਅਰਥ-ਵਿਵਸਥਾ ਨੂੰ ਖੋਖ਼ਲਾ ਕਰ ਰਿਹੈ ਕੋਰੋਨਾ, ਜਰਮਨੀ ਦੇ ਮੰਤਰੀ ਨੇ ਚਿੰਤਾ 'ਚ ਕੀਤੀ ਖ਼ੁਦਕੁਸ਼ੀ

ਜਰਮਨੀ, 29 ਮਾਰਚ (ਮਪ) ਕੋਰੋਨਾ ਵਾਇਰਸ ਦੁਨੀਆ ਭਰ 'ਚ ਸਿਰਫ਼ ਲੋਕਾਂ ਦੀ ਜਾਨ ਹੀ ਨਹੀਂ ਲੈ ਰਿਹਾ.. ਇਹ ਅਰਥ-ਵਿਵਸਥਾ ਨੂੰ ਵੀ ਵੱਡਾ ਨੁਕਸਾਨ ਪਹੁੰਚਾ ਰਿਹਾ ਹੈ। ਸਮਾਚਾਰ ਏਜੰਸੀ ਏਐੱਫਪੀ ਦੀ ਰਿਪੋਰਟ ਅਨੁਸਾਰ, ਜਰਮਨੀ 'ਚ ਹੈਸੇ ਰਾਜ ਦੇ ਵਿੱਤ ਮੰਤਰੀ ਥਾਮਸ ਸ਼ਾਫ਼ਰ  ਨੇ ਕੋਰੋਨਾ ਦੇ ਕਹਿਰ ਦੇ ਚੱਲਦਿਆਂ ਦੇਸ਼ ਦੀ ਅਰਥ-ਵਿਵਸਥਾ ਨੂੰ ਹੋਏ ਭਾਰੀ ਨੁਕਸਾਨ ਤੋਂ ਚਿੰਤਤ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ। ਰਿਪੋਰਟ 'ਚ ਕਿਹਾ ਗਿਆ ਏ ਕਿ ਉਹ ਚਿੰਤਤ ਸਨ ਕਿ ਕੋਰੋਨਾ ਨੇ ਅਰਥ-ਵਿਵਸਥਾ ਨੂੰ ਜਿਸ ਤਰ੍ਹਾਂ ਭਾਰੀ ਨੁਕਸਾਨ ਪਹੁੰਚਾਇਆ ਹੈ, ਉਸ ਨਾਲ ਕਿਵੇਂ ਨਜਿੱਠਿਆ ਜਾਵੇ। ਸੂਬੇ ਦੇ ਪ੍ਰੀਮੀਅਰ ਵੋਲਕਰ ਨੇ ਐਤਵਾਰ ਨੂੰ ਦੱਸਿਆ ਕਿ 54 ਸਾਲਾ ਥਾਮਸ ਸ਼ਾਫਰ ਸ਼ਨਿਚਰਵਾਰ ਨੂੰ ਰੇਲਵੇ ਟਰੈਕ ਨੇੜੇ ਮ੍ਰਿਤਕ ਹਾਲਤ 'ਚ ਪਾਇਆ ਗਿਆ। ਵਾਈਜ਼ਬਾਡੇਨ ਅਭਿਯੋਜਨ ਦਫ਼ਤਰ ਦਾ ਮੰਨਣਾ ਹੈ ਕਿ ਸ਼ਾਫਰ ਨੇ ਖ਼ੁਦਕੁਸ਼ੀ ਕੀਤੀ ਹੈ। ਆਪਣੇ ਕੈਬਨਿਟ ਸਹਿਯੋਗੀ ਦੀ ਮੌਤ ਤੋਂ ਦੁਖੀ ਪ੍ਰੀਮੀਅਰ ਵੋਲਕਰ ਨੇ ਕਿਹਾ ਕਿ ਅਸੀਂ ਬੇਹੱਦ ਹੈਰਾਨ ਹਾਂ, ਸਾਨੂੰ ਯਕੀਨ ਹੀ ਨਹੀਂ ਹੋ ਰਿਹਾ। ਜਰਮਨੀ ਦੀ ਆਰਥਿਕ ਰਾਜਧਾਨੀ ਮੰਨੇ ਜਾਣ ਵਾਲੇ ਫਰੈਂਕਫਰਟ ਸ਼ਹਿਰ ਵੀ ਹੈਸੇ ਰਾਜ 'ਚ ਹੀ ਸਥਿਤ ਹੈ। ਇੱਥੇ ਵੱਡੇ ਵਿੱਤੀ ਬੈਂਕ ਵਰਗੇ ਡਿਊਸ ਅਤੇ ਕਾਮਰਸ ਬੈਂਕ ਦੇ ਹੈੱਡ ਕੁਆਰਟਰ ਮੌਜੂਦ ਹਨ।