Sukhpal Singh Gill

ਪੇਂਡੂ ਰੁਜ਼ਗਾਰ ਗਰੰਟੀ ਦਾ ਉਦੇਸ਼ ਅਤੇ ਪੰਜਾਬ - ਸੁਖਪਾਲ ਸਿੰਘ ਗਿੱਲ

ਪੰਜਾਬ ਸਰਕਾਰ ਨੇ ਜੀ ਰਾਮ ਜੀ ਤੇ ਪੱਖ ਰੱਖਦਿਆਂ ਇਸ ਨੂੰ ਮਜ਼ਦੂਰ ਅਤੇ ਸੂਬਿਆਂ ਦੇ ਹਿੱਤਾਂ ਦੇ ਵਿਰੁੱਧ ਦੱਸਿਆ।ਇਸ ਮੁੱਦੇ ਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਸੱਦਿਆ ਗਿਆ ਹੈ।ਵੱਖ-ਵੱਖ ਜਥੇਬੰਦੀਆਂ ਵੀ ਇਸ ਦਾ ਵਿਰੋਧ ਕਰ ਰਹੀਆਂ ਹਨ।ਪਰ ਨਾਂ ਬਦਲਣ ਨਾਲੋਂ ਵੀ ਮਾੜਾ ਹੁੰਦਾ ਹੈ ਉਦੇਸ਼ ਬਦਲਣਾ, ਜੇ ਉਦੇਸ਼ ਉਹੀ ਹੋਵੇ ਤਾਂ ਇਸ ਮੁੱਦੇ ਨੂੰ ਸਿਆਸੀ ਗੋਲਾਬਾਰੀ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਉਂਝ ਦੂਜੇ ਬੰਨੇ ਨਾਮ ਬਦਲਣ ਤੋਂ ਬਿਨਾਂ ਵੀ ਸਾਰਿਆ ਜਾ ਸਕਦਾ ਹੈ। ਖਾਹਮਖਾਹ ਨਾਲੋਂ ਰੁਜ਼ਗਾਰ ਗਰੰਟੀ ਦੀ ਮਜ਼ਬੂਤੀ ਵੱਲ ਧਿਆਨ ਦੇਣਾ ਚਾਹੀਦਾ ਸੀ। ਚਲੋ ਖੈਰ ਗੱਲ ਉਦੇਸ਼ ਦੀ ਸਹੀ ਪੂਰਤੀ ਹੋਣੀ ਚਾਹੀਦੀ ਹੈ। ਮਗਨਰੇਗਾ ਹੋਵੇ ਜਾਂ ਵਿਕਸਿਤ ਭਾਰਤ ਜੀ.ਰਾਮ.ਜੀ ਇਹਨਾਂ ਦਾ ਉਦੇਸ਼ ਪੇਂਡੂ ਰੁਜ਼ਗਾਰ ਗਰੰਟੀ ਹੀ ਹੈ। ਹੁਣ ਮਗਨਰੇਗਾ ਦੇ ਨਾਮ ਨੂੰ ਬਦਲਣ ਦੀ  ਦੂਸ਼ਣਬਾਜੀ ਚੱਲ ਰਹੀ ਹੈ। ਜੋ ਕਿ ਦੋਵਾਂ ਪੱਖਾਂ(ਨਾਂ ਬਦਲਣਾ ਜਾਂ ਨਹੀਂ ਬਦਲਣਾ) ਤੋਂ ਸਹੀ ਨਹੀਂ ਜਾਪਦੀ। ਸ਼ੰਕਾਵਾਂ ਖੜੀਆਂ ਹੋ ਜਾਂਦੀਆਂ ਹਨ, ਕਿ ਕਿਤੇ ਮਜ਼ਦੂਰ ਅਤੇ ਪੇਂਡੂ ਰੁਜ਼ਗਾਰ ਵਲੂੰਧਰਿਆ ਨਾ ਜਾਵੇ। ਇਸ ਵਿਸ਼ੇ ਤੇ ਤਾਲਮੇਲ ਜ਼ਰੂਰੀ ਹੈ, ਕਿਉਂਕਿ ਇਹੀ ਤਾਲਮੇਲ ਰਾਹ ਦਰਸਾਉਂਦਾ ਹੈ। ਬੁਨਿਆਦੀ ਵਿਕਾਸ ਦੀ ਨੀਂਹ ਵੀ ਪੇਂਡੂ ਰੁਜ਼ਗਾਰ ਹੀ ਹੈ। ਸੰਵਿਧਾਨਿਕ ਮਰਿਆਦਾ ਹੈ ਕਿ ਪਾਰਲੀਮੈਂਟ ਵਿੱਚ ਸੰਵਾਦ ਨਾਲ ਮਸਲੇ ਹੱਲ ਹੋਣੇ ਚਾਹੀਦੇ ਹਨ। 
ਗੱਲ ਕਰਦੇ ਹਾਂ ਮਗਨਰੇਗਾ ਦੀ ਜੋ ਸਰਦਾਰ ਮਨਮੋਹਨ ਸਿੰਘ ਤਤਕਾਲੀ ਪ੍ਰਧਾਨ ਮੰਤਰੀ ਨੇ 2005 ਵਿੱਚ ਕਾਨੂੰਨੀ ਰੂਪ ਵਿੱਚ ਸ਼ੁਰੂ ਕੀਤੀ ਸੀ। ਇਸ ਦਾ ਉਦੇਸ਼ ਸਮਾਨ ਰੁਜ਼ਗਾਰ, ਪ੍ਰਵਾਸੀ  ਮਜ਼ਦੂਰ ਨੂੰ ਰੋਕਣਾ ਅਤੇ ਹਰ ਪੇਂਡੂ ਲਈ ਸਮਾਨ ਰੁਜ਼ਗਾਰ ਦੀ ਗਰੰਟੀ ਸੀ। ਇਹ ਰੁਜ਼ਗਾਰ ਗਰੰਟੀ 20 ਸਾਲ ਬਾਖੂਬੀ ਨਾਲ ਚੱਲੀ। ਇਸ ਬਾਰੇ ਮੌਜੂਦਾ ਸਰਕਾਰ ਦਾ ਵੀ ਸਹੀ ਵਿਚਾਰ ਹੈ ਕਿ ਮਗਨਰੇਗਾ ਨੇ ਪਿਛਲੇ 20 ਸਾਲ ਪਿੰਡਾਂ ਦਾ ਬਦਲਾਓ ਅਤੇ ਵਿਕਾਸ ਕੀਤਾ। ਜਿਸ ਨਾਲ ਇਸ ਨੂੰ ਹੋਰ ਵੀ ਮਜਬੂਤ ਬਣਾਉਣ ਲਈ ਇਸ ਵਿੱਚ ਬਦਲਾਓ ਕੀਤੇ ਜਾ ਰਹੇ ਹਨ। ਇਸ ਸਮੇਂ ਇਸਦਾ ਨਾਂ ਬਦਲਣ ਦੀ ਸਿਆਸਤ ਪਿੱਛੇ ਦੂਸ਼ਣਬਾਜੀ ਜਾਰੀ ਹੈ, ਪਰ ਦੂਜੇ ਪਾਸੇ ਭਾਰਤ ਦਾ ਪਵਿੱਤਰ ਸਦਨ ਜੋ ਵੀ ਪ੍ਰਵਾਨ ਕਰਦਾ ਹੈ ਉਸ ਨੂੰ ਮੰਨਣਾ ਸਾਡਾ ਸਭ ਦਾ ਫਰਜ਼ ਵੀ ਹੈ। ਨਾਮ ਬਦਲਣ ਦੀ ਸਿਆਸਤ ਹਰ ਸਰਕਾਰ ਚ ਹੁੰਦੀ ਹੈ। ਇਸੇ ਲਈ ਕਿਹਾ ਵੀ ਜਾਂਦਾ ਹੈ ਕਿ "ਸਾਡੀ ਸਰਕਾਰ ਸਾਡਾ ਨਾਂ" ਸੱਚ ਤਾਂ ਇਹ ਹੈ ਕਿ ਜੇ ਉਦੇਸ਼ ਦੀ ਪੂਰਤੀ ਹੋ ਜਾਵੇ ਤਾਂ ਸਭ ਕੁਝ ਢਕਿਆ ਜਾਂਦਾ ਹੈ। ਇਸ ਲਈ ਸੰਵਾਦ ਜ਼ਰੂਰੀ ਹੈ ਜੋ ਪਵਿੱਤਰ ਸਦਨ ਵਿੱਚ ਹੋ ਹੀ ਜਾਂਦਾ ਹੈ। ਇਸ ਲਈ ਮਿਖਾਇਲ ਬਾਖਤਿਵ ਨੇ ਕਿਹਾ ਸੀ, "ਸੱਚ ਕਿਸੇ ਮਨੁੱਖ ਦੇ ਮਨ ਚ ਜਨਮ ਨਹੀਂ ਲੈਂਦਾ, ਇਹ ਮਨੁੱਖਾਂ ਵਿਚਕਾਰ ਸੰਵਾਦ ਤੋਂ ਪੈਦਾ ਹੁੰਦਾ ਹੈ" 
         ਮਜ਼ਦੂਰ ਤੇ ਸਰਕਾਰ ਵਿੱਚਕਾਰ ਫਾਸਲੇ ਹੁੰਦੇ ਹਨ। ਇਸੇ ਲਈ ਪੇਂਡੂ ਰੁਜ਼ਗਾਰ ਦਾ ਕਾਨੂੰਨ ਘੜਿਆ ਗਿਆ ਸੀ। ਇਸ ਤੋਂ ਪਹਿਲਾਂ ਮਜ਼ਦੂਰ ਦਾ ਹੁਲੀਆ ਕੁਝ ਹੋਰ ਸੀ। ਇਸ ਲਈ ਸੰਤ ਰਾਮ ਉਦਾਸੀ ਦੀ ਕਵਿਤਾ ਸਾਂਝੀ ਕਰਨੀ ਬਣਦੀ ਹੈ, "ਜਿੱਥੇ ਲੋਕ ਬੜੇ ਮਜਬੂਰ ਜਿਹੇ, ਦਿੱਲੀ ਦੇ ਦਿਲ ਤੋਂ ਦੂਰ ਜਿਹੇ, ਤੇ ਭੁੱਖਾਂ ਵਿੱਚ ਮਸ਼ਹੂਰ ਜਿਹੇ,ਜਿੱਥੇ ਮਰ ਕੇ ਚਾਂਭਲ ਜਾਂਦੇ ਨੇ ਭੂਤ ਜਠੇਰੇ, ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ" ਰਾਜਨੀਤੀ ਦਾ ਫਰਜ਼ ਹੈ ਕਿ ਨੀਤੀ ਬਣਾਵੇ। ਇਸੇ ਕਰਕੇ ਹੀ ਲੋੜ ਕਾਂਡ ਦੀ ਮਾਂ ਤੇ ਕਥਨ ਅਨੁਸਾਰ ਪੇਂਡੂ ਰੁਜ਼ਗਾਰ ਕਾਨੂੰਨ ਦੀ ਸੋਝੀ ਸੁੱਝੀ ਸੀ। ਰੁਜ਼ਗਾਰ ਗਰੰਟੀ ਕਾਨੂੰਨ ਸਹੀ ਸਮੇਂ ਤੇ ਸਹੀ ਸਫ਼ੇ ਤੇ ਲਿਖੀ ਇਬਾਰਤ ਸਾਬਿਤ ਹੋ ਰਹੀ ਹੈ। ਪੰਜਾਬ ਲਈ ਰੁਜ਼ਗਾਰ ਕਾਨੂੰਨ ਖੇਤੀ ਖੇਤਰ ਵਿੱਚ ਵੀ ਯੋਗਦਾਨ ਪਾਉਂਦਾ ਰਿਹਾ। ਸਰਮਾਏਦਾਰੀ ਨੂੰ ਠੱਲ੍ਹ  ਪਾਉਣ ਲਈ ਵੀ ਇਹ ਰੁਜ਼ਗਾਰ ਗਰੰਟੀ ਸਹੀ ਸਾਬਤ ਹੋਈ। ਮਜ਼ਦੂਰ ਤਾਂ ਸੋਚਦਾ ਹੈ ਨਾ ਇਧਰ ਕੀ ਨਾ ਉਧਰ ਕੀ ਕਰ,ਬਾਤ ਮੇਰੇ ਮਤਲਬ ਦੀ ਗੱਲ ਕਰ। ਇਸ ਲਈ ਸਿਆਸੀ ਗਲਿਆਰਿਆਂ ਨੂੰ ਪੇਂਡੂ ਰੁਜ਼ਗਾਰ ਗਰੰਟੀ  ਮਜਬੂਤ ਤਰੀਕੇ ਨਾਲ ਲਾਗੂ ਕਰਨੀ ਚਾਹੀਦੀ ਹੈ। ਮਜ਼ਦੂਰ ਨਾਲ ਫਾਸਲੇ ਘਟਾ ਕੇ ਇਸ ਵਰਤਾਰੇ ਨੂੰ ਅਤੇ ਇਸ ਵਰਗ ਨੂੰ ਸੰਘਰਸ਼ ਦੇ ਰਾਹਾਂ ਤੋਂ ਰੋਕਣਾ ਚਾਹੀਦਾ ਹੈ। 
ਮਗਨਰੇਗਾ ਕੇਂਦਰ ਅਤੇ ਰਾਜਾਂ ਦਾ 90 ਅਨੁਪਾਤ 10 ਹਿੱਸਾ ਸੀ। ਇਸ ਨੇ ਸਾਰਥਕ ਲਾਭ ਵੀ ਦਿੱਤੇ। ਇਸੀ ਸਰਕਾਰ ਨੇ 20-21 ਵਿੱਚ ਬਜਟ ਚ ਨਰੇਗਾ ਲਈ 40 ਹਜ਼ਾਰ ਕਰੋੜ ਤੋਂ ਵੱਧ ਖਰਚਿਆ।ਇਸ ਨਾਲ ਇਕ ਲੱਖ 11 ਹਜ਼ਾਰ ਕਰੋੜ ਵਾਧੂ ਖਰਚੇ ਗਏ। 2021-22 ਵਿੱਚ ਮਗਨਰੇਗਾ ਨੇ 73 ਹਜ਼ਾਰ ਕਰੋੜ ਦੀ ਬਜਾਏ ਮਗਨਰੇਗਾ ਤੇ 98 ਹਜ਼ਾਰ ਕਰੋੜ ਰੁਪਏ ਖਰਚੇ। ਇਸ ਲਈ ਸਰਕਾਰ ਦਾ ਦਾਮਨ ਠੀਕ ਹੀ ਰਿਹਾ। ਹਾਂ ਇੱਕ ਗੱਲ ਜ਼ਰੂਰ ਹੈ ਕਿ 27.97 ਕਰੋੜ ਜਾਬ ਕਾਰਡਾਂ ਨੂੰ ਰੁਜ਼ਗਾਰ ਦੇਣਾ ਹੋਵੇ ਤਾਂ ਬਜਟ ਦੋ ਲੱਖ ਕਰੋੜ ਤੋਂ ਵੱਧ ਹੋਣਾ ਚਾਹੀਦਾ ਹੈ। ਇਸ ਦੇ ਮਟੀਰੀਅਲ ਤੇ ਲੇਬਰ ਦੀ ਰੇਸ਼ੋ 60:40 ਰਹੀ। ਪੰਜ ਏਕੜ ਤੋਂ ਘੱਟ ਜ਼ਮੀਨ ਵਾਲਾ ਵੀ ਇਸ ਦਾ ਲਾਭ ਲੈ ਸਕਿਆ। 40 ਜਾਬ ਕਾਰਡਾਂ ਪਿੱਛੇ ਇੱਕ ਮੇਟ ਲਗਾਉਂਣਾ ਪੈਂਦਾ ਹੈ। 2500 ਜਾਬ ਕਾਰਡਾਂ ਪਿੱਛੇ ਤਿੰਨ ਟੈਕਨੀਕਲ ਅਸਿਸਟੈਂਟ ਕੰਮ ਕਰਦੇ ਹਨ। ਭਾਰਤ ਚ 27.98 ਕਰੋੜ ਜਾਬ ਕਾਰਡ ਹਨ, ਜਿਨਾਂ ਵਿੱਚੋਂ 12 ਕਰੋੜ 16 ਲੱਖ 37 ਹਜ਼ਾਰ, ਐਕਟਿਵ ਨਰੇਗਾ ਵਰਕਰ ਹਨ। ਪੰਜਾਬ ਵਿੱਚ ਐਕਟਿਵ ਨਰੇਗਾ ਵਰਕਰ 14 ਲੱਖ99 ਹਜ਼ਾਰ 461 ਹਨ। ਇੱਕ ਪਿਛਲੇ ਅੰਕੜੇ ਅਨੁਸਾਰ ਮਗਨਰੇਗਾ ਕਾਮਿਆਂ ਵਿੱਚੋਂ 71.32 ਫੀਸਦੀ ਅਨੁਸੂਚਿਤ ਜਾਤੀਆਂ ਅਤੇ 66.31 ਫੀਸ ਼ਦੀ ਔਰਤਾਂ ਹਨ। ਇਹਦੇ ਨਾਹ-ਪੱਖੀ ਪ੍ਰਭਾਵ ਵੀ ਹਨ, ਜਿਵੇਂ ਕਿ ਲੇਟ ਮਜ਼ਦੂਰੀ, ਰੁਜ਼ਗਾਰ ਨਾ ਮਿਲਣਾ ਅਤੇ ਬੇਰੁਜ਼ਗਾਰੀ ਭੱਤਾ ਵਗੈਰਾ-ਵਗੈਰਾ।
        ਸਿਆਸੀ ਸਫਾਂ ਤੇ ਉੱਕਰੀ ਇਬਾਰਤ ਤਹਿਤ ਹੁਣ ਸਰਕਾਰ ਨੇ ਮਗਨਰੇਗਾ ਦੀ ਥਾਂ ਤੇ ਇਸਦਾ ਨਾਮ  ਬਦਲ ਕੇ ਵਿਕਸਿਤ ਭਾਰਤ ਗਰੰਟੀ ਰੁਜ਼ਗਾਰ ਔਰ ਆਜੀਵਕਾ ਮਿਸ਼ਨ ਗ੍ਰਾਮੀਣ (ਵਿਕਸਿਤ ਭਾਰਤ ਜੀ ਰਾਮ ਜੀ) ਕੀਤਾ ਹੈ।ਇਸ ਵਿੱਚ 100 ਦਿਨ ਦੀ ਬਜਾਏ 125 ਦਿਨ ਦਾ ਰੁਜ਼ਗਾਰ ਕੀਤਾ ਗਿਆ ਹੈ। ਉੱਤਰ -ਪੂਰਬੀ ਰਾਜਾਂ ਵਿੱਚ ਕੇਂਦਰ ਰਾਜਾਂ ਦਾ 90 ਅਨੁਪਾਤ 10 ਦੀ ਰੇਸ਼ੋ ਕੀਤੀ ਗਈ ਹੈ। ਬਾਕੀ ਸੂਬਿਆਂ ਵਿੱਚ 60 ਅਨੁਪਾਤ 40 ਦੀ ਰੇਸ਼ੋ ਰੱਖੀ ਗਈ ਹੈ। ਕੇਂਦਰ ਰਾਜਾਂ ਦੀ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਸ ਗਰੰਟੀ ਕਾਨੂੰਨ ਦਾ ਖਰਚਾ ਕੇਂਦਰ ਚੁੱਕੇਗੀ ।ਬੇਰੁਜ਼ਗਾਰੀ ਭੱਤਾ ਰਾਜ ਦੇਵੇਗਾ। ਇਸ ਨਵੇਂ ਨਾਮ ਦਾ ਉਦੇਸ਼ ਵਿਕਸਿਤ ਭਾਰਤ 2047 ਨੂੰ ਮੁਖ਼ਾਤਿਬ ਹੈ। ਨਵਾਂ ਨਾਮ ਜਲ ਸੁਰੱਖਿਆ ਦੀ ਗਰੰਟੀ ਵੀ ਦਿੰਦਾ ਹੈ। ਸਰਕਾਰ ਦਾ ਪੱਖ ਹੈ ਕਿ ਨਵਾਂ ਨਾਮ ਮਹਾਤਮਾ ਗਾਂਧੀ ਦੀ ਭਾਵਨਾ ਤਹਿਤ ਹੈ।ਇੱਕ ਲੱਖ ਹਜਾਰ ਕਰੋੜ ਦੀ ਰਕਮ ਦੀ ਤਜਵੀਜ਼ ਕੀਤੀ ਗਈ ਹੈ। ਇਸ ਬਿੱਲ ਨਾਲ ਸਰਕਾਰ ਕਹਿੰਦੀ ਹੈ ਕਿ ਗਰੀਬ ਦਾ ਸਨਮਾਨ ਅਤੇ ਮਹਾਤਮਾ ਗਾਂਧੀ ਦਾ ਸੁਪਨਾ ਪੂਰਾ ਕੀਤਾ ਗਿਆ ਹੈ। ਇਹ ਨਾਮ ਮਹਾਤਮਾਂ ਗਾਂਧੀ ਦੀ ਭਾਵਨਾ ਦੇ ਅਨਰੂਪ ਹੈ। ਇਸ ਕਾਨੂੰਨੀ ਗਰੰਟੀ ਤਹਿਤ ਬਿਜਾਈ ਅਤੇ ਵਾਢੀ ਦੇ 60 ਦਿਨਾਂ ਵਿੱਚ ਇਹ ਕਾਨੂੰਨ ਲਾਗੂ ਨਹੀਂ ਹੋਵੇਗਾ ਤਾਂ ਕਿ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਸਮੇਂ ਤੇ ਮਜ਼ਦੂਰੀ ਦੀ ਕਿੱਲਤ ਨਾ ਆਵੇ। ਕੇਂਦਰ ਰਾਜਾਂ ਦਾ 60:40 ਦੀ ਬਜਾਏ 90 ਅਨੁਪਾਤ 10 ਠੀਕ ਨਹੀਂ ਜਾਪਦਾ।ਇਹ ਮਜ਼ਦੂਰ ਦੇ ਹਿੱਤ ਵਿੱਚ ਵੀ ਨਹੀਂ ਹੈ। ਇਸ ਨਵੇਂ ਨਾਮ ਨਾਲ ਕਨੂੰਨ  ਸੈਂਟਰਲ ਗ੍ਰਾਮੀਣ ਰੁਜ਼ਗਾਰ ਗਰੰਟੀ ਕੌਂਸਲ ਅਧੀਨ ਹੋਵੇਗਾ। ਇਸ ਦੀ ਖੂਬੀ ਇਹ ਹੈ ਕਿ ਜੀਓ ਟੈਗਿੰਗ, ਡਿਜ਼ੀਟਲ ਰਿਕਾਰਡਿੰਗ ਅਤੇ ਹੋਰ ਤਕਨੀਕਾਂ ਪਾਰਦਰਸ਼ਤਾ ਨਾਲ ਰੱਖਣੀਆਂ ਪੈਣਗੀਆਂ।
      ਨਵੇਂ ਸਫੇ ਤੇ ਲਿਖੀ ਗਈ ਇਬਾਰਤ ਵਿਕਸਿਤ ਭਾਰਤ ਜੀ ਰਾਮ ਜੀ ਦਾ ਉਦੇਸ਼ ਵੀ ਪੇਂਡੂ ਰੁਜ਼ਗਾਰ ਨੂੰ ਹੁਲਾਰਾ ਅਤੇ ਸਹੀਬੰਧ ਕਰਨਾ ਹੈ। ਆਰਥਿਕ ਨਾ ਬਰਾਬਰੀ ਕਾਰਨ ਪੇਂਡੂ ਸ਼ਹਿਰੀ ਅਤੇ ਅਮੀਰ ਗਰੀਬ ਦਾ ਜੋ ਪਾੜਾ ਵੱਧਦਾ ਹੈ ਉਸ ਨੂੰ ਕਾਬੂ ਹੇਠ ਵੀ ਕਰਨਾ ਹੈ। ਅਰਸਤੂ ਕਹਿੰਦਾ ਹੈ ਕਿ ਰਾਜਨੀਤੀ ਦਾ ਨਿਸ਼ਾਨਾ ਭਲਾਈ ਹੋਣਾ ਚਾਹੀਦਾ ਹੈ। ਇਸੇ ਲਈ ਪੇਂਡੂ ਮਜ਼ਦੂਰਾਂ ਦੀ ਰੁਜ਼ਗਾਰ ਗਰੰਟੀ ਨੂੰ ਹੱਲਾਸ਼ੇਰੀ ਅਤੇ ਲਾਜ਼ਮੀ ਕਰਨਾ ਸਰਕਾਰ ਦਾ ਫਰਜ਼ ਹੈ। ਇਸ ਨਵੇਂ ਰੁਜ਼ਗਾਰ ਗਰੰਟੀ ਨਾਮ ਤਹਿਤ ਬੀਮਾ ਵੀ ਲਾਜ਼ਮੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਕਨੂੰਨੀ ਗਰੰਟੀ ਤਹਿਤ ਰੱਖੇ ਗਏ ਮੁਲਾਜ਼ਮਾਂ ਨੂੰ ਵੀ ਪੱਕਾ ਕੀਤਾ ਜਾਣਾ ਚਾਹੀਦਾ ਹੈ। ਮੁੱਕਦੀ ਗੱਲ ਇਹ ਹੈ ਕਿ ਪੇਂਡੂ ਰੁਜ਼ਗਾਰ ਨੂੰ ਲਗਨ, ਇੱਛਾ ਸ਼ਕਤੀ ਨਾਲ ਅਤੇ ਦ੍ਰਿੜਤਾ ਨਾਲ ਹੋਰ ਵੀ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਇਸ ਨਾਲ ਹੀ ਇਹ ਨਵੇਂ ਪੇਂਡੂ ਰੁਜ਼ਗਾਰ ਗਰੰਟੀ ਕਾਨੂੰਨ ਦੇ ਉਦੇਸ਼ ਦੀ ਪੂਰਤੀ ਹੋ ਸਕੇਗੀ। ਸਿਆਸੀ ਗੋਲਾਬਾਰੀ ਦੀ ਬਜਾਏ ਸਭ ਧਿਰਾਂ ਪੇਂਡੂ ਰੁਜ਼ਗਾਰ ਗਰੰਟੀ ਕਾਨੂੰਨ ਦੇ ਪਹਿਰਾ ਦੇਣ।ਇਸ ਨਾਲ ਭਾਰਤ ਤੇਜ਼ੀ ਨਾਲ ਵਿਕਸਿਤ ਹੋਵੇਗਾ।
    ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 
9878111445

