Bir Devinder Singh

ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ  - ਬੀਰ ਦਵਿੰਦਰ ਸਿੰਘ

ਇਹ ਮੇਰੀ ਹਯਾਤੀ ਦੇ ਜਵਾਨੀ ਪਹਿਰੇ ਦਾ ਜ਼ਿਕਰ ਹੈ, ਜਦੋਂ ਸੱਤਰਵਿਆਂ ਦੇ ਆਰੰਭ ਵਿਚ ਪਟਿਆਲਾ ਸ਼ਹਿਰ ਦੇ ਰਾਘੋਮਾਜਰੇ ਮੁਹੱਲੇ ਵਿਚ 'ਸਿੰਘਾਂ ਦੀ ਅਟਾਰੀ' ਵੱਜੋਂ ਜਾਣੀ ਜਾਂਦੀ ਪ੍ਰੋ. ਕੁਲਵੰਤ ਸਿੰਘ ਗਰੇਵਾਲ ਦੀ ਡੇਰੇ ਨੁਮਾ ਰਿਹਾਇਸ਼ ਦੇ ਚੁਬਾਰੇ ਦੀ ਛੱਤ 'ਤੇ ਬੈਠਕੇ ਚੰਨਾਂ ਤਾਰਿਆਂ ਦੀ ਛਾਂ ਹੇਠਾਂ ਹੇਕ ਲਾ ਕੇ ਸ਼ਾਇਰ ਕੁਲਵੰਤ ਗਰੇਵਾਲ ਦਾ ਲਿਖਿਆ ਮਾਹੀਆ, ਪਹਾੜੀ ਰਾਗ ਵਿਚ ਘੰਟਿਆਂ ਬੱਧੀ ਗਾਉਂਦੇ :

ਦਿਲ ਟੁੱਟਦੇ ਹਵਾਵਾਂ ਦੇ,
ਬੂੰਦ ਬੂੰਦ ਤਰਸ ਗਏ ਅਸੀਂ ਪੁੱਤ ਦਰਿਆਵਾਂ ਦੇ।

ਕਈ ਵਾਰੀ ਮਾਹੀਏ ਦੀਆਂ ਇਨ੍ਹਾਂ ਸਤਰਾਂ 'ਤੇ ਆ ਕੇ ਬਹਿਸ ਛਿੜ ਜਾਂਦੀ ਸੀ ਕਿ ਸ਼ਾਇਰ ਦੇ ਇਸ ਉਦਾਸ ਅਨੁਭਵ ਵਿਚੋਂ ਉਪਜੀ ਕਾਵਿ ਕਲਪਨਾ ਸਹੀ ਨਹੀਂ ਜਾਪਦੀ। ਇਹ ਕਿੰਜ ਹੋ ਸਕਦਾ ਹੈ ਕਿ ਦਰਿਆਵਾਂ ਦੇ ਪੁੱਤਰ ਕਿਸੇ ਵੇਲੇ ਪਾਣੀ ਦੀ ਬੂੰਦ ਬੂੰਦ ਨੂੰ ਵੀ ਤਰਸ ਜਾਣਗੇ ਤਾਂ ਸ਼ਾਇਰ ਦਾ ਇਹ ਜਵਾਬ ਹੁੰਦਾ ਸੀ 'ਬੰਦਗੀ ਵਾਲਿਆਂ ਨੂੰ ਤਾਂ ਅੱਜ ਵੀ ਸਭ ਕੁਝ ਨਜ਼ਰ ਆ ਰਿਹਾ ਹੈ, ਪਰ ਜ਼ਮਾਨੇ ਨੂੰ ਇਸ ਸੱਚ ਦੀ ਸਮਝ ਉਸ ਵੇਲੇ ਪਵੇਗੀ ਜਦੋਂ ਇਹ ਸੱਚ ਸਰਾਪ ਬਣਕੇ ਸਾਰੇ ਪੰਜਾਬ ਨੂੰ ਨਿਗਲ ਜਾਵੇਗਾ। ਪਰ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਪੰਜਾਹ ਵਰ੍ਹਿਆਂ ਦੇ ਅੰਦਰ ਹੀ ਸ਼ਾਇਰ ਦੀ ਇਹ ਹੂਕ ਇਕ ਡਰਾਉਣਾ ਸੱਚ ਬਣਕੇ ਸਾਡੇ ਸਾਹਮਣੇ ਆ ਖੜ੍ਹੀ ਹੋਵੇਗੀ।
       ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦਾ ਮਸਲਾ ਅੱਜ ਪੰਜਾਬ ਵਾਸਤੇ ਜ਼ਿੰਦਗੀ-ਮੌਤ ਦਾ ਸਵਾਲ ਬਣ ਚੁੱਕਾ ਹੈ। ਇਹ ਮਾਮਲਾ ਏਨਾ ਗੰਭੀਰ ਹੈ ਕਿ ਇਸਦੇ ਦੂਰਗਾਮੀ ਭਿਆਨਕ ਨਤੀਜਿਆਂ ਦਾ ਅਨੁਮਾਨ ਲਾਉਂਦਿਆਂ ਵੀ ਮਨ ਕੰਬ ਉੱਠਦਾ ਹੈ। ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦਾ ਬਖੇੜਾ ਨਵੰਬਰ 1966 ਵਿਚ ਮੌਜੂਦਾ ਪੰਜਾਬ ਦੇ ਪੁਨਰਗਠਨ ਵੇਲੇ ਤੋਂ ਸ਼ੁਰੂ ਹੋਇਆ, ਜਦੋਂ ਕਾਂਗਰਸ ਪਾਰਟੀ ਦੀ ਕੇਂਦਰ ਸਰਕਾਰ ਨੇ 1966 ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੇ ਕੁੱਲ ਅਸਾਸਿਆਂ ਨੂੰ 60:40 ਦੇ ਅਨੁਪਾਤ ਨਾਲ ਪੰਜਾਬ ਅਤੇ ਨਵੇਂ ਬਣੇ ਹਰਿਆਣਾ ਪ੍ਰਾਂਤ ਵਿਚਕਾਰ ਵੰਡਣ ਦਾ ਫੈਸਲਾ ਕਰ ਦਿੱਤਾ। ਪੰਜਾਬ ਕੋਲ ਉਪਲੱਬਧ ਦਰਿਆਈ ਪਾਣੀ ਦੀ ਮਾਤਰਾ ਉਸ ਵੇਲੇ 7.2 ਐੱਮ.ਏ.ਐੱਫ. (ਮਿਲੀਅਨ ਏਕੜ ਫੁੱਟ) ਸੀ ਜਿਸ ਵਿਚੋਂ ਹਰਿਆਣਾ ਨੇ 4.8 ਐੱਮ.ਏ.ਐੱਫ. ਦੀ ਬੇਤੁਕੀ ਮੰਗ ਰੱਖ ਦਿੱਤੀ, ਜੋ ਕਿਸੇ ਵੀ ਮਾਪਦੰਡ ਅਨੁਸਾਰ ਵਾਜਬ ਨਹੀਂ ਸੀ। ਪੰਜਾਬ ਦੀ ਦਲੀਲ ਸੀ ਕਿ ਪੰਜਾਬ ਵਿਚ ਵਗਦੇ ਦਰਿਆਈ ਪਾਣੀਆਂ 'ਤੇ ਪਹਿਲਾ ਹੱਕ ਪੰਜਾਬ ਦਾ ਹੈ ਕਿਉਂਕਿ ਪੰਜਾਬ ਇਨ੍ਹਾਂ ਦਰਿਆਵਾਂ ਦਾ ਰਿਪੇਰੀਅਨ ਰਾਜ ਹੈ। ਦਰਿਆਈ ਪਾਣੀਆਂ ਦੇ ਵਾਦ-ਵਿਵਾਦ ਵਿਚ ਪੰਜਾਬ ਦਾ ਸਦਾ ਹੀ ਇਹ ਮਜ਼ਬੂਤ ਤਰਕ ਰਿਹਾ ਹੈ ਕਿ ਪਾਣੀਆਂ ਦੀ ਵੰਡ ਕੌਮਾਂਤਰੀ ਪੱਧਰ 'ਤੇ ਪ੍ਰਵਾਨ ਰਿਪੇਰੀਅਨ ਸਿਧਾਂਤ ਅਨੁਸਾਰ ਹੀ ਹੋਣੀ ਚਾਹੀਦੀ ਹੈ। ਪੰਜਾਬ ਦਾ ਸਦਾ ਹੀ ਇਹ ਤਰਕ ਰਿਹਾ ਹੈ ਕਿ ਦਰਿਆਈ ਪਾਣੀਆਂ ਦੀ ਵੰਡ ਕੇਵਲ ਰਿਪੇਰੀਅਨ ਰਾਜਾਂ ਵਿਚਕਾਰ ਹੀ ਹੋ ਸਕਦੀ ਹੈ, ਪਰ ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਵਿਚਕਾਰ ਦਰਿਆਈ ਪਾਣੀਆਂ ਦੇ ਝਗੜੇ ਦੇ ਨਿਬੇੜੇ ਲਈ ਜਿੰਨੇ ਵੀ ਟ੍ਰਿਬਿਊਨਲ ਬਣਾਏ ਗਏ ਜਾਂ ਸਾਲਸੀ ਫੈਸਲੇ ਲਏ ਗਏ, ਉਹ ਸਾਰੇ ਹੀ ਪੰਜਾਬ ਵਿਰੋਧੀ ਸਨ, ਲੰਮੇ ਸਮੇਂ ਵਿਚ ਪੰਜਾਬ 'ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਨੂੰ ਕਦੇ ਵੀ ਦ੍ਰਿਸ਼ਟੀਗੋਚਰ ਨਹੀਂ ਲਿਆ ਗਿਆ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਦੀ ਅਣਦੇਖੀ ਕਰਕੇ ਸਾਰੇ ਫੈਸਲੇ ਇਕ ਪਾਸੜ ਲਏ ਗਏ ਹਨ।
