Amolak Singh

ਲਤੀਫ਼ਪੁਰਾ ਕਰੇ ਸੁਆਲ - ਅਮੋਲਕ ਸਿੰਘ

ਫਿਰੋਜ਼ਦੀਨ ਸ਼ਰਫ਼ ਅਤੇ ਵਿਧਾਤਾ ਸਿੰਘ ਤੀਰ ਹੋਰਾਂ ਦੀਆਂ ਕਲਮਾਂ-ਜਾਏ ਬੋਲ ਮੁੜ ਮੁੜ ਯਾਦ ਕਰਵਾਉਂਦੇ ਹਨ ਕਿ ਜੱਲ੍ਹਿਆਂਵਾਲਾ ਬਾਗ਼ ਅਤੇ ਪੰਜਾਬ ਵੰਡ ਦੇ ਸੰਤਾਪ ਵਰਗੀਆਂ ਹਿਰਦਾ ਲੂਹਣ ਵਾਲੀਆਂ ਘਟਨਾਵਾਂ ਅੱਜ ਵੀ ਲਤੀਫ਼ਪੁਰਾ ਦੀ ਪੀੜ ਪਰੁੰਨੀ, ਤਾਰ ਤਾਰ ਹੋਈ ਹਿੱਕ ’ਤੇ ਪੜ੍ਹੀਆਂ ਜਾ ਸਕਦੀਆਂ ਹਨ।
ਸਦੀ ਤੋਂ ਵੱਧ ਅਰਸਾ ਬੀਤ ਜਾਣ ’ਤੇ ਵੀ ਉਨ੍ਹਾਂ ਕਲਮਾਂ ਦਾ ਸਿਰਜਿਆ ਸੱਚ ਇਉਂ ਜਾਪਦਾ ਹੈ ਜਿਉਂ ਉਨ੍ਹਾਂ ਨੇ ਲਤੀਫ਼ਪੁਰਾ ਦੀ ਕਾਲਜੇ ਰੁੱਗ ਭਰਦੀ ਦਾਸਤਾਂ ਤੱਕ ਕੇ ਅੱਜ ਹੀ ਲਿਖਿਆ ਹੋਵੇ :
‘ਏਸ ਧਰਤ ’ਤੇ ਮਾਤਮੀ ਰੁੱਤ ਛਾਈ
ਲੀਨ ਗ਼ਮਾਂ ਅੰਦਰ ਕਾਲ਼ੀ ਸਿਆਹ ਦਿਸਦੀ
ਜੀਅ ਜੰਤ ਪੰਛੀ ਸ਼ੋਕ ਸ਼ੋਕ ਕਰਦੇ
ਦੁਖੀਏ ਦਿਲਾਂ ਤੋਂ ਨਿਕਲਦੀ ਆਹ ਦਿਸਦੀ’
ਲਤੀਫ਼ਪੁਰਾ ਕੁਦਰਤੀ ਅਤੇ ਸਥਾਪਤੀ ਦੀ ਦੂਹਰੀ ਧੁੰਦ ਦੀ ਮਾਰ ਹੇਠ ਹੈ। ਇਸ ਧੁੰਦ ਦੇ ਓਹਲੇ ਲਤੀਫ਼ਪੁਰਾ ਵਾਸੀਆਂ ਦੇ ਵਸੇਬੇ ਦੇ ਹਕੀਕੀ ਤੱਥ ਛੁਪਾਏ ਜਾ ਰਹੇ ਹਨ। ਸਿਤਮਜ਼ਰੀਫ਼ੀ ਦੀ ਹੱਦ ਇਹ ਹੈ ਕਿ 700 ਦੀ ਗਿਣਤੀ ’ਚ ਪੁਲੀਸ ਮੁਲਾਜ਼ਮ ਤਾਇਨਾਤ ਕਰ ਕੇ ਲਤੀਫ਼ਪੁਰਾ ਘੇਰ ਲਿਆ। ਆਟੋ ਰਿਕਸ਼ੇ ’ਤੇ ਸਪੀਕਰ ਲਗਾ ਕੇ ਮੁਨਾਦੀ ਦੀ ਖ਼ਾਨਾਪੂਰਤੀ ਕਰਕੇ ਸਰਘੀ ਵੇਲੇ ਉੱਥੋਂ ਦੇ ਵਾਸੀਆਂ ਦੀ ਜ਼ਿੰਦਗੀ ਦਾ ਸੂਰਜ ਇੱਕ ਤਰ੍ਹਾਂ ਅਸਤ ਕਰ ਦਿੱਤਾ। ਨਾਜਾਇਜ਼ ਕਾਰਵਾਈ ਕਰਨ ਵਾਲੀ ਧਿਰ ਲਤੀਫ਼ਪੁਰ ਵਾਸੀਆਂ ਨੂੰ ਉਲਟਾ ਨਾਜਾਇਜ਼ ਕਾਬਜ਼ ਧਿਰ ਗਰਦਾਨ ਰਹੀ ਹੈ। ਉਜਾੜੇ, ਤਬਾਹੀ ਅਤੇ ਹਨੇਰੇ ਭਵਿੱਖ ਦੇ ਸੰਸਿਆਂ ਦੇ ਭੰਨੇ ਮਰਦ ਔਰਤਾਂ ਦੇ ਝੁੰਡ ਹੱਡ ਚੀਰਵੀਂ ਠੰਢ ਵਿੱਚ ਖੁੱਲ੍ਹੇ ਅੰਬਰ ਦੇ ਹੇਠਾਂ ਅੱਜ ਵੀ ਆਧਾਰ ਕਾਰਡ, ਵੋਟਰ ਕਾਰਡ, ਬਿਜਲੀ ਪਾਣੀ ਦੇ ਬਿਲਾਂ ਦੀਆਂ ਫੋਟੋ ਕਾਪੀਆਂ ਕਰਾ ਕੇ ਹੱਥਾਂ ’ਚ ਲੈ ਕੇ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਨਾਜ਼ਾਇਜ ਕਾਬਜ਼ ਭੂ-ਮਾਫ਼ੀਆ ਅੱਜ ਵੀ ਆਪਣੇ ਘਰਾਂ ਕੋਠੀਆਂ ’ਚ ਨਵੇਂ ਵਰ੍ਹੇ ਦੇ ਜਸ਼ਨ ਮਨਾਉਣ ਉਪਰੰਤ ਲੋਹੜੀ ਮੌਕੇ ਧਮਾਲਾਂ ਪਾਉਣ ਦੀਆਂ ਤਿਆਰੀਆਂ ਖਿੱਚ ਰਿਹਾ ਹੈ।
ਤੱਥ ਬੋਲਦੇ ਹਨ ਕਿ ਜਲੰਧਰ ਇੰਪਰੂਵਮੈਂਟ ਟਰੱਸਟ ਨੇ 1975 ਵਿੱਚ ਸ਼ਹਿਰੀ ਵਿਕਾਸ ਦੇ ਨਾਂ ਹੇਠ 1947 ਤੋਂ ਵਸਦੇ ਆ ਰਹੇ ਲੋਕਾਂ ਦੇ ਵਸੇਬੇ ਵਾਲੀ ਕੁਝ ਜ਼ਮੀਨ ਐਕੁਆਇਰ ਕੀਤੀ ਸੀ। ਪੁਰਾਣੇ ਰਿਕਾਰਡਾਂ ਮੁਤਾਬਿਕ ਇਸ ਵਿੱਚ ਕੁਝ ਜ਼ਮੀਨ ਖੇਤੀ ਵਾਲੀ ਅਤੇ ਕੁਝ ਲਾਲ ਲਕੀਰ ਦੇ ਅੰਦਰ ਸੀ। ਸਰਕਾਰੇ-ਦਰਬਾਰੇ ਪਹੁੰਚ ਵਾਲੇ ਧਨਵਾਨਾਂ ਅਤੇ ਜ਼ੋਰਾਵਰ ਰਾਜ ਭਾਗ ਨੇ ਆਪੋ ਵਿੱਚ ਗਲਵੱਕੜੀ ਪਾਉਂਦਿਆਂ ਸੜਕਾਂ, ਗਲੀਆਂ ਉੱਪਰ ਹੌਲੀ-ਹੌਲੀ ਕਬਜ਼ੇ ਜਮਾ ਲਏ।