ਪ੍ਰਵਾਸ ਦੇ ਆਇਨੇ ਰਾਹੀਂ ਪੰਜਾਬ ਦੀ ਤਸਵੀਰ - ਸੁਖਪਾਲ ਸਿੰਘ ਗਿੱਲ

ਪ੍ਰਵਾਸ ਇੱਕ ਸਮਾਜਿਕ ਅਤੇ ਸੱਭਿਆਚਾਰਕ ਵਰਤਾਰਾ ਹੈ ਇਸ ਦੇ ਪਿਛੋਕੜ ਵਿੱਚ ਆਰਥਿਕ ਲੋੜਾਂ, ਰੁਜ਼ਗਾਰ, ਆਜ਼ਾਦੀ ਅਤੇ ਖੁਸ਼ਹਾਲੀ ਦੀਆਂ ਭਾਵਨਾਵਾਂ ਆਦਿ ਕਾਰਜਸ਼ੀਲ ਹੁੰਦੀਆਂ ਹਨ।ਪੰਜਾਬ ਦੇ ਗੂੜ ਸਮਾਜ, ਸਾਹਿਤ ਅਤੇ ਸੱਭਿਆਚਾਰ ਉੱਤੇ ਪ੍ਰਵਾਸ ਨੇ ਆਪਣਾ ਪੂਰਾ ਰੰਗ ਗੂੜ੍ਹਾ ਕਰਕੇ ਚੜਾ ਲਿਆ ਹੈ। ਇਸ ਲਈ ਹਰ ਪੰਜਾਬੀ ਪ੍ਰਵਾਸ ਦੀ ਆਸ ਵਿੱਚ ਗਵਾਚਿਆ ਰਹਿੰਦਾ ਹੈ। ਪੰਜਾਬ ਨੈਤਿਕ ਨਾਬਰੀ ਅਤੇ ਇੱਜਤ ਆਬਰੂ ਦਾ ਪ੍ਰਤੀਕ ਸ਼ੁਰੂ ਤੋਂ ਹੀ ਰਿਹਾ ਹੈ।ਹੁਣ ਪ੍ਰਵਾਸ ਨੇ ਇਸਨੂੰ ਢਾਅ ਲਾਈ ਹੈ।ਇਸ ਪ੍ਰਵਾਸ ਪ੍ਰਤੀ ਪੰਜਾਬ ਅੰਦਰੋਂ ਹਾਂ-ਪੱਖੀ ਹੁੰਗਾਰਾ ਵੀ ਮਿਲਦਾ ਹੈ। ਆਜ਼ਾਦੀ ਤੋਂ ਬਾਅਦ ਸਭ ਤੋਂ ਪਹਿਲਾਂ ਪੰਜਾਬ ਦਾ ਦੁਆਬਾ ਖੇਤਰ ਲਗਭਗ 1949-50 ਦੇ ਨੇੜੇ ਬਾਹਰਲੇ ਮੁਲਕਾਂ ਵਿੱਚ ਜਾਣਾ ਸ਼ੁਰੂ ਹੋਇਆ। ਹੌਲੀ-ਹੌਲੀ ਇਹ ਚੰਗਿਆੜੀ ਸਾਰੇ ਪੰਜਾਬ ਵਿੱਚ ਫੈਲ ਗਈ। ਫਿਰ ਪੰਜਾਬੀ ਉਪਰੋਂ ਥਲੀ ਕਰਕੇ ਅਤੇ ਗਲਤ ਤੌਰ ਤਰੀਕੇ ਅਪਣਾ ਕੇ ਬਾਹਰ ਜਾਣ ਲੱਗੇ। ਖੇਤੀ ਪ੍ਰਧਾਨ ਸੂਬੇ ਕਰਕੇ ਅਤੇ ਜ਼ਮੀਨ ਨੂੰ ਮਾਂ ਸਮਝਣ ਵਾਲੇ ਪੰਜਾਬੀਆਂ ਦੀ ਰੂਹ ਨਾਲ ਉੰਝ ਪ੍ਰਵਾਸ ਦਾ ਮੇਲ ਨਹੀਂ ਹੈ। ਪੰਜਾਬੀਆਂ ਦਾ ਖੇਤੀ ਕਿੱਤਾ ਪਵਿੱਤਰ ਤੇ ਗੁਲਾਮੀ ਰਹਿਤ ਹੈ। ਕਿਹਾ ਵੀ ਗਿਆ ਹੈ,"ਉੱਤਮ ਖੇਤੀ, ਮੱਧਮ ਵਿਉਪਾਰ ਤੇ ਨੀਚ ਚਾਕਰੀ" ਪਹਿਲੇ ਥੋੜਾ ਸਮਾਂ ਬਾਹਰਲੇ ਮੁਲਕਾਂ ਚ ਕਮਾਈ ਕਰਕੇ ਵਾਪਸ ਆ ਜਾਂਦੇ ਸਨ। ਹੁਣ ਅਜਿਹਾ ਨਹੀਂ ਹੋ ਰਿਹਾ। ਖੇਤੀ ਬਾਰੇ ਵੀ ਸ਼ੰਕਾ ਰਹਿਣ ਕਰਕੇ ਮੰਡੀਆਂ ਚ ਜੱਟ ਦੇ ਰੁਲਣ ਦੀ ਸੰਭਾਵਨਾ ਰਹਿੰਦੀ ਹੈ। ਸੁਰੱਖਿਅਤ ਮਹਿਸੂਸ ਕਰਨ ਕਰਕੇ ਪੰਜਾਬੀ ਬਾਹਰ ਜਾਣ ਲੱਗੇ ਹਨ। ਪ੍ਰਵਾਸ ਹੋਣ ਕਰਕੇ ਸੱਭਿਆਚਾਰ ਦੇ ਪੱਖ ਤੋਂ ਪੰਜਾਬੀ ਬੋਲੀ ਵੀ ਗ੍ਰਸ ਜਾਂਦੀ ਹੈ, ਪ੍ਰਵਾਸ ਰੁਜ਼ਗਾਰ ਲਈ ਹੁੰਦਾ ਹੈ। ਭਾਸ਼ਾ ਨਾਲ ਰੁਜ਼ਗਾਰ ਦਾ ਮੇਲ ਹੈ। ਆਈਲੈਟ ਲਈ ਅੰਗਰੇਜ਼ੀ ਚਾਹੀਦੀ ਹੈ।ਇਸ ਲਈ ਪੰਜਾਬੀ ਪ੍ਰਤੀ ਬੇਗਾਨਗੀ ਹੁੰਦੀ ਹੈ। ਸੁਰਜੀਤ ਪਾਤਰ ਜੀ ਨੇ ਵੀ ਕਿਹਾ ਸੀ "ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ------"
                   ਪੰਜਾਬ ਦੀ 25 ਲੱਖ ਤੋਂ ਉੱਪਰ ਆਬਾਦੀ ਵਿਦੇਸ਼ਾਂ ਚ ਵਸੀ ਹੈ। ਤਤਕਾਲੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜੋਗਿੰਦਰ ਸਿੰਘ ਪਵਾਰ ਨੇ ਪ੍ਰਵਾਸ ਦੇ ਰੁਝਾਨ ਰੋਕਣ ਲਈ ਰੁਜ਼ਗਾਰ ਗਰੰਟੀ ਘੜਨ ਦੀ ਨਸੀਹਤ ਦਿੱਤੀ ਸੀ। ਪੰਜਾਬ ਵਿੱਚ ਇੱਕ ਵਾਰ ਸਕਿਲਡ ਸੈਂਟਰ ਅਤੇ ਆਈਟੀ ਆਈਜ਼  ਸਥਾਪਿਤ ਹੋਈਆਂ ਹਨ। ਪਰ ਇਹ ਇਹਨਾਂ ਵਿੱਚੋਂ ਨਿਕਲੇ ਨੌਜਵਾਨਾਂ ਨੂੰ ਅੱਗੇ ਕੋਈ ਸੁਰੱਖਿਤ ਰਸਤਾ ਨਹੀਂ ਦਿਖਿਆ। ਇਹ ਇੱਕ ਵੱਡਾ ਕਾਰਨ ਹੈ ਪੰਜਾਬ ਦੀ ਬੇਰੁਜ਼ਗਾਰੀ ਦਰ 2019 ਵਿੱਚ 8.2 ਸੀ। ਕਨੇਡਾ ਦੀ ਵਸੋਂ ਦਾ 1.3 ਪ੍ਰਤੀਸ਼ਤ ਪੰਜਾਬੀ ਹਨ।  ਪੰਜਾਬ ਚ 55 ਲੱਖ ਘਰ ਹਨ 2014 ਤੋਂ 2021 ਤੱਕ 54.36 ਲੱਖ ਪਾਸਪੋਰਟ ਬਣੇ। ਪੰਜਾਬ ਚ 14 ਪਾਸਪੋਰਟ ਕੇਂਦਰ 7 ਤੋਂ 11 ਦਿਨਾਂ ਦੇ ਅੰਦਰ ਅੰਦਰ ਪਾਸਪੋਰਟ ਬਣਾਉਂਦੇ ਹਨ। 2018 ਚ 6031, 2019 ਚ 73574, 2020 ਚ 3312 ਅਤੇ ਕਰੋਨਾ ਕਾਲ ਵਿੱਚ ਕੁੱਝ ਮੱਧਮ ਪਏ। ਕਰੋਨਾ ਨੇ ਅੰਕੜੇ ਥੰਮੇ ਸਨ। ਸਿਰਫ ਕਨੇਡਾ ਦਾ ਰੁਝਾਨ 2014 -16 'ਚ ਜਿਆਦਾ ਵਧਿਆ ਸੀ, ਇਸ ਸਮੇਂ 75,000 ਪੰਜਾਬੀ ਕਨੇਡਾ ਗਏ ਸਨ।ਉਸ ਤੋਂ ਬਾਅਦ ਚੱਲ ਸੋ ਚੱਲ। ਕੈਨੇਡਾ ਨੇ 200 ਕਾਲਜ ਵਿਦੇਸ਼ੀਆਂ ਲਈ ਖੋਲੇ ਸਨ । ਜਿਸਦਾ ਟੀਚਾ 4,9400 ਸੀ। 2018 ਵਿੱਚ 25 ਹਜ਼ਾਰ ਵਿਦਿਆਰਥੀ ਆਸਟਰੇਲੀਆ ਗਏ। ਹਰ ਸਾਲ 27 ਹਜਾਰ ਕਰੋੜ ਰੁਪਈਆ ਪੰਜਾਬੀਆਂ ਦਾ ਵਿਦੇਸ਼ੀ ਖਾਤਿਆਂ ਵਿੱਚ ਚਲਾ ਜਾਂਦਾ ਹੈ। ਇਸ ਤੋਂ ਇਲਾਵਾ ਉੱਥੋਂ ਦੇ ਕਾਲਜ ਮਨਮਰਜ਼ੀ ਕਰਕੇ ਨੌਜਵਾਨਾਂ ਦਾ ਸ਼ੋਸਣ ਵੀ ਕਰਦੇ ਹੋਣਗੇ।
    ਸਭ ਤੋਂ ਮਾੜਾ ਹੈ ਕਿ ਗੈਰ ਕਾਨੂੰਨੀ ਪ੍ਰਵਾਸ ਕਰਨਾ। ਪੰਜਾਬੀ ਇੱਕ ਸਮੇਂ ਤਾਂ ਗੈਰਕੁਨੀ ਪ੍ਰਵਾਸ ਨੂੰ ਆਪਣੀ ਹੋਬੀ ਸਮਝਦੇ ਸਨ। ਪਨਾਮਾ ਜੰਗਲ ਅਤੇ ਕਿਸ਼ਤੀਆਂ ਦਾ ਡੁੱਬਣਾ ਵੀ ਗੈਰ ਕਾਨੂੰਨੀ ਪ੍ਰਵਾਸ ਦੀ ਗਤੀ ਨੂੰ ਮੱਧਮ ਨਹੀਂ ਕਰ ਸਕਿਆ।ਇਸ ਤੋਂ ਸਾਡੇ ਸਿਸਟਮ ਦਾ ਪਤਾ ਚਲਦਾ ਹੈ ਕਿ ਕਿੰਨਾ ਜੋਖ਼ਮ ਉੱਠਾ ਕੇ ਵੀ ਸਾਡੇ ਨੌਜਵਾਨ ਗੈਰ ਕਾਨੂੰਨੀ ਪ੍ਰਵਾਸ ਨੂੰ ਤਰਜੀਹ ਦਿੰਦੇ ਹਨ।ਡੋਨਾਲਡ ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸ ਘੱਟ ਕਰਨ ਦੇ ਚੋਣ ਵਾਅਦੇ ਨਾਲ ਅਮਰੀਕਾ ਚ ਪ੍ਰਵਾਸ ਦੀ ਗਤੀ ਮੱਧਮ ਹੋਈ ਹੈ ।ਅਮਰੀਕਾ ਵਿੱਚ ਸਰਹੱਦ ਪਾਰ ਕਰਨ ਵਾਲੇ ਜਿਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਉਹਨਾਂ ਦੀ ਗਿਣਤੀ ਪਿਛਲੇ 50 ਸਾਲਾਂ ਦੇ ਇਤਿਹਾਸ ਦੇ ਹੇਠਲੇ ਪੱਧਰ ਤੇ ਆ ਗਈ ਹੈ। ਸਤੰਬਰ 2025 ਵਿੱਚ ਅਮਰੀਕਾ ਮੈਕਸੀਕੋ ਸਰਹੱਦ ਤੇ 11647 ਲੋਕਾਂ ਨੂੰ ਹਿਰਾਸਤ ਲਿਆ ਗਿਆ, ਜਦਕਿ ਸਤੰਬਰ 2024 ਵਿੱਚ ਇਹ ਗਿਣਤੀ ਇਕ 101000 ਹੋ ਗਈ,2023 ਸਤੰਬਰ ਵਿੱਚ 69700 ਸੀ। ਇਸ ਤੋਂ ਜ਼ਾਹਿਰ ਹੈ ਕਿ ਟਰੰਪ ਦਾ ਚੋਣ ਵਾਅਦੇ ਵਾਲਾ ਪੱਤਾ ਕੰਮ ਕਰ ਗਿਆ। 2025 'ਚ ਅਮਰੀਕਾ ਨੇ 3528 ਭਾਰਤੀ ਡਿਪੋਰਟ ਕੀਤੇ, 2024 ਵਿੱਚ ਇਹ ਗਿਣਤੀ 1368 ਸੀ, ਜਦ ਕਿ 2023 ਵਿੱਚ ਇਹ ਗਿਣਤੀ 617 ਸੀ। ਮਨੁੱਖੀ ਸਮਗਲਿੰਗ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇਸ ਤੋਂ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਜਾਂਦੇ ਹਨ। ਸਟੇਟਸ ਸਿੰਬਲ ਅਤੇ ਲੈ-ਨੱਠ ਰੀਸੋ ਰੀਸ ਕਰਕੇ ਵੀ ਪੰਜਾਬੀ ਪ੍ਰਵਾਸ ਦੀ ਚੱਕੀ ਵਿੱਚ ਪਿਸ ਰਹੇ ਹਨ। 
ਪ੍ਰਵਾਸ ਦਾ ਸਾਡੇ ਪੰਜਾਬ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਪਤਾ ਨਹੀਂ ਨੈਤਿਕ ਨਾਬਰੀ ਵਿੱਚੋਂ ਗੁਜਰਦਾ ਹੋਇਆ ਵੀ ਪ੍ਰਵਾਸ ਵੱਲ ਕਿਵੇਂ ਦੀਵਾਨਾ ਹੋ ਗਿਆ। ਇਹ ਗੱਲ ਸਮਝ ਤੋਂ ਬਾਹਰ ਹੈ। ਦੁਨੀਆਂ ਦੇ ਪ੍ਰਵਾਸੀਆਂ ਵਿੱਚੋਂ ਇੱਕ ਵੀਹਵਾਂ ਭਾਰਤ ਵਿੱਚ ਪੈਦਾ ਹੋਇਆ ਹੈ। ਇਹ ਅੰਕੜਾ ਵਿਸ਼ਵ ਵਿਆਪੀ ਪ੍ਰਵਾਸ ਨੂੰ ਪ੍ਰਭਾਵਿਤ ਕਰ ਰਿਹਾ ਹੈ। ਵਿਸ਼ਵ ਪ੍ਰਵਾਸ ਰਿਪੋਰਟ 2024 ਤਹਿਤ ਸਾਲ 2022 ਤੱਕ ਭਾਰਤ ਚ ਪੈਦਾ ਹੋਏ ਲਗਭਗ 1.8 ਕਰੋੜ ਲੋਕ ਦੁਨੀਆਂ ਦੇ ਦੂਜੇ ਦੇਸ਼ਾਂ ਵਿੱਚ ਜਾ ਕੇ ਵਸ ਗਏ। ਪਿਛਲੇ 25 ਸਾਲਾਂ ਚ ਪ੍ਰਵਾਸੀ ਭਾਰਤੀਆਂ ਦੀ ਗਿਣਤੀ ਦੁਗਣੀ ਤੋਂ ਵੀ ਵੱਧ ਗਈ।ਦੁਬਈ ਯੂਏਈ ਵਿੱਚ 35 ਲੱਖ ਪ੍ਰਵਾਸੀ ਭਾਰਤੀ ਹਨ। ਅਮਰੀਕਾ ਅਤੇ ਸਾਊਦੀ ਅਰਬ ਵਿਚ 27 ਅਤੇ 25 ਲੱਖ ਪ੍ਰਵਾਸੀ ਹਨ। ਅਮਰੀਕਾ ਦੀ ਇੱਕ  ਆਡਿਟ ਪ੍ਰਕਿਰਿਆ ਮੁਕੰਮਲ ਕੀਤੀ ਗਈ ਜਿਸ ਚ 17 ਹਜ਼ਾਰ ਵਪਾਰਕ ਡਰਾਈਵਰ ਲਾਇਸੰਸ ਰੱਦ ਕੀਤੇ ਗਏ। ਇਹ ਲਾਇਸੈਂਸ  ਉਹਨਾਂ ਲੋਕਾਂ ਦੇ ਸਨ ਜਿਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਰਹਿਣ ਦੀ ਆਗਿਆ ਨਹੀਂ ਸੀ।ਉਹ ਗੈਰਕਨੂੰਨੀ ਰਹਿ ਰਹੇ ਸਨ।
ਪੰਜਾਬ ਵਿੱਚ ਪ੍ਰਵਾਸ ਦਾ ਸੱਭਿਆਚਾਰ ਤੇ ਪ੍ਰਭਾਵ ਉਦੋਂ ਪੈਣਾ ਸ਼ੁਰੂ ਹੋਇਆ ਜਦੋਂ ਚਾਰ ਦਹਾਕੇ ਪਹਿਲਾਂ ਦੁਬਈ ਜਾਣਾ ਸ਼ੁਰੂ ਹੋਇਆ ਦੁਬਈ ਪੱਕੇ ਨਹੀਂ ਹੁੰਦੇ ਸਨ। ਪੰਜਾਬੀ ਲੋਕ ਕਮਾਈ ਲਈ ਜਾਂਦੇ ਸਨ ਤੇ ਕੁਝ ਟਾਈਮ ਕਮਾ ਕੇ ਜਵਾਨੀ ਦੇ ਦਿਨਾਂ ਵਿੱਚ ਵਾਪਸ ਆ ਜਾਂਦੇ ਸਨ। ਉਸ ਤੋਂ ਬਾਅਦ ਆਪਣਾ ਜੀਵਨ ਪੰਜਾਬ ਵਿੱਚ ਬਸਰ ਕਰਕੇ ਪੰਜਾਬੀ ਸੱਭਿਆਚਾਰ ਪ੍ਰਤੀ ਸਮਰਪਿਤ ਰਹਿੰਦੇ ਸਨ। ਸਾਡੇ ਗੀਤਾਂ ਸੰਗੀਤਾਂ ਰੀਤੀਆਂ ਵਿੱਚ ਵੀ ਪ੍ਰਵਾਸ ਦਾ ਅਸਰ ਹੈ। ਹੇਠ ਲਿਖੀ ਬੋਲੀ ਇਸਦੀ ਗਵਾਹੀ ਹੈ," ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਰੰਬੇ, ਡੁਬਈ ਲੈ ਗਈ ਪੁੱਟ ਕੇ, ਸਾਰੇ ਰੌਣਕੀ ਬੰਦੇ" ਹਾਂ ਇੱਕ ਗੱਲ ਜ਼ਰੂਰ ਹੈ ਸਾਡੇ ਪ੍ਰਵਾਸੀਆਂ ਨੇ ਵਿਦੇਸ਼ਾਂ ਵਿੱਚ ਵੀ ਸੱਭਿਆਚਾਰ ਸਾਂਭ ਕੇ ਰੱਖਿਆ ਹੋਇਆ ਹੈ ।ਪ੍ਰਵਾਸ ਕਰਕੇ ਜਦੋਂ  ਨਵੀਂ ਜਗ੍ਹਾ ਜਾਂਦੇ ਹਾਂ ਤਾਂ ਉੱਥੋਂ ਦਾ ਸੱਭਿਆਚਾਰ ਕਬੂਲਣਾ ਪੈਂਦਾ ਹੈ। ਮਾਣਮੱਤੇ ਪੰਜਾਬੀਆਂ ਨੇ ਆਪਣਾ ਸੱਭਿਆਚਾਰ ਵਿਦੇਸ਼ਾਂ ਵਿੱਚ ਵੀ ਸਾਂਭ ਕੇ ਰੱਖਿਆ ਹੋਇਆ ਹੈ।ਹੁਣ ਤਾਂ ਸੋਸ਼ਲ ਮੀਡੀਏ ਨੇ ਕੰਮ ਸੁਖਾਲਾ ਕਰ ਦਿੱਤਾ ਹੈ ।ਜਦੋਂ ਪੰਜਾਬ ਨੂੰ ਪ੍ਰਵਾਸ ਦੀ ਹੋੜ ਵਿੱਚ ਦੇਖਿਆਂ ਜਾਂਦਾ ਹੈ ਤਾਂ ਇੱਕ ਗੱਲ ਸ਼ਸ਼ ਮੀਸ਼ਾ ਜੀ ਦੀ ਨਜ਼ਮ ਵਿੱਚੋਂ ਸੰਭਲਣ ਦਾ ਮੌਕਾ ਦਿੰਦੀ ਹੈ, "ਪੱਤੀ ਪੱਤੀ ਵਲੂੰਧਰੀ ਗਈ, ਉਸ ਦੀ, ਸ਼ਰਫ ਕਰਦਾ ਸੀ, ਜਿਹੜੇ ਪੰਜਾਬ ਦੀ ਗੱਲ" ਓਪਰੇ ਮਾਹੌਲ ਵਿੱਚ ਵਿਚਰਨ ਕਰਕੇ ਪ੍ਰਵਾਸੀ ਪੰਜਾਬੀਆਂ ਨੂੰ ਬਾਬੂ ਫ਼ਿਰੋਜ਼ਦੀਨ ਸ਼ਰਫ ਦੀ ਇਹ ਸਤਰ ਵੀ ਯਾਦ ਆਉਂਦੀ ਹੋਵੇਗੀ, "ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਈਓ, ਜਿਵੇਂ ਸੋਹਣੇ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓ"
ਮਿਹਨਤ ਕਰਨੀ, ਕਮਾਉਣਾ ਅਤੇ ਰੁਜ਼ਗਾਰ ਪਾਲਣਾ ਮਾੜੀ ਗੱਲ ਨਹੀਂ ਹੈ ।ਰੌਲਾ ਇਹ ਹੈ ਜਦੋਂ ਪ੍ਰਵਾਸ ਵਿੱਚੋਂ ਆਵਾਸ ਪੈਦਾ ਹੁੰਦਾ ਹੈ ਤਾਂ ਪੰਜਾਬ ਨੂੰ ਹਰ ਪੱਖੋਂ ਨੁਕਸਾਨ ਹੁੰਦਾ ਹੈ। 
ਅੱਜ ਪੰਜਾਬ ਪ੍ਰਵਾਸ ਸਬੰਧੀ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਖੁਸ਼ੀ ਨਾਲ ਅਤੇ ਲਾਚਾਰੀ ਨਾਲ ਕੀਤੇ ਗਏ ਪ੍ਰਵਾਸ ਵਿੱਚ ਫ਼ਰਕ ਹੁੰਦਾ ਹੈ। ਅੱਜ ਭਾਵੇਂ ਸਰਕਾਰ ਨੇ ਨੌਜਵਾਨਾਂ ਪ੍ਰਤੀ ਨੌਕਰੀਆਂ ਦੇਣ ਦੇ ਯਤਨ ਜਾਰੀ ਰੱਖੇ ਹੋਏ ਹਨ, ਪਰ ਫਿਰ ਵੀ ਨੌਜਵਾਨ ਠੱਗਿਆ ਅਤੇ ਅਸੁੱਰਖਿਅਤ ਮਹਿਸੂਸ ਕਰ ਰਿਹਾ ਹੈ। ਪੰਜਾਬ ਵਿੱਚੋਂ ਪ੍ਰਵਾਸ ਲਈ ਗਿਆ ਪੈਸਾ ਉਥੋਂ ਦੇ ਅਰਥਚਾਰੇ ਨੂੰ ਮਜਬੂਤ ਕਰ ਰਿਹਾ ਹੈ। ਮਾਹਰ ਦੱਸਦੇ ਹਨ ਕਿ ਭਵਿੱਖੀ ਪੰਜਾਬ ਦੀ ਚਿੰਤਾ ਇਹ ਹੈ ਕਿ ਪ੍ਰਵਾਸ ਦਾ ਯੂ ਟਰਨ ਔਖਾ ਹੈ। ਇਸ ਨਾਲ ਲੱਖਾਂ ਪੰਜਾਬੀ ਆਪਣੇ ਪੇਟ ਨੂੰ ਗੰਢ ਮਾਰ ਕੇ ਵਿਕਸਿਤ ਦੇਸ਼ਾਂ ਨੂੰ ਹੋਰ ਮਜ਼ਬੂਤ ਕਰਨ ਤੇ ਤੁਲੇ ਹੋਏ ਹਨ। ਮਾਹੌਲ ਇਹ ਵੀ ਬਣ ਜਾਂਦਾ ਹੈ ਕਿ ਪੰਜਾਬੀਆਂ ਅੰਦਰ ਪੰਜਾਬ ਪ੍ਰਤੀ ਡਰ ਭੈਅ ਹਊਆ ਬਣਿਆ ਰਹਿੰਦਾ ਹੈ। ਪੰਜਾਬ ਲਈ ਪੰਜਾਬੀਆਂ ਦੀ ਇਹ ਬੇਵਿਸਾਹੀ ਬੇਹੱਦ ਫਿਕਰ ਵਾਲਾ ਵਿਸ਼ਾ ਬਣ ਗਈ ਹੈ।ਜਿਸ ਲਈ ਵੇਲਾ ਬੀਤਣ ਤੋਂ ਬਾਅਦ ਜਾਗਣ ਨਾਲ ਹੋਰ ਵੀ ਔਖਾ ਹੋ ਜਾਵੇਗਾ। ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਪੰਜਾਬ ਦਾ ਪ੍ਰਵਾਸ ਨਾਲ ਪੁਰਾਣਾ ਰਿਸ਼ਤਾ ਹੈ ਉਸ ਤਰਜ਼ ਤੇ ਦੇਖਿਆ ਜਾਵੇ ਤਾਂ ਸਾਡੀ ਪਹਿਲੀ ਪੀੜ੍ਹੀ ਆਰਥਿਕਤਾ ਦੀ ਝੰਬੀ ਪ੍ਰਵਾਸ ਕਰ ਗਈ,ਦੂਜੀ ਪੀੜ੍ਹੀ ਹੋਂਦ ਦੀ ਲੜਾਈ ਵਿੱਚ ਭਟਕ ਕੇ ਗਈ,ਤੀਜੀ ਪੀੜ੍ਹੀ ਸਵੈਮਾਣ ਅਤੇ ਸਵੈ ਹੋਂਦ ਲਈ ਗਈ,ਚੌਥੀ ਪੀੜ੍ਹੀ ਉੱਥੋਂ ਦੇ ਕਲਚਰ ਵਿੱਚ ਢਲ ਗਈ। ਇਹਨਾਂ ਵਲ ਦੇਖਕੇ ਐਥੇ ਵਾਲੇ ਹੋਰ ਵੀ ਆਕਰਸ਼ਿਤ ਹੋ ਰਹੇ ਹਨ। ਪਹਿਲੇ ਪ੍ਰਵਾਸ ਮੁਸ਼ਕਲ ਵਾਲਾ ਹੁੰਦਾ ਹੈ। ਸਥਿਤੀਆਂ ਅਤੇ ਪ੍ਰਸਥਿਤੀਆਂ ਬਦਲਦੀਆਂ ਰਹਿੰਦੀਆਂ ਹਨ।ਹੁਣ ਵੀ ਲਚਾਰੀ ਅਤੇ ਨਸਲੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ।
         ਪ੍ਰਵਾਸ ਦੀ ਸਮੱਸਿਆ ਦਾ ਹੱਲ ਲੱਭਣਾ ਸਰਕਾਰ ਦੇ ਜ਼ਿੰਮੇ ਹੈ। ਸਰਕਾਰੀ ਢਾਂਚੇ ਨੂੰ ਸੁਧਾਰ ਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਪੰਜਾਬੀ ਅਵਾਮ ਖੁਦ ਵੀ ਸੋਚੇ। ਨੌਜਵਾਨ ਅਜਿਹੇ ਤਾਣੇ ਬਾਣੇ ਵਿੱਚ ਫਸ ਗਏ ਹਨ ਕਿ ਕੋਈ ਸੰਘਰਸ਼ ਵੀ ਨਹੀਂ ਕਰ ਸਕਦੇ।ਉਹ ਤਾਂ ਪ੍ਰਵਾਸ ਕਾਰਨ ਮਾਪਿਆਂ ਸਮੇਤ ਸਿਰ ਚੜ੍ਹੇ ਕਰਜ਼ੇ ਦੀ ਪੀੜਾਂ ਹੰਢਾ ਰਹੇ ਹਨ। ਪੰਜਾਬ ਚ ਰੁਜ਼ਗਾਰ ਦੇ ਨਾਕਾਫੀ ਮੌਕੇ ਮੌਜੂਦਾ ਸਰਕਾਰ ਸਹੀ ਕਰਨ ਵਲ ਕਦਮ ਚੁੱਕ ਰਹੀ ਹੈ। ਇੱਥੇ ਕੁਨਬਾ ਪ੍ਰਸਤੀ, ਬੇਇਨਸਾਫ਼ੀ, ਗੁੰਡਾਗਰਦੀ ਅਤੇ ਪੁਲਿਸ ਦਾ ਅਮਾਨਵੀ ਵਿਵਹਾਰ ਖਤਮ ਹੋਣਾ ਚਾਹੀਦਾ ਹੈ। ਇੱਥੇ ਮਾਪੇ ਅੱਜ ਵੀ ਕਹਿੰਦੇ ਹਨ ਕਿ ਅਸੀਂ ਤਾਂ ਲੰਘਾ ਲਈ ਤੁਸੀਂ ਬਾਹਰ ਜਾ ਕੇ ਸੁਰੱਖਿਅਤ ਹੋ ਜਾਓ। ਅਜਿਹਾ ਕਿਉਂ? ਇੱਕ ਪ੍ਰੀਵਾਰ ਦੇ ਪ੍ਰਵਾਸ ਵਾਲੇ ਬੱਚੇ ਨੂੰ ਮਾਂ ਪਿਓ ਮਿਲਣ ਜਾਂਦੇ ਹਨ ਤਾਂ ਚਾਰ ਪੰਜ ਲੱਖ ਦਾ ਫਾਇਦਾ ਦੂਜੇ ਮੁਲਕ ਨੂੰ ਦੇ ਆਉਂਦੇ ਹਨ। ਪੰਜਾਬ ਅਤੇ ਪੰਜਾਬੀ ਉਸੇ ਕਾਇਨਾਤ ਦਾ ਹਿੱਸਾ ਹਨ ਜਿਸ ਵਿੱਚ ਕਾਰਪੋਰੇਟ ਵਲ ਝੁਕਾ ਹੈ। ਹੁਣੇ ਹਵਾਈ ਲਫ਼ੜਾ ਹੋਇਆ ਹਵਾਈ ਟਿਕਟ ਵਧਾ ਦਿੱਤੀ।ਕੀ ਪੰਜਾਬੀ ਆਪਣੀ ਫਸਲ ਦਾ ਭਾਅ ਵਧਾ ਸਕਦੇ ਹਨ। ਨਹੀਂ ਕਦਾਚਿੱਤ ਨਹੀਂ। ਮੌਜੂਦਾ ਸਰਕਾਰ ਦੇ ਨਿਵੇਸ਼ ਦੇ ਯਤਨ ਜਾਰੀ ਹਨ,ਪਰ ਆਰਥਿਕ ਅਤੇ ਸਿਹਤ ਪੱਖੋਂ ਸੂਬਾ ਸਹਿਕਦਾ ਹੈ। ਉਜ਼ਰਤਾਂ ਘੱਟ ਹਨ।ਇਸ ਸਮੁੱਚੇ ਜ਼ੁਲਮ ਵਿਰੁੱਧ ਪੰਜਾਬੀ ਨੌਜਵਾਨ ਬੇਵੱਸ ਹਨ। ਪਿਛਲੀਆਂ ਸਰਕਾਰਾਂ ਪ੍ਰਵਾਸ ਨੂੰ ਰੋਕਣ ਚ ਠੋਸ ਉਪਰਾਲੇ ਨਹੀਂ ਕਰ ਸਕੀਆਂ। ਹੁਣ ਤਾਂ ਪੰਜਾਬੀ ਪ੍ਰਵਾਸ ਲੋਚਦੇ ਹਨ। ਪੰਜਾਬ ਨੂੰ ਹਮੇਸ਼ਾ ਛੱਡਦੇ ਹੋਏ ਕਿਸੇ ਸ਼ਾਇਰ ਦੀ ਜ਼ਬਾਨੀ ਇਹ ਗਵਾਹੀ ਭਰਦੇ ਹਨ,
"ਅਸੀਂ ਹਵਾਈ ਅੱਡਿਆਂ ਤੇ ਖੜੇ ਹਾਂ, ਅਸੀਂ ਵਾਪਿਸ ਨਹੀਂ ਆਉਣਾ,ਇਹ ਨਾੜੂ ਅਸੀਂ ਵੱਢ ਦਿੱਤਾ ਏ, ਅਸੀਂ ਪ੍ਰਦੇਸ਼ ਜਾਵਾਂਗੇ, ਪਿੰਡ ਆਪਣੇ ਉੱਥੇ ਵਸਾਵਾਂਗੇ, ਗੁਰੂ ਘਰ ਬਣਾ ਅਰਦਾਸ ਕਰਾਂਗੇ, ਪਿੰਡ ਪਿਛਲਾ ਵਸਦਾ ਰਹੇ, ਗੁਆਂਢੀਆਂ ਦਾ ਬਾਪੂ ਹੱਸਦਾ ਰਹੇ,ਸਾਡੇ ਨਾਲ ਨਾਰਾਜ਼ ਨਾ ਹੋਣਾ,ਬਿਰਖ ਤੋਂ ਵੱਖ ਹੋ ਰਹੇ ਪੱਤੇ ਹਾਂ ਅਸੀਂ, ਭੰਗੜੇ ਪਾ ਪਾ ਸਭ ਦਾ ਧਿਆਨ ਖਿੱਚਦੇ,ਥਈਆਂ ਥਈਆਂ ਨੱਚਦੇ, ਅਸੀਂ ਬਹੁਤ ਕੁੱਝ ਭੁੱਲਣਾ ਚਾਹੁੰਦੇ ਹਾਂ, ਗ਼ਦਰੀ ਬਾਬੇ, ਜਲਿਆਂਵਾਲਾ ਬਾਗ਼, ਰਬਾਬ ਚੋਂ ਉੱਠਦੇ ਰਾਗ,ਕੋਈ ਕਿੰਨਾ ਕੁਝ ਯਾਦ ਰੱਖੇ? ਦੁੱਖ ਕਿੰਨਾ ਕੁਝ ਵੰਡਾਏ ਕੋਈ? ਅਸੀਂ ਜਾ ਰਹੇ ਹਾਂ"
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 
9878111445

