ਮਨੁੱਖੀ ਸਾਂਝ ਦਾ ਸੋਹਣਾ ਸੰਸਾਰ - ਬਲਜਿੰਦਰ ਜੌੜਕੀਆਂ
ਹਰ ਰਿਸ਼ਤੇ ਦੀ ਆਪਣੀ ਗਤੀਸ਼ੀਲਤਾ ਹੁੰਦੀ ਹੈ ਅਤੇ ਇਸ ਨੂੰ ਆਪਣੇ ਤਰੀਕੇ ਨਾਲ ਸਮਝਣ ਅਤੇ ਪ੍ਰਸ਼ੰਸਾ ਕਰਨ ਦੀ ਜ਼ਰੂਰਤ ਹੁੰਦੀ ਹੈ। ਜਦੋਂ ਦੋ ਵਿਅਕਤੀ ਇਕੱਠੇ ਹੁੰਦੇ ਹਨ ਤਾਂ ਉਹ ਆਪਣੇ ਵਿਚਾਰ, ਅਤੀਤ ਦੇ ਘਾਟੇ-ਵਾਧੇ, ਸੁਪਨੇ, ਉਮੀਦਾਂ ਆਦਿ ਲੈ ਕੇ ਆਉਂਦੇ ਹਨ ਅਤੇ ਜਦੋਂ ਇਹ ਆਪਸ ਵਿੱਚ ਰਲ ਜਾਂਦੇ ਹਨ ਤਾਂ ਇੱਕ ਰਿਸ਼ਤਾ ਬਣ ਜਾਂਦਾ ਹੈ। ਜਦੋਂ ਅਸੀਂ ਆਪਣੇ ਵਿਸ਼ਵਾਸਾਂ ਤੇ ਉਮੀਦਾਂ ਨੂੰ ਉਸ ਰਿਸ਼ਤੇ ਅਤੇ ਉਸ ਵਿਅਕਤੀ ਨਾਲ ਨਹੀਂ ਜੋੜਦੇ ਤਾਂ ਅਸੀਂ ਆਪਣੇ ਆਪ ਨੂੰ ਗੜਬੜ ਅਤੇ ਹਫੜਾ-ਦਫੜੀ ਦੇ ਅਨੁਭਵਾਂ ਲਈ ਤਿਆਰ ਕਰ ਰਹੇ ਹੁੰਦੇ ਹਾਂ। ਆਪਣੇ ਬਾਰੇ ਸਾਡੇ ਆਪਣੇ ਵਿਸ਼ਵਾਸ ਵੀ ਮਾਨਵੀ ਸਬੰਧਾਂ ਨੂੰ ਪ੍ਰਭਾਵਿਤ ਕਰਦੇ ਹਨ। ਉਦਾਹਰਨ ਵਜੋਂ ਜੇਕਰ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਚੰਗੇ ਨਹੀਂ ਹੋ ਤਾਂ ਤੁਸੀਂ ਕਦੇ ਵੀ ਦੁੱਖਾਂ-ਸੁੱਖਾਂ ਦਾ ਸਾਥੀ ਨਹੀਂ ਲੱਭ ਸਕੋਗੇ ਜਾਂ ਇੱਕ ਚੰਗੇ ਰਿਸ਼ਤੇ ਦੇ ਹੱਕਦਾਰ ਨਹੀਂ ਹੋਵੋਗੇ।
ਕਮਜ਼ੋਰ ਸਬੰਧਾਂ ਨਾਲ ਜੂਝਦੇ ਹੋਏ ਸਾਡਾ ਅੰਦਰ ਮਰ ਜਾਂਦਾ ਹੈ, ਪਰ ਜਦੋਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਕਿ ‘‘ਮੈਂ ਬਿਹਤਰ ਦਾ ਹੱਕਦਾਰ ਹਾਂ’’ ਤਾਂ ਤੁਹਾਡਾ ਦਿਮਾਗ਼ ਵਧੀਆ ਕੀ ਹੈ ? ਦੀ ਤਸਵੀਰ ਬਣਾਉਣਾ ਸ਼ੁਰੂ ਕਰਦਾ ਹੈ। ਇੱਕ ਸਿਹਤਮੰਦ ਰਿਸ਼ਤਾ ਉਹ ਹੁੰਦਾ ਹੈ ਜਿੱਥੇ ਤੁਸੀਂ ਆਪਣੇ ਪਿਆਰੇ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ। ਤੁਹਾਨੂੰ ਹਰ ਪਲ ਉਸ ਵਿਅਕਤੀ ਦੇ ਆਲੇ-ਦੁਆਲੇ ਹੋਣਾ ਪਸੰਦ ਹੁੰਦਾ ਹੈ। ਹਰ ਚੀਜ਼ ਦੀ ਕੀਮਤ ਹੁੰਦੀ ਹੈ, ਪਰ ਮੁੱਖ ਮੁੱਦਾ ਇਹ ਹੁੰਦਾ ਹੈ ਕਿ ਅਸੀਂ ਕਿਸ ਦਾ ਭੁਗਤਾਨ ਕਰਨ ਲਈ ਤਿਆਰ ਹੁੰਦੇ ਹਾਂ। ਮਾੜੇ ਸਬੰਧਾਂ ਦੀ ਸਭ ਤੋਂ ਵੱਡੀ ਕੀਮਤ ਜੋ ਅਸੀਂ ਅਦਾ ਕਰਦੇ ਹਾਂ ਉਹ ਹੈ ਸਾਡੇ ਆਪਣੇ ਆਪ ਦਾ ਨੁਕਸਾਨ ਅਤੇ ਜ਼ਿੰਦਗੀ ਪ੍ਰਤੀ ਆਪਣੀ ਦ੍ਰਿਸ਼ਟੀ ਖਤਮ ਕਰ ਲੈਣਾ। ਮੋਹ-ਮੁਹੱਬਤ ਬਾਰੇ ਕੁਝ ਗਲਤ ਧਾਰਨਾਵਾਂ ਅਤੇ ਨੁਕਸਦਾਰ ਵਿਸ਼ਵਾਸ ਹਨ ਜੋ ਸਾਨੂੰ ਛੱਡਣ ਦੀ ਲੋੜ ਹੈ। ਤੁਹਾਨੂੰ ਤੁਹਾਡੀ ਉਮਰ ਜਾਂ ਤੁਹਾਡੀ ਜੈਵਿਕ ਘੜੀ ਦੇ ਅਨੁਸਾਰ ਵਿਆਹ ਕਰਾਉਣਾ ਚਾਹੀਦਾ ਹੈ, ਪਰ ਜਦੋਂ ਅਸੀਂ ਵਿਆਹ ਜਾਂ ਬੱਚਿਆਂ ਨੂੰ ਅੰਤਿਮ ਟੀਚਾ ਮੰਨ ਲੈਂਦੇ ਹਾਂ ਤਾਂ ਅਸੀਂ ਰਿਸ਼ਤੇ ਦੀ ਮਹਿਕ ਗੁਆ ਦਿੰਦੇ ਹਾਂ।
ਅਸਲ ਵਿੱਚ ਬਹੁਤ ਸਾਰੇ ਲੋਕ ਇਹ ਵੀ ਨਹੀਂ ਜਾਣਦੇ ਕਿ ਸਾਂਝੇਦਾਰੀ ਅਸਲ ਵਿੱਚ ਕੀ ਹੈ ? ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਤੁਹਾਨੂੰ ਉਸ ਵਿਅਕਤੀ ਅਤੇ ਰਿਸ਼ਤੇ ਦੀ ਭਲਾਈ ਦੇ ਵੱਡੇ ਹਿੱਤ ਵਿੱਚ ਕਈ ਵਾਰ ਥੋੜ੍ਹਾ ਅਨੁਕੂਲ ਤੇ ਸਮਝੌਤਾਵਾਦੀ ਲਚਕ ਦੀ ਜ਼ਰੂਰਤ ਹੁੰਦੀ ਹੈ, ਪਰ ਜੇਕਰ ਬਲੀਦਾਨ ਸਿਰਫ਼ ਇੱਕ ਵਿਅਕਤੀ ਹੀ ਕਰਦਾ ਰਹੇ ਤਾਂ ਰਿਸ਼ਤਾ ਛੇਤੀ ਖਤਮ ਹੋ ਜਾਂਦਾ ਹੈ। ਕਿਸੇ ਨੂੰ ਪਿਆਰ ਕਰਨ ਦਾ ਮਤਲਬ ਬਕਵਾਸ ਬਰਦਾਸ਼ਤ ਕਰਨਾ ਨਹੀਂ ਹੈ ਸਗੋਂ ਇੱਕ ਦੂਜੇ ਦੀ ਰਾਇ ਦਾ ਸਤਿਕਾਰ ਕਰਨਾ ਹੁੰਦਾ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਰਿਸ਼ਤੇ ਖ਼ਾਤਰ ਸਾਨੂੰ ਆਪਣੀ ਖ਼ੁਸ਼ੀ ਅਤੇ ਇੱਜ਼ਤ ਨਾਲ ਸਮਝੌਤਾ ਕਰਨਾ ਹੋਵੇਗਾ। ਸੱਚਾ ਪਿਆਰ ਅਤੇ ਭਾਈਵਾਲੀ ਸਾਨੂੰ ਇਕੱਠੇ ਅਤੇ ਵਿਅਕਤੀਗਤ ਤੌਰ ’ਤੇ ਅੱਗੇ ਵਧਣ ਦੇ ਯੋਗ ਬਣਾਉਂਦੀ ਹੈ। ਇਹ ਸਾਨੂੰ ਨਿੱਜੀ ਅਤੇ ਰਿਸ਼ਤੇ ਦੀਆਂ ਮੁਸ਼ਕਲਾਂ ਨੂੰ ਪਾਰ ਕਰਨ ਦੀ ਤਾਕਤ ਦਿੰਦਾ ਹੈ। ਇਹ ਕੇਵਲ ਸਹਿਣਸ਼ੀਲਤਾ ਬਾਰੇ ਨਹੀਂ ਹੈ ਸਗੋਂ ਮਜ਼ਬੂਤ ਤੇ ਲਚਕੀਲੇ ਰਹਿੰਦੇ ਹੋਏ ਅੱਗੇ ਵਧਣ ਬਾਰੇ ਹੈ।
ਪ੍ਰਚੱਲਿਤ ਧਾਰਨਾ ਹੈ ਕਿ ਸਮਾਂ ਸਭ ਕੁਝ ਠੀਕ ਕਰ ਦਿੰਦਾ ਹੈ, ਪਰ ਆਪਣੇ ਆਪ ਸਮਾਂ ਸਭ ਕੁਝ ਠੀਕ ਨਹੀਂ ਕਰਦਾ ਸਗੋਂ ਕੁਝ ਮੁੱਦਿਆਂ ਦੇ ਹੱਲ ਤੇ ਸੱਟਾਂ ਦੇ ਇਲਾਜ ਲਈ ਸਮਾਂ, ਧੀਰਜ ਅਤੇ ਜਗ੍ਹਾ ਦੀ ਲੋੜ ਹੁੰਦੀ ਹੈ। ਪੁਰਾਣੇ ਝਗੜਿਆਂ ਅਤੇ ਵਿਵਾਦਾਂ ਦੇ ਹੱਲ ਲਈ ਵਿਸ਼ੇਸ਼ ਪਹੁੰਚ ਦੀ ਲੋੜ ਹੁੰਦੀ ਹੈ। ਰਿਸ਼ਤੇ ਵਿੱਚ ਸ਼ਾਮਲ ਲੋਕਾਂ ਨੂੰ ਆਪਣੀ ਅਤੇ ਰਿਸ਼ਤੇ ਦੀ ਖੁਸ਼ੀ ਦੀ ਜ਼ਿੰਮੇਵਾਰੀ ਲੈਣ ਦੀ ਲੋੜ ਹੁੰਦੀ ਹੈ। ਮਸਲਿਆਂ ’ਤੇ ਮਿੱਟੀ ਪਾਉਣ ਨਾਲ ਹੱਲ ਨਹੀਂ ਹੁੰਦੇ ਬਲਕਿ ਅਜਿਹਾ ਕਰਨ ਨਾਲ ਅਸੀਂ ਸਿਰਫ਼ ਆਪਣੇ ਮਸਤਕ ਦੇ ਹੇਠਾਂ ਹੋਰ ਗਾਰ ਇਕੱਠੀ ਕਰਦੇ ਰਹਿੰਦੇ ਹਾਂ। ਲਿੰਡਾ ਅਲਫਿਉਰੀ ਅਨੁਸਾਰ ‘‘ਜਿੰਨਾ ਚਿਰ ਤੁਸੀਂ ਦੂਜਿਆਂ ’ਤੇ ਤੁਹਾਨੂੰ ਖੁਸ਼ ਕਰਨ ਦੀ ਜ਼ਿੰਮੇਵਾਰੀ ਛੱਡਦੇ ਹੋ, ਤੁਸੀਂ ਹਮੇਸ਼ਾਂ ਦੁਖੀ ਰਹੋਗੇ ਕਿਉਂਕਿ ਇਹ ਅਸਲ ਵਿੱਚ ਤੁਹਾਡਾ ਕੰਮ ਹੈ।’’
ਕੁਝ ਘਾਟਾਂ ਬਰਦਾਸ਼ਤ ਕਰਨੀਆਂ ਪੈਂਦੀਆਂ ਹਨ। ਦੁਨੀਆ ’ਤੇ ਕੋਈ ਸੰਪੂਰਨ ਰਿਸ਼ਤਾ ਨਹੀਂ ਹੈ ਅਤੇ ਕੋਈ ਸੰਪੂਰਨ ਸਾਥੀ ਨਹੀਂ ਹੈ। ਸਾਡੇ ਸਾਰਿਆਂ ’ਚ ਕਮੀਆਂ ਹਨ। ਸਾਨੂੰ ਲੋਕਾਂ ਨੂੰ ਦੇਖਣ, ਸਮਝਣ ਅਤੇ ਉਨ੍ਹਾਂ ਨੂੰ ਸਵੀਕਾਰ ਕਰਨ ਬਾਰੇ ਸਿੱਖਣ ਦੀ ਲੋੜ ਹੈ। ਹਰ ਵਿਅਕਤੀ ਜਿਸ ਨਾਲ ਅਸੀਂ ਮਿਲਦੇ ਹਾਂ ਜਾਂ ਕਿਸੇ ਰਿਸ਼ਤੇ ਵਿੱਚ ਹੁੰਦੇ ਹਾਂ ਇੱਕ ਨਵੀਂ ਵਿਲੱਖਣਤਾ ਲੈ ਕੇ ਆਉਂਦਾ ਹੈ। ਉਨ੍ਹਾਂ ਦੀ ਸ਼ਖ਼ਸੀਅਤ ਦੇ ਕੁਝ ਪਹਿਲੂ ਹੋ ਸਕਦੇ ਹਨ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ। ਤੁਹਾਡੇ ਲਈ ਅਸਲ ਮਾਅਨੇ ਕੀ ਰੱਖਦਾ ਹੈ? ਅਸੀਂ ਆਲੇ-ਦੁਆਲੇ ਬਾਰੇ ਕਿਵੇਂ ਮਹਿਸੂਸ ਕਰਦੇ ਹਾਂ? ਜਦੋਂ ਅਸੀਂ ਆਪਣੇ ਸਾਥੀਆਂ ਨੂੰ ਸੰਪੂਰਨ ਬਣਾਉਣ ’ਤੇ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਅਸੀਂ ਨਿਰਾਸ਼ ਹੋ ਜਾਂਦੇ ਹਾਂ ਅਤੇ ਸੋਚਦੇ ਹਾਂ ਕਿ ਸਾਨੂੰ ਸਾਡੇ ਸਾਥੀ ਨੂੰ ਬਦਲਣ ਦੀ ਲੋੜ ਹੈ। ਜੇ ਅਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ ਤਾਂ ਹੋ ਸਕਦਾ ਹੈ ਕਿ ਅਸੀਂ ਸਹੀ ਵਿਅਕਤੀ ਦੇ ਨਾਲ ਨਹੀਂ ਹਾਂ, ਪਰ ਰਿਸ਼ਤੇ ਸਟਿੱਪਣੀ ਨਹੀਂ ਹੁੰਦੇ ਭਾਵ ਜਦੋਂ ਜੀਅ ਕੀਤਾ ਬਦਲ ਲਏ ਜਾਣ। ਅਸੀਂ ਇਹ ਵੀ ਭੁੱਲ ਜਾਂਦੇ ਹਾਂ ਕਿ ਰਿਸ਼ਤੇ ਸਾਨੂੰ ਸੰਭਾਲ ਲੈਂਦੇ ਹਨ ਅਤੇ ਬਹੁਤ ਸਾਰੇ ਦੁਬਿਧਾਗ੍ਰਸਤ ਲੋਕ ਅੰਤ ਵਿੱਚ ਰਿਸ਼ਤਿਆਂ ਵਿੱਚ ਸੰਤੁਸ਼ਟ ਹੋ ਜਾਂਦੇ ਹਨ।
ਰਿਸ਼ਤੇ ਬਣਾਈ ਰੱਖਣ ਲਈ ਸੁਚੇਤ ਕੋਸ਼ਿਸ਼, ਧੀਰਜ ਅਤੇ ਲਗਨ ਦੀ ਲੋੜ ਹੁੰਦੀ ਹੈ। ਰਿਸ਼ਤੇ ਖੂਬਸੂਰਤ ਸਫ਼ਰ ਹੁੰਦੇ ਹਨ ਨਾ ਕਿ ਕਿਸੇ ਮੀਲ-ਪੱਥਰ ’ਤੇ ਪਹੁੰਚਣਾ ਹੁੰਦਾ ਹੈ। ਇੱਕ ਰਿਸ਼ਤਾ ਉਹ ਯਾਤਰਾ ਹੈ ਜਿਸ ਵਿੱਚ ਦੋ ਵਿਅਕਤੀ ਇਕੱਠੇ ਹੋਣ ਦਾ ਫ਼ੈਸਲਾ ਕਰਦੇ ਹਨ ਅਤੇ ਉਹ ਕਿੱਥੇ ਜਾਣਾ ਚਾਹੁੰਦੇ ਹਨ, ਇਹ ਉਨ੍ਹਾਂ ਦੇ ਸੁਰ-ਥਵਾਕ ਤੇ ਆਪਸੀ ਪਿਆਰ ’ਤੇ ਨਿਰਭਰ ਕਰਦਾ ਹੈ। ਸਮਾਂ-ਸੀਮਾਵਾਂ ਵਿੱਚ ਇੱਕ ਦੂਜੇ ਨੂੰ ਬੰਨ੍ਹਣ ਦੀ ਕੋਸ਼ਿਸ਼ ਕਰਨਾ ਸਿਰਫ਼ ਦਬਾਅ ਬਣਾਉਂਦਾ ਹੈ ਜਿਸ ਨਾਲ ਕੇਵਲ ਘੁਟਨ ਤੇ ਘਬਰਾਹਟ ਹੀ ਪੈਦਾ ਹੁੰਦੀ ਹੈ। ਮੂਲੋਂ ਹੀ ਗ਼ਲਤ ਹੈ ਕਿ ਤੁਸੀਂ ਕਿਸੇ ਨੂੰ ਪੂਰਾ ਕਰੋਗੇ ਜਾਂ ਤੁਹਾਡਾ ਸਾਥੀ ਤੁਹਾਨੂੰ ਪੂਰਾ ਕਰੇਗਾ। ਤੁਸੀਂ ਤੇ ਤੁਹਾਡੇ ਸਾਥੀ ਆਪਣੇ ਆਪ ਇੱਕ ਸੰਪੂਰਨ ਤੇ ਬਰਾਬਰ ਵਿਅਕਤੀ ਹੋ ਅਤੇ ਪੂਰਨਤਾ ਅੰਦਰੋਂ ਮਿਲਣੀ ਹੁੰਦੀ ਹੈ, ਪਰ ਸਾਡੇ ਸੰਗੀ-ਸਾਥੀ ਕੁਝ ਚੀਰਾਂ, ਜ਼ਖ਼ਮਾਂ ਅਤੇ ਕਾਲੇ ਧੱਬਿਆਂ ਨੂੰ ਠੀਕ ਕਰਨ ਦੇ ਸਹਿਯੋਗੀ ਬਣਦੇ ਹਨ। ਮਿੱਤਰ ਸਹਾਇਕ ਹੁੰਦੇ ਹਨ, ਪਰ ਅੰਤਿਮ ਸਰੋਤ ਅਸੀਂ ਖ਼ੁਦ ਹੀ ਹੁੰਦੇ ਹਾਂ।
ਕਿਸੇ ਰਿਸ਼ਤੇ ਨੂੰ ਸੰਤੁਲਿਤ ਬਣਾਉਣ ਲਈ ਸਾਡੇ ਆਪਸੀ ਵਾਰਤਾਲਾਪ ਦੀਆਂ ਸਹਿਮਤੀਆਂ ’ਚੋਂ ਨਿਕਲੀ ਸਿਹਤਮੰਦ ਖੁਰਾਕ ਦੀ ਲੋੜ ਹੁੰਦੀ ਹੈ। ਜਦੋਂ ਅਸੀਂ ਸਾਹਮਣੇ ਵਾਲੇ ਦੇ ਦ੍ਰਿਸ਼ਟੀਕੋਣਾਂ ਦਾ ਧਿਆਨ ਰੱਖਦੇ ਹਾਂ ਤਾਂ ਸਾਡੇ ਰਿਸ਼ਤੇ ਮਜ਼ਬੂਤ ਹੋ ਜਾਂਦੇ ਹਨ। ਮਨੋਵਿਗਿਆਨਕ ਦਿਨਕਰ ਕਲੋਤਰਾ ਕਹਿੰਦੇ ਹਨ ਕਿ ‘‘ਇੱਕ ਸਿਹਤਮੰਦ ਰਿਸ਼ਤੇ ਲਈ ਤੁਹਾਨੂੰ ਕਦੇ ਵੀ ਆਪਣੇ ਦੋਸਤਾਂ, ਆਪਣੇ ਸੁਪਨਿਆਂ ਜਾਂ ਆਪਣੀ ਇੱਜ਼ਤ ਨੂੰ ਕੁਰਬਾਨ ਕਰਨ ਦੀ ਲੋੜ ਨਹੀਂ ਹੁੰਦੀ।’’ ਹਾਂ, ਕੁਝ ਸੁਚੇਤ ਯਤਨਾਂ ਦੀ ਲੋੜ ਹੁੰਦੀ ਹੈ। ਇੱਕ ਗੱਲ ਯਕੀਨੀ ਬਣਾਓ ਕਿ ਜਿਸ ਵਿਅਕਤੀ ਨਾਲ ਤੁਸੀਂ ਰਹਿਣਾ ਚੁਣਦੇ ਹੋ, ਤੁਹਾਨੂੰ ਉਸ ਕੋਲ ਸੁੰਗੜਣਾ ਨਾ ਪਵੇ ਜਾਂ ਆਪਣੇ ਆਪ ਨੂੰ ਛੋਟੇ ਟੁਕੜਿਆਂ ਵਿੱਚ ਕੱਟਣਾ ਨਾ ਪਵੇ ਭਾਵ ਆਪਣੇ ਆਪ ਨੂੰ ਛੋਟਾ ਨਾ ਕਰਨਾ ਪਵੇ। ਸਾਡੇ ਵੱਡੇ ਤੇ ਉੱਚੇ ਹੋਣ ’ਤੇ ਮਾਣ ਅਤੇ ਖੁਸ਼ੀ ਮਹਿਸੂਸ ਕਰਨ ਵਾਲੇ ਹੀ ਸਾਡੇ ਅਸਲ ਮਿੱਤਰ ਹੁੰਦੇ ਹਨ।
ਸੰਪਰਕ : 94630-24575