Balbir Madhopuri

ਆਦਿ ਧਰਮ ਬਾਰੇ ਹੀ ਕਿਉਂ ਲਿਖਦਾ ਹਾਂ ? - ਬਲਬੀਰ ਮਾਧੋਪੁਰੀ

ਮੇਰੀ ਸਵੈ-ਜੀਵਨੀ ‘ਛਾਂਗਿਆ ਰੁੱਖ’ 2002 ਵਿਚ ਛਪੀ ਜਿਸ ਵਿਚ ਹੱਦ ਦਰਜੇ ਦੇ ਸਮਾਜਿਕ ਵਖਰੇਵੇਂ, ਤਰੱਕੀ ਦੇ ਰਾਹ ’ਚ ਜਾਤ ਦਾ ਅੜਿੱਕਾ, ਅਸਹਿ ਤੇ ਅਕਹਿ ਗ਼ਰੀਬੀ ਕਾਰਨ ਸਿਆਲਾਂ ’ਚ ਗੁੜ ਦੀ ਪੱਤ ਦੇ ਨਿਖਾਰ ਨਾਲ ਕੱਢੀ ਜਾਂਦੀ ਮੈਲ ਸਾਰੇ ਟੱਬਰ ਵੱਲੋਂ ਪੀਤੇ ਜਾਣ, ਮਰੇ ਪਸ਼ੂਆਂ ਦਾ ਕੱਚਾ ਮਾਸ ਭਾਈਚਾਰੇ ਵੱਲੋਂ ਆਪਸ ਵਿਚ ਵੰਡ ਖਾਣ, ਮਰੇ ਪਸ਼ੂਆਂ ਦੀ ਚਰਬੀ ਨਾਲ ਦਾਲ-ਸਬਜ਼ੀ ਨੂੰ ਤੜਕਾ ਤੇ ਰੋਟੀ ਚੋਪੜਨਾ, ਦੀਵੇ-ਬੱਤੀ ਲਈ ਚਰਬੀ ਦੀ ਵਰਤੋਂ, ਹੱਡਾਂ ਨੂੰ ਸੁਕਾ ਕੇ ਰੱਖਣਾ, ਦਾਦੀ ਦਾ ਰੁੱਖਾਂ ਨਾਲ ਪਿਆਰ, ਰੱਬ ਵਿਚ ਵਿਸ਼ਵਾਸ ਨਾ ਰੱਖਣ, ਉੱਦਮ ਤੇ ਮਿਹਨਤ ਨਾਲ ਰੋਟੀ ਕਮਾਉਣ ਦੀ ਹੱਲਾਸ਼ੇਰੀ, ਮੇਰੇ ਭਾਈਏ ਦੀ ਸਖ਼ਤ ਮਿਹਨਤ ਤੇ ਉਹਦਾ ਗੁਸੈਲ ਪਰ ਤਰਕ ਭਰਿਆ ਸੁਭਾਅ ਮੇਰੇ ਲਈ ਪ੍ਰੇਰਨਾ ਦੇ ਸਬੱਬ ਬਣੇ। ਸਾਲ 2021 ਵਿਚ ‘ਮਿੱਟੀ ਬੋਲ ਪਈ’ ਨੂੰ ਢਾਹਾਂ ਇੰਟਰਨੈਸ਼ਨਲ ਸਾਹਿਤ ਇਨਾਮ ਮਿਲਿਆ ਤਾਂ ਇਸ ਦੀ ਚਰਚਾ ਦੁਨੀਆ ਭਰ ਵਿਚ ਵਸਦੇ ਪੰਜਾਬੀ ਸਾਹਿਤਕਾਰਾਂ ਵਿਚਾਲੇ ਹੋਈ। ਨਾਵਲੀ ਸੰਵਾਦਾਂ ਤੇ ਸਾਜ਼ਾਂ ਵਿਚੋਂ ਮਨੁੱਖ ਹੋਣ ਦੀਆਂ ਆਵਾਜ਼ਾਂ ਤੇ ਦੁੱਖਾਂ ਦੀਆਂ ਪੁਕਾਰਾਂ ਉੱਠਦੀਆਂ ਹਨ। ਇਉਂ ਇਹ ਨਾਵਲ ਬੇਜ਼ੁਬਾਨਿਆਂ ਦੀ ਜ਼ੁਬਾਨ ਹੈ। ਪੀੜਤ ਭਾਈਚਾਰੇ ਦੀ ਪਛਾਣ ਹੈ।
       ਆਦਿ ਧਰਮ (ਸਥਾਪਨਾ 1926) ਦੀ ਵਿਚਾਰਧਾਰਾ ਉੱਤੇ ਹੁਣ ਤੱਕ ਮੈਂ ਕਾਫ਼ੀ ਲਿਖਿਆ। ਵਰਣ-ਵਿਵਸਥਾ, ਜਾਤ-ਪਾਤ, ਊਚ-ਨੀਚ ਦੇ ਸ਼ਿਕੰਜੇ ਵਿਚ ਪੀੜੀ ਗਈ ਭਾਰਤ ਦੀ ਮੂਲ ਵਾਸੀ ਵਸੋਂ ਨੂੰ ਇਸ ਬਾਰੇ ਜਾਗ੍ਰਿਤ ਕਰਨਾ, ਸਮਾਜਿਕ ਬਰਾਬਰੀ, ਸਮਾਜਿਕ ਇਨਸਾਫ਼ ਦੇ ਨਾਲ-ਨਾਲ ਰਾਜਨੀਤਕ ਅਧਿਕਾਰਾਂ ਨੂੰ ਹਾਸਲ ਕਰਨ ਦੇ ਲੰਮੇ ਸੰਘਰਸ਼ ਕਰਕੇ ਮੇਰੇ ਅੰਦਰ ਚੇਤਨਾ ਦਾ ਵਾਸਾ ਇਸ ਦੀ ਵਜ੍ਹਾ ਹੈ। ਇਸ ਵਿਚਾਰਧਾਰਾ ਤੇ ਚਿੰਤਨ ਦਾ ਸਿੱਧਾ ਸਬੰਧ ਮੇਰੇ ਪੀੜਤ ਭਾਈਚਾਰੇ ਨਾਲ ਹੈ। ਦੂਜੀ ਹਕੀਕਤ ਇਹ ਹੈ ਕਿ ਨਿਆਣੀ ਉਮਰ ਤੋਂ ਲੈ ਕੇ ‘ਜਵਾਨੀ’ ਤੱਕ ਤੇ ਫਿਰ ਨੌਕਰੀ-ਪੇਸ਼ੇ ਦੌਰਾਨ ਵਾਪਰੀਆਂ ਅਨੇਕ ਘਟਨਾਵਾਂ ਤੇ ਬੇਸ਼ੁਮਾਰ ਸੰਘਣੀਆਂ ਯਾਦਾਂ ਨੇ ਮੇਰੇ ਮਨ ਵਿਚ ਝਰੀਆਂ ਪਾਈਆਂ ਹੋਈਆਂ ਨੇ। ਇਕ ਤਰ੍ਹਾਂ ਨਾਲ ਪੱਕੀ ਛਾਉਣੀ। ਬਹੁਤ ਕੁਝ ਭੁਲਾਉਣ ਦੀ ਕੋਸ਼ਿਸ਼ ਦੇ ਬਾਵਜੂਦ, ਦਿਲ-ਦਿਮਾਗ਼ ਦੀਆਂ ਡੂੰਘੀਆਂ ਤਹਿਆਂ ਵਿਚ ਪਈਆਂ ਹਾਈਡ (ਲੁਕੀਆਂ) ਫਾਈਲਾਂ ਨੂੰ ਕਿਸੇ ਵਾਇਰਸ ਨੇ ਖਾਣ ਦੀ ਹਿੰਮਤ ਨਹੀਂ ਕੀਤੀ। ਇਹ ਸਾਰਾ ਕੁਝ ਮੇਰਾ ਅਮੁੱਕ ਵੱਡਾ ਖ਼ਜ਼ਾਨਾ ਹੈ।

ਇਕ ਹੋਰ ਨੁਕਤਾ ਪਹਿਲਾਂ ਸਾਂਝਾ ਕਰਨਾ ਜ਼ਰੂਰੀ ਹੈ ਕਿ ‘ਸਾਹਿਤ ਕਿਉਂ ਤੇ ਕਿਸ ਵਾਸਤੇ ਲਿਖਣਾ ਹੈ’ ਦੀ ਸੋਝੀ ਦਾ ਪਹਿਲਾ ਸਬੱਬ ਸੋਵੀਅਤ ਸਾਹਿਤ ਬਣਿਆ ਜਦੋਂ ਮੈਂ ਕਾਲਜ ਵਿਦਿਆਰਥੀ ਸੀ। ਇਹ ਵੱਖਰੀ ਗੱਲ ਹੈ ਕਿ ਮੈਂ 27-28 ਸਾਲ ਦੀ ਉਮਰ ਤੱਕ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਕਹਾਣੀਆਂ ਨੂੰ ਆਪ ਹੀ ਖਾਰਜ ਕਰ ਦਿੱਤਾ ਕਿਉਂਕਿ ਮੈਨੂੰ ਉਨ੍ਹਾਂ ਵਿਚ ਸੰਘਣੇ ਸਮਾਜਿਕ ਸਰੋਕਾਰਾਂ ਤੇ ਸਮਾਜਿਕ ਯਥਾਰਥ ਦੀ ਜ਼ਿੰਮੇਵਾਰੀ ਦੇ ਪ੍ਰਗਟਾਵੇ ਦੀ ਘਾਟ ਮਹਿਸੂਸ ਹੋਈ। ਇਸ ਦੇ ਪਿਛੋਕੜ ਵਿਚ ਇਹ ਵਿਚਾਰ ਕਾਰਜਸ਼ੀਲ ਰਹੇ ਕਿ ਜਦੋਂ ਪਿੰਡ ਮਾਧੋਪੁਰ ਵਿਚ ਸਾਡੇ ਭਾਈਚਾਰੇ ਨੇ ਇਕ ਰੁਪਿਆ ਦਿਹਾੜੀ ਵਧਾਉਣ ਦੀ ਜ਼ਿਮੀਂਦਾਰਾਂ ਨੂੰ ਅਰਜ਼ ਕੀਤੀ ਤਾਂ ਉਨ੍ਹਾਂ ਗੁਰਦੁਆਰੇ ਦੇ ਸਪੀਕਰ ਥਾਣੀਂ ਸਾਡੀ ਬਿਰਾਦਰੀ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਸੀ। ਸਾਡੇ ਲੋਕਾਂ ਉੱਤੇ ਜੰਗਲ-ਪਾਣੀ ਜਾਣ ਦੀ ਪਾਬੰਦੀ ਨੂੰ ਸਿਰੇ ਚੜ੍ਹਾਉਣ ਲਈ ਜ਼ਿਮੀਂਦਾਰਾਂ ਵੱਲੋਂ ਘੂਰੀਆਂ, ਖੰਘੂਰਿਆਂ ਤੇ ਡਾਂਗਾਂ ਨਾਲ ਠੀਕਰੀ ਪਹਿਰਾ ਦਿੱਤਾ ਗਿਆ। ਗੁਆਂਢੀ ਪਿੰਡਾਂ ਨੂੰ ਖ਼ਬਰਦਾਰ ਕਰਕੇ ਉਨ੍ਹਾਂ ਤੋਂ ਸਹਿਯੋਗ ਲਿਆ ਗਿਆ। ਖੱਬੀ ਧਿਰ ਦੇ ਪਿੰਡ ਦੇ ਆਗੂਆਂ ਨੇ ਕਿਸਾਨ-ਮਜ਼ਦੂਰ ਏਕਤਾ ਦਾ ਨਾਅਰਾ ਦੇ ਕੇ ਬਿਜਲੀ ਚੌਵੀ ਘੰਟੇ ਕਰਾਉਣ, ਡੀਜ਼ਲ ’ਤੇ ਸਬਸਿਡੀ ਵਧਾਉਣ ਤੇ ਜਿਣਸਾਂ ਦੇ ਭਾਅ ਵਧਾਉਣ ਲਈ ਸਾਡੇ ਭਾਈਚਾਰੇ ਨੂੰ ਕਿਹਾ ਸੀ ਕਿ ਇਕ ਦਿਨ ਸਾਰੀ ਦੁਨੀਆ ਵਿਚ ਤੇ ਭਾਰਤ ਵਿਚ ਮਜ਼ਦੂਰਾਂ ਦਾ ਰਾਜ ਆਵੇਗਾ, ਹਰ ਥਾਂ ਲਾਲ ਝੰਡਾ ਝੁੱਲੇਗਾ। ਉਹ ‘ਸਾਥੀ’ ਚੁੱਪ ਰਹੇ ਤੇ ਨਾਅਰਾ ਥੋਥਾ ਸਾਬਿਤ ਹੋਇਆ। ਉਨ੍ਹਾਂ ਦਿਨਾਂ ਵਿਚ ਸਾਡੇ ਭਾਈਚਾਰੇ ਦੇ ਲੋਕ ਫ਼ਸਲਾਂ ਵਾਂਗ ਲਹਿਰਾਉਂਦੀਆਂ ਆਪਣੀਆਂ ਧੀਆਂ-ਭੈਣਾਂ ਨੂੰ ਖੇਤਾਂ ਵਿਚ ਹੁੰਦੇ ਧੱਕੇ, ਖ਼ੌਫ਼ ਤੋਂ ਬਚਾਅ-ਬਚਾਅ ਰੱਖਦੇ ਜਿਵੇਂ ਜ਼ਿਮੀਂਦਾਰ ਦੋਧਾ ਛੱਲੀਆਂ ਨੂੰ ਤੋਤਿਆਂ ਤੋਂ। ਪਿੰਡ ਸਭਿਆਚਾਰ ਦੇ ਇਸ ਵਰਤਾਰੇ ਨਾਲ ਮੇਰਾ ਮਨ ਵਲੂੰਧਰਿਆ ਜਾਂਦਾ ਤੇ ਸਰੀਰ ਝੁਣਝਣੀ ਖਾ ਜਾਂਦਾ।
       ...ਤੇ ਉਮਰ ਦੇ ਬੱਤੀਵੇਂ ਸਾਲ ’ਚ ਮੈਂ ਜਲੰਧਰ ਤੋਂ ਬਦਲੀ ਕਾਰਨ ਦੇਸ਼ ਦੀ ਰਾਜਧਾਨੀ ਦਿੱਲੀ ਆਇਆ ਤਾਂ ਇਸ ਮਹਾਂਨਗਰ ਵਿਚ ਵੀ ਵਰਣ-ਵਿਵਸਥਾ ਤੇ ਜਾਤ-ਪਾਤ ਨੇ ਮੇਰਾ ਖਹਿੜਾ ਨਾ ਛੱਡਿਆ ਜਦੋਂ ਕਿਰਾਏ ਦਾ ਮਕਾਨ ਦੇਖਣ ਜਾਂਦੇ। ਮੈਨੂੰ ਆਪਣਾ ਪਿੰਡ ਮੁੜ-ਮੁੜ ਚੇਤੇ ਆਉਂਦਾ ਕਿ ਘਰ ਦੇ ਬਿਲਕੁਲ ਕੋਲ ‘ਜੱਟਾਂ ਦੇ ਗੁਰਦੁਆਰੇ’ ਦੀ ਇਮਾਰਤ ਅੰਦਰ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਸੀ ਟੇਕਣ ਦਿੱਤਾ ਜਾਂਦਾ। ਸ਼ਾਇਦ ਇਸੇ ਕਰਕੇ ਪੰਜਾਬ ਦੇ ਸਾਢੇ ਬਾਰਾਂ ਹਜ਼ਾਰ ਪਿੰਡਾਂ ਵਿਚ ਦਸ ਹਜ਼ਾਰ ਗੁਰਦੁਆਰੇ/ਧਰਮ ਅਸਥਾਨ ਨਿਮਨ ਆਖੀਆਂ ਜਾਂਦੀਆਂ ਜਾਤੀਆਂ ਦੇ ਹਨ। ਉਨ੍ਹਾਂ ਵਿਚੋਂ ਬਹੁਤੇ ਗੁਰੂ ਰਵਿਦਾਸ ਨਾਮਲੇਵਾ ਲੋਕਾਂ ਦੇ ਹਨ। ...ਤੇ ਸਕੂਲ-ਕਾਲਜ ਦੀ ਪੜ੍ਹਾਈ ਦੌਰਾਨ ਕੀਤੀ ਬਾਲ-ਬਾਲਗ ਮਜ਼ਦੂਰੀ ਦੇ ਨਾਲ ਦੁਪਹਿਰ-ਸ਼ਾਮ ਦੀ ਮਿਲਦੀ, ਯਾਨੀ ਵਿੱਥ ਬਣਾ ਕੇ ਉੱਤੋਂ ਸਾਡੇ ਪੱਤਲ ਬਣਾਏ ਹੱਥਾਂ ਉੱਤੇ ਸੁੱਟੀ ਜਾਂਦੀ, ਰੋਟੀ ਤੇ ਘਰੋਂ ਲਿਜਾਈ ਗਈ ਬਾਟੀ ਵਿਚ ਪਾਈ ਜਾਂਦੀ ਦਾਲ ਦੇ ਛਿੱਟੇ ਪੈਰਾਂ ’ਤੇ ਛਾਲੇ ਪਾ ਦਿੰਦੇ। ਸਕੂਲ ਦੀ ਸਫ਼ਾਈ, ਮਾਸਟਰ ਦੀਆਂ ਮੱਝਾਂ-ਗਊਆਂ ਲਈ ਚਰੀ-ਬਾਜਰਾ ਵੱਢਣ, ਕੁਤਰਣ, ਪਾਣੀ ਡਾਹੁਣ-ਨੁਹਾਉਣ, ਸਕੂਲ ਦੀ ਹਲਟੀ ਤੋਂ ਸਾਡੇ ਵੱਲੋਂ ਪਾਣੀ ਪੀਣ ਨਾਲ ਜ਼ਿਮੀਂਦਾਰ-ਵਿਦਿਆਰਥੀਆਂ ਨੂੰ ਲੱਗਦੀ ਛੂਤ, ਨਲਕਾ ਲੱਗਣ ’ਤੇ ਵੀ ਇਹੋ ਹਾਲਤ ਰਹੀ ਜਿਸ ਅੰਦਰ ਚੰਮ ਦੀ ਬੋਕੀ ਹੁੰਦੀ। ਇਹ ਸਮਾਜਿਕ ਵਰਤਾਰਾ ਮੇਰੇ ਅੰਦਰ ਡੂੰਘਾ ਉਤਰਦਾ ਗਿਆ। ਇਹ ਅਨੁਭਵ ਸਮੁੰਦਰ ਦੀਆਂ ਲਹਿਰਾਂ ਵਾਂਗ ਉਛਾਲੇ ਮਾਰਦਾ। ਲੇਖਣ ਵਾਸਤੇ ਮੇਰਾ ਸੰਪੂਰਨ ਸਵੈ-ਭਰੋਸਾ ਮੇਰੀ ਸੋਚ ਤੇ ਸਮਾਜਿਕ ਸੋਝੀ ਦੀ ਸ਼ਾਹਦੀ ਭਰਦਾ।
        ਇਸ ਦੌਰਾਨ ਮੈਨੂੰ ਗ਼ਦਰੀ ਬਾਬਾ ਮੰਗੂ ਰਾਮ ਦੀ ਗ਼ਦਰ ਵਿਚ ਭੂਮਿਕਾ, ਉਨ੍ਹਾਂ ਦੀਆਂ ਲਿਖਤਾਂ, ਉਨ੍ਹਾਂ ਦੀ ਲਹਿਰ ਤੇ ਉਨ੍ਹਾਂ ਬਾਰੇ ਲਿਖਤਾਂ, ਵਿਚਾਰਧਾਰਾ ਦਾ ਚੇਤਾ ਆਉਂਦਾ। ਜਦੋਂ ਮੰਗੂ ਰਾਮ ਨੇ ਰਵਿਦਾਸ ਪੱਤ੍ਰਕਾ ਦੇ ਸੰਪਾਦਕ ਜਸਪਾਲ ਵੱਲੋਂ ਆਦਿ ਧਰਮ ਦੇ ਬਾਨੀ ਨੂੰ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਸੀ, ‘‘ਕਾਕਾ, ਜੋ ਅਸੀਂ ਝੱਲ ਲਿਆ, ਉਹ ਤੁਹਾਡੇ ਤੋਂ ਝੱਲ ਨਹੀਂ ਹੋਣਾ, ਤੁਹਾਡੇ ਕੋਲੋਂ ਬਰਦਾਸ਼ਤ ਨਹੀਂ ਹੋਣਾ, ਜੋ ਸਾਡੇ ’ਤੇ ਜ਼ੁਲਮ ਹੋਏ, ਉਹ ਬਿਆਨ ਤੋਂ ਬਾਹਰ ਨੇ, ਖ਼ਾਸ ਤੌਰ ’ਤੇ 1931 ਦੀ ਮਰਦਮਸ਼ੁਮਾਰੀ ਵੇਲੇ। ਜਾਓ ਪੜ੍ਹ ਲਓ, ਨੌਕਰੀਆਂ ਲਈ ਕੋਸ਼ਿਸ਼ਾਂ ਕਰੋ।’’ 1970 ਵਿਚ ਇਹ ਦੱਸਦਿਆਂ ਉਹ ਰੋ ਪਏ ਤੇ ਸਿਰ ’ਤੇ ਬੱਧੇ ਪਰਨੇ ਦੇ ਲੜ ਨਾਲ ਅੱਖਾਂ ਪੂੰਝੀਆਂ ਸਨ। ਜਦੋਂ ਅਜਿਹੇ ਲੂੰ-ਕੰਡੇ ਖੜ੍ਹੇ ਕਰਨ ਵਾਲੇ ਹੋਰ ਵੇਰਵੇ ਪੜ੍ਹੇ ਤਾਂ ਮੈਂ ਪੰਜ-ਛੇ ਰਾਤਾਂ ਚੰਗੀ ਤਰ੍ਹਾਂ ਨਾ ਸੌਂ ਸਕਿਆ। ਮੈਂ ਆਦਿ ਧਰਮ ਦੀ ਵਿਚਾਰਧਾਰਾ ਨੂੰ ਆਪਣੀਆਂ ਲਿਖਤਾਂ ਦੇ ਕੇਂਦਰ ਵਿਚ ਰੱਖ ਕੇ ਲਿਖਣ ਦੀ ਠਾਣ ਲਈ। ਨਤੀਜਨ, ਮੈਂ ਚਾਰ ਪ੍ਰਮੁੱਖ ਪੁਸਤਕਾਂ ਸਿਰਜੀਆਂ।
       ‘ਮਿੱਟੀ ਬੋਲ ਪਈ’ (ਨਾਵਲ) ਸਾਲ 2020 ਵਿਚ ਛਪਿਆ। ਉਨ੍ਹਾਂ ਦਿਨਾਂ ਵਿਚ ਕਰੋਨਾ ਦਾ ਕਹਿਰ ਚੁਫ਼ੇਰੇ ਫੈਲਿਆ ਹੋਇਆ ਸੀ ਪਰ ਇਸ ਨਾਵਲ ਦੀ ਚਰਚਾ ਪੰਜਾਬੀ ਅਖ਼ਬਾਰਾਂ ਤੇ ਹਫ਼ਤਾਵਾਰੀ ਅੰਕਾਂ ਤੇ ਵੱਖ-ਵੱਖ ਮੈਗਜ਼ੀਨਾਂ ਵਿਚ ਹੋਣ ਲੱਗੀ ਕਿ ਆਦਿ ਧਰਮ, ਮੂਲ ਵਾਸੀਆਂ/ਆਦਿ ਧਰਮੀਆਂ ਦੀ ਗੌਰਵਸ਼ਾਲੀ ਤੇ ਪ੍ਰਭਾਵਸ਼ਾਲੀ ਲਹਿਰ ਦਾ ਇਤਿਹਾਸ, ਸਿਆਸਤ ਉੱਤੇ ਗੂੜ੍ਹੀ ਛਾਪ, ਸਮਾਜਿਕ ਬਰਾਬਰੀ, ਮਨੁੱਖੀ ਅਧਿਕਾਰਾਂ ਦੀ ਚੇਤਨਾ, ਦੂਜੀ ਆਲਮੀ ਜੰਗ ਸਮੇਂ ਚਮਾਰ ਰੈਜੀਮੈਂਟ ਦੇ ਹਵਾਲੇ, ਧਰਮਾਂ, ਫ਼ਿਰਕਿਆਂ ਤੋਂ ਉਪਰ ਉੱਠ ਕੇ ਇਨਸਾਨੀਅਤ ਤੇ ਇਨਸਾਨੀ ਕਦਰਾਂ-ਕੀਮਤਾਂ ਬਾਰੇ ਪੁਖਤਾ ਜਾਣਕਾਰੀ ਪਹਿਲੀ ਵਾਰ ਪੜ੍ਹਨ ਨੂੰ ਮਿਲੀ ਹੈ।
        ਦਰਅਸਲ, ‘ਮਿੱਟੀ ਬੋਲ ਪਈ’ ਦਾ ਘਟਨਾ ਕਾਲ 1920 ਤੋਂ ਅਪਰੈਲ 1947 ਤੱਕ ਦਾ ਹੈ ਤੇ ਘਟਨਾ ਸਥਲ ਸਮੁੱਚਾ ਪੰਜਾਬ ਤੇ ਉਸ ਵਿਚਲੇ ਦੋਆਬਾ ਖੇਤਰ ਵਿਚ ਪੈਂਦਾ ਜੈਜੋਂ- ਉੱਤਰੀ ਭਾਰਤ ਦਾ ਵੱਡਾ ਵਪਾਰਕ ਕੇਂਦਰ। ... ਉਦੋਂ ਸ਼ੂਦਰਾਂ/ਅਛੂਤਾਂ ਤੋਂ ਵਗਾਰ ਕਰਵਾਈ ਜਾਂਦੀ ਸੀ। ਉਨ੍ਹਾਂ ਨੂੰ ਕੋਠਾ ਪਾਉਣ ਜੋਗੀ ਜ਼ਮੀਨ ਖਰੀਦਣ ਦਾ ਹੱਕ ਨਹੀਂ ਸੀ ਕਿਉਂਕਿ ਇੰਤਕਾਲ ਇਰਾਜ਼ੀ ਐਕਟ 1900 ਤੇ ਇੰਡੀਅਨ ਐਕਟ 1919 ਇਨ੍ਹਾਂ ਲੋਕਾਂ ਉੱਤੇ ਪਾਬੰਦੀ ਲਾਉਂਦਾ ਸੀ। ਮੰਗੂ ਰਾਮ ਹੋਰਾਂ ਨੇ 1931 ਦੀ ਮਰਦਮਸ਼ੁਮਾਰੀ ਤੋਂ ਪਹਿਲਾਂ ਵਿਆਪਕ ਪੱਧਰ ’ਤੇ ਅੰਦੋਲਨ ਕਰਕੇ ਤੇ ਮੰਗ-ਪੱਤਰ ਦੇ ਕੇ ਸਰਕਾਰ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਦੱਸਿਆ ਜਾਵੇ ਹਿੰਦੋਸਤਾਨ ਵਿਚ ਅਛੂਤਾਂ ਦੀ ਗਿਣਤੀ ਕਿੰਨੀ ਹੈ। ਸੰਘਰਸ਼ਾਂ ਸਦਕਾ ਅਛੂਤਾਂ ਨੇ 1936 ਵਿਚ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਪੰਜਾਬ ਅਸੈਂਬਲੀ ਲਈ ਅੱਠ ਐਮ.ਐਲ.ਏ. ਚੁਣੇ ਗਏ ਤੇ ਚਾਰ 1946 ਵਿਚ। ਪਹਿਲੀ ਆਲਮੀ ਜੰਗ ਤੇ ਦੂਜੀ ਆਲਮੀ ਜੰਗ ਦੌਰਾਨ ਫ਼ੌਜੀ ਛਾਉਣੀਆਂ ਵਿਚ ਚਮੜੇ ਦੇ ਕਾਰੋਬਾਰ ਵਿਚ ਵਾਧਾ ਹੋਇਆ। ਆਦਿ ਧਰਮੀ ਸੇਠ-ਸ਼ਾਹੂਕਾਰ ਬਣ ਗਏ। ਇਸ ਲਈ ਕਿ ਉਨ੍ਹਾਂ ਫ਼ੌਜ ਲਈ ਬੂਟ, ਲੱਕ ਦੀਆਂ ਪੇਟੀਆਂ, ਘੋੜਿਆਂ-ਖੱਚਰਾਂ ਲਈ ਕਾਠੀਆਂ, ਲਗਾਮਾਂ, ਰਫਲਾਂ ਤੇ ਪਿਸਤੌਲਾਂ ਦੇ ਬੈਲਟ-ਕਵਰ ਤੇ ਪਾਣੀ ਦੀਆਂ ਮਸ਼ਕਾਂ ਬਣਾਉਣ ਲਈ ਦਿਨ-ਰਾਤ ਕੰਮ ਕੀਤਾ। ਨਾਵਲ ਵਿਚ ਅਜਿਹੇ ਵੇਰਵੇ ਇਤਿਹਾਸਕ ਤੱਥਾਂ ਨਾਲ ਭਰਪੂਰ ਹਨ। ਪਰ ਅਫ਼ਸੋਸ ਭਰੀ ਗਵਾਹੀ ਦੇਣੀ ਚਾਹਾਂਗਾ ਕਿ ਪੰਜਾਬ ਨਾਲ ਸਬੰਧਿਤ ਪੰਜਾਬੀ ਤੇ ਅੰਗਰੇਜ਼ੀ ਦੇ ਉਸ ਸਮੇਂ ਦੇ ਤੇ ਬਾਅਦ ਦੇ ਪ੍ਰਸਿੱਧ ਇਤਿਹਾਸਕਾਰਾਂ ਨੇ ਆਦਿ ਧਰਮ ਲਹਿਰ ਨੂੰ ਅੱਖੋਂ ਓਹਲੇ ਕਰਕੇ ਆਪਣੇ ਬੇਇਨਸਾਫ਼ੀ ਭਰੇ ਨਜ਼ਰੀਏ ਨੂੰ ਪੇਸ਼ ਕੀਤਾ। ਪਰ ਬਰਕਲੇ ਯੂਨੀਵਰਸਿਟੀ, ਅਮਰੀਕਾ ਦੇ ਪ੍ਰੋਫੈਸਰ ਮਾਰਕ ਜੁਏਰਗਨਜ਼ਮੇਅਰ ਨੇ 1982 ਵਿਚ ‘ਸੋਸ਼ਲ ਵਿਜ਼ਨ’ ਤੇ ਫਿਰ 1989 ਵਿਚ ਦੂਜੀ ਵਾਰ ‘ਦਿ ਰੀਲੀਜੀਅਸ ਰੈਬਲਜ਼ ਇਨ ਦਿ ਪੰਜਾਬ’ ਨਾਂ ਹੇਠ ਕਿਤਾਬ ਛਪਵਾ ਕੇ ਗ਼ਦਰੀ ਬਾਬਾ ਮੰਗੂ ਰਾਮ ਤੇ ਉਨ੍ਹਾਂ ਦੀ ਆਦਿ ਧਰਮ ਲਹਿਰ ਨੂੰ ਜੱਗ ਜ਼ਾਹਿਰ ਕਰ ਦਿੱਤਾ। ਗ਼ਦਰ ਪਾਰਟੀ ਦੇ ਇਕ ਇਤਿਹਾਸਕਾਰ ਨੇ ਮੰਗੂ ਰਾਮ ਨੂੰ ਉਹਦੀ ਜਾਤ ਦੇ ਮਿਹਣੇ ਨਾਲ ਨੌਲਿਆ। ਉਨ੍ਹਾਂ ਦੀਆਂ ਗ਼ਦਰ ਪਾਰਟੀ ਲਈ ਕੀਤੀਆਂ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਕੀਤਾ ਜਿਸ ਨਾਲ ਉਸ ਨੇ ਆਪਣੀ ਲਿਖਤ ਉੱਤੇ ਕਲੰਕ ਲਗਵਾ ਲਿਆ।
      ...ਤੇ ਸਾਲ 2021 ਵਿਚ ‘ਮਿੱਟੀ ਬੋਲ ਪਈ’ ਨੂੰ ਢਾਹਾਂ ਇੰਟਰਨੈਸ਼ਨਲ ਸਾਹਿਤ ਇਨਾਮ ਮਿਲਿਆ ਤਾਂ ਇਸ ਦੀ ਚਰਚਾ ਦੁਨੀਆ ਭਰ ਵਿਚ ਵਸਦੇ ਪੰਜਾਬੀ ਸਾਹਿਤਕਾਰਾਂ ਵਿਚਾਲੇ ਹੋਈ। ਹੱਕ ਵਿਹੂਣੇ, ਨਿਮਾਣੇ, ਨਿਤਾਣੇ ਤੇ ਲਤਾੜੇ, ਜ਼ਿੰਦਗੀ ਦੇ ਮਾਰੇ ਲੋਕ (ਜਿਨ੍ਹਾਂ ਵਿਚ ਇਸਤਰੀਆਂ ਵੀ ਸ਼ਾਮਲ ਹਨ) ਜਿਨ੍ਹਾਂ ਨੂੰ ਮਨੁੱਖ ਹੋਣ ਤੋਂ ਨਿਮਨ ਦਰਜੇ ਦੇ ਰੱਖਿਆ, ਉਹ ਹੁਣ ਆਪਣੇ ਹਿੱਤਾਂ-ਹੱਕਾਂ ਲਈ ਆਵਾਜ਼ ਬੁਲੰਦ ਕਰਨ ਲੱਗ ਪਏ ਹਨ। ਨਾਵਲੀ ਸੰਵਾਦਾਂ ਤੇ ਸਾਜ਼ਾਂ ਵਿਚੋਂ ਮਨੁੱਖ ਹੋਣ ਦੀਆਂ ਆਵਾਜ਼ਾਂ ਤੇ ਦੁੱਖਾਂ ਦੀਆਂ ਪੁਕਾਰਾਂ ਉੱਠਦੀਆਂ ਹਨ। ਇਉਂ ਇਹ ਨਾਵਲ ਬੇਜ਼ੁਬਾਨਿਆਂ ਦੀ ਜ਼ੁਬਾਨ ਹੈ। ਪੀੜਤ ਭਾਈਚਾਰੇ ਦੀ ਪਛਾਣ ਹੈ।