ਸਾਂਝੇ ਪੰਜਾਬ ਦੀ ਧੀ ਸੁਰਿੰਦਰ ਕੌਰ ਨੂੰ ਯਾਦ ਕਰਦਿਆਂ  ਸੁਖਪਾਲ ਸਿੰਘ ਗਿੱਲ

ਸਦਾਬਹਾਰ ਗਾਇਕਾ ਸੁਰਿੰਦਰ ਕੌਰ 25 ਨਵੰਬਰ 1929 ਨੂੰ ਸਾਂਝੇ ਪੰਜਾਬ ਦੇ ਲਾਹੌਰ ਚ ਜਨਮੀ ਸੀ। ਉਹਨਾਂ ਦੇ ਪਿਤਾ ਦਾ ਨਾਮ ਬਿਸ਼ਨ ਦਾਸ ਅਤੇ ਮਾਤਾ ਦਾ ਨਾਮ ਮਾਇਆ ਦੇਵੀ ਸੀ। ਇਹਨਾਂ ਦੀਆਂ ਪੰਜ ਭੈਣਾਂ ਸਨ, ਨਰਿੰਦਰ ਕੌਰ, ਮਹਿੰਦਰ ਕੌਰ, ਮਨਜੀਤ ਕੌਰ, ਪ੍ਰਕਾਸ਼ ਕੌਰ।ਸੁਰਿੰਦਰ ਕੌਰ ਨੇ ਮੁੱਢਲੀ ਸਿੱਖਿਆ ਲਾਹੌਰ ਲਾਗੇ ਦਬੁਰਜੀ ਸਕੂਲ ਤੋਂ ਪ੍ਰਾਪਤ ਕੀਤੀ ਸੀ। ਉਹਨਾਂ ਨੇ ਆਪਣੀ ਸੰਗੀਤਕ ਤਾਲੀਮ ਅਨਾਇਤ ਹੁਸੈਨ ਅਤੇ ਪੰਡਿਤ ਮਨੀ ਪ੍ਰਸ਼ਾਦ ਤੋਂ ਪ੍ਰਾਪਤ ਕੀਤੀ ਸੀ। ਸਭ ਤੋਂ ਪਹਿਲੀ ਵਾਰ ਉਹਨਾਂ ਦੀ ਪਛਾਣ ਲਾਹੌਰ ਰੇਡੀਓ ਤੋਂ ਬਣੀ। ਲਾਹੌਰ ਰੇਡੀਓ ਤੇ 1943 ਵਿੱਚ ਉਨਾਂ ਨੇ ਆਪਣਾ ਗੀਤ ਪੇਸ਼ ਕੀਤਾ, "ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਂਏ"ਇਸ ਨਾਲ ਉਹਨਾਂ ਦੀ ਸਿਰੇ ਤੱਕ ਪਹਿਚਾਣ ਬਣ ਗਈ। ਇਸ ਗੀਤ ਤੋਂ ਖੁਸ਼ ਹੋ ਕੇ  ਐਚਐਮਬੀ ਕੰਪਨੀ ਨੇ ਇਹ ਗੀਤ ਰਿਕਾਰਡ ਕੀਤਾ ਸੀ ।ਬਸ ਫਿਰ ਚੱਲ ਸੋ ਚੱਲ।ਸੱਭਿਆਚਾਰ ਨੂੰ ਨਾਲ ਹੀ ਲੈ ਕੇ ਜਨਮੀ ਸੁਰਿੰਦਰ ਕੌਰ ਨੇ ਸੁਥਰੀ ਗਾਇਕੀ ਨੂੰ ਸਾਂਭ-ਸਾਂਭ ਰੱਖਿਆ ਹੋਇਆ ਸੀ। ਕਾਰਲ ਮਾਰਕਸ ਨੇ ਕਿਸੇ ਸਮੇਂ ਕਿਹਾ ਸੀ ਕਿ," ਮੈਨੂੰ ਆਪਣੀ ਪੀੜੀ ਦੇ ਪੰਜ ਗਾਣੇ ਸੁਣਾ ਦਿਓ, ਮੈਂ ਤੁਹਾਡੀ ਪੀੜੀ ਦਾ ਭਵਿੱਖ ਦੱਸ ਦਿਆਂਗਾ" ਇਸੇ ਤਰਜ਼ ਤੇ ਸੁਰਿੰਦਰ ਕੌਰ ਨੇ ਸੱਭਿਆਚਾਰਕ  ਗੀਤ ਗਾਏ। ਉਹਨਾਂ ਨੇ ਸਾਰੀ ਗਾਇਕੀ ਲੱਚਰਤਾ ਤੋਂ ਦੂਰ ਰੱਖੀ। 
1947 ਨੂੰ ਬਟਵਾਰੇ ਦੇ ਸੇਕ ਤੋਂ ਬਾਅਦ ਸੁਰਿੰਦਰ ਕੌਰ ਦਿੱਲੀ ਲਾਗੇ ਗਾਜੀਆਬਾਦ ਵਿੱਚ ਆ ਕੇ ਵਸ ਗਈ।ਇਸੇ ਸਮੇਂ ਦੌਰਾਨ ਉਨਾਂ ਦਾ ਵਿਆਹ ਸਾਇਕਾਲੋਜੀ ਦੇ ਪ੍ਰੋਫੈਸਰ ਜੋਗਿੰਦਰ ਸਿੰਘ ਸੋਢੀ ਨਾਲ ਹੋਇਆ। 1948 ਤੋਂ 1952 ਤੱਕ ਬਾਲੀਵੁੱਡ ਵਿੱਚ ਛਾਈ ਰਹੀ। ਉਨਾਂ ਨੇ 2000 ਤੋਂ ਵੱਧ ਗੀਤ ਗਾਏ। ਖਾਸ ਤੌਰ ਤੇ ਉਹਨਾਂ ਨੇ ਬਿਰਹੋਂ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਅਤੇ ਨੰਦ ਲਾਲ ਨੂਰਪੁਰੀ ਨੂੰ ਗਾਇਆ। ਇੱਕ ਵਾਰ ਕਿਸਾਨੀ ਅੰਦੋਲਨ ਸਮੇਂ ਉਹਨਾਂ ਦੀ ਧੀ ਡੋਲੀ ਗੁਲੇਰੀਆ ਨੇ ਦਰਦ ਉਛਾਲਿਆ ਸੀ,ਕਿ ਮੇਰੀ ਮਾਂ ਨੂੰ ਪਦਮਸ੍ਰੀ ਦਿਵਾਉਣ ਦੀ ਸਿਫਾਰਿਸ਼ ਹਰਿਆਣਾ ਸਰਕਾਰ ਨੇ ਕੀਤੀ। ਇਸ ਲਈ ਇਸ ਪਰਿਵਾਰ ਨੂੰ ਪੰਜਾਬ ਨਾਲ ਇਹ ਗਿਲਾ ਸ਼ਿਕਵਾ ਰਹੇਗਾ ਹੀ। 1984 ਵਿੱਚ ਉਨਾਂ ਨੂੰ ਸੰਗੀਤ ਨਾਟਕ ਅਕੈਡਮੀ ਅਵਾਰਡ ਅਤੇ ਨੈਸ਼ਨਲ ਮਿਊਜ਼ਿਕ ਅਵਾਰਡ ਵੀ ਮਿਲੇ ਸਨ। ਉਹਨਾਂ ਦੀ ਧੀ ਨੇ ਇਹ ਵੀ ਦੱਸਿਆ ਸੀ ਕਿ ਮੇਰੀ ਮਾਤਾ ਸੁਰਿੰਦਰ ਕੌਰ ਦੀ ਪੰਜਾਬ ਵਿੱਚ ਹੀ ਮਰਨ ਦੀ ਇੱਛਾ ਸੀ ਜੋ ਕਿ ਅਧੂਰੀ ਰਹੀ। ਉਹਨਾਂ ਦੀ ਮੌਤ15 ਜੂਨ 2006 ਨੂੰ 77 ਸਾਲ ਦੀ ਉਮਰ ਵਿੱਚ ਅਮਰੀਕਾ ਵਿੱਚ ਹੋਈ।
ਪੰਜਾਬੀ ਸੱਭਿਆਚਾਰ ਦੀ ਰੂਹ ਉਸ ਦੇ ਅੰਗ ਹੁੰਦੇ ਹਨ,ਜਿਵੇਂ ਕਿ ਢੋਲਾ, ਸੱਸ, ਮਾਹੀਆ, ਚਰਖਾ, ਡੋਲੀ ਅਤੇ ਭਾਬੋ ਆਦਿ। ਇਹਨਾਂ ਨੂੰ ਸੁਰਿੰਦਰ ਕੌਰ ਨੇ ਬਾਖੂਬੀ ਨਿਭਾਇਆ। ਧੀ ਨੂੰ ਦਰਾਂ ਤੋਂ ਤੋਰਨ ਸਮੇਂ ਭਾਵੁਕਤਾ ਦੇ ਪਲਾਂ ਨੂੰ ਸੁਰਿੰਦਰ ਕੌਰ ਨੇ ਇਉਂ ਬਿਆਨਿਆ ਹੈ:- "ਅੱਜ ਦੀ ਦਿਹਾੜੀ ਰੱਖ ਡੋਲੀ ਨੀਂ ਮਾਏ" ਸਾਡੇ ਸਮਾਜ ਵਿੱਚ ਨੂੰਹ-ਸੱਸ ਦਾ ਰਿਸ਼ਤਾ ਕੜਵਾਹਟ ਭਰਿਆ ਪੇਸ਼ ਕੀਤਾ ਜਾਂਦਾ ਹੈ। ਪਰ ਸੁਰਿੰਦਰ ਕੌਰ ਨੇ ਇਸ ਰਿਸ਼ਤੇ ਨੂੰ ਨਵੀਂ ਦਿੱਖ ਦਿੱਤੀ:- "ਮਾਵਾਂ ਲਾਡ ਲਡਾਵਣ ਧੀਆਂ ਵਿਗਾੜ ਨੀਂ,
 ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਨੀਂ" ਇਸ ਸਦਾਬਹਾਰ ਗਾਇਕੀ ਦੀ ਮਲਕਾ ਦੀ ਇੱਕ ਹੋਰ ਵੰਨਗੀ ਸੱਭਿਆਚਾਰ ਨੂੰ ਰੂਪਵਾਨ ਕਰਦੀ ਹੈ,:- "ਡਾਚੀ ਵਾਲਿਆਂ ਮੋੜ ਮੁਹਾਰ ਵੇ ਸੋਹਣੀ ਵਾਲਿਆ ਲੈ ਚੱਲ ਨਾਲ ਵੇ" 
ਜਿਵੇਂ ਫੁੱਲ ਦੀ ਕੀਮਤ ਉਸ ਦੀ ਖੁਸ਼ਬੂ ਲਈ ਹੁੰਦੀ ਹੈ ਉਸੇ ਤਰ੍ਹਾਂ ਹੀ ਸੁਰਿੰਦਰ ਕੌਰ ਦੀ ਕੀਮਤ ਵੀ ਉਸਦੀ ਸਾਫ ਸੁਥਰੀ ਅਤੇ ਸੱਭਿਆਚਾਰਕ ਗਾਇਕੀ ਲਈ ਹੈ। ਇਸੇ ਕਰਕੇ ਇਹ ਸੱਭਿਆਚਾਰਕ ਮਹਿਕ ਦੀ ਮਲਕਾ ਅਤੇ ਸੁਰੀਲੀ ਗਾਇਕੀ ਕਰਕੇ ਪੰਜਾਬ ਦੀ ਕੋਇਲ ਕਹਾਉਂਦੀ ਹੈ। ਗਾਇਕੀ ਦੇ ਸਾਰੇ ਪੱਖ ਸਾਫ ਸੁਥਰੇ ਨਿਭਾਉਣ ਲਈ ਇਹ ਨਾਂ ਕਿਸੇ ਦਾ ਮੁਹਤਾਜ ਨਹੀਂ। ਚੜ੍ਹਦੇ-ਲਹਿੰਦੇ ਪੰਜਾਬ ਦੀ ਗਾਇਕਾ ਅੱਜ ਵੀ ਆਪਣੀ ਗਾਇਕੀ ਕਰਕੇ ਦੋਵਾਂ ਪੰਜਾਬਾਂ ਵਿੱਚ ਮਹਿਕ ਬਿਖੇਰਦੀ ਹੈ। ਸ਼ਾਲਾ! ਕੋਈ ਹੋਰ ਸੁਰਿੰਦਰ ਕੌਰ ਪੈਦਾ ਹੋਵੇ।

