MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰੱਖਿਆ ਮੰਤਰੀ ਰਾਜਨਾਥ ਸਿੰਘ ਬੋਲੇ- ਸੁਰੱਖਿਅਤ ਪੁੱਜਾ ਰਾਫੇਲ, ਹੁਣ ਦੇਸ਼ ਦੇ ਦੁਸ਼ਮਣਾਂ ਨੂੰ ਸੋਚਣਾ ਪਵੇਗਾ

ਨਵੀਂ ਦਿੱਲੀ 29 ਜੁਲਾਈ (ਮਪ) ਫਰਾਂਸ ਤੋਂ ਲੰਬੀ ਉਡਾਨ ਤੋਂ ਬਾਅਦ ਰਾਫੇਲ ਜਹਾਜ਼ਾਂ ਦੇ ਪਹਿਲੇ ਜੱਥੇ ਦੀ ਅੰਬਾਲਾ ਏਅਰਬੇਸ 'ਤੇ ਸੁਰੱਖਿਅਤ ਲੈਂਡਿੰਗ ਹੋ ਗਈ ਹੈ। ਰੱਖਿਆ ਮੰਤਰੀ ਰਾਜਧਾਨੀ ਸਿੰਘ ਨੇ ਜਹਾਜ਼ਾਂ ਦੀ ਲੈਂਡਿੰਗ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਹਵਾਈ ਫ਼ੌਜ ਨੂੰ ਇਸ ਦੇ ਲਈ ਵਧਾਈ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ  ਨੇ ਕਿਹਾ ਹੈ ਕਿ ਹੁਣ ਦੇਸ਼ ਦੇ ਦੁਸ਼ਮਣਾਂ ਨੂੰ ਸੋਚਣਾ ਪਵੇਗਾ। ਜ਼ਿਕਰਯੋਗ ਹੈ ਕਿ ਭਾਰਤ ਨੇ ਹਵਾਈ ਫ਼ੌਜ ਲਈ 36 ਰਾਫੇਲ ਜਹਾਜ਼ ਖਰੀਦਣ ਲਈ ਚਾਰ ਸਾਲ ਪਹਿਲਾਂ ਫਰਾਂਸ ਨਾਲ 59 ਹਜ਼ਾਰ ਕਰੋੜ ਰੁਪਏ ਦਾ ਕਰਾਰ ਕੀਤਾ ਸੀ। ਫਰਾਂਸ ਦੇ ਬੰਦਰਗਾਹ ਸ਼ਹਿਰ ਬੋਰਡੇਆਸਕ 'ਚ ਹਵਾਈ ਫ਼ੌਜ ਅੱਡੇ ਤੋਂ ਰਵਾਨਾ ਹੋਏ ਇਹ ਜਹਾਜ਼ ਲਗਪਗ 7 ਹਜ਼ਾਰ ਕਿੱਲੋਮੀਟਰ ਦਾ ਸਫ਼ਰ ਤੈਅ ਕਰ ਕੇ ਬੁੱਧਵਾਰ ਨੂੰ ਅੰਬਾਲਾ ਹਵਾਈ ਫ਼ੌਜ ਅੱਡੇ 'ਤੇ ਪਹੁੰਚ ਗਏ। ਇਨ੍ਹਾਂ ਜਹਾਜ਼ਾਂ ਨੇ ਵਿਚਕਾਰ ਜਿਹੇ ਸਿਰਫ਼ ਸੰਯੁਕਤ ਅਰਬ ਅਮੀਰਾਤ 'ਚ ਲੈਂਡਿੰਗ ਕੀਤੀ ਸੀ। ਭਾਰਤ ਨੂੰ ਇਹ ਲੜਾਕੂ ਜਹਾਜ਼ ਅਜਿਹੇ ਸਮੇਂ ਮਿਲ ਰਹੇ ਹਨ ਜਦੋਂ ਉਸ ਦਾ ਪੂਰਬੀ ਲੱਦਾਖ 'ਚ ਸਰਹੱਦ ਦੇ ਮੱਦੇ 'ਤੇ ਚੀਨ ਨਾਲ ਰੇੜਕਾ ਚੱਲ ਰਿਹਾ ਹੈ। ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ 10 ਜਹਾਜ਼ਾਂ ਦੀ ਸਪਲਾਈ ਸਮੇਂ ਸਿਰ ਪੂਰੀ ਹੋ ਗਈ ਹੈ। ਇਨ੍ਹਾਂ ਵਿਚੋਂ 5 ਜਹਾਜ਼ ਪ੍ਰੀਖਣ ਮਿਸ਼ਨ ਲਈ ਫਰਾਂਸ 'ਚ ਹੀ ਰੁਕਣਗੇ। ਸਾਰੇ 36 ਜਹਾਜ਼ਾਂ ਦੀ ਸਪਲਾਈ ਸਾਲ 2021 ਦੇ ਅਖੀਰ ਤਕ ਪੂਰੀ ਹੋ ਜਾਵੇਗੀ। ਹਵਾਈ ਫ਼ੌਜ ਨੂੰ ਪਹਿਲਾਂ ਰਾਫੇਲ ਜਹਾਜ਼ ਪਿਛਲੇ ਸਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਫਰਾਂਸ ਯਾਤਰਾ ਦੌਰਾਨ ਸੌਂਪਿਆ ਗਿਆ ਸੀ। ਭਾਰਤ ਅਤੇ ਫਰਾਂਸ ਦੀਆਂ ਸਰਕਾਰਾਂ ਵਿਚਕਾਰ ਹੋਈ ਇਹ ਰੱਖਿਆ ਖਰੀਦ ਸਾਮਰਿਕ ਸਾਂਝੇਦਾਰੀ ਦਾ ਇਕ ਸ਼ਕਤੀਸ਼ਾਲੀ ਪ੍ਰਤੀਕ ਵੀ ਮੰਨੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਨੂੰ ਜੰਗੀ ਬੇੜੇ 'ਚ ਸ਼ਾਮਲ ਕਰਨ ਸਬੰਧੀ ਰਸਮੀ ਸਮਾਗਮ ਅਗਸਤ ਦੇ ਅੱਧ ਵਿਚ ਕੀਤਾ ਜਾ ਸਕਦਾ ਹੈ।