        ਗੌਰਤਲਬ ਹੈ ਕਿ ‘ਮਿੱਟੀ ਬੋਲ ਪਈ’ ਦੇ ਬਹਾਨੇ ਮੈਨੂੰ ਢਾਹਾਂ ਲੈਕਚਰ 2022 ਵਾਸਤੇ ਢਾਹਾਂ ਸਾਹਿਤ ਇਨਾਮ ਦੇ ਬਾਨੀ ਤੇ ਸੰਚਾਲਕ ਬਰਜਿੰਦਰ ਸਿੰਘ ਢਾਹਾਂ ਨੇ ਕੈਨੇਡਾ ਦੀ ਰਾਜਧਾਨੀ ਔਟਵਾ ਵਿਚਲੀ ਕਾਰਲਟਨ ਯੂਨੀਵਰਸਿਟੀ ਵਿਖੇ ਸੱਦਿਆ ਜੋ ਵੈਨਕੂਵਰ ਤੋਂ 3500 ਕਿਲੋਮੀਟਰ ਦੇ ਫ਼ਾਸਲੇ ’ਤੇ ਹੈ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਯੂਨੀਵਰਸਿਟੀ ਆਫ ਫਰੇਜ਼ਰ ਵੈਲੀ, ਸਰੀ ਸਥਿਤ ਐਲਏ ਮੈਥਨ ਸੈਕੰਡਰੀ ਵਿਚ ਲੈਕਚਰ ਦੇਣ, ਢਾਹਾਂ ਸਾਹਿਤ ਇਨਾਮ ਸਮਾਰੋਹ ਤੱਕਣ ਤੇ ਉਸ ਵਿਚ ਹਿੱਸਾ ਲੈਣ, ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿਚ ਅਸੈਂਬਲੀ ਦੀ ਕਾਰਵਾਈ, ਸਪੀਕਰ ਦੇ ਚੈਂਬਰ ਵਿਚ ਉਸ ਨਾਲ ਮੁਲਾਕਾਤ ਤੇ ਦੁਪਹਿਰ ਦਾ ਖਾਣਾ ਖਾਣ ਦਾ ਮੌਕਾ ਮਿਲਿਆ।
       ਮੇਰੇ ਜੀਵਨ ਵਿਚ ਇਹ ਵਿਲੱਖਣ ਵਾਧਾ ਉਦੋਂ ਹੋਰ ਮਹੱਤਵਪੂਰਨ ਹੋਇਆ ਜਦੋਂ ਮਨੁੱਖੀ ਅਧਿਕਾਰਾਂ ਦੇ ਮਸਲੇ ਬਾਰੇ ਕੈਨੇਡਾ ਦੀਆਂ ਫਸਟ ਨੇਸ਼ਨਜ਼ (ਆਦਿ ਕੌਮਾਂ) ਤੇ ਭਾਰਤ ਦੇ ਆਦਿਵਾਸੀਆਂ/ਮੂਲ ਵਾਸੀਆਂ/ ਆਦਿਧਰਮੀਆਂ ਦੀਆਂ ਬੇਸ਼ੁਮਾਰ ਸਮੱਸਿਆਵਾਂ ਦੀ ਮੇਰੇ ਮਨ ਵਿਚ ਤੁਲਨਾਤਮਕ ਵਿਚਾਰ-ਚਰਚਾ ਚਲਦੀ ਰਹੀ। ‘ਮਿੱਟੀ ਬੋਲ ਪਈ’ ਅੰਦਰਲੇ ਵੇਰਵੇ ਮੈਨੂੰ ਮੁੜ-ਮੁੜ ਚੇਤੇ ਆਏ। ...ਤੇ ਕਾਰਲਟਨ ਯੂਨੀਵਰਸਿਟੀ ਵਿਚ ਢਾਹਾਂ ਲੈਕਚਰ ਵਕਤ ਮੈਂ ਆਪਣੇ ਜੀਵਨ ਅਨੁਭਵ, ਦੁਸ਼ਵਾਰੀਆਂ, ਤਰੱਕੀ ਲਈ ਕੀਤੇ ਸੰਘਰਸ਼ਾਂ, ਭਾਰਤ ਦੀ ਸਮਾਜਿਕ ਬਣਤਰ, ਵਰਣ-ਧਰਮ, ਜਾਤ-ਪਾਤ, ਛੂਤ-ਛਾਤ ਤੇ ਘੋਰ ਸਮਾਜਿਕ ਅਨਿਆਂ ਦੇ ਚਲਦਿਆਂ ਸਮਾਜ ਵਿਚ ਪਏ ਪਾੜੇ ਤੇ ਪੁਆੜੇ ਬਾਰੇ ਨੁਕਤੇ ਸਾਂਝੇ ਕੀਤੇ ਤੇ ਨਾਲ ਹੀ ਆਪਣਾ ਨਜ਼ਰੀਆ ਪੇਸ਼ ਕੀਤਾ। ਮੈਂ ਦੱਸਿਆ ਕਿ ਵਰਣ-ਵਿਵਸਥਾ ਦੇ ਹਿਸਾਬ ਨਾਲ ਅਸੀਂ ਅਛੂਤ ਹਾਂ, ਸਾਨੂੰ ਉੱਚ ਜਾਤੀਆਂ ਵੱਲੋਂ ਛੋਹਿਆ ਨਹੀਂ ਜਾਂਦਾ ਪਰ ਸਾਡੀਆਂ ਔਰਤਾਂ ਛੂਆ-ਛੂਤ ਤੋਂ ਹਮੇਸ਼ਾ ਪਰ੍ਹੇ ਰਹੀਆਂ ਹਨ। ਸਵਾਲ-ਜਵਾਬ ਹੋਏ। ਜਦੋਂ ਸਟੇਜ ਤੋਂ ਉਤਰਿਆ ਤਾਂ ਯੂਨੀਵਰਸਿਟੀ ਦੇ ਅਕਾਦਮਿਕ ਮੁਖੀ ਤੇ ਬਜਟ ਅਫ਼ਸਰ ਜੈਰੀ ਟੋਮਬੇਰੀਨ ਅਤੇ ਹੋਰਾਂ ਨੇ ਮੇਰਾ ਕਲਾਵਾ ਭਰ ਲਿਆ। ਕੁਝ ਦੇਸੀ/ਵਿਦੇਸ਼ੀ ਪ੍ਰੋਫੈਸਰ ਔਰਤਾਂ ਨੇ ਸਮਾਜਿਕ ਹਕੀਕਤਾਂ ਨੂੰ ਬੇਬਾਕੀ ਨਾਲ ਸਾਂਝਾ ਕਰਨ ਬਦਲੇ ਵਡਿਆਈ ਕੀਤੀ। ਮੈਨੂੰ ਲੱਗਿਆ ਜਿਵੇਂ ‘ਮਿੱਟੀ ਦਾ ਮਾਧੋ’ ਕਹੇ ਬੰਦੇ ਵਿਚੋਂ ‘ਮਿੱਟੀ ਬੋਲ ਪਈ’ (ਨਾਵਲ) ਪਈ ਸੀ।
         ਖ਼ੈਰ, ਮੈਂ ‘ਆਦਿ ਧਰਮ ਦੇ ਬਾਨੀ : ਗ਼ਦਰੀ ਬਾਬਾ ਮੰਗੂ ਰਾਮ’ ਦੀ ਜੀਵਨੀ ਲਿਖੀ ਜੋ ਸਾਲ 2010 ਵਿਚ ਛਪੀ। ਉਨ੍ਹਾਂ ਬਾਰੇ ਇਹ ਪਹਿਲੀ ਪੰਜਾਬੀ ਕਿਤਾਬ ਹੈ ਜਿਸ ਵਿਚ ਮੰਗੂ ਰਾਮ ਦੇ ਜੀਵਨ, ਅਮਰੀਕਾ ਵਿਚ ਰਹਿੰਦਿਆਂ ਗ਼ਦਰ ਪਾਰਟੀ ਦੇ ਕ੍ਰਾਂਤੀਕਾਰੀ ਕਾਰਕੁਨ, ਵਤਨ ਵਾਪਸੀ ਮਗਰੋਂ ਆਦਿ ਧਰਮ ਮੰਡਲ ਦੀ 1926 ਵਿਚ ਸਥਾਪਨਾ, ਆਦਿ ਧਰਮ ਲਹਿਰ ਦੀ ਚੜ੍ਹਤ, 1931 ਦੀ ਮਰਦਮਸ਼ੁਮਾਰੀ ਵੇਲੇ ਆਦਿ ਧਰਮ ਦੀ ਭੂਮਿਕਾ, ਪੂਨਾ ਪੈਕਟ ਦੇ ਵਿਰੋਧ ਵਿਚ ਮਰਨ ਵਰਤ, ਆਦਿ ਧਰਮੀਆਂ ਦੇ ਬੱਚਿਆਂ ਲਈ ਮੁਫ਼ਤ ਵਿੱਦਿਆ, ਵਜ਼ੀਫ਼ਾ, ਫ਼ੌਜ ਪੁਲੀਸ ਤੇ ਸਿਵਿਲ ਮਹਿਕਮਿਆਂ ਵਿਚ ਭਰਤੀ, ਘਰਾਂ ਦੇ ਮਾਲਕਾਨਾ ਹੱਕ, ਜ਼ਮੀਨ-ਜਾਇਦਾਦ ਦਾ ਹੱਕ, ਵੋਟ ਦਾ ਹੱਕ, ਵਿਦੇਸ਼ਾਂ ਨੂੰ ਜਾਣ ਦਾ ਹੱਕ ਆਦਿ ਦੇ ਮਸਲਿਆਂ ਨੂੰ ਉਭਾਰਿਆ ਤੇ ਹੱਕਾਂ ਨੂੰ ਹਾਸਲ ਕੀਤਾ। ਹਿੰਦੋਸਤਾਨ ਦੀ ਦੋ ਮੁਲਕਾਂ ਵਿਚ ਵੰਡ ਤੋਂ ਪਹਿਲਾਂ 1946 ਵਿਚ ਵੱਡੇ ਦਬਾਅ ਦੇ ਬਾਵਜੂਦ ਮੁਸਲਿਮ ਲੀਗ ਸਰਕਾਰ ਬਣਾਏ ਜਾਣ ਦਾ ਸਮਰਥਨ ਨਾ ਕਰਨਾ, ਸਿਖਰਾਂ ਦੇ ਤਣਾਅ ਸਮੇਂ ਆਦਿ ਧਰਮ ਲਹਿਰ ਦੇ ਪ੍ਰਧਾਨ ਬਾਬੂ ਮੰਗੂ ਰਾਮ ਵੱਲੋਂ ਜਾਨ ਦੀ ਪਰਵਾਹ ਕੀਤੇ ਬਗੈਰ ਲਾਹੌਰ ਤੋਂ ਰਾਤ ਨੂੰ ਨ੍ਹੇਰੇ ਵਿਚ ਤੁਰ ਕੇ ਆਪਣੇ ਪਿੰਡ ਮੁੱਗੋਵਾਲ ਪੁੱਜਣਾ ਆਦਿ ਦੇ ਹਵਾਲੇ ਉਸ ਮਹਾਨ ਦੇਸ਼ ਭਗਤ ਗ਼ਦਰੀ ਬਾਬੇ ਦੇ ਜੀਵਨ ਨੂੰ ਲੋਕਾਂ ਸਾਹਮਣੇ ਲਿਆਉਂਦੇ ਹਨ। ਅਸਹਿਮਤ ਧਿਰ ਦੇ ਉਲਾਰ ਮਾਨਸਿਕਤਾ ਦੇ ਇਕ ਵਿਅਕਤੀ ਨੇ ਮੇਰੇ ਲਈ ਬਖੇੜਾ ਖੜ੍ਹਾ ਕਰ ਦਿੱਤਾ। ਮੇਰੇ ਉੱਤੇ ਕੇਸ ਦਰਜ ਕਰਵਾਉਣ ਤੇ ਬੇਇੱਜ਼ਤੀ ਕਰਨ ਦੀਆਂ ਧਮਕੀਆਂ, ਵਿਰੋਧ ’ਚ ਪੁਸਤਕ ਪ੍ਰਚਾਰ ਤੇ ਬਾਈਕਾਟ ਦਾ ‘ਜਲਵਾ’ ਜਾਰੀ ਹੈ।