ਪੰਜਾਬ ਨੂੰ ਖੋਰੇ ਤੇ ਖੋਰਾ ਕਿਉਂ? - ਸੁਖਪਾਲ ਸਿੰਘ ਗਿੱਲ

ਪੰਜਾਬ ਯੂਨੀਵਰਸਿਟੀ ਵਿਵਾਦ ਦੇ ਨੋਟੀਫਿਕੇਸ਼ਨ ਪੋਸਟਪੋਨ ਨਾਲ ਵੀ ਪੰਜਾਬੀ ਅਜੇ ਠਗੇ ਮਹਿਸੂਸ ਕਰਦੇ ਹਨ।"ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ"ਕਵਿਤਾ ਨੇ ਭਾਰਤ ਮਾਤਾ ਅਤੇ ਪੰਜਾਬ ਨੂੰ ਇੱਕ ਦੂਜੇ ਪ੍ਰਤੀ ਕੀਮਤੀ ਕਿਹਾ ਸੀ।ਭਾਰਤ ਮਾਤਾ ਦਾ ਕਾਬਲੇ ਤਾਰੀਫ਼ ਸਪੁੱਤਰ ਪੰਜਾਬ ਬਹੁਤੀ ਵਾਰੀ ਆਪਣੇ ਅਤੀਤ ਨੂੰ ਝੂਰਦਾ ਰਹਿੰਦਾ ਹੈ।ਹੁਣ ਪੰਜਾਬ ਦਿਵਸ ਤੇ ਪੰਜਾਬ ਯੂਨੀਵਰਸਿਟੀ ਦਾ ਸੱਪ ਕੱਢ ਲਿਆ ਗਿਆ। ਪੰਜਾਬ ਦੀ ਰੂਹ-ਏ-ਰਵਾਂ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਧੜਕਦਾ ਦਿਲ ਵੀ ਹੈ।18 ਨਵੰਬਰ1882 ਲਾਹੌਰ ਵਿੱਚ ਇਸ ਦਾ ਉਦਘਾਟਨ ਸਰਪ੍ਰਸਤ ਲਾਰਡ ਰਿਪਨ ਦੀ ਹਾਜ਼ਰੀ ਚ ਹੋਇਆ ਸੀ।1889 ਵਿੱਚ ਪੰਜਾਬ ਯੂਨੀਵਰਸਿਟੀ ਦੀ ਹੋਂਦ ਨੂੰ ਮਾਨਤਾ ਮਿਲੀ ਸੀ।ਇਸ ਤੋਂ ਇਲਾਵਾ1896 ਵਿੱਚ ਕੈਂਬਰਿਜ ਯੂਨੀਵਰਸਿਟੀ ਵਲੋਂ ਵੀ ਪੰਜਾਬ ਯੂਨੀਵਰਸਿਟੀ ਨੂੰ ਮਾਨਤਾ ਮਿਲੀ ਸੀ। 59 ਸਾਲ ਤੋਂ ਲੋਕਤੰਤਰਿਕ ਢੰਗ ਨਾਲ ਚਲਦੀ ਪੰਜਾਬ ਯੂਨੀਵਰਸਿਟੀ ਗਵਰਨਿੰਗ ਬਾਡੀ,ਸੈਨੇਟਰ ਅਤੇ ਸਿੰਡੀਕੇਟ ਨੂੰ ਕਿਨਾਰੇ ਕਰਕੇ 28ਅਕਤੂਬਰ2025 ਨੂੰ ਨਵੇਂ ਨੋਟੀਫਿਕੇਸ਼ਨ ਅਨੁਸਾਰ ਦੋਵੇਂ ਬਾਡੀਆਂ ਦੀ ਗਿਣਤੀ ਘਟਾ ਦਿੱਤੀ ਗਈ ਹੈ ਅਤੇ ਮੈਂਬਰ ਕੇਂਦਰ ਨਾਮਜਾਦ ਕਰੇਗਾ।ਇਸ ਨਾਲ ਪੰਜਾਬ ਨੂੰ ਖੋਰਾ ਲੱਗੇਗਾ। ਪੰਜਾਬ ਨੇ ਕਿਹਾ ਕਿ "ਇਹ ਗੈਰਸੰਵਿਧਾਨਕ ਹੈ, ਪੰਜਾਬ ਰੀ-ਆਰਗੇਨਾਈਜੇਸਨ ਐਕਟ 1966 ਦੀ ਸਬ ਸੈਕਸ਼ਨ 3 ਦੇ ਮੁਤਾਬਿਕ ਪੰਜਾਬ ਯੂਨੀਵਰਸਿਟੀ ਐਕਟ 1947 ਵਿੱਚ ਪਾਸ ਹੋਇਆ ਸੀ,ਜ਼ੋ ਐਕਟ ਵਿਧਾਨ ਸਭਾ ਚ ਬਣਿਆ ਹੋਵੇ ਉਸਨੂੰ ਕੇਂਦਰ ਰੱਦ ਨਹੀਂ ਕਰ ਸਕਦਾ" 1951 ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣਾਉਣ ਦੇ ਨਾਲ ਯੂਨੀਵਰਸਿਟੀ ਵੀ ਬਣਾਈ ਗਈ। ਇਸੇ ਕਰਕੇ ਪੰਜਾਬ ਦਾ ਦਾਅਵਾ ਸੱਚਾ ਅਤੇ ਢੁਕਵਾਂ ਹੈ।ਇਸ ਹੱਕ ਨੂੰ ਗੁਆਉਣ ਤੋਂ ਪਹਿਲਾਂ ਹੀ ਪੰਜਾਬੀ ਸੱਭਿਆਚਾਰ ਅਤੇ ਸੱਭਿਅਤਾ ਨੂੰ ਹਰ ਪੱਖੋਂ ਗ੍ਰਹਿਣ ਲੱਗ ਚੁੱਕਾ ਹੈ। ਹੁਣ ਭਾਵੇਂ ਯੂ ਟਰਨ ਲਿਆ ਹੈ, ਨੋਟੀਫਿਕੇਸ਼ਨ ਪੋਸਟਪੋਨ ਕੀਤਾ ਹੈ।ਪਰ ਨੀਅਤ ਤੇ ਸ਼ੱਕ ਹੈ। ਪਤਾ ਨਹੀਂ ਪੰਜਾਬ ਨੂੰ ਖੋਰੇ ਤੇ ਖੋਰਾ ਲਾਉਣ ਦੀ ਕੋਸ਼ਿਸ਼ ਕਿਉਂ ਕੀਤੀ ਜਾਂਦੀ ਹੈ?
ਰਸੂਲ ਹਮਜ਼ਾਤੋਵ ਦੀ ਕਿਤਾਬ ਪੜ੍ਹਦਿਆਂ ਪੰਜਾਬ ਯੂਨੀਵਰਸਿਟੀ ਦੇ ਨਾਲ਼ ਨਾਲ ਗਿਰੇਬਾਨ ਵਿੱਚ ਝਾਤੀ ਮਾਰੀਏ ਤਾਂ ਪੰਜਾਬੀ ਮਾਂ ਬੋਲੀ ਬਾਰੇ ਗਹਿਰੀ ਚਿੰਤਾ ਲੱਗ ਜਾਂਦੀ ਹੈ। ਕਿਤਾਬ ਵਿੱਚ ਅੰਕਿਤ ਹੈ “ਜੋ ਲੋਕ ਆਪਣੀ ਭਾਸ਼ਾ ਵਿਸਾਰ ਦਿੰਦੇ ਹਨ ਉਹ ਰੂਹ ਵੀ ਗੁਆ ਬਹਿੰਦੇ ਹਨ” ਇਹਨਾਂ ਸਤਰਾਂ ਨਾਲ ਮੇਰਾ ਧਿਆਨ ਸਰਕਾਰੀ ਕਾਲਜ ਰੂਪਨਗਰ ਦੇ ਮੇਰੇ ਅਧਿਆਪਕ ਭੂਸ਼ਨ ਧਿਆਨਪੁਰੀ ਵੱਲ ਗਿਆ। ਇਕ ਵਾਰ ਆਪਣੇ ਅੰਦਾਜ਼ ਵਿੱਚ ਉਹਨਾਂ ਕਿਹਾ ਸੀ "ਜਦੋਂ ਵੀ ਕੋਈ ਪੰਜਾਬੀ ਹਿੰਦੀ ਬੋਲਦਾ ਹੈ ਤਾਂ ਪਹਿਲੀ ਝੱਲਕੇ ਇਉਂ ਲੱਗਦਾ ਹੈ ਕਿ ਝੂਠ ਬੋਲਦਾ ਹੈ"। ਹੌਲੀ –ਹੌਲੀ ਰੋਜ਼ਮਰਾ ਬੀਤਦੀ ਜ਼ਿੰਦਗੀ ਨਾਲ ਹੁਣ ਇਹ ਤੱਥ ਅਸਰਦਾਰ ਵੀ ਲੱਗਦਾ ਹੈ। ਥਾਮਸ ਮਾਨ ਦਾਰਸ਼ਨਿਕ ਨੇ ਕਿਹਾ ਸੀ “ਕਿ ਭਾਸ਼ਾ ਖੁੱਦ ਸਭਿੱਅਤ ਹੈ" ਇਸੇ ਤਰਜ਼ ਤੇ ਦੇਖੀਏ ਤਾਂ ਮਾਂ ਬੋਲੀ ਹੀ ਸੱਭਿਅਕ ਮਨੁੱਖ ਦਾ ਨਿਰਮਾਣ ਕਰਦੀ ਹੈ। ਸਾਡੀ ਭਾਸ਼ਾ ਹੀ  ਸੰਪਰਕ ਦਾ ਸਾਧਨ ਬਣਦਾ ਹੈ, ਜੇ ਇੱਕੋ ਖਿੱਤੇ ਦੇ ਲੋਕ ਦਿਖਾਵੇ ਲਈ ਇੱਕ ਪੰਜਾਬੀ ਬੋਲੇ ਦੂਜਾ ਕੋਈ ਹੋਰ ਭਾਸ਼ਾ ਬੋਲੇ ਤਾਂ ਇੱਕ-ਦੂਜੇ ਨਾਲੋਂ ਓਪਰੇ ਜਿਹੇ ਲੱਗਦਾ ਹੈ। ਵੱਖਰਾ ਦਿਖਾਉਣ ਲਈ ਖੁਦ ਝੂਠਾ ਲੱਗਦਾ ਹੈ। ਗੂੜ੍ਹ ਪੰਜਾਬੀਆਂ ਲਈ ਪੰਜਾਬੀ ਬੋਲੀ ਦੀ ਮਿਠਾਸ ਅੱਗੇ ਬਾਕੀ ਬੋਲੀਆਂ ਫਿੱਕੀਆਂ ਪੈ ਜਾਂਦੀਆਂ ਹਨ। ਭਾਵੇਂ ਹਰ ਇੱਕ ਨੂੰ ਆਪਣੀ ਭਾਸ਼ਾ ਪਿਆਰ ਹੁੰਦੀ ਹੈ। ਇੱਥੋਂ ਤੱਕ ਕਿ ਜੀਵ ਜੰਤੂ ਵੀ ਆਪਣੀ ਬੋਲੀ ਬੋਲਦੇ ਹਨ ਇਹ ਉਹਨਾਂ ਨੂੰ ਪਿਆਰੀ ਲੱਗਦੀ ਹੈ। ਤਿੱਤਰ ਬਾਰੇ ਇਕ ਦੰਦ ਕਥਾ ਆਉਂਦੀ ਹੈ ਕਿ ਇੱਕ ਤਿੱਤਰ ਤੋਂ ਬਾਅਦ ਦੂਜਾ ਤਿੱਤਰ ਬੋਲਦਾ ਹੈ। ਪਹਿਲਾ ਤਿੱਤਰ ਕਹਿੰਦਾ ਹੈ “ਪਿਦਰਮ ਸੁਲਤਾਨ ਬੂਦ” ਇਸ ਦਾ ਮਤਲਬ ਹੈ ਕਿ ਮੇਰਾ ਪਿਤਾ ਬਾਦਸ਼ਾਹ ਸੁਲਤਾਨ ਹੈ। ਦੂਜਾ ਤਿੱਤਰ ਝੱਟ ਉੱਤਰ ਦਿੰਦਾ ਹੈ “ਤੂਰਾਚ ਤੁਰਾ ਚਿਹ” ਇਸ ਦਾ ਮਤਲਬ ਹੈ ਤੂੰ ਕਿਆ ਹੈ? ਚੱਲੋ ਖੈਰ ਗੱਲ ਕਰਦੇ ਹਾਂ ਆਪਣੀ ਮਾਂ ਬੋਲੀ ਪੰਜਾਬੀ ਦੀ ਜਿਸ ਨੂੰ ਚੁਫੇਰਿਓ ਗ੍ਰਹਿਣ ਲੱਗਦਾ ਜਾਂਦਾ ਹੈ। ਕੁੱਝ ਸਕੂਲ ਪੰਜਾਬੀ ਬਾਰੇ ਵਿਰੋਧ ਵਿੱਚ ਰਹਿੰਦੇ ਹਨ। ਬੱਚਿਆਂ ਨੂੰ ਪੰਜਾਬੀ ਨਾਲ ਤੋਂ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।
ਪੰਜਾਬੀ ਬੋਲੀ ਸੱਭਿਆਚਾਰ, ਸੰਸਕ੍ਰਿਤੀ ਅਤੇ ਸੱਭਿਅਤਾ ਦੀ ਤਿਰਵੈਣੀ ਹੈ। ਇਸ ਤੋਂ ਬਿਨ੍ਹਾਂ ਉਕਤ ਝੂਠ ਬੋਲਣ ਵਾਲਾ ਸੁਭਾਅ ਵੀ ਪੰਜਾਬੀ ਚੁੱਕੀ ਫਿਰਦੇ ਹਨ। ਪੰਜਾਬੀਆਂ ਦੀ ਇੱਕ ਗੱਲ ਅਜੀਬ ਹੈ ਇਹ ਬਿਨ੍ਹਾਂ ਸੋਚੇ ਸਮੱਝੇ ਮਗਰ ਲੱਗ ਜਾਂਦੇ ਹਨ ਜੇ ਕੋਈ ਅੰਗਰੇਜ਼ੀ ਹਿੰਦੀ ਬੋਲਦਾ ਹੈ ਤਾਂ ਉਸ ਦੀ ਰੀਸ ਕਰਦੇ ਹਨ ਉਸ ਨੂੰ ਆਪਣੇ ਤੋਂ ਮਹਾਨ ਸਮਝਦੇ ਹਨ। ਇਹ ਭੁੱਲ ਜਾਂਦੇ ਹਨ ਕਿ ਇਹ ਉਹਨਾਂ ਦੀ ਮਾਂ ਬੋਲੀ ਪੰਜਾਬੀ ਭਾਸ਼ਾ ਹੈ। ਮਾਂ ਬੋਲੀ ਮਾਂ ਦੀ ਗੋਦ ਵਿੱਚ ਸਿੱਖੀ ਭਾਸ਼ਾ ਹੁੰਦੀ ਹੈ। ਇਸ ਨੂੰ ਗੁਆ ਕੇ ਰੂਹ ਬੇਜਾਨ ਹੁੰਦੀ ਹੈ। ਇਸ ਨੂੰ ਵਿਸਾਰਨ ਨਾਲ ਮਾਂ ਵਿਸਰ ਜਾਂਦੀ ਹੈ। ਪੰਜਾਬੀ ਅੱਗੇ ਹਿੰਦੀ ਭਾਸ਼ਾ ਬੋਲੀਏ ਤਾਂ ਸਾਹਮਣੇ ਵਾਲੇ ਦੀ ਪ੍ਰਤੀਕ੍ਰਿਆ ਅਤੇ ਚਿਹਰਾ ਦੱਸ ਦਿੰਦਾ ਹੈ। ਖੁਰਾਸਾਨੀ ਦੁਲੱਤੇ ਮਾਰਨ ਵਾਲੇ ਬਹੁਤੇ ਪੰਜਾਬੀ ਸ਼ਹਿਰੀਕਰਨ ਕਰਕੇ ਵੀ ਪੰਜਾਬੀ ਬੋਲਣ ਨੂੰ ਹੀਣਤਾ ਸਮਝਣ ਲੱਗੇ ਹਨ। ਇਸ ਸਰਕਾਰ ਨੇ ਪੰਜਾਬੀ ਬੋਰਡ ਲਾਉਣਾ ਦਾ ਫੈਸਲਾ ਜ਼ਰੂਰ ਕੀਤਾ ਪਰ ਅੱਧਵਾਟੇ ਹੀ ਮੁੱਕ ਗਿਆ। ਰਾਜਨੀਤਿਕ ਸੱਭਿਆਚਾਰ ਵਿੱਚ ਹਮੇਸ਼ਾ ਖੇਤਰੀ ਪਾਰਟੀਆਂ ਨੇ ਆਪਣੀ ਮਾਂ ਬੋਲੀ ਲਈ ਕੁੱਝ ਕਰਨ ਦਾ ਯਤਨ ਕੀਤਾ ਹੈ।ਇਸ ਯਤਨ ਪਿੱਛੇ ਸ਼ਾਇਦ ਉਹਨਾਂ ਦੀ ਰੁਚੀ ਘੱਟ ਬਲਕਿ ਮਜਬੂਰੀ ਵੱਧ ਹੁੰਦੀ ਹੈ। ਇਹਨਾਂ ਦੇ ਬੱਚਿਆਂ ਨੇ ਸਿੱਖਿਆ ਕਿੱਥੋਂ ਲਈ? ਇਸ ਜਵਾਬ ਵਿੱਚ ਸਭ ਕੁੱਝ ਨੰਗਾ ਹੋ ਜਾਵੇਗਾ। ਅੱਜ ਪੰਜਾਬੀਆਂ ਨੇ 6-7 ਬੈਡ ਲੈਣ ਦੇ ਚੱਕਰ ਵਿੱਚ ਪੰਜਾਬੀ ਨੂੰ ਹੋਰ ਦੁਰਕਾਰਿਆ ਉਹਨਾਂ ਦੀ ਮਜਬੂਰੀ ਹੈ ਕਿ ਰਿਜ਼ਕ ਨਾਲ ਭਾਸ਼ਾ ਦਾ ਸੰਬੰਧ ਹੁੰਦਾ ਹੈ।
ਵੰਡ ਨੇ ਪੰਜਾਬੀ ਮਾਂ ਬੋਲੀ ਨੂੰ ਉਧੇੜਿਆਂ। ਪੰਜਾਬੀ ਦਾ ਹਾਲ ਉੱਧਰਲੇ ਪੰਜਾਬ ਅਤੇ ਇੱਧਰਲੇ ਪੰਜਾਬ ਵਿੱਚ ਇਕੋ ਜਿਹਾ ਹੈ। ਉੱਥੇ ਉਰਦੂ ਠੋਸਣ ਦੇ ਯਤਨ ਹੁੰਦੇ ਹਨ ਇੱਧਰ ਹਿੰਦੀ ਠੋਸਣ ਦੇ ਯਤਨ ਹੁੰਦੇ ਹਨ। ਮਾਂ ਬੋਲੀ ਪੰਜਾਬੀ ਭਾਸ਼ਾ ਹੀ ਰਹਿੰਦੀ ਹੈ। ਮਾਸੀ ਉਰਦੂ ਹਿੰਦੀ ਕੋਈ ਵੀ ਹੋ ਸਕਦੀ ਹੈ। ਸਤਿਕਾਰ ਬਰਾਬਰ ਹੁੰਦਾ ਹੈ। ਇੱਕ ਵਾਰ ਮੇਰੇ ਸਮਾਜਿਕ ਖੇਮੇ ਵਿੱਚ ਇੱਕ ਫੌਜੀ ਜਵਾਨ ਛੁੱਟੀ ਆਇਆ ਆ ਕੇ ਹਿੰਦੀ ਬੋਲਣ ਲੱਗਿਆ ਨਾਲ ਹੀ ਇੱਕ ਹੋਰ ਚੰਦਨ ਬ੍ਰਾਹਮਣਾਂ ਦਾ ਮੁੰਡਾ ਛੁੱਟੀ ਆਇਆ ਹੋਇਆ ਸੀ ਉਸ ਨੇ ਹਿੰਦੀ ਬੋਲਣ ਵਾਲੇ ਨੂੰ ਟੋਕ ਕੇ ਕਿਹਾ "ਬਸ ਰਹਿਣ ਦੇ ਯਾਰ ਸਾਨੂੰ ਪੰਜਾਬੀ ਆਉਂਦੀ ਹੈ" ਇੱਥੇ ਪੰਜਾਬੀ ਬੋਲੀ ਨਾ ਬੋਲਣਾ ਸਪੱਸ਼ਟ ਖੁਰਾਸਾਨੀ ਦੁਲੱਤਾ ਸੀ। ਕਈ ਪੰਜਾਬੀ ਇਸ ਤਰ੍ਹਾਂ ਵੀ ਕਹਿੰਦੇ ਹਨ “ਮੇਰੇ ਸਾਥ ਪੰਜਾਬੀ ਮੇਂ ਬਾਤ ਕਰੋ” ਲਾਹਣਤੀ ਕਿਤੇ ਦੇ। ਹਿੰਦੀ ਰਾਸ਼ਟਰੀ ਭਾਸ਼ਾ ਦਾ ਮਾਣ ਤਾਂ ਨਹੀਂ ਬਣ ਸਕੀ।ਪਰ 1948 ਵਿੱਚ ਪੰਜਾਬੀ ਦੇ ਦੀਵਾਨੇ ਇੱਧਰਲੇ ਪੰਜਾਬ ਵਿੱਚ ਜ਼ਰੂਰ ਜਾਗੇ ਸਨ। 1948 ਵਿੱਚ ਭਾਸ਼ਾਈ ਕਮਿਸ਼ਨ ਦੀ ਰਿਪੋਰਟ ਵਿੱਚ ਪੰਜਾਬੀ ਸਭ ਤੋਂ ਵੱਡੀ ਭਾਸ਼ਾ ਸੀ। ਜਨਵਰੀ 1968 ਤੋਂ ਪੰਜਾਬੀ ਭਾਸ਼ਾ ਦੀ ਵਰਤੋਂ ਲਈ ਅਧਿਸੂਚਨਾ ਜਾਰੀ ਹੋਈ। 1998 ਤੱਕ 10.40 ਕਰੋੜ ਪੰਜਾਬੀ ਬੋਲਦੇ ਸਨ। 1967 ਵਿੱਚ ਪੰਜਾਬੀ ਰਾਜ ਭਾਸ਼ਾ ਐਕਟ ਬਣਨ ਨਾਲ ਪੰਜਾਬੀ ਰਾਜ ਭਾਸ਼ਾ ਬਣੀ। ਪਰ ਪੰਜਾਬੀ ਜਾਏ ਹੋਰ ਪਾਸੇ ਮੂੰਹ ਮਾਰਨ ਵਿੱਚ ਯਕੀਨ ਰੱਖਣ ਲੱਗੇ:-
 “ਇੱਕੋਂ ਗੱਲ ਮਾੜੀ ਇਹਦੇ ਛੈਲ ਬਾਂਕੇ, ਬੋਲੀ ਆਪਣੀ ਮੰਨੋ ਭੁਲਾਈ ਜਾਂਦੇ, ਪਿੱਛੇ ਸਿੱਪੀਆਂ ਦੇ ਖਾਂਦੇ ਗੋਤੇ, ਪੰਜ ਆਬ ਦੇ ਮੋਤੀ ਰੁਲਾਈ ਜਾਂਦੇ”।
 ਸਕੂਲਾਂ ਵਿੱਚ ਆਮ ਤੌਰ ਤੇ ਹਿੰਦੀ ਦੀ ਪੰਜਾਬੀ ਤੋਂ ਵੱਧ ਪ੍ਰਫੁੱਲਤਾ ਦਾ ਰੌਲਾ ਪੰਜਾਬੀ ਪਾਉਂਦੇ ਰਹਿੰਦੇ ਹਨ,ਕਿਉਂਕ“ਵਿੱਦਿਅਕ ਅਦਾਰੇ ਚਾਨਣ ਮੁਨਾਰਿਆਂ ਵਾਂਗ ਹੁੰਦੇ ਹਨ”।ਇਸ ਲਈ ਜ਼ਰੂਰੀ ਵੀ ਹੈ।
ਹਾਂ ਇੱਕ ਗੱਲ ਜ਼ਰੂਰ ਹੈ ਕਿ ਸੱਭਿਆਚਾਰ ਨੇ ਪੰਜਾਬੀ ਜੀਉਂਦੀ ਅਤੇ ਮਾਨਮੱਤੀ ਰੱਖੀ ਹੋਈ ਹੈ। ਪੰਜਾਬੀ ਗੀਤ, ਸੰਗੀਤ ਦੇ ਟੱਪੇ ਉੱਤੇ ਹਰ ਕਿਸੇ ਦਾ ਪੈਰ ਉੱਠਦਾ ਹੈ। ਭੰਗੜਾ, ਗਿੱਧਾ, ਬੋਲੀਆਂ, ਸਿੱਠਣੀਆਂ ਅਤੇ ਟੱਪੇ ਪੰਜਾਬੀ ਬੋਲੀ ਨਾਲ ਹੀ ਸੋਂਹਦੇ ਹਨ। ਇਹ ਪੰਜਾਬੀ ਬੋਲੀ ਤੋਂ ਬਿਨਾਂ ਰੂਹ ਤੋਂ ਸੱਖਣੇ ਲੱਗਦੇ ਹਨ। ਬੁੱਲ੍ਹਾ, ਵਾਰਿਸ,ਪਾਤਰ, ਅੰਮ੍ਰਿਤਾ ਅਤੇ ਪ੍ਰੋ ਮੋਹਨ ਸਿੰਘ ਵਗੈਰਾ ਨੇ ਸ਼ਿੰਗਾਰੀ ਪੰਜਾਬੀ ਬੋਲੀ ਵਿੱਚ ਬਲਵਾਨ ਵਿਰਸਾ ਪੰਜਾਬ ਵਿੱਚ ਜਾਨ ਪਾਈ ਰੱਖਦਾ ਹੈ।ਕਿਸਾਨੀ ਅੰਦੋਲਨ ਵਿੱਚ ਗੀਤਾਂ ਗਾਇਕਾਂ ਨੇ ਹੱਲਾ ਹੁਲਾਰਾ ਮਾਰ ਕੇ ਮਾਂ ਬੋਲੀ ਦੇ ਸਿਰ ਤੇ ਹੀ ਬਾਜ਼ੀ ਜਿੱਤੀ ਸੀ।ਇਹ ਅਜੋਕੇ ਜ਼ਮਾਨੇ ਦਾ ਸੁਨੇਹਾ ਹੈ।ਬਾਹਰ ਜਾ ਕੇ ਪੰਜਾਬੀ ਹੋਣ ਦਾ ਮਾਣ ਦੱਸਦੇ ਹੋਏ ਇੱਥੇ ਬੱਚਿਆਂ ਲਈ ਅੰਗਰੇਜ਼ੀ ਹਿੰਦੀ ਨੂੰ ਪਹਿਲ ਦਿੰਦੇ ਹਨ। ਪੰਜਾਬੀ ਕਵੀਆਂ ਨੇ ਵੱਖ ਵੱਖ ਰੁੱਚੀਆਂ ਤਰੁੱਟੀਆਂ ਨੂੰ ਅੰਦਾਜ਼ ਵਿੱਚ ਕਰਕੇ ਵਾਰਿਸ ਨੇ ਹੀਰ ਲਿਖ ਕੇ ਨਾਰੀਵਾਦ ਨੂੰ ਉਤਸ਼ਾਹਿਤ ਕੀਤਾ, ਸ਼ਿਵ ਕੁਮਾਰ ਨੇ ਇਸ਼ਕ ਆਸ਼ਿਕੀ ਅਤੇ ਸੰਤ ਰਾਮ ਉਦਾਸੀ ਨੇ ਗੁਰੂਆਂ ਦਾ ਫ਼ਲਸਫ਼ਾ ਅੱਗੇ ਤੌਰ ਕੇ ਜਾਤ ਪਾਤੀ ਤੇ ਕਰਾਰੀ ਚੋਟ ਮਾਰੀ। ਸਮਾਜ ਵਿੱਚ ਪੀੜ੍ਹੀ ਦਾ ਪਾੜਾ ਵੀ ਮਾਂ ਬੋਲੀ ਨੂੰ ਪਿੱਛੇ ਛੱਡ ਰਿਹਾ ਹੈ।ਇਸ ਪਿੱਛੇ ਵਿਚਾਰਧਾਰਾ ਵਾਲੇ ਕਾਰਕ ਹਨ। ਇਹਨਾਂ ਦੀ ਪਰਖ ਪੜਚੋਲ ਹਰ ਜਾਗਰੂਕ ਪੰਜਾਬੀ ਨੂੰ ਕਰਨੀ ਚਾਹੀਦੀ ਹੈ। ਬਹੁਤੇ ਕਵੀਆਂ ਨੇ ਪਹਿਲਾਂ ਹੀ ਮਾਂ ਬੋਲੀ ਨੂੰ ਹਿਰਦੇ ਵਿੱਚ ਵਸਾਉਣ ਲਈ ਹੋਕਾ ਦਿੱਤਾ ਹੈ ਉਹਨਾਂ ਨੂੰ ਨੀਤੀਆਂ ਦਾ ਅਤਾ ਪਤਾ ਹੋਣ ਕਰਕੇ ਕਲਮ ਚੁੱਕਣ ਲਈ ਮਜਬੂਰ ਹੋਣਾ ਪਿਆ ਸੀ।1954 ਵਿੱਚ ਹੀ ਫ਼ਿਰੋਜ਼ਦੀਨ ਸ਼ਰਫ਼ ਨੇ ਜਾਗਰੂਕ ਕਰਨ ਦਾ ਹੋਕਾ ਦਿੱਤਾ ਸੀ:-
"ਮੁੱਠਾਂ ਮੀਟ ਕੇ ਨੁੱਕਰੇ ਰਹਾਂ ਬੈਠੀ,
ਟੁੱਟੀ ਹੋਈ ਸਤਾਰ ਰਬਾਬੀਆਂ ਦੀ,
ਪੁੱਛੀ ਜਿਹਨਾਂ ਨੇ ਸਾਰ ਨਾ ਸ਼ਰਫ਼ ਮੇਰੀ,
ਵੇਖ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ"
              ਅੱਜ ਇਸ ਚਿੱਕੜਨੁਮਾ ਵਰਤਾਰੇ ਵਿੱਚੋਂ ਮਾਂ ਬੋਲੀ ਦੇ ਕਮਲ ਬਣਕੇ ਉਪਜੀਏ। ਮਾਂ ਬੋਲੀ ਬੋਲਣ ਨਾਲ ਹੀ ਮਾਂ ਨੂੰ ਸਿੱਜਦਾ ਅਤੇ ਸ਼ਰਧਾਂਜਲੀ ਹੁੰਦੀ ਹੈ। ਪੰਜਾਬੀਆਂ ਅਤੇ ਪੰਜਾਬ ਦੀ ਊਰਜਾ ਮਾਂ ਬੋਲੀ ਪੰਜਾਬੀ ਹੀ ਹੈ। ਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਸ਼ਾ ਹੀ ਮਨੁੱਖ ਦੇ ਅਸਲੀ ਰੂਪ ਨੂੰ ਦਰਸਾਉਂਦੀ ਹੈ। ਪੰਜਾਬੀ ਭਾਸ਼ਾ ਤੋਂ ਬਿਨਾਂ ਪੰਜਾਬੀ ਅਖਵਾਉਣ ਦਾ ਹੱਕ ਹੀ ਨਹੀਂ ਹੈ।ਹੁਣ ਦਲਜੀਤ ਨੇ ਲਲਕਾਰ ਮਾਰੀ ਹੈ "ਪੰਜਾਬੀ ਆ ਗਏ ਓਏ" ਪੰਜਾਬੀਆਂ ਦਾ ਰਿਸ਼ਤਾ ਪੰਜਾਬ ਨਾਲ ਚੱਲਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਦਾ ਮਾਂ ਬੋਲੀ ਪੰਜਾਬੀ ਨਾਲ ਜਿਸਮ ਰੂਹ ਵਾਲਾ ਸੁਮੇਲ ਹੈ। ਜਿਵੇਂ ਰੂਹ ਤੋਂ ਬਿਨਾਂ ਜਿਸਮ ਮਿੱਟੀ ਹੁੰਦੀ ਹੈ ਠੀਕ ਉਸੇ ਤਰ੍ਹਾਂ ਮਾਂ ਬੋਲੀ ਪੰਜਾਬੀ ਤੋਂ ਬਿਨਾਂ ਪੰਜਾਬੀ ਅਧੂਰੇ ਲਗਦੇ ਹਨ। ਪੰਜਾਬ ਦਾ ਇਤਿਹਾਸ ਭੂਗੋਲਿਕ ਸਥਿੱਤੀ ਮੰਗ ਕਰਦੀ ਹੈ ਕਿ ਪੰਜਾਬੀ ਹੋਰ ਵੀ ਪ੍ਰਫੁੱਲਤ ਹੋਵੇ। ਰਾਜਨੀਤਿਕ ਅਤੇ ਸਮਾਜਿਕ ਖੇਮਿਆਂ ਵਿੱਚੋਂ ਇਹੀ ਬਚਨ ਮੰਗਦੀ ਹੈ।ਇਹ ਗੱਲ ਜ਼ਾਹਰ ਹੈ ਕਿ ਪੰਜਾਬੀ ਬੋਲੀ ਕਰਕੇ ਹੀ ਪੰਜਾਬ ਦਬਦਾ ਨਹੀਂ। ਸਾਡੀ ਬੋਲੀ ਸਾਡੀ ਊਰਜਾ ਹੈ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦਾ ਵਰਕਾ ਫਰੋਲਦਿਆਂ ਪੰਜਾਬ ਨੂੰ ਚੁਫੇਰਿਓਂ ਲੱਗਦੇ ਖੋਰੇ ਨੂੰ ਬਚਾਉਣ ਲਈ ਹਰ ਪੰਜਾਬੀ ਅੱਗੇ ਆਵੇ । ਪੰਜਾਬ ਯੂਨੀਵਰਸਿਟੀ ਦਾ ਨੋਟੀਫਿਕੇਸ਼ਨ ਕੇਂਦਰ ਨੂੰ ਵਾਪਿਸ ਲੈਣਾ ਪੰਜਾਬ ਦੀ ਸਰਬਸੰਮਤੀ ਵਾਲੀ ਮੰਗ ਬਣ ਚੁੱਕੀ ਹੈ।ਆਪਣੇ ਅੰਦਰ ਝਾਤੀ ਮਾਰਨ ਦੇ ਨਾਲ ਨਾਲ ਫਰਜ਼ ਅਤੇ ਹੱਕ ਪਹਿਚਾਣਨੇ ਚਾਹੀਦੇ ਹਨ।ਇਸ ਕਰਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ ਰਹੇਗੀ। ਪੰਜਾਬੀਆਂ ਨੂੰ ਦੱਬਦਾ ਕਿੱਥੇ ਹੈ?ਦਾ ਸਬਕ਼ ਪੱਲੇ ਬੰਨ੍ਹਣਾ ਚਾਹੀਦਾ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445