ਲਤੀਫ਼ਾਪੁਰਾ ਚਾਰ ਏਕੜ ਦੇ ਰਕਬੇ ਵਿੱਚ ਹੈ। 16 ਕਨਾਲ 8 ਮਰਲੇ ਥਾਂ (ਖਸਰਾ ਨੰਬਰ 3567, 3568, 3569 ਅਤੇ 3570 ਹੈ) ਜਲੰਧਰ ਇੰਪਰੂਵਮੈਂਟ ਟਰੱਸਟ ਐਕੁਆਇਰ ਕਰਨ ਦਾ ਦਾਅਵਾ ਜਤਾਉਂਦਾ ਹੈ। ਇਹ ਰਕਬਾ ‘ਵੱਡਿਆਂ ਘਰਾਂ’ ਨੂੰ ਵੇਚ ਦਿੱਤਾ, ਹੁਣ ਸੜਕ ਲਈ 60 ਫੁੱਟ ਥਾਂ ਖਾਲੀ ਕਰਾਉਣ ਦੇ ਪੱਜ ਹੇਠ ਆਮ ਲੋਕਾਂ ਵਾਲੇ ਪਾਸਿਓਂ 300 ਫੁੱਟ ਤੱਕ ਘਰ, ਮਲਬੇ ਦੇ ਢੇਰ ਬਣਾ ਦਿੱਤੇ। ਲੋਕ ਜ਼ੋਰ-ਸ਼ੋਰ ਨਾਲ ਕਹਿੰਦੇ ਰਹੇ ਕਿ ਨਿਸ਼ਾਨਦੇਹੀ ਕਰੋ, ਜਿੱਥੇ ਸੜਕ ਦੀ ਥਾਂ ਬਣਦੀ ਹੈ ਉੱਥੇ ਸੜਕ ਕੱਢ ਲਵੋ। ਨਿਸ਼ਾਨਦੇਹੀ ਤੋਂ ਕਿਨਾਰਾਕਸ਼ੀ ਕੀਤੀ ਗਈ ਕਿਉਂਕਿ ਉਸ ਦੀ ਜ਼ਰੀਬ, ਜ਼ਮੀਨ ਦੱਬਣ ਵਾਲੇ ਸ਼ਾਹੀ ਠਾਠ ਨਾਲ ਰਹਿ ਰਹੇ ਖ਼ਾਸ ਲੋਕਾਂ ਵਾਲੇ ਪਾਸੇ ਜਾਂਦੀ ਸੀ। ਅੱਜ ਉਹ ਨਾਜ਼ਾਇਜ਼ ਕਾਬਜ਼ ਹੱਸਦੇ ਵਸਦੇ ਹਨ। ਜੋ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਉਹ ਦੁਬਾਰਾ ਉਜਾੜ ਦਿੱਤੇ।
ਜਮਹੂਰੀ ਅਧਿਕਾਰ ਸਭਾ ਦੇ ਖੋਜਕਾਰਾਂ ਦਾ ਵੀ ਕਹਿਣਾ ਹੈ ਕਿ ਪਟਵਾਰੀ ਸੁਖਦੇਵ ਸਿੰਘ ਨੇ 15 ਮਈ 2006 ਨੂੰ ਅਦਾਲਤ ਵਿੱਚ ਦਿੱਤੇ ਆਪਣੇ ਲਿਖਤੀ ਬਿਆਨ ਵਿੱਚ ਪੁਸ਼ਟੀ ਕੀਤੀ ਹੈ ਕਿ ਅਵਾਰਡ ਵਿੱਚ ਸਿਰਫ਼ ਚਾਰ ਖਸਰਾ ਨੰਬਰ ਹੀ ਹਨ। ਪਟਵਾਰੀ ਸੁਖਦੇਵ ਸਿੰਘ ਨੇ ਇਹ ਵੀ ਦੱਸਿਆ ਕਿ ਹਾਈਕੋਰਟ ਵਿੱਚ ਜੋ ਜਨਹਿੱਤ ਪਟੀਸ਼ਨ (ਪੀ.ਆਈ.ਐੱਲ.) ਰਵਿੰਦਰ ਸਿੰਘ ਵੱਲੋਂ ਪਾਈ ਗਈ ਉਸ ਵਿੱਚ ਰਿਸ਼ੀਨਗਰ ਦੇ ਘਰਾਂ ਦੀਆਂ ਤਸਵੀਰਾਂ ਨੂੰ ਲਤੀਫ਼ਪੁਰਾ ਦੀਆਂ ਦੱਸਿਆ ਗਿਆ। ਇਸ ਆਧਾਰ ’ਤੇ ਹੀ ਲਤੀਫ਼ਪੁਰੇ ’ਤੇ ਕਾਰਵਾਈ ਕਰਨ ਬਾਰੇ ਕਿਹਾ ਗਿਆ।
ਇਹ ਸਾਡੇ ਸਮਿਆਂ ਦਾ ਸਦਾ ਰਿਸਦਾ ਰਹਿਣ ਵਾਲਾ ਜ਼ਖ਼ਮ ਹੈ ਕਿ ਇਹ ਕਾਰਵਾਈ 700 ਪੁਲੀਸ ਮੁਲਾਜ਼ਮਾਂ ਵੱਲੋਂ ਪੂਰਾ ਇਲਾਕਾ ਘੇਰ ਕੇ ‘ਵਿਸ਼ਵ ਮਨੁੱਖੀ ਅਧਿਕਾਰ ਦਿਵਸ’ ਮੌਕੇ 10 ਦਸੰਬਰ ਨੂੰ ਕਰਵਾਈ ਗਈ। ਜਦੋਂ ਲੋਕ, ਪੋਹ ਦੀਆਂ ਰਾਤਾਂ ’ਚ ਸਰਹਿੰਦ ਦੀ ਦੀਵਾਰ ਦੇ ਸਾਕੇ ਨੂੰ ਯਾਦ ਕਰਦੇ ਹੋਏ ‘ਕਿਵ ਕੂੜੈ ਤੁਟੈ ਪਾਲਿ’ ਦਾ ਗਾਇਨ ਕਰ ਰਹੇ ਸਨ, ਉਨ੍ਹਾਂ ਦਿਨਾਂ ਵਿੱਚ ਹੀ ਆਮ ਆਦਮੀ ਦੇ ਰਹਿਬਰਾਂ ਵੱਲੋਂ ਕੂੜ ਦੀ ਕੰਧ ਉਸਾਰ ਕੇ ਸਾਰੇ ਤੱਥਾਂ ਨੂੰ ਜੇ.ਸੀ.ਬੀ. ਮਸ਼ੀਨਾਂ ਨਾਲ ਮਲਬੇ ਹੇਠ ਦਫ਼ਨ ਕਰਨ ਦਾ ਯਤਨ ਕੀਤਾ ਗਿਆ।
ਲੋਕਾਂ ਦੀਆਂ ਅੱਖਾਂ ਸਾਹਵੇਂ ਮਲਬਾ ਬਣੇ ਘਰ, ਤਬਾਹ ਹੋਇਆ ਸਾਮਾਨ ਹੈ। ਹੱਥਾਂ ਵਿੱਚ ਸ਼ਨਾਖ਼ਤੀ ਕਾਰਡ ਅਤੇ ਰਕਬੇ ਦੀਆਂ ਫਾਈਲਾਂ। ਸੋਚਾਂ ਵਿੱਚ ਭਵਿੱਖ ਦਾ ਵੱਢ-ਵੱਢ ਖਾ ਰਿਹਾ ਝੋਰਾ। ਉਨ੍ਹਾਂ ਦੇ ਕੰਨਾਂ ਵਿੱਚ ਗੂੰਜ ਰਹੀਆਂ ਨੇ ਮਾਵਾਂ ਭੈਣਾਂ ਸਾਹਮਣੇ ਇਕ ਪੁਲੀਸ ਅਧਿਕਾਰੀ ਦੁਆਰਾ ਕੱਢੀਆਂ ਗਾਲ੍ਹਾਂ।