      ਪੰਜਾਬ ਨੇ ਜੋ ਦਰਿਆਈ ਪਾਣੀਆਂ ਦੀ ਵੰਡ ਦਾ ਮਾਮਲਾ ਸੁਪਰੀਮ ਕੋਰਟ ਵਿਚ ਕੀਤਾ ਹੋਇਆ ਸੀ, ਉਹ ਵੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਦੀ ਸਰਕਾਰ 'ਤੇ ਦਬਾਓ ਪਾ ਕੇ ਵਾਪਸ ਕਰਵਾ ਦਿੱਤਾ ਅਤੇ ਦੋਵਾਂ ਰਾਜਾਂ ਵਿਚ ਪਾਣੀਆਂ ਦੀ ਕਾਣੀ ਵੰਡ ਕਰਨ ਦਾ ਮਾਮਲਾ ਦੋਵਾਂ ਰਾਜਾਂ ਤੋਂ ਜਬਰੀ ਸਹਿਮਤੀ ਕਰਵਾ ਕੇ ਮਾਮਲੇ ਦੀ ਵਿਚੋਲਗੀ ਆਪਣੇ ਹੱਥ ਵਿਚ ਲੈ ਲਈ। ਇੰਦਰਾ ਗਾਂਧੀ ਦਾ ਵਿਚੋਲਗੀ ਫੈਸਲਾ ਵੀ ਪੰਜਾਬ ਦੇ ਹਿੱਤਾਂ ਖਿਲਾਫ਼ ਹੀ ਗਿਆ ਤੇ ਇੰਦਰਾ ਗਾਂਧੀ ਅਤੇ ਦਰਬਾਰਾ ਸਿੰਘ ਦੇ ਕਾਰਜਕਾਲ ਵਿਚ ਹੀ ਸਤਲੁਜ-ਜਮਨਾ ਲਿੰਕ ਨਹਿਰ ਦੀ ਉਸਾਰੀ ਦਾ ਟੱਕ ਜ਼ਿਲ੍ਹਾ ਪਟਿਆਲਾ ਵਿਚ ਕਪੂਰੀ ਦੇ ਸਥਾਨ 'ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਾਇਆ ਗਿਆ।
       ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪੰਜਾਬ ਪਿਛਲੇ ਲਗਪਗ ਪੰਜਾਹ ਸਾਲਾਂ ਤੋਂ ਹਰੇ ਇਨਕਲਾਬ ਦੇ ਪ੍ਰੋਗਰਾਮ ਅਧੀਨ ਝੋਨੇ ਦੀ ਖੇਤੀ ਕਰ ਰਿਹਾ ਹੈ। ਇਕ ਅਨੁਮਾਨ ਅਨੁਸਾਰ ਇਕ ਕਿਲੋ ਝੋਨਾ ਪੈਦਾ ਕਰਨ ਲਈ 2000 ਲਿਟਰ ਤੋਂ ਲੈ ਕੇ 5000 ਲਿਟਰ ਤਕ ਜ਼ਮੀਨੀ ਪਾਣੀ ਦੀ ਖਪਤ ਹੁੰਦੀ ਹੈ। ਪੰਜਾਬ ਵਿਚ ਇਸ ਵੇਲੇ ਚੌਦਾਂ ਲੱਖ ਪੰਜਾਹ ਹਜ਼ਾਰ ਬਿਜਲੀ ਨਾਲ ਚੱਲਣ ਵਾਲੇ ਟਿਊਬਵੈੱਲ ਹਨ ਜੋ ਝੋਨਾ ਪਾਲਣ ਲਈ ਦਿਨ ਰਾਤ ਚੱਲਦੇ ਹਨ। ਬਿਜਲੀ ਮੁਫ਼ਤ ਹੈ, ਇਸ ਲਈ ਨਾ ਬਿਜਲੀ ਦੀ ਖਪਤ ਦਾ ਕੋਈ ਫਿਕਰ ਤੇ ਨਾਂ ਜ਼ਮੀਨੀ ਪਾਣੀ ਦਾ ਦੁਰਉਪਯੋਗ ਕਰਨ ਦਾ ਕਿਸੇ ਨੂੰ ਕੋਈ ਅਹਿਸਾਸ ਹੈ। ਰਸਾਇਣਿਕ ਖਾਦਾਂ, ਕੀੜੇ ਮਾਰ ਦਵਾਈਆਂ ਤੇ ਨਦੀਨਨਾਸ਼ਕ ਦਵਾਈਆਂ ਦੀ ਬੇਮੁਹਾਰੀ ਵਰਤੋਂ ਨੇ ਵਾਹੀ ਯੋਗ ਜ਼ਮੀਨ ਦੀ ਉਪਰਲੀ ਸਤ੍ਹਾ ਅਤੇ ਉਸਦੇ ਥੱਲੇ ਦੀ ਦੂਸਰੀ ਪਰਤ ਨੂੰ ਸਿਵਾਏ ਝੋਨੇ ਦੇ ਹੋਰ ਕਿਸੇ ਵੀ ਫ਼ਸਲੀ ਚੱਕਰ ਦੇ ਯੋਗ ਨਹੀਂ ਰਹਿਣ ਦਿੱਤਾ। ਕਪਾਹ, ਨਰਮਾ, ਦਾਲਾਂ, ਮੱਕੀ, ਬਾਜਰਾ, ਛੋਲੇ ਆਦਿ ਫ਼ਸਲਾਂ ਨੂੰ ਹੁਣ ਸਾਡੀ ਮਿੱਟੀ ਮਨਜ਼ੂਰ ਹੀ ਨਹੀਂ ਕਰਦੀ। ਪੰਜਾਬ ਦੀ ਇਹ ਵੀ ਵੱਡੀ ਤ੍ਰਾਸਦੀ ਹੈ ਕਿ ਹੁਣ ਤਾਂ ਮਿੱਟੀ ਵੀ ਮਤਰੇਈ ਹੋ ਗਈ ਹੈ।