ਟੁਟੀ ਹੋਈ ਸਤਾਰ ਰਬਾਬੀਆਂ ਦੀ - ਸੁਖਪਾਲ ਸਿੰਘ ਗਿੱਲ

ਰਸੂਲ ਹਮਜ਼ਾਤੋਵ ਦੀ ਕਿਤਾਬ ਪੜ੍ਹਦਿਆਂ ਗਿਰੇਬਾਨ ਵਿੱਚ ਝਾਤੀ ਮਾਰੀਏ ਤਾਂ ਪੰਜਾਬੀ ਮਾਂ ਬੋਲੀ ਬਾਰੇ ਗਹਿਰੀ ਚਿੰਤਾ ਲੱਗ ਜਾਂਦੀ ਹੈ। ਕਿਤਾਬ ਵਿੱਚ ਅੰਕਿਤ ਹੈ “ਜੋ ਲੋਕ ਆਪਣੀ ਭਾਸ਼ਾ ਵਿਸਾਰ ਦਿੰਦੇ ਹਨ ਉਹ ਰੂਹ ਵੀ ਗੁਆ ਬਹਿੰਦੇ ਹਨ” ਇਹਨਾਂ ਸਤਰਾਂ ਨਾਲ ਮੇਰਾ ਧਿਆਨ ਸਰਕਾਰੀ ਕਾਲਜ ਰੂਪਨਗਰ ਦੇ ਮੇਰੇ ਅਧਿਆਪਕ ਭੂਸ਼ਨ ਧਿਆਨਪੁਰੀ ਵੱਲ ਗਿਆ। ਇਕ ਵਾਰ ਆਪਣੇ ਅੰਦਾਜ਼ ਵਿੱਚ ਉਹਨਾਂ ਕਿਹਾ ਸੀ "ਜਦੋਂ ਵੀ ਕੋਈ ਪੰਜਾਬੀ ਹਿੰਦੀ ਬੋਲਦਾ ਹੈ ਤਾਂ ਪਹਿਲੀ ਝੱਲਕੇ ਇਉਂ ਲੱਗਦਾ ਹੈ ਕਿ ਝੂਠ ਬੋਲਦਾ ਹੈ"। ਹੌਲੀ –ਹੌਲੀ ਰੋਜ਼ਮਰਾ ਬੀਤਦੀ ਜ਼ਿੰਦਗੀ ਨਾਲ ਹੁਣ ਇਹ ਤੱਥ ਅਸਰਦਾਰ ਵੀ ਲੱਗਦਾ ਹੈ। ਥਾਮਸ ਮਾਨ ਦਾਰਸ਼ਨਿਕ ਨੇ ਕਿਹਾ ਸੀ “ਕਿ ਭਾਸ਼ਾ ਖੁੱਦ ਸਭਿੱਅਤ ਹੈ" ਇਸੇ ਤਰਜ਼ ਤੇ ਦੇਖੀਏ ਤਾਂ ਮਾਂ ਬੋਲੀ ਹੀ ਸੱਭਿਅਕ ਮਨੁੱਖ ਦਾ ਨਿਰਮਾਣ ਕਰਦੀ ਹੈ। ਸਾਡੀ ਭਾਸ਼ਾ ਹੀ  ਸੰਪਰਕ ਦਾ ਸਾਧਨ ਬਣਦਾ ਹੈ, ਜੇ ਇੱਕੋ ਖਿੱਤੇ ਦੇ ਲੋਕ ਦਿਖਾਵੇ ਲਈ ਇੱਕ ਪੰਜਾਬੀ ਬੋਲੇ ਦੂਜਾ ਕੋਈ ਹੋਰ ਭਾਸ਼ਾ ਬੋਲੇ ਤਾਂ ਇੱਕ-ਦੂਜੇ ਨਾਲੋਂ ਓਪਰੇ ਜਿਹੇ ਲੱਗਦਾ ਹੈ। ਵੱਖਰਾ ਦਿਖਾਉਣ ਲਈ ਖੁਦ ਝੂਠਾ ਲੱਗਦਾ ਹੈ। ਗੂੜ੍ਹ ਪੰਜਾਬੀਆਂ ਲਈ ਪੰਜਾਬੀ ਬੋਲੀ ਦੀ ਮਿਠਾਸ ਅੱਗੇ ਬਾਕੀ ਬੋਲੀਆਂ ਫਿੱਕੀਆਂ ਪੈ ਜਾਂਦੀਆਂ ਹਨ। ਭਾਵੇਂ ਹਰ ਇੱਕ ਨੂੰ ਆਪਣੀ ਭਾਸ਼ਾ ਪਿਆਰ ਹੁੰਦੀ ਹੈ। ਇੱਥੋਂ ਤੱਕ ਕਿ ਜੀਵ ਜੰਤੂ ਵੀ ਆਪਣੀ ਬੋਲੀ ਬੋਲਦੇ ਹਨ ਇਹ ਉਹਨਾਂ ਨੂੰ ਪਿਆਰੀ ਲੱਗਦੀ ਹੈ। ਤਿੱਤਰ ਬਾਰੇ ਇਕ ਦੰਦ ਕਥਾ ਆਉਂਦੀ ਹੈ ਕਿ ਇੱਕ ਤਿੱਤਰ ਤੋਂ ਬਾਅਦ ਦੂਜਾ ਤਿੱਤਰ ਬੋਲਦਾ ਹੈ। ਪਹਿਲਾ ਤਿੱਤਰ ਕਹਿੰਦਾ ਹੈ “ਪਿਦਰਮ ਸੁਲਤਾਨ ਬੂਦ” ਇਸ ਦਾ ਮਤਲਬ ਹੈ ਕਿ ਮੇਰਾ ਪਿਤਾ ਬਾਦਸ਼ਾਹ ਸੁਲਤਾਨ ਹੈ। ਦੂਜਾ ਤਿੱਤਰ ਝੱਟ ਉੱਤਰ ਦਿੰਦਾ ਹੈ “ਤੂਰਾਚ ਤੁਰਾ ਚਿਹ” ਇਸ ਦਾ ਮਤਲਬ ਹੈ ਤੂੰ ਕਿਆ ਹੈ? ਚੱਲੋ ਖੈਰ ਗੱਲ ਕਰਦੇ ਹਾਂ ਆਪਣੀ ਮਾਂ ਬੋਲੀ ਪੰਜਾਬੀ ਦੀ ਜਿਸ ਨੂੰ ਚੁਫੇਰਿਓ ਗ੍ਰਹਿਣ ਲੱਗਦਾ ਜਾਂਦਾ ਹੈ। ਕੁੱਝ ਸਕੂਲ ਪੰਜਾਬੀ ਬਾਰੇ ਵਿਰੋਧ ਵਿੱਚ ਰਹਿੰਦੇ ਹਨ। ਬੱਚਿਆਂ ਨੂੰ ਪੰਜਾਬੀ ਨਾਲ ਤੋਂ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।
ਪੰਜਾਬੀ ਬੋਲੀ ਸੱਭਿਆਚਾਰ, ਸੰਸਕ੍ਰਿਤੀ ਅਤੇ ਸੱਭਿਅਤਾ ਦੀ ਤਿਰਵੈਣੀ ਹੈ। ਇਸ ਤੋਂ ਬਿਨ੍ਹਾਂ ਉਕਤ ਝੂਠ ਬੋਲਣ ਵਾਲਾ ਸੁਭਾਅ ਵੀ ਪੰਜਾਬੀ ਚੁੱਕੀ ਫਿਰਦੇ ਹਨ। ਪੰਜਾਬੀਆਂ ਦੀ ਇੱਕ ਗੱਲ ਅਜੀਬ ਹੈ ਇਹ ਬਿਨ੍ਹਾਂ ਸੋਚੇ ਸਮੱਝੇ ਮਗਰ ਲੱਗ ਜਾਂਦੇ ਹਨ ਜੇ ਕੋਈ ਅੰਗਰੇਜ਼ੀ ਹਿੰਦੀ ਬੋਲਦਾ ਹੈ ਤਾਂ ਉਸ ਦੀ ਰੀਸ ਕਰਦੇ ਹਨ ਉਸ ਨੂੰ ਆਪਣੇ ਤੋਂ ਮਹਾਨ ਸਮਝਦੇ ਹਨ। ਇਹ ਭੁੱਲ ਜਾਂਦੇ ਹਨ ਕਿ ਇਹ ਉਹਨਾਂ ਦੀ ਮਾਂ ਬੋਲੀ ਪੰਜਾਬੀ ਭਾਸ਼ਾ ਹੈ। ਮਾਂ ਬੋਲੀ ਮਾਂ ਦੀ ਗੋਦ ਵਿੱਚ ਸਿੱਖੀ ਭਾਸ਼ਾ ਹੁੰਦੀ ਹੈ। ਇਸ ਨੂੰ ਗੁਆ ਕੇ ਰੂਹ ਬੇਜਾਨ ਹੁੰਦੀ ਹੈ। ਇਸ ਨੂੰ ਵਿਸਾਰਨ ਨਾਲ ਮਾਂ ਵਿਸਰ ਜਾਂਦੀ ਹੈ। ਪੰਜਾਬੀ ਅੱਗੇ ਹਿੰਦੀ ਭਾਸ਼ਾ ਬੋਲੀਏ ਤਾਂ ਸਾਹਮਣੇ ਵਾਲੇ ਦੀ ਪ੍ਰਤੀਕ੍ਰਿਆ ਅਤੇ ਚਿਹਰਾ ਦੱਸ ਦਿੰਦਾ ਹੈ। ਖੁਰਾਸਾਨੀ ਦੁਲੱਤੇ ਮਾਰਨ ਵਾਲੇ ਬਹੁਤੇ ਪੰਜਾਬੀ ਸ਼ਹਿਰੀਕਰਨ ਕਰਕੇ ਵੀ ਪੰਜਾਬੀ ਬੋਲਣ ਨੂੰ ਹੀਣਤਾ ਸਮਝਣ ਲੱਗੇ ਹਨ। ਇਸ ਸਰਕਾਰ ਨੇ ਪੰਜਾਬੀ ਬੋਰਡ ਲਾਉਣਾ ਦਾ ਫੈਸਲਾ ਜ਼ਰੂਰ ਕੀਤਾ ਪਰ ਅੱਧਵਾਟੇ ਹੀ ਮੁੱਕ ਗਿਆ। ਰਾਜਨੀਤਿਕ ਸੱਭਿਆਚਾਰ ਵਿੱਚ ਹਮੇਸ਼ਾ ਖੇਤਰੀ ਪਾਰਟੀਆਂ ਨੇ ਆਪਣੀ ਮਾਂ ਬੋਲੀ ਲਈ ਕੁੱਝ ਕਰਨ ਦਾ ਯਤਨ ਕੀਤਾ ਹੈ।ਇਸ ਯਤਨ ਪਿੱਛੇ ਸ਼ਾਇਦ ਉਹਨਾਂ ਦੀ ਰੁਚੀ ਘੱਟ ਬਲਕਿ ਮਜਬੂਰੀ ਵੱਧ ਹੁੰਦੀ ਹੈ। ਇਹਨਾਂ ਦੇ ਬੱਚਿਆਂ ਨੇ ਸਿੱਖਿਆ ਕਿੱਥੋਂ ਲਈ? ਇਸ ਜਵਾਬ ਵਿੱਚ ਸਭ ਕੁੱਝ ਨੰਗਾ ਹੋ ਜਾਵੇਗਾ। ਅੱਜ ਪੰਜਾਬੀਆਂ ਨੇ 6-7 ਬੈਡ ਲੈਣ ਦੇ ਚੱਕਰ ਵਿੱਚ ਪੰਜਾਬੀ ਨੂੰ ਹੋਰ ਦੁਰਕਾਰਿਆ ਉਹਨਾਂ ਦੀ ਮਜਬੂਰੀ ਹੈ ਕਿ ਰਿਜ਼ਕ ਨਾਲ ਭਾਸ਼ਾ ਦਾ ਸੰਬੰਧ ਹੁੰਦਾ ਹੈ।
ਵੰਡ ਨੇ ਪੰਜਾਬੀ ਮਾਂ ਬੋਲੀ ਨੂੰ ਉਧੇੜਿਆਂ। ਪੰਜਾਬੀ ਦਾ ਹਾਲ ਉੱਧਰਲੇ ਪੰਜਾਬ ਅਤੇ ਇੱਧਰਲੇ ਪੰਜਾਬ ਵਿੱਚ ਇਕੋ ਜਿਹਾ ਹੈ। ਉੱਥੇ ਉਰਦੂ ਠੋਸਣ ਦੇ ਯਤਨ ਹੁੰਦੇ ਹਨ ਇੱਧਰ ਹਿੰਦੀ ਠੋਸਣ ਦੇ ਯਤਨ ਹੁੰਦੇ ਹਨ। ਮਾਂ ਬੋਲੀ ਪੰਜਾਬੀ ਭਾਸ਼ਾ ਹੀ ਰਹਿੰਦੀ ਹੈ। ਮਾਸੀ ਉਰਦੂ ਹਿੰਦੀ ਕੋਈ ਵੀ ਹੋ ਸਕਦੀ ਹੈ। ਸਤਿਕਾਰ ਬਰਾਬਰ ਹੁੰਦਾ ਹੈ। ਇੱਕ ਵਾਰ ਮੇਰੇ ਸਮਾਜਿਕ ਖੇਮੇ ਵਿੱਚ ਇੱਕ ਫੌਜੀ ਜਵਾਨ ਛੁੱਟੀ ਆਇਆ ਆ ਕੇ ਹਿੰਦੀ ਬੋਲਣ ਲੱਗਿਆ ਨਾਲ ਹੀ ਇੱਕ ਹੋਰ ਚੰਦਨ ਬ੍ਰਾਹਮਣਾਂ ਦਾ ਮੁੰਡਾ ਛੁੱਟੀ ਆਇਆ ਹੋਇਆ ਸੀ ਉਸ ਨੇ ਹਿੰਦੀ ਬੋਲਣ ਵਾਲੇ ਨੂੰ ਟੋਕ ਕੇ ਕਿਹਾ "ਬਸ ਰਹਿਣ ਦੇ ਯਾਰ ਸਾਨੂੰ ਪੰਜਾਬੀ ਆਉਂਦੀ ਹੈ" ਇੱਥੇ ਪੰਜਾਬੀ ਬੋਲੀ ਨਾ ਬੋਲਣਾ ਸਪੱਸ਼ਟ ਖੁਰਾਸਾਨੀ ਦੁਲੱਤਾ ਸੀ। ਕਈ ਪੰਜਾਬੀ ਇਸ ਤਰ੍ਹਾਂ ਵੀ ਕਹਿੰਦੇ ਹਨ “ਮੇਰੇ ਸਾਥ ਪੰਜਾਬੀ ਮੇਂ ਬਾਤ ਕਰੋ” ਲਾਹਣਤੀ ਕਿਤੇ ਦੇ। ਹਿੰਦੀ ਰਾਸ਼ਟਰੀ ਭਾਸ਼ਾ ਦਾ ਮਾਣ ਤਾਂ ਨਹੀਂ ਬਣ ਸਕੀ।ਪਰ 1948 ਵਿੱਚ ਪੰਜਾਬੀ ਦੇ ਦੀਵਾਨੇ ਇੱਧਰਲੇ ਪੰਜਾਬ ਵਿੱਚ ਜ਼ਰੂਰ ਜਾਗੇ ਸਨ। 1948 ਵਿੱਚ ਭਾਸ਼ਾਈ ਕਮਿਸ਼ਨ ਦੀ ਰਿਪੋਰਟ ਵਿੱਚ ਪੰਜਾਬੀ ਸਭ ਤੋਂ ਵੱਡੀ ਭਾਸ਼ਾ ਸੀ। ਜਨਵਰੀ 1968 ਤੋਂ ਪੰਜਾਬੀ ਭਾਸ਼ਾ ਦੀ ਵਰਤੋਂ ਲਈ ਅਧਿਸੂਚਨਾ ਜਾਰੀ ਹੋਈ। 1998 ਤੱਕ 10.40 ਕਰੋੜ ਪੰਜਾਬੀ ਬੋਲਦੇ ਸਨ। 1967 ਵਿੱਚ ਪੰਜਾਬੀ ਰਾਜ ਭਾਸ਼ਾ ਐਕਟ ਬਣਨ ਨਾਲ ਪੰਜਾਬੀ ਰਾਜ ਭਾਸ਼ਾ ਬਣੀ। ਪਰ ਪੰਜਾਬੀ ਜਾਏ ਹੋਰ ਪਾਸੇ ਮੂੰਹ ਮਾਰਨ ਵਿੱਚ ਯਕੀਨ ਰੱਖਣ ਲੱਗੇ:-
 “ਇੱਕੋਂ ਗੱਲ ਮਾੜੀ ਇਹਦੇ ਛੈਲ ਬਾਂਕੇ, ਬੋਲੀ ਆਪਣੀ ਮੰਨੋ ਭੁਲਾਈ ਜਾਂਦੇ, ਪਿੱਛੇ ਸਿੱਪੀਆਂ ਦੇ ਖਾਂਦੇ ਗੋਤੇ, ਪੰਜ ਆਬ ਦੇ ਮੋਤੀ ਰੁਲਾਈ ਜਾਂਦੇ”।
 ਸਕੂਲਾਂ ਵਿੱਚ ਆਮ ਤੌਰ ਤੇ ਹਿੰਦੀ ਦੀ ਪੰਜਾਬੀ ਤੋਂ ਵੱਧ ਪ੍ਰਫੁੱਲਤਾ ਦਾ ਰੌਲਾ ਪੰਜਾਬੀ ਪਾਉਂਦੇ ਰਹਿੰਦੇ ਹਨ,ਕਿਉਂਕ“ਵਿੱਦਿਅਕ ਅਦਾਰੇ ਚਾਨਣ ਮੁਨਾਰਿਆਂ ਵਾਂਗ ਹੁੰਦੇ ਹਨ”।ਇਸ ਲਈ ਜ਼ਰੂਰੀ ਵੀ ਹੈ।
ਹਾਂ ਇੱਕ ਗੱਲ ਜ਼ਰੂਰ ਹੈ ਕਿ ਸੱਭਿਆਚਾਰ ਨੇ ਪੰਜਾਬੀ ਜੀਉਂਦੀ ਅਤੇ ਮਾਨਮੱਤੀ ਰੱਖੀ ਹੋਈ ਹੈ। ਪੰਜਾਬੀ ਗੀਤ, ਸੰਗੀਤ ਦੇ ਟੱਪੇ ਉੱਤੇ ਹਰ ਕਿਸੇ ਦਾ ਪੈਰ ਉੱਠਦਾ ਹੈ। ਭੰਗੜਾ, ਗਿੱਧਾ, ਬੋਲੀਆਂ, ਸਿੱਠਣੀਆਂ ਅਤੇ ਟੱਪੇ ਪੰਜਾਬੀ ਬੋਲੀ ਨਾਲ ਹੀ ਸੋਂਹਦੇ ਹਨ। ਇਹ ਪੰਜਾਬੀ ਬੋਲੀ ਤੋਂ ਬਿਨਾਂ ਰੂਹ ਤੋਂ ਸੱਖਣੇ ਲੱਗਦੇ ਹਨ। ਬੁੱਲ੍ਹਾ, ਵਾਰਿਸ,ਪਾਤਰ, ਅੰਮ੍ਰਿਤਾ ਅਤੇ ਪ੍ਰੋ ਮੋਹਨ ਸਿੰਘ ਵਗੈਰਾ ਨੇ ਸ਼ਿੰਗਾਰੀ ਪੰਜਾਬੀ ਬੋਲੀ ਵਿੱਚ ਬਲਵਾਨ ਵਿਰਸਾ ਪੰਜਾਬ ਵਿੱਚ ਜਾਨ ਪਾਈ ਰੱਖਦਾ ਹੈ।ਕਿਸਾਨੀ ਅੰਦੋਲਨ ਵਿੱਚ ਗੀਤਾਂ ਗਾਇਕਾਂ ਨੇ ਹੱਲਾ ਹੁਲਾਰਾ ਮਾਰ ਕੇ ਮਾਂ ਬੋਲੀ ਦੇ ਸਿਰ ਤੇ ਹੀ ਬਾਜ਼ੀ ਜਿੱਤੀ ਸੀ।ਇਹ ਅਜੋਕੇ ਜ਼ਮਾਨੇ ਦਾ ਸੁਨੇਹਾ ਹੈ।ਬਾਹਰ ਜਾ ਕੇ ਪੰਜਾਬੀ ਹੋਣ ਦਾ ਮਾਣ ਦੱਸਦੇ ਹੋਏ ਇੱਥੇ ਬੱਚਿਆਂ ਲਈ ਅੰਗਰੇਜ਼ੀ ਹਿੰਦੀ ਨੂੰ ਪਹਿਲ ਦਿੰਦੇ ਹਨ। ਪੰਜਾਬੀ ਕਵੀਆਂ ਨੇ ਵੱਖ ਵੱਖ ਰੁੱਚੀਆਂ ਤਰੁੱਟੀਆਂ ਨੂੰ ਅੰਦਾਜ਼ ਵਿੱਚ ਕਰਕੇ ਵਾਰਿਸ ਨੇ ਹੀਰ ਲਿਖ ਕੇ ਨਾਰੀਵਾਦ ਨੂੰ ਉਤਸ਼ਾਹਿਤ ਕੀਤਾ, ਸ਼ਿਵ ਕੁਮਾਰ ਨੇ ਇਸ਼ਕ ਆਸ਼ਿਕੀ ਅਤੇ ਸੰਤ ਰਾਮ ਉਦਾਸੀ ਨੇ ਗੁਰੂਆਂ ਦਾ ਫ਼ਲਸਫ਼ਾ ਅੱਗੇ ਤੌਰ ਕੇ ਜਾਤ ਪਾਤੀ ਤੇ ਕਰਾਰੀ ਚੋਟ ਮਾਰੀ। ਸਮਾਜ ਵਿੱਚ ਪੀੜ੍ਹੀ ਦਾ ਪਾੜਾ ਵੀ ਮਾਂ ਬੋਲੀ ਨੂੰ ਪਿੱਛੇ ਛੱਡ ਰਿਹਾ ਹੈ।ਇਸ ਪਿੱਛੇ ਵਿਚਾਰਧਾਰਾ ਵਾਲੇ ਕਾਰਕ ਹਨ। ਇਹਨਾਂ ਦੀ ਪਰਖ ਪੜਚੋਲ ਹਰ ਜਾਗਰੂਕ ਪੰਜਾਬੀ ਨੂੰ ਕਰਨੀ ਚਾਹੀਦੀ ਹੈ। ਬਹੁਤੇ ਕਵੀਆਂ ਨੇ ਪਹਿਲਾਂ ਹੀ ਮਾਂ ਬੋਲੀ ਨੂੰ ਹਿਰਦੇ ਵਿੱਚ ਵਸਾਉਣ ਲਈ ਹੋਕਾ ਦਿੱਤਾ ਹੈ ਉਹਨਾਂ ਨੂੰ ਨੀਤੀਆਂ ਦਾ ਅਤਾ ਪਤਾ ਹੋਣ ਕਰਕੇ ਕਲਮ ਚੁੱਕਣ ਲਈ ਮਜਬੂਰ ਹੋਣਾ ਪਿਆ ਸੀ।1954 ਵਿੱਚ ਹੀ ਫ਼ਿਰੋਜ਼ਦੀਨ ਸ਼ਰਫ਼ ਨੇ ਜਾਗਰੂਕ ਕਰਨ ਦਾ ਹੋਕਾ ਦਿੱਤਾ ਸੀ:-
"ਮੁੱਠਾਂ ਮੀਟ ਕੇ ਨੁੱਕਰੇ ਰਹਾਂ ਬੈਠੀ,
ਟੁੱਟੀ ਹੋਈ ਸਤਾਰ ਰਬਾਬੀਆਂ ਦੀ,
ਪੁੱਛੀ ਜਿਹਨਾਂ ਨੇ ਸਾਰ ਨਾ ਸ਼ਰਫ਼ ਮੇਰੀ,
ਵੇਖ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ"
              ਅੱਜ ਇਸ ਚਿੱਕੜਨੁਮਾ ਵਰਤਾਰੇ ਵਿੱਚੋਂ ਮਾਂ ਬੋਲੀ ਦੇ ਕਮਲ ਬਣਕੇ ਉਪਜੀਏ। ਮਾਂ ਬੋਲੀ ਬੋਲਣ ਨਾਲ ਹੀ ਮਾਂ ਨੂੰ ਸਿੱਜਦਾ ਅਤੇ ਸ਼ਰਧਾਂਜਲੀ ਹੁੰਦੀ ਹੈ। ਪੰਜਾਬੀਆਂ ਅਤੇ ਪੰਜਾਬ ਦੀ ਊਰਜਾ ਮਾਂ ਬੋਲੀ ਪੰਜਾਬੀ ਹੀ ਹੈ। ਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਸ਼ਾ ਹੀ ਮਨੁੱਖ ਦੇ ਅਸਲੀ ਰੂਪ ਨੂੰ ਦਰਸਾਉਂਦੀ ਹੈ। ਪੰਜਾਬੀ ਭਾਸ਼ਾ ਤੋਂ ਬਿਨਾਂ ਪੰਜਾਬੀ ਅਖਵਾਉਣ ਦਾ ਹੱਕ ਹੀ ਨਹੀਂ ਹੈ।ਹੁਣ ਦਲਜੀਤ ਨੇ ਲਲਕਾਰ ਮਾਰੀ ਹੈ "ਪੰਜਾਬੀ ਆ ਗਏ ਓਏ" ਪੰਜਾਬੀਆਂ ਦਾ ਰਿਸ਼ਤਾ ਪੰਜਾਬ ਨਾਲ ਚੱਲਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਦਾ ਮਾਂ ਬੋਲੀ ਪੰਜਾਬੀ ਨਾਲ ਜਿਸਮ ਰੂਹ ਵਾਲਾ ਸੁਮੇਲ ਹੈ। ਜਿਵੇਂ ਰੂਹ ਤੋਂ ਬਿਨਾਂ ਜਿਸਮ ਮਿੱਟੀ ਹੁੰਦੀ ਹੈ ਠੀਕ ਉਸੇ ਤਰ੍ਹਾਂ ਮਾਂ ਬੋਲੀ ਪੰਜਾਬੀ ਤੋਂ ਬਿਨਾਂ ਪੰਜਾਬੀ ਅਧੂਰੇ ਲਗਦੇ ਹਨ। ਪੰਜਾਬ ਦਾ ਇਤਿਹਾਸ ਭੂਗੋਲਿਕ ਸਥਿੱਤੀ ਮੰਗ ਕਰਦੀ ਹੈ ਕਿ ਪੰਜਾਬੀ ਹੋਰ ਵੀ ਪ੍ਰਫੁੱਲਤ ਹੋਵੇ। ਰਾਜਨੀਤਿਕ ਅਤੇ ਸਮਾਜਿਕ ਖੇਮਿਆਂ ਵਿੱਚੋਂ ਇਹੀ ਵਚਨ ਮੰਗਦੀ ਹੈ।ਇਹ ਗੱਲ ਜ਼ਾਹਰ ਹੈ ਕਿ ਪੰਜਾਬੀ ਬੋਲੀ ਕਰਕੇ ਹੀ ਪੰਜਾਬ ਦਬਦਾ ਨਹੀਂ। ਸਾਡੀ ਬੋਲੀ ਸਾਡੀ ਊਰਜਾ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445

ਨਾਨਕ - ਸੁਖਪਾਲ ਸਿੰਘ ਗਿੱਲ

ਹੇ ਨਾਨਕ, ਮੈਂ ਆਇਆ ਤੇਰੇ ਦਰ ਤੇ ਰਹਿਮਤ ਲੱਭਣ,
ਮੇਰੀ ਝੋਲੀ ਇੱਕ ਉਂਜਲ, ਰਹਿਮਤ ਦੀ ਮਿਹਰ ਦਾ ਪਾ,
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ, 
“ਜਾ ਤੂੰ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ”
ਮੈਂ ਪਾਪੀ ਅਕਿਰਤਘਣ ਪੰਜ ਚੋਰਾਂ ਦੇ ਘੇਰੇ ਵਿੱਚ ਹਾਂ,
ਧਿਆਨ ਲਾਉਂਦਾ ਹਾਂ, ਕੂੜ ਦੀ ਕੰਧ ਰਾਹ ਭੰਨਦੀ ਹੈ,
ਤੜਕੇ ਬਾਣੀ ਦੀਆਂ ਧੁਨਾਂ ਹਲੂਣਦੀਆਂ ਹਨ,
ਪਰ ਮੈਂ ਬੇਵੱਸ । 
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ, 
“ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮ ਰਵਿੰਦੁ,
ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ”
ਹੇ ਨਾਨਕ ਤੇਰੀ ਹੱਥ ਵਾਲੀ ਦਾਤ ਰੂਪੀ ਰੋਟੀ ਦੀ,
ਸਮਝ ਤਾਂ ਆਉਂਦੀ ਹੈ ਪਰ ਤਵੇ ਦੀ ਰੋਟੀ ਵੱਲ
ਧਿਆਨ ਜੁੜ ਜਾਂਦਾ ਹੈ ਹੱਥ ਦਾ ਖਿਆਲ ਨਹੀਂ ਰਹਿੰਦਾ,
ਸ਼ੁਕਰ ਨੂੰ ਨਾ-ਸ਼ੁਕਰਾਪਣ ਗੰਢ ਮਾਰ ਦਿੰਦਾ ਹੈ,
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ,
“ਦਦਾ ਦਾਤਾ ਏਕੁ ਹੈ, ਸਭ ਕਉ ਦੇਵਨਹਾਰ”
ਮੈਂ ਸੁਣਦਾ, ਪੜ੍ਹਦਾ ਤੇ ਵਿਚਾਰ ਕਰਦਾ ਹਾਂ,
ਗੁਰੂ ਨੂੰ ਸਨਮੁੱਖ ਵੀ ਰੱਖਦਾ ਹਾਂ, ਪਰ ਪੰਜ ਚੋਰਾਂ ਤੋਂ ਖਹਿੜਾ,
ਨਹੀਂ ਛੁੱਟਦਾ, ਰਹਿਮਤ ਲਈ ਹਾੜੇ ਕੱਢਦਾ ਹਾਂ,
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ,
“ਜੈਸਾ ਬਾਲਕੁ ਭਾਇ ਸੁਭਾਈ ਲੱਖ ਅਪਰਾਧ ਕਮਾਵੈ,
ਕਰਿ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ”
ਹੇ ਨਾਨਕ ਆਪਣੀ ਮਿਹਰ ਦਾ ਇੱਕ ਉਂਜਲ ਮੇਰੀ ਝੋਲੀ ਪਾ,
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ,
“ਪਿਛਲੇ ਅਉਗਣ ਬਖਸਿ ਲਏ, ਪ੍ਰਭ ਆਗੈ ਮਾਰਗਿ ਪਾਵੈ”

ਮੰਡੀਆਂ ਚ ਜੱਟ ਰੁਲਦਾ - ਸੁਖਪਾਲ ਸਿੰਘ ਗਿੱਲ

ਪੰਜਾਬ ਸਰਕਾਰ ਨੇ ਮੰਡੀਆਂ ਵਿੱਚ ਜਿੰਮੀਦਾਰਾਂ ਨੂੰ ਰੁਲਣ ਤੋਂ ਬਚਾਉਣ ਲਈ ਹਰ ਪਹਿਲੂ ਤੇ ਨਜ਼ਰ ਰੱਖੀ ਹੋਈ ਹੈ।ਪਰ ਕਈ ਵਾਰ ਜਿੰਮੀਦਾਰਾਂ ਤੇ ਸਹਿਯੋਗ ਦੀ ਕਮੀਂ ਵੀ ਸਰਕਾਰ ਨੂੰ ਉਲਝਾ ਕੇ ਰੱਖ ਦਿੰਦੀ ਹੈ। ਛਿਮਾਹੀ ਦੀ ਮਿਹਨਤ ਨੂੰ ਬੂਰ ਪੈ ਜਾਵੇ ਤਾਂ ਸਰਕਾਰ ਦਾ ਵੀ ਪੁੰਨ ਕਰਮ ਹੁੰਦਾ ਹੈ,ਜ਼ੋ ਸਰਕਾਰ ਇਸ ਵਾਰ ਲਗਨ ਨਾਲ ਕਰ ਰਹੀ ਹੈ।ਉਂਝ ਤਾਂ ਰੁਲਣਾ ਸ਼ਬਤ ਜੱਟ ਦੀ ਕਿਸਮਤ ਦਾ ਵਰਕਾ ਹੀ ਹੈ।ਜੱਟ ਇੱਕ ਕਿੱਤਾ ਅਤੇ ਵਿਚਾਰਧਾਰਾ ਹੀ ਹੁੰਦੀ ਹੈ ਜੋ ਖੇਤੀ ਤੇ ਨਿਰਭਰ ਹੈ।ਸੁਵੱਖਤੇ ਤੋਂ ਆਥਣ ਤੱਕ ਦੁਨਿਆਵੀਂ ਨਿਤਨੇਮ ਵਾਂਗ  ਕਿਸਾਨ ਅਤੇ ਸੁਆਣੀ ਘਰਾਂ, ਖੇਤਾਂ ਅਤੇ ਮੰਡੀਆਂ ਵਿੱਚ ਰੁਲਦੇ ਹੋਏ ਮਨੁੱਖਤਾ ਦਾ ਢਿੱਡ ਭਰਦੇ ਹਨ।ਗੋਹਾ-ਕੂੜਾ, ਰੋਟੀ-ਟੁੱਕ, ਭਾਂਡੇ-ਟੀਂਡੇ ਅਤੇ ਖੇਤਾਂ ਦਾ ਗੇੜਾ ਕਿਸਾਨੀ ਜਿੰਦਗੀ ਦਾ ਅੰਗ ਹਨ, ਇਹਨਾਂ ਬਦਲੇ ਮਿਹਨਤਾਨਾ ਘੱਟ ਮਿਲਦਾ ਹੈ। ਰੋਜ਼ੀ ਰੋਟੀ ਦੀ ਚਿੰਤਾ ਦਾ ਅਲਾਰਮ ਰਾਤਾਂ ਦੀ ਨੀਂਦ ਹਰਾਮ ਕਰ ਦਿੰਦਾ ਹੈ। ਕਿਸਾਨੀ ਦਾ ਸਿਰੜ, ਪਹਿਰੇਦਾਰੀ, ਅਣਸੋਧੇ ਸਾਹੇ ਅਤੇ ਅਣ ਕਿਆਸੀਆਂ ਅਲਾਮਤਾਂ ਕਿਸਾਨ ਦਾ ਸਮਾਂ ਅਤੇ ਸਬਰ ਮੰਗਦੇ ਹਨ। ਆਦਿ ਕਾਲ ਤੋਂ ਕਿਸਾਨ ਆਪਣੀ ਫ਼ਸਲ ਨੂੰ ਸਮੇਂ ਦੀ ਮੰਗ ਅਨੁਸਾਰ ਵੇਚ ਵੱਟ ਕਰਦੇ ਹਨ। ਪੁਰਾਤਨ ਸਮੇਂ ਕਿਸਾਨ ਜਿਣਸ ਨੂੰ ਆਪਣੇ ਆਲੇ ਦੁਆਲੇ, ਪ੍ਰਚੂਨ ਰੂਪ ਵਿੱਚ ਘਰੋਂ ਲੌੜੀਂਦੇ ਸਮਾਨ ਲੈਣ ਲਈ ਵੇਚਦੇ ਸਨ। ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਮਾਨ ਚੀਜ਼ਾਂ  ਦਾਣਿਆਂ ਦੀ ਆਧੀ ਜਾਂ ਦਾਣਿਆਂ ਦੇ ਬਰਾਬਰ ਲੈ ਕੇ ਜੀਵਨ ਜੀਉਂਦੇ ਸਨ। ਹੌਲੀ ਹੌਲੀ ਸੁਧਾਰ ਸ਼ੁਰੂ ਹੋਏ, ਇਸ ਦੇ ਨਤੀਜੇ ਵਜੋਂ ਜੱਟਾਂ ਦੀ ਜਿਣਸ ਨੂੰ ਸਹੀ ਢੰਗ ਨਾਲ ਵੇਚਣ ਲਈ ਮੰਡੀਆਂ ਦੀ ਸ਼ੁਰੂਆਤ ਹੋਈ ਜੋ ਅੱਜ ਤੱਕ ਜਾਰੀ ਹੈ।
 ਹਰੀਕ੍ਰਾਂਤੀ  ਨੇ ਜਿਣਸਾਂ ਦੀ ਫ਼ਸਲ ਭਰਭੂਰਤਾ  ਅਤੇ ਨਵੀਂਆਂ ਤਕਨੀਕਾਂ ਨਾਲ ਮੰਡੀਆਂ ਨੂੰ ਹੁਲਾਰਾ ਦੇ ਕੇ ਲੋੜ ਮਹਿਸੂਸ ਕਰਵਾਈ। ਮੰਡੀਆਂ ਨੇ ਜੱਟਾਂ ਦੀਆਂ ਜਿਣਸਾਂ ਨਾਲ ਮਿਲ ਕੇ ਸੱਭਿਆਚਾਰ ਨੂੰ ਹੋਰ ਵੀ ਪੑਫੁੱਲਿਤ ਕੀਤਾ। ਪੰਜਾਬ ਵਿੱਚ ਮੰਡੀਆਂ ਰਾਹੀਂ ਕਣਕ ਅਤੇ ਝੋਨਾ ਤੈਅ ਕੀਤੇ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦਿਆ ਜਾਂਦਾ ਹੈ। ਇਸ ਪਿੱਛੇ ਪੰਜਾਬ ਮੰਡੀ ਬੋਰਡ ਅਤੇ ਪੰਜਾਬ ਖੇਤੀਬਾੜੀ ਐਕਟ 1961 ਕੰਮ ਕਰਦਾ ਹੈ। ਇਸੇ ਕਰਕੇ ਕਿਸਾਨ ਨੂੰ ਆਪਣੀ ਫ਼ਸਲ ਦੀ ਵਿੱਕਰੀ ਸਰੁੱਖਿਤ ਵੀ ਲੱਗਣ ਲੱਗੀ।ਜੱਟ ਦੀ ਜਿਣਸ  ਆਪਣੇ ਆਖਰੀ ਪੜਾਅ ਤੇ ਮੰਡੀ ਵਿੱਚ ਪਹੁੰਚਣ ਨਾਲ ਚਿੰਤਾ ਮੁਕਤੀ ਦੀ ਸੰਭਾਵਨਾ ਵਧ ਜਾਂਦੀ ਹੈ। ਫ਼ਸਲ ਬੀਜਣ, ਵੱਢਣ ਅਤੇ ਵੇਚਣ ਤੱਕ ਘਰ ਦੀ ਸੁਆਣੀ ਦਾ ਵੱਡਾ ਯੋਗਦਾਨ ਹੁੰਦਾ ਹੈ। ਇੱਥੇ ਕਹਾਵਤ ਵੀ ਢੁੱਕਦੀ ਹੈ, "ਕਿਸੇ ਕਾਮਯਾਬ ਮਨੁੱਖ ਦੇ ਪਿੱਛੇ, ਇੱਕ ਔਰਤ ਦਾ ਹੱਥ ਹੁੰਦਾ ਹੈ " ਜੇ ਕਿਸਾਨ ਅਤੇ ਸੁਆਣੀ ਨੂੰ ਕੀਤੀ ਮਿਹਨਤ ਦਾ ਮੁੱਲ ਨਾ ਮਿਲੇ ਅਤੇ ਮਿਹਨਤ ਨਾਲ ਤਿਆਰ ਕੀਤੀ ਫ਼ਸਲ ਸਰੁੱਖਿਤ ਨਾ ਹੋਵੇ ਤਾਂ ਛਿਮਾਹੀ ਦਾ ਬੋਝ ਦੁੱਗਣਾ ਹੋ ਜਾਂਦਾ ਹੈ। ਇਸ ਨਾਲ ਆਰਥਿਕ ਅਤੇ ਸਿਹਤ ਪੱਖ ਝੰਜੋੜੇ ਜਾਂਦੇ ਹਨ।
  ਹਾੜੀ ਅਤੇ ਸਾਉਣੀ ਦੀ ਫ਼ਸਲ ਹਰ ਵਾਰ ਸਮੇਂ ਤੇ ਸਹੀ ਤਰੀਕੇ ਨਾਲ ਨਾ ਵਿਕਣ ਕਰਕੇ ਚਰਚਾ ਵਿੱਚ ਰਹਿੰਦੀ ਹੈ। ਇਸ ਨਾਲ ਕਿਸਾਨ ਅਤੇ ਸਰਕਾਰ ਆਪਣੀ ਮਜਬੂਰੀ ਕਰਕੇ ਆਹਮਣੇ ਸਾਹਮਣੇ ਰਹਿੰਦੇ ਹਨ। ਆਨੇ ਬਹਾਨੇ, ਲਟਕਵੀਂ ਅਤੇ ਖੱਜਲ ਖੁਆਰੀ ਨਾਲ ਫ਼ਸਲਾਂ ਚੁੱਕਣ ਦਾ ਤਾਂ ਰਿਵਾਜ਼ ਹੀ ਪੈ ਗਿਆ ਹੈ। ਛਿਮਾਹੀ ਤੇ ਲਿਫ਼ਟਿੰਗ ਦੀ ਔਝੜ ਅਤੇ ਔਕੜ ਨਾਲ ਛੇ ਮਹੀਨੇ ਦੀਆਂ ਕਿਸਾਨ ਹਿਤੈਸ਼ ਵਾਲੀਆਂ ਸਰਕਾਰੀ ਸਹੂਲਤਾਂ, ਸੁਝਾਅ ਅਤੇ ਉੱਪਰਾਲਿਆਂ ਤੇ ਪਾਣੀ ਫਿਰ ਜਾਂਦਾ ਹੈ। ਜੱਟ ਮਿਹਨਤ, ਇਤਬਾਰ ਅਤੇ ਇੰਤਜਾਰ ਦਾ ਸੁਭਾਅ ਚੱਕੀ ਫਿਰਨ ਕਰਕੇ ਵੀ  ਮੰਡੀਆਂ ਵਿੱਚ ਮੰਡੀਆਂ ਵਿੱਚ ਖੱਜਲ ਹੁੰਦਾ ਹੈ। ਮੰਡੀ ਦੀ ਸਥਿੱਤੀ ਸਰਕਾਰ ਅਤੇ ਕੁਦਰਤ ਦੇ ਰਹਿਮੋ ਕਰਮ ਤੇ ਨਿਰਭਰ ਕਰਦੀ ਹੈ। ਜੇ ਇਹ ਦੋਨੋਂ ਨਰਾਜ਼ ਹੋ ਜਾਣ ਤਾਂ ਕਿਸਾਨ ਖ਼ੁਦਕੁਸ਼ੀ ਦੇ ਰਾਹ ਤੁਰ ਪੈਂਦਾ ਹੈ। ਮੰਡੀਆਂ ਵਿੱਚ ਹੋਰ ਵੀ ਚਾਲਬਾਜੀਆਂ ਅਤੇ ਤਰੁੱਟੀਆਂ ਹੁੰਦੀਆਂ ਹਨ, ਇਹ ਕਿਸਾਨੀ ਸੂਝ ਤੋਂ ਬਾਹਰ ਹੁੰਦੀਆਂ ਹਨ। ਕਿਸਾਨ ਦੀ ਦਸਾਂ ਨਹੂੰਆਂ ਦੀ ਕਿਰਤ ਹੀ ਇਸ ਨੂੰ ਅੰਨਦਾਤੇ ਦਾ ਰੁੱਤਬਾ ਦਿੰਦੀ ਹੈ। ਇਸ ਲਈ ਧਾਰਮਿਕ ਉਪਦੇਸ਼ ਵੀ ਹੈ, " ਕੰਮ ਕਰੇ ਜੋ ਹਿੱਤੂ ਨਿਰਮਲ ਉਹੀ ਹੈ, ਸੰਨਿਆਸੀ ਯੋਗੀ ਕੇਵਲ ਅਗਨੀ ਦਿ੍ਆਂ ਤਿਆਗੀ ਬਣ ਨਾ ਸਕੇ ਹਰਗਿਜ਼ ਧਰਮੀ"
 ਐਂਤਕੀ ਵੀ ਮੰਡੀਆਂ ਸਰਕਾਰ ਦੀ ਸਾਰਥਿਕ ਪਹੁੰਚ ਕਰਕੇ ਕਿਸਾਨਾਂ ਦੀ ਸਹੀ ਤਰਜ਼ਮਾਨੀ ਹੋ ਰਹੀ ਹੈ।ਪਹਿਲੇ ਨਾਲੋਂ ਕਾਫ਼ੀ ਸੁਧਾਰ ਹਨ।ਇਹ ਸਮੱਸਿਆ ਯੱਕਲਖ਼ਤ ਨਹੀਂ ਆਉਂਦੀ ਇਸ ਪਿੱਛੇ ਲੰਬਾ ਪੈਂਡਾ ਹੁੰਦਾ ਹੈ। ਇਹ ਕੰਮ ਤਾਂ ਭਵਿੱਖੀ ਸੁਚੇਤਤਾ ਮੰਗਦਾ ਹੈ। " ਗੱਲ ਵਿਹੜੇ ਆਈ ਜੰਨ੍ਹ ਵਿੰਨੋ ਕੁੜੀ ਦੇ ਕੰਨ" ਵਾਲੀ ਨਹੀਂ ਹੋਣੀ ਚਾਹੀਦੀ। ਅੰਕੜੇ ਦੱਸਦੇ ਹਨ ਕਿ 2024 ਅਕਤੂਬਰ ਢੱਲਦੇ ਦੂਜੇ ਪੰਦਰਵਾੜੇ ਵਿੱਚ 24.43 ਲੱਖ ਮੀਟਰਿਕ ਟੰਨ ਝੋਨੇ ਦੀ ਫ਼ਸਲ ਮੰਡੀਆਂ ਚ ਆਈ ਸੀ। 21.93  ਮੀਟਰਿਕ ਟੰਨ ਤੇ ਸਰਕਾਰੀ ਮਿਹਰ ਹੋਈਸੀ। ਚਿੰਤਾ ਅਤੇ ਅਸਰੁੱਖਿਆ ਤਾਂ ਲੱਗਦੀ ਹੈ ਕਿ ਮੰਡੀ ਵਿੱਚੋਂ ਚੁੱਕੀ ਫ਼ਸਲ ਦਾ ਅੰਕੜਾ 15.69 ਮੀਟਰਿਕ ਟੰਨ ਹੈ। ਪਿਛਲੇ ਵਰੇ 7.96 ਲੱਖ ਕਿਸਾਨ ਝੋਨੇ ਦੇ ਪਿੜ ਵਿੱਚ ਨਿੱਤਰੇ, ਪਰ ਇਸ ਵਾਰ ਘੱਟ ਕਿਸਾਨ ਨਿੱਤਰੇ। ਮੰਡੀਆਂ ਚ ਫ਼ਸਲ ਰੁਲਣ ਨਾਲ ਜਿੱਥੇ ਕਿਸਾਨ ਰੁਲਦਾ ਹੈ, ਉੱਥੇ ਭਵਿੱਖੀ ਅਲਾਮਤਾਂ ਵੀ ਜੁੜੀਆਂ ਹਨ। ਤਿਓਹਾਰਾਂ ਦੇ ਦਿਨ, ਪਰਾਲੀ ਦੀ ਸਾਂਭ ਸੰਭਾਲ ਅਤੇ ਕਣਕ ਦੀ ਬਿਜਾਈ ਵੀ ਪੑ੍ਭਾਵਿਤ ਹੋਵੇਗੀ। ਸਰਕਾਰ ਹਰ ਸਾਲ ਪੂਰੇ ਉਪਰਾਲੇ ਫਸਲ ਦੀ ਲਿਫ਼ਟਿੰਗ ਲਈ ਕਰਦੀ ਹੈ, ਇਸ ਵਾਰ ਵੀ ਮੁੱਖ ਮੰਤਰੀ ਸਾਹਿਬ ਨੇ ਵਿਸੇਸ਼ ਮੀਟਿੰਗਾਂ ਕੀਤੀਆਂ। ਮੰਡੀਆਂ ਵਿੱਚ ਭਟਕੇ ਪੰਛੀ ਵਾਲੇ ਲੱਛਣ ਮੀਡੀਆ ਦੱਸ ਰਿਹਾ ਹੈ। ਕਿਸਾਨ ਦਾ ਸੱਭਿਆਚਾਰ ਖੇਤੀ, ਫ਼ਸਲਾਂ, ਪਸੂ ਧੰਨ ਆਦਿ ਉੱਤੇ ਸਿਰਜਿਆ ਜਾਂਦਾ ਹੈ। ਇਸੇ ਲਈ ਖੇਤਾਂ, ਮੰਡੀਆਂ ਵਿੱਚ ਜੱਟ, ਘਰੇ ਚੁੱਲੇ ਮੂਹਰੇ ਸੁਆਣੀ ਦੇ ਰੁਲਣ ਦੀ ਦਾਸਤਾਨ ਸੱਭਿਆਚਾਰ ਵਿੱਚ ਗੂੰਜਦੀ ਹੈ, " ਮੰਡੀਆਂ ਚ ਜੱਟ ਰੁਲਦਾ ਚੁੱਲੇ ਮੂਹਰੇ ਰੁਲਦੀ ਰਕਾਨ "
   ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ ਰੂਪਨਗਰ
9878111445