        ਉਪਰਲੀਆਂ ਦੋਹਾਂ ਕਿਤਾਬਾਂ ਤੋਂ ਪਹਿਲਾਂ ਸਾਲ 2002 ਵਿਚ ਮੇਰੀ ਸਵੈ-ਜੀਵਨੀ ‘ਛਾਂਗਿਆ ਰੁੱਖ’ ਛਪੀ ਜਿਸ ਵਿਚ ਹੱਦ ਦਰਜੇ ਦੇ ਸਮਾਜਿਕ ਵਖਰੇਵੇਂ, ਤਰੱਕੀ ਦੇ ਰਾਹ ’ਚ ਜਾਤ ਦਾ ਅੜਿੱਕਾ, ਅਸਹਿ ਤੇ ਅਕਹਿ ਗ਼ਰੀਬੀ ਕਾਰਨ ਸਿਆਲਾਂ ’ਚ ਗੁੜ ਦੀ ਪੱਤ ਦੇ ਨਿਖਾਰ ਨਾਲ ਕੱਢੀ ਜਾਂਦੀ ਮੈਲ ਸਾਰੇ ਟੱਬਰ ਵੱਲੋਂ ਪੀਤੇ ਜਾਣ, ਮਰੇ ਪਸ਼ੂਆਂ ਦਾ ਕੱਚਾ ਮਾਸ ਭਾਈਚਾਰੇ ਵੱਲੋਂ ਆਪਸ ਵਿਚ ਵੰਡ ਖਾਣ, ਮਰੇ ਪਸ਼ੂਆਂ ਦੀ ਚਰਬੀ ਨਾਲ ਦਾਲ-ਸਬਜ਼ੀ ਨੂੰ ਤੜਕਾ ਤੇ ਰੋਟੀ ਚੋਪੜਨਾ, ਦੀਵੇ-ਬੱਤੀ ਲਈ ਚਰਬੀ ਦੀ ਵਰਤੋਂ, ਹੱਡਾਂ ਨੂੰ ਸੁਕਾ ਕੇ ਰੱਖਣਾ, ਦਾਦੀ ਦਾ ਰੁੱਖਾਂ ਨਾਲ ਪਿਆਰ, ਰੱਬ ਵਿਚ ਵਿਸ਼ਵਾਸ ਨਾ ਰੱਖਣ, ਉੱਦਮ ਤੇ ਮਿਹਨਤ ਨਾਲ ਰੋਟੀ ਕਮਾਉਣ ਦੀ ਹੱਲਾਸ਼ੇਰੀ, ਮੇਰੇ ਭਾਈਏ ਦੀ ਸਖ਼ਤ ਮਿਹਨਤ ਤੇ ਉਹਦਾ ਗੁਸੈਲ ਪਰ ਤਰਕ ਭਰਿਆ ਸੁਭਾਅ ਮੇਰੇ ਲਈ ਪ੍ਰੇਰਨਾ ਦੇ ਸਬੱਬ ਬਣੇ। ... ਨਾਲ ਦੇ ਪਿੰਡ ਦੇ ਜ਼ਿਮੀਂਦਾਰ ਦੇ ਪਰਿਵਾਰ ਦੇ ਖੇਤਾਂ ਵਿਚ ਸਾਡਾ ਟੱਬਰ ਕੰਮ ਕਰਦਾ ਸੀ। ਸਾਡੀ ਪੜ੍ਹਾਈ ਵਿਚ ਉਸ ਦਾ ਯੋਗਦਾਨ, ਛੂਆ-ਛੂਤ ਨੂੰ ਨਾ ਮੰਨਣ ਵਾਲੇ ਉਹ ਇਨਸਾਨ ਮੇਰੇ ਰੋਮਾਂ ਵਿਚ ਵਸੇ ਹੋਏ ਹਨ। ਓਧਰ, ਸਰਕਾਰੀ ਨੌਕਰੀ ਕਰਦਿਆਂ (ਫੂਡ ਕਾਰਪੋਰੇਸ਼ਨ ਆਫ਼ ਇੰਡੀਆ) ਜਦੋਂ ਰੋਜ਼ਾਨਾ ਰੰਗੀਨ ਸ਼ਾਮਾਂ ਹੁੰਦੀਆਂ ਤਾਂ ਉਸ ਵਿਚ ਪੰਜਾਬੀ ਗੀਤਾਂ ਤੇ ਫਿਲਮਾਂ ਵਾਂਗ ਜ਼ਮੀਨ ਮਾਲਕਾਂ ਵੱਲੋਂ ਆਪਣੀ ‘ਜਾਤ ਦੀ ਹਉਮੈ ਦੇ ਗੀਤ’ ਗਾਏ ਜਾਂਦੇ। ਇਕ ਦਿਨ ਮੈਂ ਸਲਾਹ ਦਿੱਤੀ ਕਿ ਹੁਣ ਆਪਾਂ ਪੜ੍ਹ-ਲਿਖ ਗਏ ਹਾਂ, ਜ਼ਮਾਨਾ ਬਦਲ ਗਿਆ ਹੈ, ਸਾਨੂੰ ਇਹ ਨਫ਼ਰਤੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਹਫ਼ਤੇ ਕੁ ਬਾਅਦ ਇਸ ਦਾ ਨਤੀਜਾ ਮਿਲ ਗਿਆ ਭਾਵੇਂ ਨੌਕਰੀ ’ਚ ਨਵਾਂ-ਨਵਾਂ ਆਇਆ ਸੀ। ਮੈਨੂੰ ਭੁਲੱਥ ਤੋਂ ਬੇਗੋਵਾਲ (12-13 ਕਿਲੋਮੀਟਰ) ਹੋਰ ਅੱਗੇ ਭੇਜ ਦਿੱਤਾ ਗਿਆ। ਮੇਰਾ ਸਾਈਕਲ ਸਫ਼ਰ 70 ਕਿਲੋਮੀਟਰ ਰੋਜ਼ਾਨਾ ਸਵੇਰੇ-ਸ਼ਾਮ ਨ੍ਹੇਰੇ ’ਚ ਹੁੰਦਾ। ਕੁਝ ਚਿਰ ਬਾਅਦ ਡਿਊਟੀ ਕਰਤਾਰਪੁਰ ਲੱਗ ਗਈ। ਇਹ ਪੈਂਡਾ 90 ਕਿਲੋਮੀਟਰ ਹੋ ਗਿਆ। ਸੜਕਾਂ ’ਤੇ ਲਾਈਟਾਂ ਵੀ ਨਹੀਂ ਸੀ ਹੁੰਦੀਆਂ ਤੇ ਸੜਕਾਂ ਦੁਆਲੇ ਦਰਖ਼ਤਾਂ ’ਤੇ ਹਵਾ ਨਾਲ ਹੁੰਦੀ ਖੜ-ਖੜ ਤੋਂ ਡਰਦਾ ਪੈਡਲ ਜ਼ੋਰ-ਜ਼ੋਰ ਨਾਲ ਮਾਰਦਾ। ਉਦੋਂ ਮੈਂ 24 ਕੁ ਸਾਲ ਦਾ ਸੀ। ਸੰਵੇਦਨਾ ਸ਼ਬਦ ਵੀ ਅਜਿਹੀ ਸਥਿਤੀ ਵਿਚ ਝੂਰਦਾ ਲੱਗਦਾ ਹੈ ਕਿ ਵਿਗਿਆਨ ਤੇ ਤਕਨਾਲੋਜੀ ਦੇ ਯੁੱਗ ਵਿਚ ਭਾਰਤੀ ਮਨੁੱਖ ਜ਼ਮਾਨੇ ਨਾਲ ਕਿੰਨਾ ਕੁ ਬਦਲਿਆ ਹੈ।
        ‘ਛਾਂਗਿਆ ਰੁੱਖ’ ਛਪਣ ਮਗਰੋਂ ਤੇ ਥੋੜ੍ਹੇ ਕੁ ਸਾਲਾਂ ਵਿਚ ਹੀ ਬਹੁਤਾ ਫੈਲਰਿਆ ਤਾਂ ਮੇਰੇ ਇਕ ਮਿੱਤਰ ਨੇ ਹੁਸ਼ਿਆਰਪੁਰ ਕਚਹਿਰੀ ਵਿਚ ਕੇਸ ਦਰਜ ਕਰਾਉਣ ਦਾ ਬੀੜਾ ਚੁੱਕਿਆ। ਵੱਡੇ ਭਰਾ ਤੇ ਇਕ ਭੈਣ ਨੇ ਮੂਕ ਰੂਪ ਵਿਚ ਬਾਈਕਾਟ ਕਰ ਦਿੱਤਾ। ਮਾਮਾ ਪਰਿਵਾਰ ਨੇ ਕੋਈ ਹੋਰ ਬਹਾਨਾ ਬਣਾ ਕੇ ਫਰਾਡ ਸੈੱਲ ਜਲੰਧਰ ’ਚ ਪੇਸ਼ੀ ਕਰਾ ਦਿੱਤੀ। ਹੋਰ ਤਾਂ ਹੋਰ, ਮੇਰੀ ਜੀਵਨ ਸਾਥਣ ਨੇ ‘ਆਪਣਾ ਢਿੱਡ ਨੰਗਾ ਕਰਨ’ ਦਾ ਕਹਿ ਕੇ ਤਿੱਖਾ ਵਿਰੋਧ ਕੀਤਾ। ‘ਮਿੱਟੀ ਬੋਲ ਪਈ’ ਦੀ ਪਹਿਲੀ ਲਾਈਨ ‘ਮੇਰੀ ਮਾਂ ਉੱਤੇ ਚਾਦਰ ਪੁਆਉਣ ਦੀ ਗੱਲ ਆਖ਼ਿਰ ਮੇਰੀ ਦਾਦੀ ਨੇ ਤੋਰ ਹੀ ਲਈ ਸੀ’ ਨਾਲ ਇਹ ਸਿਖਰ ’ਤੇ ਪਹੁੰਚ ਗਿਆ। ਇਕੱਲਤਾ ਦੇ ਕਲਾਵੇ ’ਚ ਰਹਿਣਾ ਗਿੱਝ ਗਿਆ ਹਾਂ। ਉਮਰ ਦੇ ਤੀਜੇ ਪਹਿਰ ਵਿਚ ਵਰ੍ਹਿਆਂਬੱਧੀ ਲੰਮੀ ਪੱਤਝੜ ਝੱਲਦਿਆਂ ਮੇਰਾ ਪੁੱਤ ਮੈਨੂੰ ਧਰਵਾਸਾ ਦਿੰਦਾ ਫਿਨਲੈਂਡ ਦੇ ਕ੍ਰਾਂਤੀਕਾਰੀ ਤੇ ਸੰਗੀਤਕਾਰ ਜੀਨ ਸਿਬੇਲੀਅਸ ਦਾ ਆਖਿਆ ਦੱਸਦਾ ਹੈ, ‘ਪਰਵਾਹ ਨਾ ਕਰੋ ਕਿ ਆਲੋਚਕ ਕੀ ਕਹਿੰਦੇ ਹਨ, ਆਲੋਚਕ ਦਾ ਕਦੇ ਕਿਤੇ ਬੁੱਤ ਨਹੀਂ ਲੱਗਿਆ।’