ਦਸ ਦਸੰਬਰ ਨੂੰ ਢਾਹੇ ਕਹਿਰ ਨੂੰ ਮਹੀਨਾ ਬੀਤ ਗਿਆ। ਨਾ ਪਾਣੀ, ਨਾ ਬਿਜਲੀ, ਨਾ ਬਾਥਰੂਮ। ਅਣਗਿਣਤ ਚੋਰ ਮੋਰੀਆਂ ਵਾਲਾ ਇੱਕੋ ਰਾਗ ਅਲਾਪਿਆ ਜਾ ਰਿਹਾ ਹੈ ਕਿ ਕਾਰਵਾਈ ਕਾਨੂੰਨੀ ਤੌਰ ’ਤੇ ਅਦਾਲਤ ਦੇ ਹੁਕਮਾਂ ਅਨੁਸਾਰ ਕੀਤੀ ਹੈ। ਜਿਹੜੇ ਲੋਕ 70 ਵਰ੍ਹੇ ਤੋਂ ਵੰਨ-ਸੁਵੰਨੀਆਂ ਹਾਕਮ ਜਮਾਤਾਂ ਦੀਆਂ ਪਾਰਟੀਆਂ ਦੀਆਂ ‘ਵੋਟਾਂ’ ਬਣੇ ਰਹੇ ਕੀ ਉਹ ਇਸ ਧਰਤੀ ਦੇ ਨਾਗਰਿਕ ਨਹੀਂ? ਉਨ੍ਹਾਂ ਨੂੰ ਅਜਿਹੇ ਦਿਨ ਦੇਖਣ ਲਈ ਮਜਬੂਰ ਕਰਨ ਦੀ ਕੀ ਇਨ੍ਹਾਂ ਪਾਰਟੀਆਂ ਦੇ ਆਗੂਆਂ/ਹਕੂਮਤਾਂ ਸਿਰ ਜ਼ਿੰਮੇਵਾਰੀ ਨਹੀਂ ਆਉਂਦੀ?
ਲਤੀਫ਼ਪੁਰਾ ਦੇ ਇਰਦ-ਗਿਰਦ ਝੂਠ ਦੀਆਂ ਉੱਚੀਆਂ ਕੰਧਾਂ ਕੱਢੀਆਂ ਜਾ ਰਹੀਆਂ ਹਨ। ਲਤੀਫ਼ਪੁਰਾ ਦਾ ਦਰਦ ਜੀਰਾ ਸ਼ਰਾਬ ਫੈਕਟਰੀ ਦੇ ਬਾਹਰ ਜੂਝਦੇ ਲੋਕਾਂ ਦੇ ਬੋਲਾਂ ’ਚ ਧੜਕਦਾ ਹੈ। ਜੀਰਾ ਖੇਤਰ ਦੇ ਪ੍ਰਦੂਸ਼ਣ ਮਾਰੇ ਲੋਕਾਂ ਦਾ ਦਰਦ ਲਤੀਫ਼ਪੁਰਾ ਦੇ ਲੋਕਾਂ ਦੇ ਸੀਨੇ ’ਚ ਉੱਸਲਵੱਟੇ ਲੈਂਦਾ ਹੈ। ਹੱਕ ਸੱਚ ਤੇ ਇਨਸਾਫ਼ ਲਈ ਉੱਠਦੀਆਂ ਆਵਾਜ਼ਾਂ ਦਾ ਵਰਤਾਰਾ ਰੌਸ਼ਨ ਭਵਿੱਖ ਵੱਲ ਜਾਂਦੇ ਮਾਰਗ ਦਾ ਰਾਹ ਰੁਸ਼ਨਾਉਂਦਾ ਹੈ। ਮੂੰਹਜ਼ੋਰ ਹੋਏ ਕੂੜ ਦੇ ਬੱਦਲ ਵੀ ਗਾੜ੍ਹੇ ਹਨ। ਝੂਠ ਦੇ ਸਹਾਰੇ ਸੱਚ ਦਾ ਦਮ ਘੁੱਟਿਆ ਜਾ ਰਿਹਾ ਹੈ। ਸਰਹਿੰਦ ਦੀਆਂ ਕੰਧਾਂ ਜਿਵੇਂ ਹੋਰ ਵੀ ਉੱਚੀਆਂ ਚੁੱਕੀਆਂ ਜਾ ਰਹੀਆਂ ਹਨ। ਦੋਵੇਂ ਥਾਵਾਂ ਤੋਂ ਫ਼ਿਜ਼ਾ ’ਚ ਸੁਆਲ ਉੱਠਦਾ ਹੈ। ‘ਕਿਵ ਕੂੜੈ ਤੁਟੈ ਪਾਲਿ।’ ਇਹ ਝੂਠ ਦੀ ਕੰਧ ਕਿੰਝ ਟੁੱਟੇ?
ਸੰਪਰਕ : 98778-68710