ਕਤਕਿ ਕੂੰਜਾਂ ਚੇਤਿ ਡਉ------------ ਸੁਖਪਾਲ ਸਿੰਘ ਗਿੱਲ

 ਪ੍ਰਕਿਰਤੀ ਨੂੰ ਪਿਆਰ ਕਰਨ ਵਾਲਿਆਂ ਨੇ ਸਮਾਜ, ਸੱਭਿਆਚਾਰ ਅਤੇ ਸੱਭਿਅਤਾ ਜ਼ਰੀਏ ਰੁੱਤਾਂ,ਤਿੱਥਾਂ ਅਤੇ ਵਾਰਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ।ਕੁਦਰਤ ਨੇ ਆਦਿ ਕਾਲ ਤੋਂ ਅਜੋਕੇ ਵਿਗਿਆਨਿਕ ਯੁੱਗ ਤੱਕ ਦੇਸੀ ਮਹੀਨਿਆਂ ਤੇ ਵੰਨ ਸੁਵੰਨਾ ਪ੍ਰਭਾਵ ਪਾਉਣਾ ਜਾਰੀ ਰੱਖਿਆ ਹੋਇਆ ਹੈ। ਦੇਸੀ ਮਹੀਨੇ ਪੰਜਾਬੀ ਸਮਾਜ ਦੇ ਸਿੱਕੇ ਦਾ ਦੂਜਾ ਪਾਸਾ ਹੁੰਦੇ ਹਨ।ਹਰ ਕਵੀ ਨੇ ਦੇਸੀ ਮਹੀਨਿਆਂ ਨੂੰ ਛੂੰਹਣ ਦੀ ਕੋਸ਼ਿਸ਼ ਕੀਤੀ। ਦੇਸੀ ਮਹੀਨਿਆਂ ਨੂੰ ਹਰ ਪੱਖੋਂ ਨਿਖਾਰ ਕੇ ਪੇਸ਼ ਕੀਤਾ। ਪੰਜਾਬੀ ਸਾਹਿਤ ਵਿੱਚ 12 ਮਹੀਨਿਆਂ ਦਾ ਪਾਤਰ ਚਿਤਰਨ ਗੂੰਜਦਾ ਰਹਿੰਦਾ ਹੈ। ਦੇਸੀ ਮਹੀਨੇ ਪੰਜਾਬ ਦੀ ਰੂਹ-ਏ-ਰਵਾਂ ਹਨ। ਇਹਨਾਂ ਦੇਸੀ ਮਹੀਨਿਆਂ ਵੱਲ ਸੁਚੇਤ ਅਤੇ ਅਚੇਤ ਤੌਰ ਤੇ ਸੰਸਕ੍ਰਿਤੀ ਧਾਰਨ ਵਾਲਿਆਂ ਵਲੋਂ ਝਾਤੀ ਮਾਰੀ ਹੀ ਜਾਂਦੀ ਹੈ। ਇਸੇ ਪ੍ਰਸੰਗ ਵਿੱਚ ਦੇਸੀ ਮਹੀਨਾ ਕੱਤਕ ਨਾਨਕਸ਼ਾਹੀ ਕੈਲੰਡਰ ਦਾ ਅੱਠਵਾਂ ਮਹੀਨਾ ਆਉਂਦਾ ਹੈ। ਇਸ ਪਿੱਛੇ ਅੱਸੂ ਅਤੇ ਅੱਗੇ ਮੱਘਰ ਮਹੀਨਾ ਹੁੰਦਾ ਹੈ।ਇਹ ਕੱਤਕ ਮਹੀਨਾ "ਅੱਸੂ ਮਾਹ ਨਿਰਾਲਾ,ਦਿਨੇ ਧੁੱਪ ਤੇ ਰਾਤੀਂ ਪਾਲਾ" ਦੀ ਵਿਰਾਸਤ ਨੂੰ ਅੱਗੇ ਤੋਰਦਾ ਹੈ।ਅਕਤੂਬਰ ਨਵੰਬਰ ਵਿਚਕਾਰ ਇਹ ਮਹੀਨਾ 30 ਦਿਨਾਂ ਦਾ ਹੁੰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਛੇ ਕੱਤਕ ਨੂੰ ਹੁੰਦਾ ਹੈ।
ਗਰਮੀ ਦੇ ਝੰਬਿਆਂ ਨੂੰ ਇਸ ਮਹੀਨੇ ਸ਼ੁਰੂ ਹੋਈ ਠੰਡ  ਇਸ ਤਰ੍ਹਾਂ ਲੱਗਦੀ ਹੈ, ਜਿਸ ਤਰ੍ਹਾਂ ਜੀਵਨ ਦੀ ਜਾਂਚ ਹੀ ਬਦਲ ਗਈ ਹੋਵੇ। ਰਾਤ ਨੂੰ ਤਰੇਲ ਔਸ ਪੈਂਦੀ ਹੈ। ਪਿਛਲੇ ਜ਼ਮਾਨੇ ਵਿੱਚ ਜਦੋਂ ਲੋਕ ਥੱਕ ਹਾਰ ਕੇ ਘਰ ਆਉਂਦੇ ਸਨ ਤਾਂ ਰਾਤ ਨੂੰ ਬਾਹਰ ਮੰਜਿਆਂ ਉੱਤੇ ਸੌਂਦੇ ਸਨ। ਇਸ ਮਹੀਨੇ ਦੇ ਸ਼ੁਰੂ ਹੁੰਦੇ ਹੀ ਮੱਠੀ-ਮੱਠੀ ਸਰਦੀ ਨਾਲ ਲੋਕ ਕੋਠਿਆਂ ਅੰਦਰ ਹੀ ਸੋਣਾ-ਪੈਣਾ ਸ਼ੁਰੂ ਕਰ ਦਿੰਦੇ ਹਨ। ਦਿਨ ਨੂੰ ਨਿੱਘੀ ਧੁੱਪ ਦਾ ਲੁਤਫ਼ ਵੀ ਲਿਆ ਜਾਂਦਾ ਹੈ। ਇਸ ਮਹੀਨੇ ਕਾਦਰ ਨੇ ਕੁਦਰਤ ਦੀ ਖੂਬਸੂਰਤੀ ਦੀ ਪੇਸ਼ਾਕਾਰੀ ਵੀ ਕੀਤੀ ਹੈ। ਪ੍ਰਕਿਰਤੀ ਅਤੇ ਧਰਤੀ ਵੱਖਰੇ-ਵੱਖਰੇ ਸੁਨੇਹੇ ਦਿੰਦੀਆਂ ਹਨ।
"ਕਤਕਿ ਕੂੰਜਾਂ ਚੇਤ ਡਉ,ਸਾਵਣਿ ਬਿਜੁਲੀਆ, ਸੀਆਲੇ ਸੋਹੰਦੀਆ ਪਿਰ ਗਲਿ ਬਾਹੜੀਆ"
       ਸਾਈਬੇਰੀਆ ਅਤੇ ਚੀਨ ਵਰਗੇ ਦੇਸ਼ਾਂ ਦੀ ਦਿਸ਼ਾ ਤੋਂ ਕੱਤਕ ਮਹੀਨੇ ਕੂੰਜਾਂ ਲੰਬਾ ਪੈਂਡਾ ਤੈਅ ਕਰਕੇ  ਪੰਜਾਬ ਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਦੋਂ ਕੱਤਕ ਮਹੀਨੇ ਆਕਾਸ਼ ਵਿੱਚ ਕੂੰਜਾਂ ਦਿਖਣੀਆਂ ਸ਼ੁਰੂ ਹੁੰਦੀਆਂ ਹਨ, ਉਹ ਨਜ਼ਾਰਾ ਵੀ ਦੇਖਣ ਵਾਲਾ ਹੁੰਦਾ ਹੈ। ਇੱਕ ਕੂੰਜ ਦੇ ਪਿੱਛੇ ਬਾਕੀ ਕੂੰਜਾਂ ਲੱਗੀਆਂ ਹੁੰਦੀਆਂ ਹਨ। ਕਪਾਹ, ਮੂੰਗੀ, ਤਿਲ ਬਾਜਰਾ, ਗੁਆਰਾ ਗੰਨਾ ਆਦਿ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਗੰਨਿਆਂ ਦੇ ਰਸ ਤੋਂ ਗੁੜ ਦੀ ਸ਼ੁਰੂਆਤ ਹੋ ਜਾਂਦੀ ਹੈ।ਇੱਕ ਸਮਾਂ ਸੀ ਜਦੋਂ ਛੱਪੜਾਂ ਟੋਭਿਆਂ ਵਿੱਚ ਇਸ ਮਹੀਨੇ ਸਣ ਦੱਬ ਕੇ ਰੱਖਿਆ ਜਾਂਦਾ ਸੀ। ਕਣਕ ਦੀ ਬਿਜਾਈ ਤੋਂ ਵਿਹਲੇ ਹੋ ਕੇ ਸਣ ਨੂੰ ਕੱਢ ਕੇ ਧੋ ਸੰਵਾਰ ਕੇ ਰੱਸੀਆਂ ਰੱਸੇ ਵੱਟੇ ਜਾਂਦੇ ਸਨ,ਜੋ ਖੇਤੀ ਦੇ ਕੰਮ ਆਉਂਦੇ ਸਨ।ਇਸ ਨਜ਼ਰੀਏ ਨੂੰ ਇਉਂ ਕਲਮਬੰਦ ਕੀਤਾ ਹੈ:-
 "ਕੱਤਕ ਮਹੀਨੇ ਖਿੜੀ ਕਪਾਹ,
ਜਿਉਂ ਰਾਤੀਂ ਅੰਬਰੀਂ ਤਾਰੇ,
 ਘਰ ਆਏ ਤਿਲ ਬਾਜਰਾ,
 ਮੋਠ ਮੂੰਗੀ ਸਣ ਗੁਆਰੇ"
ਅਧਿਆਤਮਿਕ ਤੌਰ ਤੇ ਕੱਤਕ ਮਹੀਨੇ ਦਾ ਵਰਣਨ ਮਿਲਦਾ ਹੈ। ਬਹੁਤ ਸਮਾਂ ਪਹਿਲਾਂ ਇੱਕ ਗਾਣਾ ਮਸ਼ਹੂਰ ਸੀ,"ਕੱਤਕ ਦੀ ਸੋਹਣੀ ਪੁੰਨਿਆ ਨੂੰ ਗੁਰੂ ਨਾਨਕ ਨੇ ਅਵਤਾਰ ਲਿਆ।"ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੱਤਕ ਮਹੀਨੇ ਨੂੰ ਇਉਂ ਸਾਰੇ ਅੰਕਿਤ ਕੀਤਾ ਗਿਆ ਹੈ:-
" ਕਤਿਕਿ ਕਰਮ ਕਮਾਵਣੇ, ਦੋਸ ਨ ਕਾਹੂ ਜੋਗੁ,
 ਪਰਮੇਸ਼ਰ ਦੇ ਭੁਲਿਆ ਵਿਆਪਨਿ ਸਭੇ ਰੋਗ"
  ਕੱਤਕ ਮਹੀਨਾ ਵਿਸ਼ਨੂ ਜੀ ਨਾਲ ਸੰਬੰਧਿਤ ਹੈ। ਇਸ ਮਹੀਨੇ ਹੀ ਵਿਸ਼ਨੂ ਜੀ ਨੇ ਮਤਸਯ ਅਵਤਾਰ ਦੇ ਰੂਪ ਵਿੱਚ ਜਲ ਵਿੱਚ ਵਿਰਾਮ ਕੀਤਾ ਸੀ।ਇਸੇ ਕਰਕੇ ਕੱਤਕ ਮਹੀਨੇ ਦਾ ਇਸ਼ਨਾਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਕੱਤਕ ਮਹੀਨਾ ਮਾਤਾ ਲਕਸ਼ਮੀ ਦੀ ਪੂਜਾ ਲਈ ਵੀ ਮੰਨਿਆ ਜਾਂਦਾ ਹੈ। ਵੈਦਿਕ ਕੈਲੰਡਰ ਅਨੁਸਾਰ ਤੁਲਸੀ ਵਿਆਹ ਹਰ ਸਾਲ ਕੱਤਕ ਮਹੀਨੇ ਹੁੰਦਾ ਹੈ। ਤੁਲਸੀ ਦਾ ਆਸ਼ੀਰਵਾਦ ਵੀ ਇਸੇ ਮਹੀਨੇ ਪ੍ਰਾਪਤ ਕੀਤਾ ਜਾਂਦਾ ਹੈ।
ਇਹ ਮਹੀਨਾ ਪ੍ਰਕਿਰਤੀ ਲਈ ਮੌਸਮ ਦੇ ਲਿਹਾਜ਼ ਤੋਂ ਉੱਤਮ ਹੁੰਦਾ ਹੈ।ਨਾ ਬਹੁਤੀ ਗਰਮੀ,ਨਾ ਪਾਲਾ ਹੁੰਦਾ ਹੈ। ਅਗਲੀ ਰੁੱਤ ਵਿੱਚ ਯਕੀਨ ਰੱਖਣ ਲਈ ਵੀ ਸਹਾਈ ਹੁੰਦਾ ਹੈ। ਕਿਸਾਨੀ ਪੱਖ ਲਈ ਵੀ ਇਹ ਮਹੀਨਾ ਖਾਸ ਮਹੱਤਵ ਰੱਖਦਾ ਹੈ। ਮੁੱਕਦੀ ਗੱਲ ਇਹ ਹੈ ਕਿ ਕੱਤਕ ਮਹੀਨਾ ਬਾਰਾਂ ਮਹੀਨਿਆਂ ਦੀ ਮਾਲਾ ਦਾ ਅਜਿਹਾ ਮੋਤੀ ਹੈ ਜੋ ਪ੍ਰਕਿਰਤੀ, ਸੱਭਿਅਤਾ ਅਤੇ ਸੱਭਿਆਚਾਰ ਦੇ ਪੱਖ ਤੋਂ ਕਿਸਾਨੀ ਲਈ ਉੱਤਮ ਸੁਨੇਹੇ ਦਿੰਦਾ ਹੈ।

ਕੰਨਿਆਵਾਂ ਦੀ ਚਾਦਰ ਨੇ ਵਲੇਟੇ ਵਰ - ਸੁਖਪਾਲ ਸਿੰਘ ਗਿੱਲ

ਜਦੋਂ ਵੀ ਕਿਸੇ ਕਲਾਸ ਦਾ ਰਿਜਲਟ ਆਉਂਦਾ ਹੈ ਤਾਂ ਆਮ ਖਬਰ ਹੁੰਦੀ ਹੈ ਕਿ ਕੁੜੀਆਂ ਨੇ ਬਾਜ਼ੀ ਮਾਰੀ। ਇਸ ਦੇ ਸਨਮੁੱਖ ਮੁੰਡਿਆਂ ਨੂੰ ਉੱਡਦਾ ਪੰਜਾਬ ਵੀ ਆਪਣੀ ਚਾਦਰ ਵਿੱਚ ਵਲੇਟਦਾ ਜਾ ਰਿਹਾ ਹੈ। ਧੀਆਂ ਪ੍ਰਤੀ ਉਹਨਾਂ ਦੇ ਮਾਪੇ ਵੀ ਪਹਿਲਾਂ ਨਾਲੋਂ ਜਾਗਰੂਕ ਹੋਏ ਹਨ।ਇਸ ਤੋਂ ਇਲਾਵਾ ਧੀਆਂ ਦਾਜ ਦੇ ਲੋਭੀਆਂ ਨੂੰ ਨਿਕਾਰ ਰਹੀਆਂ ਹਨ। ਆਪਣੇ ਬਰਾਬਰ ਦਾ ਵਰ ਨਾ ਹੋਣ ਕਰਕੇ ਮੁੰਡਿਆਂ ਨੂੰ ਨਕਾਰ ਰਹੀਆਂ ਹਨ। ਪਹਿਲਾਂ ਵਾਲਾ ਜ਼ਮਾਨਾ ਵੀ ਗਿਆ ਕਿ ਬਾਪੂ ਆਪਣੀ ਮਰਜ਼ੀ ਨਾਲ ਰੁਪਿਆ ਦੇ ਆਉਂਦਾ ਸੀ, ਬਾਅਦ ਵਿੱਚ ਦੇਖੀ ਜਾਊਂ।ਵੱਟੇ ਦੇ ਵਿਆਹ ਤਾਂ ਇਸ ਤੋਂ ਪਹਿਲਾਂ ਹੀ ਰੁਕ ਗਏ ਸਨ।ਹੁਣ ਕੁੜੀਆਂ ਸਮਰੱਥ ਹਨ।ਇਸ ਦਾ ਕਾਰਨ ਇਹ ਵੀ ਹੈ ਕਿ ਭਰੂਣ ਹੱਤਿਆ ਕਾਨੂੰਨ ਦੇ ਨਾਲ ਨਾਲ ਸਰਕਾਰਾਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਕੁੜੀਆਂ ਪ੍ਰਤੀ ਜਾਗਰੂਕਤਾ ਮੁਹਿੰਮ ਛੇੜੀ ਹੈ। ਇਸ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਹਨ। ਅੱਜ ਦਾ ਦੌਰ "ਧੀ ਜੰਮੀ ਵੰਡੋ ਮਠਿਆਈ ਇਹ ਸਾਕਾਰ ਲਕਸ਼ਮੀ ਆਈ" ਇੱਕ ਤਰ੍ਹਾਂ ਸਹੀ ਸਾਬਤ ਹੋ ਰਿਹਾ ਹੈ। ਧੀਆਂ ਪ੍ਰਤੀ ਪ੍ਰੀਵਾਰਾਂ ਵਿੱਚ ਸੋਚ ਸੁਧਰੀ ਜ਼ਰੂਰ ਹੈ।ਹੁਣ ਦੀਆਂ ਕੁੜੀਆਂ ਨੂੰ"ਸੱਸ ਚੰਦਰੀ ਦਾ ਡਰ ਵੀ ਵੱਢ-ਵੱਢ ਨਹੀਂ ਖਾਂਦਾ, ਬਲਕਿ ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਲਈ"ਦਾ ਫ਼ਲਸਫ਼ਾ ਭਾਰੂ ਹੋ ਗਿਆ ਹੈ।
ਕੁਦਰਤ ਦਾ ਵਿਧਾਨ ਕੁੜੀਆਂ ਮੁੰਡੇ ਉੱਤੇ ਖੜ੍ਹਾ ਹੈ। ਜੇ ਇਹਨਾਂ ਵਿੱਚੋਂ ਕਿਸੇ ਇੱਕ ਦੀ ਰੇਸ਼ੋ ਵੀ ਘਟ ਜਾਵੇ ਤਾਂ ਸਮਾਜਿਕ ਵਖਰੇਵੇਂ ਸ਼ੁਰੂ ਹੋ ਜਾਂਦੇ ਹਨ। ਅੱਜ ਸ਼ੁਰੂ ਵੀ ਹੋਏ ਹਨ। ਪਿਛੋਕੜ ਤੇ ਝਾਤ ਮਾਰੀਏ ਤਾਂ ਇੱਕ ਸਮੇਂ ਕੌਮਾਂਤਰੀ ਮੈਡੀਕਲ ਪੱਤ੍ਰਿਕਾ ਲੈਂਨਸਟ ਅਨੁਸਾਰ 1980 ਤੋਂ ਲੈ ਕੇ 2010 ਤੱਕ 30 ਸਾਲਾਂ ਵਿੱਚ ਭਾਰਤ ਵਿੱਚ ਇੱਕ ਕਰੋੜ ਮਾਦਾ ਭਰੂਣ ਡੇਗੇ ਗਏ। ਇਸ ਅੰਕੜੇ ਨੇ ਭਾਰਤੀ ਅਤੇ ਪੰਜਾਬੀ ਸੱਭਿਅਤਾ ਨੂੰ ਖੇਰੂੰ ਖੇਰੂੰ ਕਰਨ ਦੀ ਕੋਸ਼ਿਸ਼ ਕੀਤੀ।ਪੰਜਾਬ ਵਿੱਚ ਇੱਕ ਖਾਕਾ ਬਣਿਆ ਸੀ ਕਿ 2010 ਤੱਕ ਜਿੰਨੀਆਂ ਗਰਭਵਤੀ ਰਜਿਸਟਰ ਹੋਈਆਂ ਉਹਨਾਂ ਵਿੱਚੋਂ 75000 ਭਰੂਣਾਂ ਦਾ ਪਤਾ ਹੀ ਨਹੀਂ ਚੱਲਿਆ। ਇਹ ਅੰਕੜੇ ਅੱਜ ਲੋਕਾਂ ਦੇ ਗਿੱਟਿਆਂ ਵਿੱਚ ਫਸ ਰਹੇ ਹਨ। ਸਰਕਾਰ ਦੇ ਕਾਇਦੇ ਵੀ "ਦੇਰ ਆਏ ਦਰੁਸਤ ਆਏ" ਸਾਬਤ ਹੋਏ ਹਨ। ਇਹਨਾਂ ਨੇ ਇਹ ਵੀ ਦੱਸ ਦਿੱਤਾ ਹੈ ਕਿ ਹੈ ਕਿ "ਵੇਲਾ ਬੀਤਣ ਤੋਂ ਬਾਅਦ ਹੀ ਸਾਡਾ ਜਾਗਣ ਦਾ ਸੁਭਾਅ ਹੈ"
ਸ਼ੈਕਸਪੀਅਰ ਦਾ ਕਥਨ ਹੈ ਕਿ "ਕੁਝ ਵੀ ਚੰਗਾ ਜਾਂ ਬੁਰਾ ਨਹੀਂ ਹੁੰਦਾ ਕੇਵਲ ਸਾਡੀ ਸੋਚ ਹੀ ਚੰਗੀ ਅਤੇ ਮਾੜੀ ਹੁੰਦੀ ਹੈ" ਇਸੇ ਸੰਦਰਭ ਵਿੱਚ ਕੁੜੀਆਂ ਦੀ ਅਤੇ ਕੁੜੀਆਂ ਪ੍ਰਤੀ  ਬਦਲੀ ਸੋਚ ਨੇ ਜਾਤ
-ਪਾਤ, ਪਰਿਵਾਰਕ ਹੰਉਮੈ ਅਤੇ ਭੇਦਭਾਵ ਮਿਟਾਉਣ ਵੱਲ ਪੈਰ ਪੁੱਟਿਆ ਹੈ। ਕੁੜੀਆਂ ਮੁੰਡੇ ਆਪਣੇ ਸਾਥੀ ਆਪ ਲੱਭ ਰਹੇ ਹਨ। ਇਹ ਗੱਲ ਤਾਂ ਹੈ ਪਰ ਫਿਰ ਵੀ ਮਾਂ ਪਿਓ ਨੂੰ ਭਰੋਸੇ ਵਿੱਚ ਲੈ ਕੇ ਆਪਣੀ ਦਲੀਲ ਨਾਲ ਗੱਲ ਮੰਨਵਾਉਣੀ ਚਾਹੀਦੀ ਹੈ। ਇਸ ਨਾਲ ਸਮਾਜਿਕ ਹਿੰਸਾ ਅਤੇ ਬੇਚੈਨੀ ਘਟੇਗੀ।ਨੌਕਰੀਆਂ, ਸਮਾਜਿਕ ਤੇ ਕੁਝ ਵਰਗ, ਅਤੇ ਆਈਲੈਟ ਵਾਲੇ ਕਾਫੀ ਸਮੇਂ ਤੋਂ ਆਪਣੇ ਪਰਿਵਾਰ ਦੀ ਜ਼ਿੰਦਗੀ ਦੇ ਫੈਸਲੇ ਆਪ ਕਰਨ ਲੱਗ ਪਏ ਹਨ।ਕਈ ਮੁੰਡੇ ਕੁੜੀਆਂ ਤਾਂ ਦੋ ਚਾਰ ਸਾਲ ਇੱਕ ਦੂਜੇ ਨੂੰ ਸਮਝਣ ਤੋਂ ਬਾਅਦ ਹੀ ਵਿਆਹ ਕਰਦੇ ਹਨ। ਇਸ ਨਾਲ ਮਾਂ ਪਿਓ ਦਾ ਬੋਝ ਵੀ ਘਟਿਆ ਹੈ ਪਰ ਨਾਲ ਹੀ ਨਾਂਹਪੱਖੀ ਪ੍ਰਭਾਵਾਂ ਤੋਂ ਵੀ ਬਚਿਆ ਨਹੀਂ ਜਾ ਸਕਦਾ।
                 ਮਾਂ ਪਿਓ ਦਾ ਰੂੜੀਵਾਦੀ ਸੋਚ ਵਿੱਚੋਂ ਨਿਕਲਣਾ ਅਜੋਕੀ ਪੀੜ੍ਹੀ ਤਾਂ ਚੰਗੀ ਗੱਲ ਹੈ, ਪਰ ਆਪਣੀ ਸਭਿਅਤਾ ਅਤੇ ਸੰਸਕ੍ਰਿਤੀ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ। ਇੱਕ ਸਮਾਂ ਸੀ ਜਦੋਂ ਅਸੀਂ ਕੁੜੀਆਂ ਨੂੰ ਪੜ੍ਹਾਉਣਾ ਵੀ ਮੁਨਾਸਿਬ ਨਹੀਂ ਸਮਝਦੇ ਸੀ।ਫਿਰ ਸਮਾਂ ਆਇਆ ਸਕੂਲ ਜਾਂਦੇ ਸੀ ਤਾਂ ਮੁੰਡੇ ਕੁੜੀਆਂ ਟਾਟਾਂ ਉੱਤੇ ਅਲੱਗ-ਅਲੱਗ ਬੈਠਦੇ ਸਨ। ਇਸੇ ਤਰ੍ਹਾਂ ਫਿਰ ਬੈਂਚਾ ਉੱਤੇ ਵੀ ਅੱਡ-ਅੱਡ ਬੈਠਦੇ ਸਨ। ਕਾਲਿਜਾਂ ਵਿੱਚ ਵੀ ਬੈਠੇ ਤਾਂ ਅੱਡ-ਅੱਡ ਸੀ,ਪਰ ਕੁੜੀਆਂ-ਮੁੰਡੇ ਆਪਸੀ ਗੱਲਬਾਤ ਬੇਝਿਜਕ ਹੋ ਕੇ ਕਰਨ ਲੱਗੇ।ਇਸ ਨਾਲ ਹੀ ਨਵੇਂ ਦੌਰ ਦਾ ਆਗਾਜ਼ ਵੀ ਹੋਇਆ ਸੀ। ਇਸ ਪੱਖ ਦਾ ਇੱਕ ਪਹਿਲੂ ਇਹ ਵੀ ਹੈ ਕਿ ਹਰ ਬੱਚਾ ਜਾਗਰੂਕ ਨਹੀਂ ਹੁੰਦਾ,"ਦੇਸੀ ਟੱਟੂ  ਖੁਰਾਸਾਨੀ ਦੁਲੱਤੇ"ਵਾਲੇ ਇਸ ਪਹੁੰਚ ਤੋਂ ਦੂਰ ਰਹਿ ਕੇ ਮਾਂ ਪਿਓ ਅਤੇ ਰਿਸ਼ਤੇਦਾਰਾਂ ਦੀ ਸਲਾਹ ਲੈਣ ਤਾਂ ਚੰਗਾ ਹੋਵੇਗਾ।
ਇਸ ਸਬੰਧੀ ਕੁਲਦੀਪ ਮਾਣਕ ਦਾ ਗਾਣਾ ਪੁੱਖਤਾ ਗਵਾਹੀ ਵੀ ਦਿੰਦਾ ਹੈ,
"ਮੈਂ ਚਾਦਰ ਕੱਢਦੀ ਹਾਂ, ਉੱਤੇ ਪਾਵਾਂ ਪਾਵਾਂ ਤੋਤੇ,
 ਚੰਨ, ਹੁਸਨ ਜੁਵਾਨੀ ਨੀ, ਮਾਵਾਂ ਠੰਡੀਆਂ ਛਾਵਾਂ,
ਫਿਕਰਾਂ ਵਿੱਚ ਹੋਇਆ ਨੀ ਮੇਰਾ ਬਾਬਲ ਭੋਲਾ,
ਓਹਦੀ ਚਿੱਟੀ ਪਗੜੀ ਨੂੰ ਕਦੀ ਦਾਗ ਲਾਵਾਂ,
            ਸਿੱਖਿਆ ਨੇ ਧੀਆਂ ਨੂੰ ਆਪਣਾ ਵਰ ਆਪ ਚੁਣਨ ਦਾ ਅਧਿਕਾਰ ਦਿੱਤਾ ਹੈ।ਅਰਸਤੂ ਨੇ ਕਿਹਾ ਸੀ ਕਿ "ਵਿਦਿਆ ਖੁਸ਼ਹਾਲੀ ਸਮੇਂ ਗਹਿਣਾ ਹੈ, ਅਤੇ ਮੰਦਹਾਲੀ ਸਮੇਂ ਸ਼ਰਨਗਾਹ ਹੋ ਕੇ ਨਿਬੜਦੀ ਹੈ" ਇਸੇ ਤਰਜ਼ ਤੇ ਚਾਣਕੀਆ ਨੇ ਕਿਹਾ ਸੀ ਕਿ "ਵਿੱਦਿਆ ਪ੍ਰਾਪਤੀ ਨਾਲ ਛੋਟੀ ਕੁਲ ਵੀ ਦੇਵਤਾ ਬਣ ਜਾਂਦੀ ਹੈ" ਇਹ ਅੱਜ ਦੀਆਂ ਧੀਆਂ ਧਿਆਣੀਆਂ ਤੇ ਢੁੱਕਦਾ ਹੈ। ਪੰਜਾਬ ਵਿੱਚ ਅੱਜ ਜਿਸ ਕਦਰ ਕੁੜੀਆਂ ਘੱਟਣ ਨਾਲ ਮੁੰਡਿਆਂ ਦੇ ਵਿਆਹਾਂ ਵਿੱਚ ਖੜੋਤ ਆਈ ਹੈ, ਉਹ ਅਤੀਤ ਦੇ ਪਰਛਾਵੇਂ ਹੀ ਹਨ।ਭਵਿੱਖ ਸੰਵਾਰਨ ਦੇ ਸੁਨੇਹਾ ਲੇਟ ਮਿਲਣ ਲੱਗੇ। ਮੁੰਡਿਆਂ ਦੇ ਰਿਸ਼ਤਿਆਂ ਵਿੱਚ ਸਿੱਖਿਆ ਦੀ ਘਾਟ, ਨਸ਼ੇ ਅਤੇ ਸੈਕਸ਼ ਰੇਸ਼ੋ ਪ੍ਰਭਾਵਿਤ ਕਰ ਰਹੀ ਹੈ। ਕਾਫੀ ਪਹਿਲੇ ਯੂਨੀਸੈਫ ਦੀ ਰਿਪੋਰਟ ਵਿੱਚ ਇਹ ਕਿਹਾ ਗਿਆ ਸੀ,ਕਿ ਪੰਜਾਬ ਦੇ 60 ਲੱਖ ਮੁੰਡੇ ਇੱਕ ਸਮੇਂ ਕੁਆਰੇ ਰਹਿਣਗੇ। ਇਹ ਚਿੰਤਾ ਵੱਢ-ਵੱਢ ਖਾਂਦੀ ਹੈ।ਇਸ ਲਈ ਸਾਡੀਆਂ ਸਰਕਾਰਾਂ ਅਤੇ ਸਮਾਜ ਬਰਾਬਰ ਦੇ ਦੋਸ਼ੀ ਹਨ। ਸਰਕਾਰਾਂ ਦੀ ਦੇਰੀ ਤਾਂ ਹੈ ਹੀ, ਪਰ ਸਮਾਜ ਵਿੱਚ ਕਿਰਿਆਵਾਂ ਨੂੰ ਸਵੀਕਾਰਨਯੋਗ ਜਾਂ ਅਸਵੀਕਾਰਨਯੋਗ ਸਮਝ ਕੇ ਵਿਹਾਰ ਦੇ ਪੈਟਰਨ ਬਣਦੇ ਹਨ,ਇਹੀ ਸਮਾਜ ਦੇ ਨਿਯਮ ਜਾਂ ਮਰਿਆਦਾ ਬਣਦੀ ਹੈ। ਇਸੇ ਪ੍ਰਸੰਗ ਵਿੱਚ ਸਮਾਜ ਵੀ ਅਗਿਆਨਤਾ ਦੇ ਹਨ੍ਹੇਰੇ ਵਿੱਚ ਹੀ ਰਿਹਾ।
ਅੱਜ ਜਾਗਰੂਕਤਾ ਵਾਲੀਆਂ ਮਾਣਮੱਤੀ ਧੀਆਂ ਨੇ ਸਮਾਜ ਦੀਆਂ ਰੂੜੀਵਾਦੀ ਬੇੜੀਆਂ ਵੱਢ ਕੇ ਆਪਣੇ ਬਰਾਬਰ ਅਤੇ ਸੁਭਾਅ ਨਾਲ ਮੇਲ ਖਾਂਦੇ ਵਰ ਲੱਭ ਕੇ ਮਾਪਿਆਂ ਨੂੰ ਰਾਜ਼ੀ ਕਰਨ ਦਾ ਪੰਨਾ ਲਿਖਿਆ ਹੈ। ਸਿੱਕੇ ਦਾ ਦੂਜਾ  ਮੁੰਡਿਆਂ ਦੀ ਚਾਹਤ ਚ ਭਰੂਣਾਂ ਦੀ ਹੱਤਿਆ ਵਾਲਾ ਪਾਸਾ ਸਮਾਜ ਨੇ ਦਿੱਤਾ ਹੈ। ਸਮਾਜ ਵਿੱਚ ਈਰਖਾ ਵਧਣ, ਹਿੰਸਾ ਦੇ ਤੌਖ਼ਲੇ ਅਤੇ ਨੈਤਿਕ ਗਿਰਾਵਟ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ।ਰੱਬ ਖੈਰ ਕਰੇ।ਕੁਦਰਤੀ ਤੌਰ ਤੇ ਕੁੜੀਆਂ ਮੁੰਡਿਆਂ ਨਾਲੋਂ ਵੱਧ ਸਿਆਣੀਆਂ ਹਨ‌।ਇਹ ਮਸਲੇ ਸਮਾਜ,ਸਮਾਜ ਵਿਗਿਆਨ ਅਤੇ ਬੁੱਧੀਜੀਵੀਆਂ ਦੀ ਕਚਹਿਰੀ ਵਿੱਚ ਲਿਜਾ ਕੇ ਤੁਰੰਤ ਹਲ ਕਰਨੇ ਚਾਹੀਦੇ ਹਨ।ਮੁੰਡਿਆਂ ਦੀ ਚਾਹਤ ਚ ਹੋਈਆਂ ਭਰੂਣ ਹੱਤਿਆਵਾਂ , ਨਸ਼ਿਆਂ ਦਾ ਪ੍ਰਕੋਪ ਅਤੇ ਸਿੱਖਿਆ ਦੀ ਘਾਟ ਮੁੰਡਿਆਂ ਤੇ ਭਾਰੂ ਪੈਣ ਲੱਗੀ  ਹੈ। "ਵਰ ਲਈ ਕੰਨਿਆ" ਰਿਸ਼ਤਿਆਂ ਨੂੰ ਮਿਲਣ ਵਿੱਚ ਆਈ ਖੜੌਤ ਅਤੀਤ ਦੀ ਕੰਨਿਆਵਾਂ ਦੀ ਚਾਦਰ ਵਿੱਚ ਮੁੰਡਿਆਂ ਨੂੰ ਵਲੇਟਦੀ ਨਜ਼ਰ ਆਉਂਦੀ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445 ਸੋਧ ਕੇ ਦੁਬਾਰੇ ਭੇਜਿਆ

