Baldev Bawa

ਕਵਿਤਾ :

“ਸ਼ਬਦ” - ਬਲਦੇਵ ਬਾਵਾ

(ਭਾਗ ਪਹਿਲਾ) -

ਬਚਪਨ ਦੀਆਂ ਡੋਡੀਆਂ ਅੱਖਾਂ ਵਿਚ,
ਇੱਕੋ ਸੁਪਨੇ ਦੀ ਜੂਨ ਪੈ ਕੇ ਆਉਣ ਲਈ
ਤਮਾਮ ਫ਼ਰਿਸ਼ਤੇ ਧੱਕਮਧੱਕੀ ਹੁੰਦੇ,
ਜਿਹੜੀ ਦਵਾਤ ’ਚੋਂ ਡੋਬਾ ਲੈ
ਸੱਚਾ ਸ਼ਬਦ ਲਿਖਿਆ ਜਾਂਦਾ,
ਉਹਦੇ ਵਿਚ ਸੱਤੇ ਸਮੁੰਦਰ
ਤੀਰਥ ਨ੍ਹਾਉਣ ਲਈ ਤਿਲਮਿਲਾ ਰਹੇ ਹੁੰਦੇ।


 ਸ਼ਬਦ,
ਭੱਠੀ ਦੀ ਲੂੰਬੀ ’ਚੋਂ ਕਿਸੇ ਨਿਸ਼ੰਗ ਵਾਂਗੂੰ
ਨੱਚ ਕੇ ਬਾਹਰ ਨਿਕਲਦਾ,
ਅੱਗ ਦਾ ਭਬੂਕਾ,
ਖੋਲ੍ਹੀ ਪਟਾਰੀ ’ਚੋਂ ਸਿਰੀ ਚੁੱਕਦੇ
ਫਨੀਅਰ ਦੀ ਫਰਕਦੀ ਜੀਭ,
ਵੇਦਨਾ ਵਿਚ ਡਕੋਡੀਕ ਹੋਣ ਪਿੱਛੋਂ
ਕੁਟੀਆ ਅੰਦਰ ਕੀਤੀ ਜਾਂਦੀ ਅਰਦਾਸ,
ਕਵੀ ਦੀ ਨੀਝ ਵਿਚਲ਼ੀ
ਪਹਿਲੀ ਅਤੇ ਆਖ਼ਰੀ ਰੀਝ।

ਸੀਤ ਧਰੁੱਵਾਂ ਦੇ ਝੱਖੜਾਂ ਅੰਦਰ, ਜੁੱਗਾਂ ਥੀਂ,
ਬਰਫ਼ੀਲੇ ਜ਼ਰਰਿਆਂ ਨਾਲ ਤਰਾਸ਼ੀ ਹੋਈ,
ਇੱਕਲਵਾਂਝੇ ਖੜ੍ਹੀ ਚਟਾਨ,
ਦੁਬਿਧਾ ਦੇ ਖੌਲਦੇ ਸਾਗਰ ’ਚੋਂ
ਵਾਰ ਵਾਰ ਭੁੜਕਦੀ ਰਹਿੰਦੀ,
ਸੋਚ-ਮੱਛੀ ਲਈ ਵਰਦਾਨ।

 ਜੇ ਦੁੱਖ ਵਿਚ ਦਾਰੂ ਹੈ ਸ਼ਬਦ
 ਤਾਂ ਸੁੱਖ ਵਿਚ ਹੋਰ ਵੀ ਗੂੜ੍ਹੇ ਰੰਗ ਬਖੇਰਦਾ,
 ਸੁੰਨੀ ਰੂਹ ਲਈ ਵਲ਼ਾਵੇਂਦਾਰ ਜੜ੍ਹਾਂ ’ਚੋਂ ਵੀ
 ਵੰਝਲੀਆਂ ਦੇ ਮਿੱਠੇ ਰਾਗ ਛੇੜਦਾ।


 ਸ਼ਬਦ,
ਦੂਰ ਦੁਰਾਡੀ ਗੁਫਾ ਦੇ ਨ੍ਹੇਰੇ ਅੰਦਰ
ਖ਼ੁਦ ਨਾਲ ਛੂਹਣ ਛੁਲਾਈਆਂ ਖੇਲਦੇ
ਵਾਵਰੋਲੇ ਦਾ ਨਾਂ,
ਸੱਭਿਅਤਾ ਦਾ ਬਾਗ ਉਜਾੜੇ ਜਾਣ ਪਿੱਛੋਂ
ਸਰਹੱਦਾਂ ਦੇ ਆਰ ਪਾਰ ਫਿਰਦੀ
ਤਿਤਲੀਆਂ ਦੀ ਚੁੱਪ ਮਕਾਣ।


 ਸ਼ਬਦ,
ਪਿਆਰ ਅਤੇ ਯੁੱਧ, ਦੋਹਾਂ ਵਾਸਤੇ ਅੱਤ ਜ਼ਰੂਰੀ,
ਅੱਖ ’ਚੋਂ ਛਲਕ ਵਹਿ ਤੁਰਦੇ ਕੋਸੇ ਹੰਝੂ
ਤੇ ਰੱਟਣਾਂ ’ਚੋਂ ਫੁੱਟਦੇ ਚੰਗਿਆੜਿਆਂ ਦੀ ਦਾਸਤਾਂ,
ਸ਼ਬਦ ਬਿਨ ਉੱਕਾ ਹੀ ਅਧੂਰੀ ।  
ਸੰਪਰਕ : +1 801-703-6415

ਕਿਤਾਬਾਂ - ਬਲਦੇਵ ਬਾਵਾ

ਟਟਹਿਣਿਆਂ ਲੱਦੀਆਂ ਜਗਮਗਾਉਂਦੀਆਂ ਬੇਰੀਆਂ,
ਰਾਤ ਨੂੰ ਤਾਰਿਆਂ ਦੇ ਹੁੰਗਾਰੇ ਭਰਦੀਆਂ,
ਚਾਨਣੀ ਦੀਆਂ ਅਰਸ਼ੀ ਮੂਕ ਆਬਸ਼ਾਰਾਂ,
ਮੁਨੀ-ਮੰਡਲੀਆਂ ਇਸ਼ਨਾਨ ਕਰਦੀਆਂ,
ਸਹਿਜ ਆਨੰਦ ਵਿੱਚ ਕੂੰਜਾਂ ਦੀਆਂ ਡਾਰਾਂ,
ਹੰਸਾਂ ਵਿਹੜੇ ਕਾਵਾਂ ਦੀ ਜੰਞ ਵਰਗੀਆਂ,
ਰਾਹਬਰਾਂ ਨੂੰ ਜੱਫੀ ਲੈਣ ਸੋਚਵਾਨ ਸੰਝਾਂ,
ਪੀਰਾਂ ਸਿਰ ਹੱਥ ਦੇਣ ਲਾਲ ਸਰਘੀਆਂ।

ਕਿਤਾਬਾਂ ਦੇ ਝਰੋਖਿਆਂ ’ਚੋਂ ਤੱਕਦੇ ਨੇ ਸ਼ਾਇਰ,
ਇਨ੍ਹਾਂ ਵਿੱਚ ਜਾਬਰੀ ਜਿੱਤਾਂ ਵੀ ਨੇ ਦਾਇਰ,
ਸੁਣਦੀ ਪਈ ਦਾਸੀਆਂ ਦੇ ਰੋਣ ਦੀ ਅਵਾਜ਼,
ਰਖੇਲਾਂ ਪਿੰਡੇ ਲਾਸਾਂ ਪਾਉਂਦੀ ਛਮਕਾਂ ਦੀ ਮਾਰ,
ਢਾਹ ਨਾ ਲੈਣੀ ਕਿਲਿਆਂ ਦੇ ਢਹਿਣ ਦੀ ਉਮੀਦ,
ਮੰਨਣੀ ਨਹੀਂ ਮਹਿਲਾਂ ਦੀਆਂ ਨੀਂਹਾਂ ਦੀ ਸਦੀਵ।

ਕਿਤਾਬਾਂ ਵਿੱਚ ਬਾਗੀਆਂ ਦੇ ਮੋਢੇ ਸੂਲੀਆਂ,
ਪੀਰਾਂ ਦੀਆਂ ਦਾਹੜੀਆਂ ਤੇ ਪੱਗਾਂ ਧੂੜੀਆਂ,
ਜੇ ਪੈਂਡਾ ਹੈ ਅਮੁੱਕ ਤਾਂ ਹੈ ਚਾਲ ਵੀ ਅਟੁੱਟ,
ਕਾਠ ਚੱਬਣੀ ਤੇ ਮਾਰਨਾ ਵਗਾਹ ਕੇ ਚੂਰੀਆਂ।
ਕਾਠ ਚੱਬਣੀ ਤੇ ਮਾਰਨਾ ਵਗਾਹ ਕੇ ਚੂਰੀਆਂ।

ਕਿਤਾਬਾਂ ਦੀਆਂ ਵਾਦੀਆਂ ’ਚ ਸੂਫ਼ੀ ਵੱਸਦੇ,
ਝੂਠ ਅਤੇ ਸੱਚ ਦੀਆਂ ਗੱਲਾਂ ਦੱਸਦੇ।
ਕਿਤਾਬਾਂ ਦਿਆਂ ਅੰਬਰਾਂ ’ਚੋਂ ਰੱਬ ਝਾਕਦਾ,
ਸ਼ਹੀਦਾਂ ਤੇ ਮੁਰੀਦਾਂ ਲਈ ਦੀਵੇ ਬਾਲ਼ਦਾ।

(ਸਨਿੱਚਰਵਾਰ 26 ਸਤੰਬਰ, 2020)
ਸੰਪਰਕ : 001 801-703-6415)