       ਸੋ, ਆਦਿ ਧਰਮ ਦੀ ਵਿਚਾਰਧਾਰਾ ਨੂੰ ਧਿਆਨ ਗੋਚਰੇ ਰੱਖਦਿਆਂ ਸਮਾਜਿਕ ਬਰਾਬਰੀ ਤੇ ਸਮਾਜਿਕ ਸਮਤਾ ਵਾਸਤੇ ਹੀ ਹੁਣ ਤੱਕ ਲਿਖਿਆ। ‘ਛਾਂਗਿਆ ਰੁੱਖ’ ਦੇ ਸ਼ੁਰੂਆਤੀ ਸਫ਼ਿਆਂ ਉੱਤੇ ਆਦਿ-ਧਰਮ ਦਾ ਜ਼ਿਕਰ ਹੈ ਤੇ ‘ਮੇਰੀ ਚੋਣਵੀ ਕਵਿਤਾ’ (2011) ਕਵੀ ਗ਼ਦਰੀ ਬਾਬਾ ਮੰਗੂ ਰਾਮ ਦੀ 125ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਹੈ। ਸਮਾਜਿਕ ਇਨਸਾਫ਼ ਤੇ ਮਨੁੱਖੀ ਬਰਾਬਰੀ ਵਾਲੇ ਅਧਿਕਾਰਾਂ ਲਈ ਮੇਰਾ ਲੇਖਣ ਸੰਘਰਸ਼ ਜਾਰੀ ਰਹੇਗਾ।
ਸੰਪਰਕ : 93505-48100

ਵੇਦਨ ਦੀ ਅਕੱਥ-ਕਥਾ - ਬਲਬੀਰ ਮਾਧੋਪੁਰੀ

ਸੋਲ੍ਹਾਂ ਨਵੰਬਰ 1934 ਨੂੰ ਜਨਮੀ ਅਜੀਤ ਕੌਰ 'ਸਾਰਕ ਲੇਖਕ ਕਾਨਫਰੰਸਾਂ' ਵਿਚ ਬੜੇ ਚਾਅ ਨਾਲ ਦੱਸਦੀ ਹੈ ਕਿ ਜਿਸ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਨਹੀਂ। ਦੂਜੇ ਫ਼ਿਕਰੇ 'ਚ ਅਕਸਰ ਫ਼ਖਰ ਨਾਲ ਕਹਿੰਦੀ ਹੈ, ''ਮੇਰਾ ਤੇ ਨਾੜੂ ਲਾਹੌਰ ਸ਼ਹਿਰ 'ਚ ਦੱਬਿਆ ਹੋਇਐ।'' ਇਕ ਹੋਰ ਗੱਲ ਉਹ ਬੜੇ ਧੜੱਲੇ ਨਾਲ ਆਖਦੀ ਹੈ, ''ਲੇਖਕ ਮੁਲਕਾਂ ਵਿਚਾਲੇ ਦੋਸਤੀ ਦਾ ਵਗਦਾ ਦਰਿਆ ਹੈ ਜਾਂ ਇਉਂ ਕਹੋ ਕਿ ਅਦੀਬ ਮੁਲਕਾਂ ਵਿਚਾਲੇ ਤਣਾਅ ਦੇ ਵਗਦੇ ਦਰਿਆ ਉੱਤੇ ਨਿੱਗਰ ਪੁਲ ਹਨ।'' ਭਾਵੇਂ 1947 ਵਿਚ ਭਾਰਤ-ਪਾਕਿ ਸਰਕਾਰਾਂ ਤੇ ਫਿਰ ਲੋਕਾਂ ਨੇ ਵੀ ਦੋਵਾਂ ਮੁਲਕਾਂ ਦੀ ਅਲੱਗ-ਅਲੱਗ ਹੋਂਦ ਨੂੰ ਸਵੀਕਾਰ ਕਰ ਲਿਆ ਹੈ। ਇਹ ਵੱਖਰੀ ਗੱਲ ਹੈ ਕਿ ਭਾਵੇਂ ਜ਼ਮੀਨ 'ਤੇ ਲੀਕ ਪੈ ਗਈ, ਪਰ ਦੁਵੱਲੇ ਵਸਦੇ ਲੋਕਾਂ ਦੇ ਦਿਲਾਂ 'ਤੇ ਨਹੀਂ। ਉਹ ਇਕ-ਦੂਜੇ ਲਈ ਧੜਕਦੇ ਹਨ। ਸੂਫ਼ੀ ਪਰੰਪਰਾ ਦਿਲਾਂ ਨੂੰ ਜੋੜਦੀ ਹੈ। ਸੂਫ਼ੀ ਪਰੰਪਰਾਵਾਂ ਹੱਦਾਂ-ਸਰਹੱਦਾਂ, ਮਜ਼ਹਬੀ ਤੇ ਨਸਲੀ ਵੰਡੀਆਂ ਨੂੰ ਉਲੰਘਦੀਆਂ ਹਨ ਤੇ ਦੁਨੀਆਂ ਦੇ ਵੱਖ-ਵੱਖ ਖ਼ਿੱਤਿਆਂ ਵਿਚ ਰਹਿੰਦੇ ਲੋਕਾਂ ਵਿਚਾਲੇ ਇਨਸਾਨੀ ਤੇ ਜ਼ਾਤੀ ਰਿਸ਼ਤਿਆਂ ਨੂੰ ਜੋੜਨ ਵਿਚ ਮਦਦ ਕਰਦੀਆਂ ਹਨ।
      ਦਰਅਸਲ, ਉਹ ਤਕਰੀਬਨ ਸਾਢੇ ਬਾਰਾਂ ਸਾਲ ਦੀ ਉਮਰ ਵਿਚ ਲਾਹੌਰ ਤੋਂ ਪਰਿਵਾਰ ਸਣੇ ਬਤੌਰ ਪਨਾਹਗੀਰ ਦਿੱਲੀ ਆਈ। ਸ਼ਾਇਦ ਇਸੇ ਕਰਕੇ ਉਹਦੇ ਇਨਸਾਨੀ ਤੇ ਇਨਸਾਨੀਅਤ ਦੇ ਖ਼ਿਆਲਾਂ ਨੇ ਉਹਨੂੰ ਗੁਆਂਢੀ ਮੁਲਕਾਂ ਵਿਚਾਲੇ ਸਾਂਝ ਵਧਾਉਣ ਦੇ ਰਾਹ ਤੋਰਿਆ। ਅਜੀਤ ਕੌਰ ਨੇ ਆਪਣੀ ਸਾਹਿਤ ਸਿਰਜਣਾ ਵਿਚੋਂ ਹੀ 'ਸਾਰਕ ਲੇਖਕ ਸੰਮੇਲਨ' ਨੂੰ ਸਿਰਜਿਆ ਤੇ ਅੱਜ ਤਕ ਉਸ ਦੀ ਲਗਾਤਾਰਤਾ ਨੂੰ ਬਰਕਰਾਰ ਰੱਖਿਆ ਹੋਇਆ ਹੈ। ਕਾਨਫਰੰਸਾਂ ਵਿਚ ਰਾਸ਼ਟਰਪਤੀ, ਮੰਤਰੀ, ਵੱਖ-ਵੱਖ ਮੁਲਕਾਂ ਦੇ ਸਫ਼ੀਰ, ਉੱਘੇ ਸਾਹਿਤਕਾਰ, ਸੰਗੀਤਕਾਰ, ਨ੍ਰਿਤਕ, ਪੱਤਰਕਾਰ, ਚਿੱਤਰਕਾਰ ਆਦਿ ਸ਼ਾਮਿਲ ਹੁੰਦੇ ਹਨ। ਇਸ ਸਭ ਕਾਸੇ ਪਿੱਛੇ ਉਸ ਦੀ ਕਹਾਣੀ ਸਿਰਜਣਾ ਵਿਚ ਕਾਰਜਸ਼ੀਲ ਮਨੁੱਖ-ਮੁਖੀ ਸੰਵੇਦਨਸ਼ੀਲ ਤੇ ਵਿਸ਼ਵ ਭਾਈਚਾਰਾ ਇਕ ਹੈ, ਦੀ ਸੋਚ ਹੈ। ਕਹਾਣੀ ਸੰਗ੍ਰਹਿ 'ਨਾ ਮਾਰੋ', 'ਨਵੰਬਰ ਚੁਰਾਸੀ' ਦਿੱਲੀ-ਪੰਜਾਬ ਦੇ ਕਾਲੇ ਦਿਨਾਂ ਦੀ ਦਾਸਤਾਨ ਨੂੰ ਉਭਾਰਦੇ ਹਨ। 'ਗੌਰੀ' ਨਾਵਲ ਮੂਕ ਰੂਪ ਵਿਚ ਇਸਤਰੀ ਵੇਦਨ ਦੀ ਅਕੱਥ-ਕਥਾ ਹੈ। ਅਜੀਤ ਕੌਰ ਦੀ ਸਵੈ-ਜੀਵਨੀ 'ਖ਼ਾਨਾਬਦੋਸ਼' (1983) ਕਿਸੇ ਤੋਂ ਗੁੱਝੀ ਨਹੀਂ ਤੇ ਉਸ ਵਿਚਲਾ 'ਵਨ ਜ਼ੀਰੋ ਵਨ' ਅਧਿਆਇ ਮਾਂ-ਮਮਤਾ ਦਾ ਸਿਖਰ ਹੈ, ਉਸ ਦੀ ਛੋਟੀ ਧੀ ਕੈਂਡੀ ਦੀ ਜ਼ਿੰਦਗੀ ਦੇ ਦੁਖਾਂਤ ਤੇ ਸਦੀਵੀ ਵਿਛੋੜੇ ਦਾ ਦਿਲ ਵਿੰਨ੍ਹਵਾਂ ਬਿਰਤਾਂਤ। 'ਕੂੜਾ ਕਬਾੜਾ' (1997) ਅਜੀਤ ਕੌਰ ਦੀ ਸਵੈ-ਜੀਵਨੀ 'ਖ਼ਾਨਾਬਦੋਸ਼' ਦਾ ਵਿਸਥਾਰ ਹੈ। ਸਮੁੱਚੀਆਂ ਗਲਪ ਰਚਨਾਵਾਂ ਵਾਂਗ ਉਹਦੀ ਸਵੈ-ਜੀਵਨੀ ਵਿਚ ਬੇਬਾਕੀ ਤੇ ਔਰਤ-ਮਰਦ ਦੇ ਰੂਹਾਨੀ-ਜਿਸਮਾਨੀ ਸਬੰਧਾਂ ਦੀ ਪੇਸ਼ਕਾਰੀ ਨਿਵੇਕਲੀ ਤੇ ਨਿਆਰੀ ਹੈ। ਇਸੇ ਕਾਰਨ ਉਹਦੀਆਂ ਰਚਨਾਵਾਂ ਪੰਜਾਬੀ ਜ਼ੁਬਾਨ ਤਕ ਮਹਿਦੂਦ ਨਹੀਂ ਰਹੀਆਂ ਸਗੋਂ ਭਾਰਤੀ ਭਾਸ਼ਾਵਾਂ ਦੇ ਨਾਲ-ਨਾਲ ਵਿਸ਼ਵ ਦੀਆਂ ਅਨੇਕਾਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ।