       ਮੇਰਾ ਜੱਦੀ ਪਿੰਡ ਕੋਟਲਾ ਭਾਈਕਾ ਸਰਹੰਦ ਦੇ ਨਜ਼ਦੀਕ ਸਥਿਤ ਹੈ। ਕਿਸੇ ਵੇਲੇ ਸਾਡੇ ਪਰਿਵਾਰ ਦਾ ਮੁੱਖ ਧੰਦਾ ਖੇਤੀਬਾੜੀ ਸੀ। ਜਦੋਂ ਮੈਂ ਦਸਵੀਂ ਵਿਚ ਪੜ੍ਹਦਾ ਸਾਂ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੇ ਖੇਤਾਂ ਵਿਚ ਨਰਮਾ, ਕਪਾਹ, ਮੱਕੀ ਛੋਲੇ, ਬਾਜਰਾ, ਦਾਲਾਂ ਅਤੇ ਕਮਾਦ ਭਾਵ ਹਰ ਕਿਸਮ ਦੀ ਫ਼ਸਲ ਅੰਮਣਮੱਤੀ ਹੁੰਦੀ ਸੀ। ਸਰਹੰਦ ਵਿਚ ਬਹੁਤ ਵੱਡੇ ਵੱਡੇ ਕਪਾਹ ਬੇਲਣ ਦੇ ਕਾਰਖਾਨੇ ਸਨ। ਕਪਾਹ ਅਤੇ ਨਰਮੇ ਦੀਆਂ ਗੰਢਾਂ ਦੀ ਢੋਆ-ਢੁਆਈ ਲਈ ਸਪੈਸ਼ਲ ਰੇਲਵੇ ਪਲੇਟਫਾਰਮ ਸਨ ਜਿਸ 'ਤੇ ਕਪਾਹ ਦੀਆਂ ਗੱਠਾਂ ਦੀ ਲਦਾਈ ਮਾਲ ਗੱਡੀਆਂ ਵਿਚ ਕੀਤੀ ਜਾਂਦੀ ਸੀ। ਸਰਹੰਦ ਦੀ ਵੜੇਵਿਆਂ ਦੀ ਖਲ਼, ਦੁਸਰੇ ਜ਼ਿਲ੍ਹਿਆਂ ਦੇ ਵਪਾਰੀ ਖ਼ਰੀਦ ਕੇ ਲੈ ਜਾਂਦੇ ਸਨ। ਸਰਹੰਦ ਦੀ ਮਿਰਚ ਮੰਡੀ ਲਗਪਗ 20 ਏਕੜ ਵਿਚ ਪਸਰੀ ਹੋਈ ਸੀ। ਸਰਹੰਦੀ ਮਿਰਚ ਦੀ ਨਿਰਯਾਤ ਵੀ ਵੱਡੀ ਪੱਧਰ 'ਤੇ ਹੁੰਦੀ ਸੀ। ਕਾਟਨ ਮਿਲਾਂ ਦੇ ਖੰਡਰ ਵੇਖ ਕੇ ਬੀਤੇ ਸਮਿਆਂ ਦੀ ਯਾਦ ਆ ਜਾਂਦੀ ਹੈ।
     ਨਵੇਂ ਟਿਊਬਵੈੱਲ ਲਈ ਹੁਣ 225 ਫੁੱਟ ਬੋਰ ਕਰਨਾ ਪੈਂਦਾ ਹੈ, ਕਦੇ ਪੰਜਾਬ ਵਿਚ 20 ਫੁੱਟ ਦਾ ਬੋਰ ਕਰਨ ਤੇ ਪਾਣੀ ਲੱਭ ਪੈਂਦਾ ਸੀ। ਟਿਊਬਵੈੱਲਾਂ ਦੀ ਬਹੁਤਾਤ ਕਾਰਨ ਪੰਜਾਬ ਦੇ ਕਿਸਾਨ ਨੇ ਨਹਿਰੀ ਪਾਣੀ ਦੀ ਵਰਤੋਂ ਉੱਕਾ ਹੀ ਛੱਡ ਦਿੱਤੀ ਹੈ। ਨਹਿਰੀ ਵਿਭਾਗ ਨੇ ਕੱਸੀਆਂ ਤੇ ਨਾਲੇ ਬੰਦ ਕਰ ਦਿੱਤੇ ਹਨ ਜਾਂ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰਕੇ ਕੱਸੀਆਂ ਅਤੇ ਰਜਵਾਹਿਆਂ ਦੇ ਖੁਰਾ-ਖੋਜ ਹੀ ਮਿਟਾ ਦਿੱਤੇ ਹਨ। ਹੁਣ ਉਨ੍ਹਾਂ ਸਾਰੇ ਜਲ ਮਾਰਗਾਂ 'ਤੇ ਕੰਕਰੀਟ ਦੇ ਜੰਗਲ ਉਸਰੇ ਹੋਏ ਹਨ।
     ਜਿਸ ਦੇਸ਼ ਦੇ ਅੰਨ ਭੰਡਾਰਾਂ ਨੂੰ ਭਰਨ ਲਈ ਪੰਜਾਬ ਦੇ ਕਿਸਾਨ ਨੇ ਆਪਣਾ ਜ਼ਮੀਨ ਹੇਠਲਾ ਪਾਣੀ ਮੁਕਾ ਲਿਆ, ਆਪਣੀ ਜ਼ਮੀਨ ਦੀ ਮਿੱਟੀ ਦੀ ਕਿਸਮ ਬਰਬਾਦ ਕਰ ਲਈ, ਅੱਜ ਦੇਸ਼ ਦੀਆਂ ਸਰਕਾਰਾਂ ਪੰਜਾਬ ਦੇ ਉਸ ਕਿਸਾਨ ਦੀ ਬਾਂਹ ਫੜਨ ਲਈ ਤਿਆਰ ਨਹੀਂ ਹਨ। ਨੀਤੀ ਆਯੋਗ ਦੇ ਉਪ ਚੇਅਰਮੈਨ ਡਾਕਟਰ ਰਾਜੀਵ ਕੁਮਾਰ ਜਦੋਂ ਸਾਲ 2017 ਵਿਚ ਚੰਡੀਗੜ੍ਹ ਆਏ ਸਨ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਅੰਨ ਭੰਡਾਰਾਂ ਵਿਚ ਪੰਜਾਬ ਦੇ ਯੋਗਦਾਨ ਲਈ ਵਿਸ਼ੇਸ਼ ਆਰਥਿਕ ਪੈਕੇਜ ਮੰਗਿਆ ਤਾਂ ਕਿ ਪੰਜਾਬ ਆਪਣੀ ਬਰਬਾਦ ਹੋ ਰਹੀ ਆਰਥਿਕਤਾ ਨੂੰ ਸੰਭਾਲ ਸਕੇ। ਉਨ੍ਹਾਂ ਦਾ ਕੋਰਾ ਜਵਾਬ ਸੀ 'ਭਾਰਤ ਦੇ ਅੰਨ ਭੰਡਾਰਾਂ ਨੂੰ ਹੁਣ ਪੰਜਾਬ ਦੇ ਯੋਗਦਾਨ ਦੀ ਕੋਈ ਲੋੜ ਨਹੀਂ, ਤੁਸੀਂ ਆਪਣੀ ਆਰਥਿਕਤਾ ਦੀ ਫਿਕਰ ਆਪ ਕਰੋ, ਲਿਹਾਜ਼ਾ ਪੰਜਾਬ ਦੇ ਅੰਨ ਬਦਲੇ ਕੋਈ ਵਿਸ਼ੇਸ਼ ਆਰਥਿਕ ਪੈਕੇਜ ਸੰਭਵ ਨਹੀਂ।'
       ਦਰਿਆਈ ਪਾਣੀਆਂ ਦੀ ਕਾਣੀ ਵੰਡ ਕਰਨ ਲਈ ਉਨ੍ਹਾਂ ਹੀ ਪੁਰਾਣੇ ਘਸੇ ਪਿਟੇ ਫਾਰਮੂਲਿਆਂ ਨੂੰ ਆਧਾਰ ਬਣਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਅੱਜ ਜ਼ਮੀਨ ਹੇਠਲਾ ਪਾਣੀ ਪੰਜਾਬ ਵਿਚ ਉਪਲੱਬਧ ਹੈ ਅਤੇ ਜੋ ਜ਼ਮੀਨ ਹੇਠਲਾ ਪਾਣੀ ਪੰਜਾਬ ਨੇ ਦੇਸ਼ ਦੇ ਦੂਜੇ ਰਾਜਾਂ ਲਈ ਝੋਨਾ ਪੈਦਾ ਕਰਨ ਲਈ ਜ਼ਿਆਦਾ ਮਾਤਰਾ ਵਿਚ ਦੁਰਵਰਤੋਂ ਕਰਕੇ ਲਗਪਗ ਮੁਕਾ ਲਿਆ ਹੈ, ਉਸਦੀ ਭਰਪਾਈ ਦਾ ਮਾਮਲਾ ਸੁਪਰੀਮ ਕੋਰਟ ਵਿਚ ਵੱਖਰੀ ਪਟੀਸ਼ਨ ਦੇ ਰੂਪ ਵਿਚ ਤੁਰੰਤ ਦਾਖਲ ਕੀਤਾ ਜਾਵੇ। ਜੋ ਜ਼ਮੀਨੀ ਪਾਣੀ ਪੰਜਾਬ ਦੇ 14 ਲੱਖ 50 ਹਜ਼ਾਰ ਟਿਊਬਵੈੱਲ ਝੋਨੇ ਦੀ ਫ਼ਸਲ ਦੇ ਪਾਲਣ ਲਈ ਦਿਨ ਰਾਤ ਕੱਢੀ ਜਾ ਰਹੇ ਹਨ, ਉਸ ਦਾ ਮੁਲਾਂਕਣ ਤੇ ਭਰਪਾਈ ਕੌਣ ਕਰੇਗਾ ? ਕੀ ਖੇਤੀ ਮਾਹਿਰ ਹੁਣ ਮਿੱਟੀ ਦੀ ਪਰਖ ਕਰਵਾ ਕੇ ਦੱਸ ਸਕਦੇ ਹਨ ਕਿ ਝੋਨੇ ਕਾਰਨ ਬਰਬਾਦ ਹੋਈ ਭੋਂਇ ਵਿਚ ਹੁਣ ਕਿਹੜਾ ਬਦਲਵਾਂ ਫ਼ਸਲੀ ਚੱਕਰ ਲਾਹੇਵੰਦ ਤੇ ਉਪਜਾਊ ਹੋ ਸਕਦਾ ਹੈ ? ਕੀ ਕਦੇ ਪੰਜਾਬ ਦੇ ਖੇਤੀਬਾੜੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਯੂਨੀਵਰਸਿਟੀ, ਲੁਧਿਆਣਾ ਪੁੱਜ ਕੇ ਖੇਤੀ ਵਿਗਿਆਨੀਆਂ ਨਾਲ ਪੰਜਾਬ ਦੇ ਇਸ ਗੰਭੀਰ ਖੇਤੀ ਸੰਕਟ ਸਬੰਧੀ ਕਦੇ ਕੋਈ ਗੰਭੀਰ ਚਰਚਾ ਕੀਤੀ ਹੈ? ਸਾਧਾਰਨ ਕਿਸਾਨ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਪੰਜਾਬ ਦਾ ਖੇਤੀਬਾੜੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ ਕਿਉਂਕਿ ਖੇਤੀਬਾੜੀ ਮੰਤਰੀ ਵਜੋਂ ਉਨ੍ਹਾਂ ਦੀ ਕਾਰਗੁਜ਼ਾਰੀ ਜ਼ੀਰੋ ਹੈ। ਖੇਤੀ ਪ੍ਰਧਾਨ ਰਾਜ ਲਈ ਇਸ ਤੋਂ ਵੱਡੀ ਵਿਡੰਬਨਾ ਹੋਰ ਕੀ ਹੋ ਸਕਦੀ ਹੈ ?
     ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦਾ ਮਾਮਲਾ ਤਾਂ ਪੰਜਾਬ ਵਿਚ ਪਾਣੀ ਦੀ ਗੰਭੀਰ ਸਮੱਸਿਆ ਨੂੰ ਸਮਝਦੇ ਹੋਏ ਸੁਪਰੀਮ ਕੋਰਟ ਨੂੰ ਹੁਣ ਠੱਪ ਹੀ ਕਰ ਦੇਣਾ ਚਾਹੀਦਾ ਹੈ। ਜਦੋਂ ਪਾਣੀ ਹੈ ਹੀ ਨਹੀਂ ਤਾਂ ਵੰਡ ਕਿਸ ਚੀਜ਼ ਦੀ ਕਰਨੀ ਹੈ। ਜਦੋਂ ਜ਼ਮੀਨ ਹੇਠਲਾ ਪਾਣੀ ਮੁੱਕ ਗਿਆ ਤਾਂ ਬੰਜਰ ਤੇ ਰੇਗਿਸਤਾਨ ਬਣੇ ਪੰਜਾਬ ਨੂੰ ਖੇਤੀ ਲੋੜਾਂ ਲਈ ਕੇਵਲ ਤੇ ਕੇਵਲ ਨਹਿਰੀ ਪਾਣੀ 'ਤੇ ਹੀ ਨਿਰਭਰ ਕਰਨਾ ਪਵੇਗਾ। ਜੇ ਉਹ ਵੀ ਗਵਾ ਲਿਆ ਤਾਂ ਪੰਜਾਬ ਦੇ ਪੱਲੇ ਤਾਂ ਫੇਰ ਬਰਬਾਦੀ ਹੀ ਪਵੇਗੀ।
ਬਾਬਾ ਫਰੀਦ ਜੀ ਦਾ ਵਾਕ ਪੰਜਾਬ ਦੀ ਭਾਵੀ ਬਰਬਾਦੀ ਦਾ ਸਦੀਵੀ ਸੱਚ ਬਣਕੇ ਮੇਰੀ ਸੋਝੀ ਨੂੰ ਉਪਰਾਮ ਕਰ ਰਿਹਾ ਹੈ:
ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ ॥
ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ॥
ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ॥
ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ॥

'ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ

ਸੰਪਰਕ : 98140-33362

ਸਮੀਖਿਆ ਲੋੜਦੀ ਜਮਹੂਰੀਅਤ - ਬੀਰ ਦਵਿੰਦਰ ਸਿੰਘ'

ਕੀ ਭਾਰਤ ਵਿਚ ਲੋਕਤੰਤਰ ਦੇ 70 ਵਰ੍ਹਿਆਂ ਦੇ ਸਫ਼ਰ ਬਾਅਦ ਲੋਕਤੰਤਰ ਦੇ ਬਦਲੇ ਹੋਏ ਸੂਖਮ ਅਰਥਾਂ ਦੀ ਦ੍ਰਿਸ਼ਟੀ ਵਿਚ ਚੋਣ ਪ੍ਰਣਾਲੀ ਤੇ ਜਮਹੂਰੀ ਰਚਨਾ ਦੇ ਪੁਨਰ ਅਵਲੋਕਨ ਦੀ ਲੋੜ ਹੈ ? ਸ਼ਾਇਦ ਬਹੁਤੇ ਰਾਜਨੀਤਕ ਮਾਹਿਰ ਤੇ ਵਿਚਾਰਵਾਨਾਂ ਦਾ ਹੁੰਗਾਰਾ ਪੁਨਰ ਸਮੀਖਿਆ ਦੇ ਹੱਕ ਵਿਚ ਹੋਵੇਗਾ। ਹਾਲ ਹੀ ਵਿਚ ਨਰਿੰਦਰ ਮੋਦੀ ਦਾ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਸ਼ਾਹਾਨਾ ਸਹੁੰ ਚੁੱਕ ਸਮਾਗਮ ਹਰ ਸਹੀ ਸੋਚ ਰੱਖਣ ਵਾਲੇ ਵਿਅਕਤੀ ਦੀ ਅੱਖ ਵਿਚ ਰੜਕਦਾ ਹੈ ਅਤੇ ਤਵੱਜੋ ਮੰਗਦਾ ਹੈ। ਇੰਜ ਜਾਪ ਰਿਹਾ ਸੀ ਕਿ ਜਿਵੇਂ ਆਮ ਲੋਕਾਂ ਵੱਲੋਂ ਚੁਣੀ ਸਰਕਾਰ ਆਪਣਾ ਕਾਰਜਭਾਰ ਨਹੀਂ ਸੰਭਾਲ ਰਹੀ ਸਗੋਂ ਇਕ ਨਿਰੰਕੁਸ਼ ਬਾਦਸ਼ਾਹ ਬੇਲੋੜੇ ਸ਼ਾਹਾਨਾ ਅੰਦਾਜ਼ ਵਿਚ ਗੱਦੀ ਨਸ਼ੀਨ ਹੋ ਰਿਹਾ ਹੈ। ਇਸ ਜਲੌਅ ਦੀ ਚਕਾਚੌਂਧ ਵਿਚ 'ਚਾਹ ਵਾਲਾ ਚੌਕੀਦਾਰ' ਗੁੰਮ ਸੀ। ਚੌਕੀਦਾਰ ਦਾ ਗ਼ਰੀਬੜਾ ਜਿਹਾ ਸੰਜੀਦਾ ਅਕਸ ਕਿਧਰੇ ਨਜ਼ਰ ਨਹੀਂ ਪਿਆ।
