MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਗਵਰਨਰ ਤੇ ਸੀਐੱਮ 'ਚ ਟਕਰਾਅ ਜਾਰੀ, 31 ਤਕ ਵਿਧਾਨ ਸਭਾ ਇਜਲਾਸ ਸੱਦਣ 'ਤੇ ਅੜੇ ਗਹਿਲੋਤ

ਜੈਪੁਰ  28 ਜੁਲਾਈ (ਮਪ) ਰਾਜਸਥਾਨ ਵਿਧਾਨ ਸਭਾ ਦਾ ਇਜਲਾਸ ਸੱਦਣ ਨੂੰ ਲੈ ਕੇ ਰਾਜਪਾਲ ਕਲਰਾਜ ਮਿਸ਼ਰ ਤੇ ਅਸ਼ੋਕ ਗਹਿਲੋਤ ਸਰਕਾਰ ਵਿਚਾਲੇ ਟਕਰਾਅ ਬਰਕਰਾਰ ਹੈ। ਸੂਬੇ ਵਿਚ ਚੱਲ ਰਹੀ ਸਿਆਸੀ ਜੰਗ ਦਰਮਿਆਨ ਅਸ਼ੋਕ ਗਹਿਲੋਤ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਪੰਜ ਦਿਨਾਂ ਵਿਚ ਤੀਜੀ ਵਾਰ ਮੀਟਿੰਗ ਕਰ ਕੇ ਵਿਧਾਨ ਸਭਾ ਇਜਲਾਸ 31 ਜੁਲਾਈ ਨੂੰ ਸੱਦਣ ਨੂੰ ਲੈ ਕੇ ਮੋਹਰ ਲਾਈ। ਮੰਤਰੀ ਮੰਡਲ ਵੱਲੋਂ ਪਾਸ ਮਤੇ ਨੂੰ ਸੰਸਦੀ ਕਾਰਜ ਵਿਭਾਗ ਜ਼ਰੀਏ ਰਾਜ ਭਵਨ ਭੇਜ ਕੇ 31 ਜੁਲਾਈ ਤੋਂ ਵਿਧਾਨ ਸਭਾ ਇਜਲਾਸ ਸੱਦਣ ਦੀ ਬੇਨਤੀ ਕੀਤੀ ਗਈ ਹੈ। ਮੰਤਰੀ ਮੰਡਲ ਦੀ ਮੀਟਿੰਗ ਵਿਚ ਰਾਜਪਾਲ ਮਿਸ਼ਰ ਵੱਲੋਂ ਉਠਾਏ ਗਏ ਇਤਰਾਜ਼ਾਂ 'ਤੇ ਵੀ ਚਰਚਾ ਹੋਈ। ਮੰਤਰੀ ਮੰਡਲ ਨੇ ਕਿਹਾ ਕਿ ਰਾਜਪਾਲ ਨੇ ਜੋ ਤਿੰਨ ਇਤਰਾਜ਼ ਪ੍ਰਗਟ ਕੀਤੇ ਹਨ ਉਨ੍ਹਾਂ ਵਿਚੋਂ ਦੋ ਵਿਧਾਨ ਸਭਾ ਸਪੀਕਰ ਤੇ ਇਕ ਸੂਬਾ ਸਰਕਾਰ ਨਾਲ ਸਬੰਧਿਤ ਹੈ। ਇਸ ਕਾਰਨ ਰਾਜਪਾਲ ਨੂੰ ਇਸ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ। ਮੰਤਰੀ ਮੰਡਲ ਨੇ ਹੁਣ ਤਕ ਵੱਖ-ਵੱਖ ਵਿਧਾਨ ਸਭਾਵਾਂ ਵਿਚ ਸ਼ਾਰਟ ਨੋਟਿਸ 'ਤੇ ਇਜਲਾਸ ਸੱਦੇ ਜਾਣ ਦੀ ਵਿਸਥਾਰ 'ਚ ਜਾਣਕਾਰੀ ਰਾਜਪਾਲ ਨੂੰ ਮਤੇ ਨਾਲ ਭੇਜੀ ਹੈ। ਮੰਤਰੀ ਮੰਡਲ ਨੇ ਕਿਹਾ ਕਿ ਮਿਸ਼ਰ ਦੇ ਰਾਜਪਾਲ ਰਹਿੰਦਿਆਂ ਮੌਜੂਦਾ ਵਿਧਾਨ ਸਭਾ ਵਿਚ ਹੀ ਚਾਰ ਵਾਰ ਦਸ ਦਿਨ ਤੋਂ ਘੱਟ ਸਮੇਂ ਦੇ ਨੋਟਿਸ 'ਤੇ ਇਜਲਾਸ ਸੱਦਿਆ ਜਾ ਚੁੱਕਾ ਹੈ। ਸੂਬਾ ਸਰਕਾਰ ਵੱਲੋਂ ਕਿਹਾ ਗਿਆ ਕਿ ਜੇ ਰਾਜਪਾਲ ਸਾਡੀ ਇਜਲਾਸ ਸੱਦਣ ਦੀ ਮੰਗ ਨਹੀਂ ਮੰਨਣਗੇ ਤਾਂ ਅਸੀਂ ਕੇਂਦਰ ਸਰਕਾਰ ਨੂੰ ਕਹਾਂਗੇ ਕਿ ਸੀਆਰਪੀਐੱਫ ਸੱਦ ਕੇ ਸਾਨੂੰ ਜੇਲ੍ਹ ਵਿਚ ਸੁੱਟ ਦਿਓ। ਅਸੀਂ ਮੁੜ ਚੋਣਾਂ ਜਿੱਤ ਕੇ ਆ ਜਾਵਾਂਗੇ। ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮਾਲ ਮੰਤਰੀ ਹਰੀਸ਼ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜਪਾਲ ਵਿਧਾਨ ਸਭਾ ਸਪੀਕਰ ਦੇ ਕੰਮ ਵਿਚ ਦਖ਼ਲ ਨਾ ਦੇਣ। ਸਰਕਾਰ 31 ਜੁਲਾਈ ਨੂੰ ਇਜਲਾਸ ਸੱਦਣਾ ਚਾਹੁੰਦੀ ਹੈ ਨਾ ਕਿ 21 ਦਿਨ ਦਾ ਨੋਟਿਸ ਜਾਰੀ ਕਰਨ ਤੋਂ ਬਾਅਦ। ਪਹਿਲਾਂ ਵੀ ਦੋ ਵਾਰ ਮਤਾ ਭੇਜ ਕੇ 31 ਜੁਲਾਈ ਤੋਂ ਇਜਲਾਸ ਸੱਦਣ ਦੀ ਅਪੀਲ ਰਾਜਪਾਲ ਨੂੰ ਕੀਤੀ ਜਾ ਚੁੱਕੀ ਹੈ। ਚੌਧਰੀ ਨੇ ਕਿਹਾ ਕਿ ਰਾਜਪਾਲ ਸਰਕਾਰ ਦਾ ਕੰਮ ਸਰਕਾਰ ਨੂੰ ਤੇ ਸਪੀਕਰ ਦਾ ਕੰਮ ਸਪੀਕਰ ਨੂੰ ਕਰਨ ਦੇਣ। ਰਾਜਪਾਲ ਸੁਪਰੀਮ ਕੋਰਟ ਦੇ ਫ਼ੈਸਲਿਆਂ ਅਨੁਸਾਰ ਹੀ ਕੰਮ ਕਰਨ। ਸਰਕਾਰ ਕੋਲ ਬਹੁਮਤ ਹੈ।