ਅਸੀਸ ਦੇਣਾ ਵੀ ਚਰਿੱਤਰ ਨਿਰਮਾਣ ਹੈ - ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ

ਅਸੀਸਾਂ ਮਨੁੱਖਤਾ ਦੀ ਨੈਤਿਕਤਾ ਅਤੇ ਨੇਕ ਸੁਭਾਅ ਨੂੰ ਉਜਾਗਰ ਕਰਦੀਆਂ ਹਨ। ਹਮੇਸ਼ਾ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਇਸੇ ਤਰ੍ਹਾਂ ਅਸੀਸਾਂ ਦੇ ਨਾਲ ਦੁਰਾ-ਅਸੀਸਾਂ ਵੀ ਜੁੜੀਆਂ ਹਨ।ਅਸੀਸ ਦੇਣ ਲੱਗਿਆਂ ਬੰਦੇ ਦਾ ਜਿਗਰਾ ਬਲਵਾਨ ਹੁੰਦਾ ਹੈ। ਉਸ ਵਿੱਚ ਕੋਈ ਈਰਖਾ ਭਾਵ ਨਹੀਂ ਛੁਪਿਆ ਹੁੰਦਾ। ਇਸ ਦ ਉਲਟ ਰੂਪ ਕਿਸੇ ਜੇ ਕਿਸੇ ਨੂੰ ਦੁਰਾ-ਅਸੀਸ ਦਿੱਤੀ ਜਾਵੇ ਤਾਂ ਉਸ ਨੂੰ ਬਜ਼ੁਰਗਾਂ ਦੀ ਕਚਹਿਰੀ ਵਿੱਚ ਇਉਂ ਸਮਝਿਆ ਜਾਂਦਾ ਹੈ ਕਿ ਇਹ ਦੁਰਾ-ਅਸੀਸ ਪੱਥਰ ਨੂੰ ਪਾੜ ਦਿੰਦੀ ਹੈ। ਹਮੇਸ਼ਾ ਮਾਨਵਤਾ ਦਾ ਸੁਭਾਅ ਵੀ ਰਿਹਾ ਹੈ, ਖਾਸ ਕਰਕੇ ਸਾਡੀ ਸੰਸਕ੍ਰਿਤੀ ਵਿੱਚ ਅਸੀਸ ਦੇਣਾ ਬੰਦੇ ਦਾ ਬੋਝ ਹਲਕਾ ਕਰਦੀ ਹੈ। ਅਸੀਸ ਦੇਣ ਅਤੇ ਅਸੀਸ ਲੈਣ ਵਾਲੇ ਵਿੱਚ ਗੁਣ ਹੋਣੇ ਚਾਹੀਦਾ ਹਨ। ਇਸੇ ਕਰਕੇ ਹੀ ਅਸੀਸ ਦਾ ਆਦਾਨ- ਪ੍ਰਦਾਨ ਹੁੰਦਾ ਹੈ। ਸਾਡੀ ਪਵਿੱਤਰ ਗੁਰਬਾਣੀ ਵਿੱਚ ਲਿਖਿਆ ਗਿਆ ਹੈ,
 "ਦੇਹੁ ਸਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲੁ"
              ਹਰ ਸਮਾਜ ਹਰ ਕਬੀਲੇ ਦੀ ਆਪਣੀ ਆਪਣੀ ਅਸੀਸ ਅਤੇ ਦੁਰਾ-ਅਸੀਸ ਹੁੰਦੀ ਹੈ। ਨਵੀਂ ਵਿਆਹੀ ਬਹੂ ਨੂੰ ਆਮ ਤੌਰ ਤੇ ਇਹ ਅਸੀਸ ਦਿੱਤੀ ਜਾਂਦੀ ਸੀ,"ਬੁੱਢ ਸੁਹਾਗਣ ਹੋਵੇ ਦੁੱਧੀਂ  ਪੁੱਤੀਂ ਫ਼ਲੇ"ਇਸ ਤੋਂ ਇਲਾਵਾ ਹੋਰ ਅਸੀਸ ਹੈ "ਜੀਉਂਦਾ ਵੱਸਦਾ ਰਹਿ""ਲੰਬੀ ਉਮਰ ਹੋਵੇ"ਮੈਨੂੰ ਆਪਣੀ ਪੜ੍ਹਦਾਦੀ ਦੀ ਅਸੀਸ ਯਾਦ ਹੈ ਜਦੋਂ ਵੀ ਅਸੀਂ ਉਸ ਦੇ ਪੈਰੀਂ ਹੱਥ ਲਾਉਣੇ ਤਾਂ ਉਸ ਦੇ  ਮੂੰਹੋਂ ਆਮ ਕਿਹਾ ਜਾਂਦਾ ਸੀ, "ਰੱਜ ਕੇ ਖਾਹ ਝਾੜ ਕੇ ਪੈਹਨ" ਕਈ ਮਕਰਖੋਰੇ ਤੇ ਮਕਰਖੋਰੀਆਂ ਜਾਣ ਬੁੱਝ ਕੇ ਅਸੀਸ ਨਹੀਂ ਦਿੰਦੀਆਂ ਉਹਨਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਸ਼ਾਇਦ ਮੇਰੀ ਅਸੀਸ ਪੂਰੀ ਹੋ ਜਾਣੀ ਹੈ,ਜਦਕਿ  ਹੁੰਦਾ ਓਹੀ ਹੈ ਜੋ ਕੁਦਰਤ ਨੂੰ ਮੰਨਜੂਰ ਹੁੰਦਾ ਹੈ। ਕਈ ਜਾਣ ਬੁੱਝ ਦੁਰਾ-ਅਸੀਸਾ ਦਿੰਦੇ ਹਨ "ਕਿ ਸ਼ਾਇਦ ਕਾਵਾਂ ਦੇ ਕਹੇ ਤੇ ਢੱਗੇ ਮਰ ਜਾਣ"। ਅਸੀਸ ਦਾ ਫ਼ਲਸਫ਼ਾ ਭਾਰਤੀ ਸੰਸਕ੍ਰਿਤੀ ਵਿੱਚ ਉੱਤਮ ਅਤੇ ਪੁੱਖਤਾ ਮੰਨਿਆ ਜਾਂਦਾ ਹੈ।ਕਈ ਵਾਰ ਬੱਚਿਆਂ ਨੂੰ ਸਿੱਖਿਆ ਦੇਣ ਸਮੇਂ ਅਜਿਹਾ ਸਮਝਾਇਆ ਜਾਂਦਾ ਹੈ ਕਿ ਕਿਸੇ ਦੀ ਸੀਸ ਲੈਣੀ ਸਿੱਖੋ।ਹਮੇਸ਼ਾ ਅਸੀਸਾਂ ਨਾਲ ਲੈਂਦੇ ਰਹੋ। ਸਾਡੇ ਸਮਾਜੀਕਰਨ ਅਤੇ ਸੱਭਿਅਤਾ ਵਿੱਚ ਇਹ ਸਿਖਾਇਆ ਜਾਂਦਾ ਹੈ ਕਿ ਅਸੀਸ ਲੈਣੀ ਇਲਾਹੀ ਹੁਕਮ ਹੋ ਨਿਬੜਦਾ ਹੈ।
     ਸਿਰ ਤੇ ਹੱਥ ਰੱਖ ਕੇ ਕਈ ਵਾਰ ਅਸੀਸ ਦਿੱਤੀ ਜਾਂਦੀ ਹੈ। ਕਈ ਵਾਰ ਪਿੱਠ ਥਾਪੜ ਕੇ ਵੀ ਅਸੀਸ ਦਿੱਤੀ ਜਾਂਦੀ ਹੈ।ਇੱਕ ਗੱਲ ਜਰੂਰ ਹੈ ਜਦੋਂ ਅਸੀਂ ਕਿਸੇ ਦੇ ਪੈਰੀ ਹੱਥ ਲਗਾ ਕੇ ਨਿਵਦੇ ਹਾਂ,ਤਾਂ ਜਰੂਰ ਮਨ ਵਿੱਚੋਂ ਅਗਲਾ ਬੰਦਾ ਅਸੀਸ ਦੇਣ ਲਈ ਮਜਬੂਰ ਹੋ ਜਾਂਦਾ ਹੈ। ਪੈਰੀਂ ਹੱਥ ਲਾਉਣ ਦਾ ਸੁਭਾਅ ਹੀ ਇਹ ਹੁੰਦਾ ਹੈ ਕਿ ਅਭਿਮਾਨ ਨੂੰ ਨੀਵਾਂ ਕਰਕੇ ਅਗਲੇ ਅੱਗੇ ਨਿਭਣਾ। ਪਿੰਡਾਂ ਵਿੱਚ ਆਮ ਤੌਰ ਤੇ ਕਈ ਤਰ੍ਹਾਂ ਦੇ ਲੋਕ ਮਿਲਦੇ ਹਨ।ਇੱਕ ਕਿਸਮ ਦੇ ਲੋਕ ਅਜਿਹੇ ਵੀ ਹੁੰਦੇ ਹਨ ਜਿਨਾਂ ਨੇ ਹਰ ਇੱਕ ਬੰਦੇ ਨੂੰ ਅਸੀਸ ਹੀ ਦੇਣੀ ਹੁੰਦੀ ਹੈ।ਅਜਿਹੇ ਬੰਦੇ ਦਾਨੇ ਅਤੇ ਦਰਵੇਸ਼ ਸੁਭਾਅ ਦੇ ਮਾਲਕ ਗਿਣੇ ਜਾਂਦੇ ਹਨ। ਕਾਸ਼ ਕਿਤੇ ਇਹਨਾਂ ਦੀ ਗਿਣਤੀ ਪਿੰਡਾਂ ਵਿੱਚ ਦੁਗਣੀ ਹੋ ਜਾਵੇ, ਇਸ ਨਾਲ ਈਰਖਾ ਦਵੈਤ ਭਾਵ ਅਤੇ ਅਹੰਕਾਰ ਮਿਟਣ ਦੀ ਗੁੰਜਾਇਸ਼ ਜਰੂਰ ਹੈ। ਅਸੀਸ ਦੇਣ ਲਈ ਬੰਦੇ ਦਾ ਸੁਭਾਅ ਸੰਸਕ੍ਰਿਤੀ ਅਤੇ ਸੱਭਿਅਤਾ ਮੁਤਾਬਕ ਘੜਿਆ ਹੋਣਾ ਚਾਹੀਦਾ ਹੈ। ਜਿਨਾਂ ਬੰਦਿਆਂ ਦੇ ਮੂੰਹ ਤੋਂ ਕਦੇ ਕਿਸੇ ਨੂੰ ਅਸੀਸ ਨਹੀਂ ਸੁਣੀ, ਪਿੰਡ ਵਿੱਚ ਵੀ ਉਹ ਬੰਦੇ  ਲੋਕਾਂ ਦੀ ਲਿਸਟ ਵਿੱਚ ਹੁੰਦੇ ਹਨ।ਅਜਿਹੇ ਬੰਦੇ ਦੇ ਮੱਥੇ ਲੱਗਣਾ ਗੁਨਾਹ ਸਮਝ ਲਿਆ ਜਾਂਦਾ ਹੈ।
ਅਸੀਸ ਕਦੇ ਵੀ ਮਜਬੂਰੀ ਵਸ ਨਹੀਂ ਦਿੱਤੀ ਜਾਂਦੀ। ਬਾਰਿਸ਼ ਦੀਆਂ ਕਣੀਆਂ ਵਾਂਗ ਆਪ ਮੁਹਾਰੇ ਹੀ ਦਾਨਸ਼ਵਰਾਂ ਦੇ ਮੁੱਖ ਤੋਂ ਨਿਕਲ ਜਾਂਦੀ ਹੈ। ਜਿਨਾਂ ਲੋਕਾਂ ਨੂੰ ਅਸੀਸ ਦੇਣੀ ਆ ਗਈ ਸਮਝ ਲਓ ਉਹਨਾਂ ਨੂੰ ਸਮਾਜ ਦਾ ਗਿਆਨ ਹੋ ਗਿਆ। ਸਮਝ ਲਵੋ  ਉਹਨਾਂ ਲੋਕਾਂ ਵਿੱਚ ਸਮਾਜੀਕਰਨ ਦੀ ਅਤੇ ਸਦਾਚਾਰ ਦੀ ਕਮੀ ਨਹੀਂ ਹੈ ਜ਼ੋ ਮੁਖਾਰਬਿੰਦ ਤੋਂ ਅਸੀਸਾਂ ਦਿੰਦੇ ਹਨ।ਮਾਨਵ ਜਾਤੀ ਲਈ ਅਸੀਸ ਸਦਗੁਣਾਂ ਦਾ ਪੱਖ ਪ੍ਰਦਰਸ਼ਨ ਕਰਦਾ ਹੈ। ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੇ ਹੇਠ ਲਿਖ ਬੋਲਾਂ ਵਿੱਚ ਅਸੀਸ ਦਾ ਅੰਤਰੀਵ ਭਾਵ ਸਮਝਿਆ ਜਾ ਸਕਦਾ ਹੈ 
"ਦਿਓ- ਕਿ ਵਧੋਗੇ 
ਵੰਡੋ -ਨਾਮੁੱਕੋਗੇ
ਖੁਆਓ- ਕਿ ਖਾਓਗੇ 
ਜਿਉਣ ਦਿਓ- ਕਿ ਜੀਵੋਗੇ"
ਅਸੀਸ ਹਰ ਮਜ਼ਹਬ ਅਤੇ ਵਰਗ ਦੇ ਬੰਦੇ ਨੂੰ ਦਿੱਤੀ ਜਾ ਸਕਦੀ ਹੈ। ਇਸ ਤੋਂ ਵੱਡਾ ਹੋਰ ਕੋਈ ਧਰਮ ਹੀ ਨਹੀਂ ਹੋ ਸਕਦਾ। ਅਸੀਸ ਦਾਨ ਵਾਂਗ ਹੀ ਵੱਧਦੀ ਫੁੱਲਦੀ ਹੈ ਜੇ ਕਿਸੇ ਨੂੰ ਦੁਰਸੀਸ ਦੇ ਦਿੱਤੀ ਜਾਵੇ ਤਾਂ ਉਸਦੇ ਮਨ ਤੇ ਅਸਰ ਜ਼ਰੂਰ ਹੋ ਜਾਂਦਾ ਹੈ ਅਤੇ ਉਹ ਆਪਣੇ ਨਾਲ ਅਣਹੋਣੀ ਦੀ ਘਟਨਾ ਨੂੰ ਨਾਲ ਲੈ ਕੇ ਚੱਲਦਾ ਹੈ। ਪਰਮਾਤਮਾ ਕਰੇ ਕਿ ਅਸੀਸ ਸਭ ਨੂੰ ਲੱਗੇ ਦੁਰਾ-ਅਸੀਸ ਕਿਸੇ ਨੂੰ ਨਾ ਲੱਗੇ। ਉੰਝ ਵੀ ਧਰਮ ਗਿਆਨ ਵਿੱਚ ਸਿੱਖਿਆ ਮਿਲਦੀ ਹੈ ਕਿ ਮਨੁੱਖਤਾ ਜਾਤੀ ਕੋਲ ਦੇਣ ਲਈ ਬਹੁਤ ਕੁਝ ਹੈ। ਅਮੁੱਕ ਹੈ।ਮਨੁੱਖਤਾ ਵਿੱਚ ਪਰਮਾਤਮਾ ਲੁਕਿਆ ਹੋਇਆ ਹੈ ਇਸ ਲਈ ਅਸੀਸਾਂ ਦੇ ਦੇ ਕੇ ਵੀ ਤੁਸੀਂ ਆਪਣੇ ਕੋਲੋਂ ਕੁਝ ਵੀ ਗਵਾ ਨਹੀਂ ਸਕਦੇ। ਬਲਕਿ ਦੁਰਾ-ਅਸੀਸ ਨਾਲ ਆਪਣੀ ਸ਼ਖਸ਼ੀਅਤ ਦਾ ਸਰਬਨਾਸ਼ ਕਰ ਲੈਂਦੇ ਹਨ। ਦੁਰਾ-ਸੀਸ ਮਨ ਤੇ ਬੋਝ ਵਾਂਗ ਰਹਿੰਦੀ ਹੈ।
ਅਸੀਸ ਦੇਣ ਵਾਲੇ ਦੇ ਅੰਦਰ ਗਿਆਨ ਦਾ ਚਸ਼ਮਾ ਫੁੱਟਦਾ ਹੈ। ਦਾਨ ਅਤੇ ਦਇਆ ਦਾ ਭੰਡਾਰ ਹੁੰਦਾ ਹੈ ਅਜਿਹੇ ਬੰਦੇ ਧਰਤੀ ਤੇ ਬੋਝ ਨਹੀਂ ਹੁੰਦੇ ਇਸ ਸਬੰਧੀ ਲਾਲਾ ਧਨੀਰਾਮ ਚਾਤਰਿਕ ਦੀ ਕਵਿਤਾ ਢੁੱਕਵੀਂ ਹੈ:-
 "ਰੱਬੀ ਸਿਫਤ ਰਹਿਮ ਤੇ ਚਸ਼ਮ, ਵਾਹ ਤੇਰੀ
 ਵਡਿਆਈ 
ਜੱਗ ਹੋਮ ਇਸ਼ਨਾਨ ਧਿਆਨ ਨੇ ਓੜਕ ਤੈਥੋਂ ਪਾਈ,
ਖੋਟੇ ਖਰੇ ਖਰੂਦੀ ਖੱਲ ਨੂੰ ਬਖਸ਼ਿਸ਼ ਦੇ ਦਰ ਖੋਲੇ,
ਕਰਮ ਧਰਮ ਸਭ ਧੋਥੇ ਧਾਈਂ,ਦਯਾ ਨਾ ਜਿਸ ਮਨ ਆਈ" 
ਮਨੁੱਖਤਾ ਦੇ ਜੀਵਨ ਦਾ ਮਨੋਰਥ ਆਪਣੇ ਆਪ ਨੂੰ ਕੁਝ ਪਾਣਾ ਅਤੇ ਕਿਸੇ ਨੂੰ ਅਸੀਸ ਦੇ ਕੇ ਤਾਰਨ ਦੇ ਸਮਰੱਥ ਹੋਣਾ ਚਾਹੀਦਾ ਹੈ । ਸਾਡੀ ਸ਼ਖਸ਼ੀਅਤ ਵਿੱਚੋਂ ਹੀ ਅਸੀਸ ਝਲਕਨੀ ਚਾਹੀਦੀ ਹੈ।ਇਸ ਨਾਲ ਬੰਦਾ ਨੇਕ ਅਤੇ ਸਦਗੁਣਾਂ ਵਾਲਾ ਲੱਗੇਗਾ। ਅਸੀਸ ਮਨੁੱਖੀ ਪਿੰਜਰ ਦਾ ਅੰਦਰ ਦਾ ਚਰਿੱਤਰ ਬਾਹਰ ਕੱਢਦੀ ਹੈ। ਇਨਸਾਨ ਨੂੰ ਸਮਝਣਾ ਚਾਹੀਦਾ ਹੈ ਕਿ ਮਨੁੱਖੀ ਜਾਮਾ ਕੋਈ ਸੁਪਨਾ ਨਹੀਂ ਹੈ ਬਲਕਿ ਇਹ ਇੱਕ ਫਰਜ਼ ਅਦਾ ਕਰਨ ਲਈ ਮਿਲਿਆ ਹੈ।ਅਸੀਸ ਕਦੇ ਬਦਲਦੀ ਨਹੀਂ ਜਦ ਕਿ ਮਨੁੱਖ ਅਤੇ ਮਨੁੱਖੀ ਸੁਭਾਅ ਬਦਲ ਚੁੱਕਾ ਹੈ। ਇੱਕ ਤਰ੍ਹਾਂ ਦਾ ਅਸੀਸ ਦੇਣ ਦਾ ਕਲਚਰ ਸਾਡੇ ਸਮਾਜ ਵਿੱਚੋਂ ਮੁੱਕਦਾ ਜਾਂਦਾ ਹੈ‌ ਇਸ ਵਿੱਚ ਸਭ ਤੋਂ ਵੱਡਾ ਅਹੰਕਾਰ ਬੰਦੇ ਵਿੱਚ ਪੜ੍ਹਾਈ ਲਿਖਾਈ ਦਾ ਬੜਿਆ ਹੋਣਾ ਹੈ।ਜਦੋਂ ਕਿ ਸਾਡੀ ਪਵਿੱਤਰ ਸੰਸਕ੍ਰਿਤੀ ਦਾ ਅਸੀਸ ਦੇਣਾ ਇੱਕ ਪਵਿੱਤਰ ਵਰਕਾ ਹੈ। ਇਸ ਲਈ ਹਮੇਸ਼ਾ ਅਸੀਸਾਂ ਦਿਓ ਅਤੇ ਅਸੀਸਾਂ ਲਓ ਇਸ ਨਾਲ ਇਸ ਨਾਲ ਚਰਿੱਤਰ ਨਿਰਮਾਣ ਅਤੇ ਸ਼ਖਸ਼ੀਅਤ ਵਿੱਚ ਨਿਖਾਰ ਆਉਂਦਾ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 
9878111445