      ਚੋਣਾਂ ਦੇ ਸਮੁੱਚੇ ਘਟਨਾਕ੍ਰਮ ਦੀ ਸਮੀਖਿਆ ਕਰਨ 'ਤੇ ਇੰਜ ਪ੍ਰਤੀਤ ਹੋ ਰਿਹਾ ਸੀ ਜਿਵੇਂ ਦੇਸ਼ ਦੇ ਧਰਮ ਨਿਰਪੱਖ ਲੋਕਤੰਤਰ ਨੂੰ ਮਜ਼ਹਬੀ ਸੰਕੀਰਨਤਾ ਦੇ ਦੈਂਤ ਨੇ ਨਿਗਲ ਲਿਆ ਹੋਵੇ। ਦੇਸ਼ ਦੀਆਂ ਘੱਟ ਗਿਣਤੀਆਂ ਦੇ ਮਨਾਂ ਵਿਚ ਪਸਰਿਆ ਸਹਿਮ ਉਨ੍ਹਾਂ ਦੀ ਅੰਤਰੀਵੀ ਬੇਚੈਨੀ ਨੂੰ ਪ੍ਰਗਟ ਕਰ ਰਿਹਾ ਹੈ। ਇਸਤੋਂ ਇਹ ਪ੍ਰਤੱਖ ਪ੍ਰਗਟ ਹੋ ਰਿਹਾ ਸੀ ਕਿ ਭਾਰਤ ਵਿਚ ਹੁਣ ਆਰ.ਐੱਸ.ਐੱਸ. ਅਤੇ ਭਾਜਪਾ ਦੇ ਤਾਨਾਸ਼ਾਹੀ ਏਜੰਡੇ ਅਨੁਸਾਰ 'ਹਿੰਦੁਤਵ' ਦਾ ਹੁਕਮ ਹੀ ਪ੍ਰਵਾਨ ਚੜ੍ਹੇਗਾ। ਇੰਜ ਵੀ ਜਾਪਦਾ ਹੈ ਕਿ ਅਜਿਹੇ ਪ੍ਰਚੰਡ ਬਹੁਵਾਦ ਦੀ ਹਨੇਰੀ ਵਿਚ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਲਈ ਹੁਣ ਵੱਡੀ ਆਫ਼ਤ ਦੀ ਘੜੀ ਆ ਗਈ ਹੈ।
        ਪਲੈਟੋ ਨੇ ਆਪਣੀ ਉੱਤਮ ਪੁਸਤਕ 'ਰਿਪਬਲਿਕ' ਵਿਚ ਯੂਨਾਨ ਦੇ ਫਿਲਾਸਫਰ ਸੁਕਰਾਤ ਵੱਲੋਂ ਲੋਕਤੰਤਰ ਦੀ ਸ਼ੈਲੀ ਪ੍ਰਤੀ ਪ੍ਰਗਟਾਏ ਗੰਭੀਰ ਸੰਸਿਆਂ ਦਾ ਉਲੇਖ ਕੀਤਾ ਹੈ। ਸੁਕਰਾਤ ਨੂੰ ਪੱਛਮੀ ਫਲਸਫੇ ਦਾ ਪਿਤਾਮਾ ਵੀ ਆਖਿਆ ਜਾਂਦਾ ਹੈ। ਪਲੈਟੋ ਸੁਕਰਾਤ ਦਾ ਸਭ ਤੋਂ ਉਤਮ ਸ਼ਾਗਿਰਦ ਸੀ। ਦੋਵਾਂ ਦੇ ਪਰਸਪਰ ਸੰਵਾਦ ਸਮੇਂ ਲੋਕਤੰਤਰ ਦਾ ਵਿਰੋਧ ਕਰਦਿਆਂ ਸੁਕਰਾਤ ਨੇ ਦ੍ਰਿਸ਼ਟਾਂਤ ਵੱਜੋਂ ਇਕ ਸੰਖੇਪ ਕਥਾ ਦਾ ਹਵਾਲਾ ਦਿੰਦਿਆਂ ਕਿਹਾ ਸੀ, 'ਮੰਨ ਲਵੋ ਕਿ ਲੋਕਤੰਤਰ ਅਨੁਸਾਰ ਲੋਕਾਂ ਨੇ ਇਕ ਡਾਕਟਰ ਅਤੇ ਮਿਠਾਈ ਵੇਚਣ ਵਾਲੇ ਵਿਚੋਂ ਕਿਸੇ ਇਕ ਨੂੰ ਚੁਣਨਾ ਹੋਵੇ ਤਾਂ ਡਾਕਟਰ ਤਾਂ ਸਿਹਤ 'ਤੇ ਮਾੜੇ ਪ੍ਰਭਾਵਾਂ ਦੀ ਦ੍ਰਿਸ਼ਟੀ ਵਿਚ ਬਹੁਤ ਸਾਰੀਆਂ ਮਿਠਾਈਆਂ ਖਾਣ ਤੋਂ ਵਰਜੇਗਾ ਜਦੋਂ ਕਿ ਮਿਠਾਈਆਂ ਵੇਚਣ ਵਾਲਾ ਬਹੁਤ ਮਿਠਾਈਆਂ ਪਰੋਸਣ ਦਾ ਲਾਲਚ ਦੇਵੇਗਾ, ਨਤੀਜੇ ਵੱਜੋਂ ਇਸ ਚੋਣ ਵਿਚ ਡਾਕਟਰ ਹਾਰ ਜਾਵੇਗਾ ਤੇ ਮਿਠਾਈ ਵਿਕਰੇਤਾ ਜਿੱਤ ਜਾਵੇਗਾ ਜਦੋਂ ਕਿ ਤਰਕ ਦੀ ਕਸਵੱਟੀ ਅਨੁਸਾਰ ਡਾਕਟਰ ਹੀ ਚੁਣਨ ਲਈ ਸਹੀ ਵਿਅਕਤੀ ਸੀ, ਪਰ ਡਾਕਟਰ ਦੀ ਵਿਦਵਤਾ ਤੇ ਸੱਚ ਲੋਕਤੰਤਰ ਅੱਗੇ ਹਾਰ ਗਿਆ।' ਸੁਕਰਾਤ ਦਾ ਤਰਕ ਇਹ ਸੀ ਕਿ ਬਹੁਮਤ ਦੀ ਰਾਜ ਪ੍ਰਣਾਲੀ ਵਾਲੇ ਲੋਕਤੰਤਰ ਵਿਚ ਡਾਕਟਰਾਂ ਵਰਗੇ ਸਿਆਣੇ ਬੰਦੇ ਹਾਰ ਜਾਣਗੇ ਅਤੇ ਮਿਠਾਈਆਂ ਪਰੋਸਣ ਵਾਲੇ ਹਲਵਾਈ, ਭਾਵ ਲਾਲਚ ਦੇਣ ਵਾਲੇ ਸਮਰੱਥ ਲੋਕ ਪਰਜਾ 'ਤੇ ਰਾਜ ਕਰਨਗੇ।'