      ਅਜੀਤ ਕੌਰ (ਐੱਮ.ਏ. ਅਰਥ-ਸ਼ਾਸਤਰ) ਕਦੇ ਸਕੂਲ 'ਚ ਅਧਿਆਪਕਾ ਸੀ ਤੇ ਆਪਣੀਆਂ ਦੋ ਧੀਆਂ ਡੌਲੀ (ਚਿੱਤਰਕਾਰ ਅਰਪਨਾ ਕੌਰ) ਤੇ ਕੈਂਡੀ ਨਾਲ ਕਿਰਾਏ ਦੇ ਮਕਾਨਾਂ 'ਚ ਰਹਿੰਦੀ ਸੀ। ਪਰ ਹੁਣ ਆਪਣੀ ਸਾਹਿਤਕਾਰੀ ਤੇ ਮਿਹਨਤ ਜ਼ਰੀਏ ਦਿੱਲੀ ਦੇ ਖ਼ੂਬਸੂਰਤ ਇਲਾਕੇ ਵਿਚ ਖੇਲ ਗਾਓਂ ਰੋਡ ਉੱਤੇ ਇਕ ਅਲੀਸ਼ਾਨ ਇਮਾਰਤ ਵਿਚ ਰਹਿੰਦੀ ਹੈ ਜੋ 'ਅਕੈਡਮੀ ਆਫ ਫਾਈਨ ਆਰਟਸ ਐਂਡ ਲਿਟਰੇਚਰ' ਵਜੋਂ ਪ੍ਰਸਿੱਧ ਹੈ।
      ਸਾਹਿਤ ਅਕਾਦਮੀ ਐਵਾਰਡ, ਪਦਮਸ਼੍ਰੀ, ਸ਼੍ਰੋਮਣੀ ਸਾਹਿਤਕਾਰ ਐਵਾਰਡ, ਬਾਬਾ ਅਲੀ ਐਵਾਰਡ ਸਮੇਤ ਬੇਸ਼ੁਮਾਰ ਇਨਾਮ ਉਹਦੀਆਂ ਲਿਖਤਾਂ ਦੇ ਸਿਰਨਾਵੇਂ ਬਣੇ ਹਨ। ਪਿਛਲੇ ਦਿਨੀਂ ਰਾਸ਼ਟਰਕਵੀ ਕੁਵੈਂਪੂ ਪ੍ਰਤਿਸ਼ਠਾਨ, ਕਰਨਾਟਕ ਵੱਲੋਂ ਅਜੀਤ ਕੌਰ ਨੂੰ 'ਕੁਵੈਂਪੂ ਰਾਸ਼ਟਰੀ ਪੁਰਸਕਾਰ' ਦਿੱਤੇ ਜਾਣ ਦਾ ਐਲਾਨ ਹੋਇਆ। ਇਹ ਐਵਾਰਡ 29 ਦਸੰਬਰ ਨੂੰ ਰਾਸ਼ਟਰ ਕਵੀ ਕੁਵੈਂਪੂ ਦੇ ਜਨਮ ਦਿਨ ਮੌਕੇ ਕੁਪੱਲੀ, ਤੀਰਥਾਹੱਲੀ ਤਾਲੁੱਕ (ਜ਼ਿਲ੍ਹਾ ਸ਼ਿਵਾਮੋਗਾ) ਵਿਖੇ ਦਿੱਤਾ ਜਾਵੇਗਾ। ਪੰਜ ਲੱਖ ਰੁਪਏ ਦੀ ਰਕਮ ਦੇ ਇਸ ਪੁਰਸਕਾਰ ਵਿਚ ਸਾਹਿਤਕਾਰ ਗੁਰਬਚਨ ਸਿੰਘ ਭੁੱਲਰ ਬਰਾਬਰ ਦੇ ਭਾਈਵਾਲ ਹਨ। ਪੰਜਾਬੀ ਭਾਸ਼ਾ ਲਈ ਇਹ ਬਹੁਤ ਵੱਡੇ ਮਾਣ ਦੀ ਗੱਲ ਹੈ।

ਆਪਣੀ ਡਾਇਰੀ ਵਿਚੋਂ-
ਜਦੋਂ ਮੈਨੂੰ ਮਾਣ ਮਹਿਸੂਸ ਹੋਇਆ :
ਗੱਲ ਜਨਵਰੀ 1997 ਦੀ ਹੈ। ਮੈਂ ਆਪਣੇ ਪਿੰਡ ਮਾਂ-ਪਿਉ ਨੂੰ ਮਿਲਣ ਗਿਆ ਹੋਇਆ ਸੀ। ਦਿੱਲੀ ਤੋਂ ਪਤਨੀ ਨੇ ਫ਼ੋਨ 'ਤੇ ਦੱਸਿਆ ਕਿ ਅਜੀਤ ਕੌਰ ਦਾ ਦੋ ਦਿਨਾਂ ਵਿਚ ਤਿੰਨ ਵਾਰ ਫ਼ੋਨ ਆਇਆ। ਕਹਿੰਦੀ ਸੀ ਜਦੋਂ ਆਵੇ ਮੇਰੇ ਨਾਲ ਗੱਲ ਕਰੇ। ਮੈਨੂੰ ਇਤਬਾਰ ਜਿਹਾ ਨਾ ਆਵੇ। ਮੇਰੇ ਖ਼ਿਆਲਾਂ ਦੀ ਲੜੀ ਦਿਲ ਦੀ ਧੜਕਣ ਵਾਂਗ ਲਗਾਤਾਰ ਜਾਰੀ ਸੀ। ਮੇਰੇ ਪੈਰ ਧਰਤੀ ਉੱਤੇ ਨਹੀਂ ਰਹੇ ਸਨ। ਮਨ ਇੰਨਾ ਕਾਹਲਾ ਕਿ ਕਿਹੜੀ ਘੜੀ ਦਿੱਲੀ ਪਹੁੰਚ ਜਾਵਾਂ ਤੇ ਪੰਜਾਬੀ ਦੀ ਟੀਸੀ ਦੀ ਗਲਪਕਾਰ ਦੇ ਰੂਬਰੂ ਹੋਵਾਂ। ਜਦੋਂ ਅਜੀਤ ਕੌਰ ਦੇ ਕੁਰੱਖ਼ਤ, ਅੱਖੜ, ਸਖ਼ਤ ਤੇ ਰੋਅਬ-ਦਾਬੇ ਵਾਲੇ ਸੁਭਾਅ ਬਾਰੇ ਸੁਣੇ ਦਾ ਚੇਤਾ ਆਉਂਦਾ ਤਾਂ ਮੇਰੀਆਂ ਸੋਚਾਂ ਦਾ ਵਾਹਨ ਪਲ ਵਿਚ ਹੀ ਧਰਤੀ ਦੀ ਗੁਰੂਤਾ ਦੇ ਘੇਰੇ ਵਿਚ ਆ ਜਾਂਦਾ।
  ਦਿੱਲੀ ਪਹੁੰਚ ਕੇ ਮੈਂ ਦੁਚਿੱਤੀ ਵਿਚ ਫਸ ਗਿਆ। ਅਜੀਤ ਕੌਰ ਕੋਲ ਜਾਵਾਂ ਕਿ ਨਾ। ਮੈਂ ਸੁਣਿਆ ਹੋਇਆ ਸੀ ਕਿ ਉਹ ਨਾਢੂ ਖ਼ਾਂ ਬਣੇ ਫਿਰਦੇ ਲੇਖਕਾਂ ਨੂੰ ਟਿੱਚ ਸਮਝਦੀ ਹੈ- ਬਹੁਤਿਆਂ ਨੂੰ ਮਿਲਦੀ ਨਹੀਂ, ਥੱਲਿਓਂ ਹੀ ਮੈਨੇਜਰ ਬੇਰੰਗ ਮੋੜ ਦਿੰਦਾ ਹੈ। ਪਤਨੀ ਸਣੇ ਦੋ-ਤਿੰਨ ਦੋਸਤਾਂ ਨਾਲ ਸਲਾਹ ਕੀਤੀ। ਉਨ੍ਹਾਂ ਆਖਿਆ, ''ਮੁੱਲਾ ਸਬਕ ਨਾ ਦਊ ਤਾਂ ਘਰ ਨੂੰ ਵੀ ਨਾ ਆਉਣ ਦਊ।''
     ਅਕੈਡਮੀ ਦਾ ਗੇਟ ਵੜਦਿਆਂ ਮੇਰੇ ਪੈਰ ਛੋਹਲੇ ਸਨ, ਪਰ ਸ਼ਸ਼ੋਪੰਜ ਵਾਲੀ ਹਾਲਤ ਬਰਕਰਾਰ ਸੀ। ਪਲ ਕੁ ਲਈ ਅਜੀਤ ਕੌਰ ਕਿਤਾਬਾਂ ਦੇ ਸੰਗ੍ਰਹਿ ਵਿਚ ਬਦਲ ਗਈ। ਮੈਂ ਜਿਵੇਂ ਕਹਾਣੀਆਂ, ਸਕੈੱਚਾਂ ਤੇ 'ਗੌਰੀ' ਦੇ ਵਰਕੇ ਉਲੱਦਣ ਲੱਗ ਪਿਆ ਹੋਵਾਂ। ਉਹ ਮੈਨੂੰ ਸਾਹਿਤ ਦੀ ਭਰ ਵਗਦੀ ਨਦੀ ਜਿਸ ਦਾ ਚੁਸਤ-ਫਰਤ ਵਾਕ-ਬਣਤਰ ਪ੍ਰਵਾਹ, ਵਿਲੱਖਣ ਸ਼ੈਲੀ ਦੀ ਨਿਰੰਤਰਤਾ, ਪ੍ਰੇਰਨਾ ਤੇ ਇਲਮ ਦੀ ਕੁੰਜੀ ਲੱਗਣ ਲੱਗਿਆ। ਖ਼ੈਰ, ਦੋ ਕੁ ਮਿੰਟਾਂ ਵਿਚ ਲਿਫ਼ਟ ਰਾਹੀਂ ਸਿਰਮੌਰ ਲੇਖਿਕਾ ਧਰਤੀ ਉੱਤੇ ਉਤਰੀ ਤੇ ਮੈਨੂੰ 'ਧਾਅ ਗਲਵੱਕੜੀ ਪਾਈ'। ਮੇਰੀ ਦੁਬਿਧਾ ਦੇ ਹੱਦਾਂ-ਬੰਨੇ ਪਤਾ ਨਹੀਂ ਕਿੱਧਰ ਲੋਪ ਹੋ ਗਏ ਸਨ। ਸਭ ਕੁਝ ਸਮਤਲ ਹੋ ਗਿਆ ਲੱਗਦਾ ਸੀ। ਵੱਡੀ ਸਾਹਿਤਕਾਰ ਅਤੇ ਮੇਰੇ ਅਦਨੇ ਜਿਹੇ ਲੇਖਕ ਵਿਚਾਲੇ ਪਾੜਾ ਪੂਰਿਆ ਗਿਆ ਜਾਪਦਾ ਸੀ।
     ਆਪਣੇ ਅਮਲੇ-ਫ਼ੈਲੇ ਨੂੰ ਹਦਾਇਤ ਕਰਨ ਮਗਰੋਂ ਉਸ ਨੇ ਮੇਰੀ ਬਾਂਹ ਫੜੀ ਜਿਵੇਂ ਮੈਂ ਨਿਆਣਾ ਜਿਹਾ, ਬਲੂਰ ਜਿਹਾ ਹੋਵਾਂ। ਸਿੱਧੀ ਲਿਫਟ ਰਾਹੀਂ ਆਪਣੇ ਪੜ੍ਹਨ ਕਮਰੇ ਵਿਚ ਲੈ ਗਈ ਜੋ ਉਸ ਦਾ ਸੌਣ ਕਮਰਾ ਵੀ ਹੈ। ਪਲਾਂ ਵਿਚ ਹੀ ਮੈਨੂੰ ਵਰ੍ਹਿਆਂ ਪੁਰਾਣੀ ਦੋਸਤੀ ਹੋਣ ਦਾ ਝਾਉਲਾ ਜਿਹਾ ਪਿਆ।
     “ਮੈਂ ਤਾਂ ਸਮਝਦੀ ਸੀ ਪਈ ਕੋਈ ਬਜ਼ੁਰਗ ਹੋਣਾ ਏਂ ਪੰਜਾਬ ਵਿਚ। ਜਿਸ ਦਿਨ ਦਾ 'ਮੇਰੀ ਦਾਦੀ-ਇਕ ਇਤਿਹਾਸ' ਸਵੈ-ਜੀਵਨੀ ਅੰਸ਼ 'ਆਰਸੀ' ਵਿਚ ਪੜ੍ਹਿਆ ਹੋਇਆ- ਮੈਂ ਚਿੱਠੀ ਲਿਖਣ-ਲਿਖਣ ਕਰਦੀ ਸੀ। ਭਾਪਾ ਜੀ (ਪ੍ਰੀਤਮ ਸਿੰਘ) ਤੋਂ ਪਤਾ ਲੱਗਾ ਕਿ ਤੂੰ ਦਿੱਲੀ ਵਿਚ ਹੀ ਨੌਕਰੀ ਕਰਦਾ ਏਂ।'' ਫ਼ੋਨ ਦਾ ਰਸੀਵਰ ਲਾਹ ਕੇ ਇਕ ਪਾਸੇ ਰੱਖਦਿਆਂ ਉਸ ਗੱਲ ਤੋਰੀ।
     ਮੇਰੇ ਖ਼ਾਨਦਾਨ ਦਾ ਪਿਛੋਕੜ ਤੇ ਸਾਰੇ ਪਰਿਵਾਰ ਦੇ ਇਕੱਲੇ-ਇਕੱਲੇ ਜੀਅ ਦਾ ਪੁੱਛਿਆ। ਗੱਲਬਾਤ ਵਿਚ ਇੰਨੀ ਅਪਣੱਤ, ਹਮਦਰਦੀ ਤੇ ਡੂੰਘੀ ਦਿਲਚਸਪੀ ਦੀ ਦਰਿਆਦਿਲੀ ਵਿਚ ਮੈਂ ਵੀ ਵਹਿ ਗਿਆ। ਮੇਰੇ ਮਨ ਵਿਚ ਉਸ ਪ੍ਰਤੀ ਸਤਿਕਾਰ ਦੀਆਂ ਉੱਚੀਆਂ ਲਹਿਰਾਂ ਉੱਠੀਆਂ।
       ਦਲਿਤ ਸਮਾਜ ਬਾਰੇ ਜਾਣਕਾਰੀ ਤੇ ਮੇਰੇ ਪੜ੍ਹਨ-ਲਿਖਣ ਦਾ ਵੇਰਵਾ ਲੈਣ ਦੇ ਨਾਲ-ਨਾਲ ਚਾਹ-ਪਾਣੀ ਦਾ ਦੌਰ ਚਲਦਾ ਰਿਹਾ। ਬਾਹਰ ਦੀ ਸਿਖਰਾਂ ਦੀ ਠੰਢ ਵਿਚ ਵੀ ਮੈਨੂੰ ਨਿੱਘ ਮਹਿਸੂਸ ਹੋ ਰਿਹਾ ਸੀ। ਲੋਕਾਂ ਦੀਆਂ ਉਸ ਬਾਰੇ ਬਣਾਈਆਂ ਧਾਰਨਾਵਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਦਿਖਾਈ ਦੇ ਰਿਹਾ ਸੀ।
      ਅਸੀਂ ਪੰਜਾਬੀ ਲੇਖਕਾਂ ਦੇ ਸਾਹਿਤ ਦੀ ਪੁਣ-ਛਾਣ ਕੀਤੀ। ਸਾਹਿਤ ਵਿਚਲੇ ਨਵੇਂ ਰੁਝਾਨਾਂ ਖ਼ਾਸ ਤੌਰ 'ਤੇ ਦਲਿਤ ਸਾਹਿਤ, ਨਾਰੀਵਾਦੀ ਸਾਹਿਤ ਤੇ ਸੂਫ਼ੀ ਸਾਹਿਤ ਸਬੰਧੀ ਗੱਲ ਕੀਤੀ। ਪੌਣੇ ਕੁ ਦੋ ਘੰਟੇ ਬਾਅਦ ਮੈਂ ਜਾਣ ਦੀ ਇਜਾਜ਼ਤ ਮੰਗੀ। ਉਹ ਮੇਰੀ ਪਿੱਠ ਪਲੋਸਦੀ ਬਾਹਰਲੇ ਗੇਟ ਤਕ ਆਈ। ਵਿਦਾਇਗੀ ਵੇਲੇ ਕਹਿਣ ਲੱਗੀ, ''ਇੱਥੇ ਹਰ ਮਹੀਨੇ ਦੇ ਆਖ਼ਰੀ ਐਤਵਾਰ ਸ਼ਾਮ ਨੂੰ 'ਡਾਇਆਲਾਗ' (ਮਾਸਿਕ ਇਕੱਤਰਤਾ) ਵਿਚ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ ਸਮੇਤ ਅਲੱਗ-ਅਲੱਗ ਭਾਸ਼ਾਵਾਂ ਦੇ ਲੇਖਕ ਬੁਲਾਉਂਦੇ ਹਾਂ ૶ ਉਨ੍ਹਾਂ ਨੂੰ ਸੁਣਦੇ ਹਾਂ ૶ ਤੂੰ ਆਇਆ ਕਰ।'' ਮੈਂ, ''ਅੱਛਾ ਜੀ'' ਕਿਹਾ। ਲੇਖਕ ਮਿੱਤਰ ਅਜੀਤ ਕੌਰ ਨਾਲ ਮੇਰੀ ਮੁਲਾਕਾਤ ਨੂੰ ਸਿਰਫ਼ ਇਕ ਫੜ੍ਹ ਸਮਝਣ ਲੱਗੇ।
      ਮੇਲ-ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਪਰ ਮੈਂ ਵਿੱਥ ਬਣਾ ਕੇ ਸੰਕੋਚ ਨਾਲ ਗੱਲ ਕਰਦਾ। ਉਸ ਨੇ ਮੇਰਾ ਝਾਕਾ ਹਟਾਉਣ ਤੇ ਮੇਰਾ ਧਜਾ ਬੰਨ੍ਹਾਉਣ ਲਈ ਆਖਿਆ, ''ਦੇਖ ਬਲਬੀਰ, ਵੱਡੇ-ਛੋਟੇ ਲੇਖਕ ਹੋਣ ਦਾ ਮਨ 'ਚ ਨਹੀਂ ਲਿਆਈਦਾ। ਛੋਟਿਆਂ ਤੋਂ ਹੀ ਵੱਡੇ ਹੁੰਦੇ ਨੇ।''
     ਉਸ 'ਡਾਇਆਲਾਗ' ਦਾ ਬਹੁਤਾ ਕੰਮ ਮੈਨੂੰ ਸੌਂਪ ਦਿੱਤਾ। ਮੇਰੀ ਕਵਿਤਾ ਦਾ ਦੂਜੇ ਲੇਖਕਾਂ ਨਾਲ ਵਿਚਾਰ-ਵਟਾਂਦਰਾ ਹੁੰਦਾ। ਏਸੇ ਦੌਰਾਨ ਮੇਰੀ ਸਵੈ-ਜੀਵਨੀ 'ਛਾਂਗਿਆ ਰੁੱਖ' ਜਨਵਰੀ 2003 ਦੇ ਸ਼ੁਰੂ ਵਿਚ ਆਈ। ਮੇਰੇ ਨਾਲੋਂ ਵੱਧ ਅਜੀਤ ਕੌਰ ਨੂੰ ਚਾਅ ਚੜ੍ਹਿਆ ਹੋਇਆ ਸੀ। ਲੋਕ-ਅਰਪਣ ਵੇਲੇ ਉਸ ਨੇ ਆਖਿਆ, ''ਲੋਕ ਅਜੀਤ ਕੌਰ ਨੂੰ ਲੱਭਦੇ ਨੇ- ਮੈਂ ਬਲਬੀਰ ਮਾਧੋਪੁਰੀ ਨੂੰ ਲੱਭਿਆ ਏ। ਦਲਿਤ ਸਾਹਿਤ ਬਾਰੇ ਮੇਰੀਆਂ ਧਾਰਨਾਵਾਂ ਅਲੱਗ ਸਨ ਜਿਵੇਂ ਨਾਰੀਵਾਦ ਬਾਰੇ। ਪਰ ਬਲਬੀਰ ਦੀਆਂ ਰਚਨਾਵਾਂ ਪੜ੍ਹ ਕੇ ਲੱਗਿਆ ਕਿ ਦਲਿਤ ਸਾਹਿਤ ਦੀ ਵੱਖਰੀ ਵਿਧਾ ਬਹੁਤ ਮਹੱਤਵਪੂਰਨ ਹੈ। ਇਸ ਵਿਚ ਸਮਾਜਿਕ ਯਥਾਰਥ ਏ ਤੇ ਸਦੀਆਂ ਤੋਂ ਦਲਿਤਾਂ ਉੱਤੇ ਹੁੰਦੇ ਅੱਤਿਆਚਾਰਾਂ ਦਾ ਪ੍ਰਗਟਾਵਾ ਏ। ਮੈਂ ਬਲਬੀਰ ਦੀ ਬਹੁਤ ਵੱਡੀ ਫੈਨ ਹਾਂ, ਮੈਂ ਇਸ ਦੀ ਬਹੁਤ ਕਦਰ ਕਰਦੀ ਹਾਂ। ਜੇ ਮੈਂ ਟੋਪੀ ਪਹਿਨਦੀ ਹੁੰਦੀ ਤਾਂ ਮੈਂ ਇਸ ਦੇ ਕਦਮਾਂ ਵਿਚ ਰੱਖ ਦਿੰਦੀ।''
     ਅਜੀਤ ਕੌਰ ਦੀਆਂ ਇਨ੍ਹਾਂ ਟਿੱਪਣੀਆਂ ਨਾਲ ਮੈਨੂੰ ਲੱਗਿਆ ਜਿਵੇਂ 'ਛਾਂਗਿਆ ਰੁੱਖ' ਸੰਘਣੀ ਛਾਂ ਵਾਲੇ ਹਰੇ-ਭਰੇ ਰੁੱਖ ਵਿਚ ਤਬਦੀਲ ਹੋ ਗਿਆ ਹੋਵੇ। ਇੰਟਰਵਿਊ ਲੈਣ ਆਇਆਂ ਕੋਲ ਮੇਰੀਆਂ ਰਚਨਾਵਾਂ ਦਾ ਚਰਚਾ ਅਤੇ ਦੂਰਦਰਸ਼ਨ ਉੱਤੇ 'ਛਾਂਗਿਆ ਰੁੱਖ' ਵਿਚ ਮੇਰੇ ਦਲਿਤ ਹੋਣ ਦੇ 'ਫਸਟ ਹੈਂਡ' ਤਜਰਬੇ, ਪੰਜਾਬੀ ਵਿਚ ਜ਼ਿੰਦਗੀ ਦੇ ਏਸ ਪੱਖ ਬਾਰੇ ਪਹਿਲੀ ਵਾਰ ਲਿਖੀ ਸਵੈ-ਜੀਵਨੀ ਦੀਆਂ ਗੱਲਾਂ ਸੁਣ ਤੇ ਸੋਚ ਕੇ ਮੈਨੂੰ ਅਜੀਤ ਉੱਤੇ ਅਤੇ ਆਪਣੇ 'ਤੇ ਮਾਣ ਮਹਿਸੂਸ ਹੋਇਆ। ਹੁਣ ਉਸ ਦਾ ਅੜਬ ਸੁਭਾਅ ਮੇਰੇ ਲਈ ਮੋਹ-ਮਮਤਾ ਵਿਚ ਬਦਲ ਗਿਆ ਹੈ।

ਸੰਪਰਕ : 93505-48100