       ਇਹ 399 ਬੀ.ਸੀ. ਦੇ ਸਿਤਮ ਜ਼ਰੀਫ਼ੀ ਸਮਿਆਂ ਦਾ ਜ਼ਿਕਰ ਹੈ ਕਿ ਲਗਪਗ ਢਾਈ ਹਜ਼ਾਰ ਸਾਲ ਪਹਿਲਾਂ ਏਥਨਜ਼ ਦੇ ਲੋਕਾਂ ਦੀ ਵਿਸ਼ੇਸ਼ ਨਿਆਂ ਸਭਾ ਨੇ ਬਹੁਮਤ ਪ੍ਰਣਾਲੀ ਰਾਹੀਂ ਆਪਣੇ ਸਮੇਂ ਦੇ ਮਹਾਨ ਯੂਨਾਨੀ ਫਿਲਾਸਫਰ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀ ਕੇ ਮੌਤ ਨੂੰ ਕਬੂਲ ਕਰਨ ਦੀ ਸਜ਼ਾ ਦਿੱਤੀ ਸੀ, ਉਸ ਵੇਲੇ ਸੁਕਰਾਤ ਦੀ ਉਮਰ 70 ਵਰ੍ਹਿਆਂ ਦੀ ਸੀ। ਸੁਕਰਾਤ ਨੂੰ ਇਹ ਸਜ਼ਾ ਦੇਣ ਦਾ ਫ਼ੈਸਲਾ 500 ਮੈਂਬਰਾਂ ਤੇ ਨਿਆਂ ਸਭਾ ਦੇ ਮੈਂਬਰਾਂ ਨੇ ਵੋਟਾਂ ਨਾਲ ਲਿਆ ਸੀ। ਨਿਆਂ ਸਭਾ ਦੇ ਮੈਂਬਰਾਂ ਦੀ ਚੋਣ ਵੀ ਪਰਚੀ ਰਾਹੀਂ ਆਮ ਲੋਕਾਂ ਵਿਚੋਂ ਹੀ ਹੋਈ ਸੀ। ਸੁਕਰਾਤ ਵਿਰੁੱਧ ਇਲਜ਼ਾਮ ਇਹ ਸੀ ਕਿ ਉਸਨੇ ਏਥਨਜ਼ ਦੇ ਦੇਵਤਿਆਂ ਪ੍ਰਤੀ 'ਅਸੇਬੀਆ' ਦਾ ਅਰਥਾਤ ਅਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਏਥਨਜ਼ ਦੇ ਨੌਜਵਾਨਾਂ ਨੂੰ ਭੜਕਾਇਆ ਹੈ। ਨਿਆਂ ਸਭਾ ਵੱਲੋਂ ਫ਼ੈਸਲਾ ਸੁਕਰਾਤ ਦੇ ਖਿਲਾਫ਼ ਦਿੱਤਾ ਗਿਆ। ਸੁਕਰਾਤ ਨੂੰ ਮੌਤ ਦੀ ਸਜ਼ਾ ਦੇਣ ਦੇ ਹੱਕ ਵਿਚ 280 ਅਤੇ ਸਜ਼ਾ ਦੇ ਵਿਰੋਧ ਵਿਚ 220 ਵੋਟ ਪਏ ਸਨ। ਯਾਨੀ ਕੇਵਲ 30 ਵੋਟਾਂ ਦੇ ਫ਼ਰਕ ਨਾਲ ਦੁਨੀਆਂ ਦੇ ਇਸ ਮਹਾਨ ਫਿਲਾਸਫਰ ਤੇ ਚਿੰਤਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
      ਇਨ੍ਹਾਂ ਇਤਿਹਾਸਕ ਹਵਾਲਿਆਂ ਦੇ ਪ੍ਰਸੰਗ ਵਿਚ ਭਾਰਤ ਦੀ ਅੱਜ ਦੀ ਸਥਿਤੀ ਇਸ ਤੋਂ ਕਿਤੇ ਬਦਤਰ ਹੈ। ਅੱਜ ਦੇਸ਼ ਵਿਚ ਮਜ਼ਹਬੀ ਕੱਟੜਤਾ ਦੇ ਵਹਿਸ਼ੀਪੁਣੇ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅੱਜ ਭਾਰਤ ਵਿਚ ਇਕ ਫ਼ਿਰਕੇ ਦੇ ਮਾਸੂਮ ਲੋਕਾਂ ਨੂੰ ਮਜ਼ਹਬੀ ਕੱਟੜਤਾ ਦੇ ਵਹਿਸ਼ੀਪੁਣੇ ਵਿਚ ਸ਼ੁਦਾਈ ਭੀੜਾਂ ਮੌਕੇ 'ਤੇ ਹੀ ਪ੍ਰਾਣ ਦੰਡ ਦੇ ਦਿੰਦੀਆਂ ਹਨ। ਦੇਸ਼ ਦੇ ਕਾਨੂੰਨ ਦੀ ਅੱਖ ਇਸ ਸਾਰੇ ਮੰਜ਼ਰ 'ਤੇ ਮੀਟੀ ਰਹਿ ਜਾਂਦੀ ਹੈ ਅਤੇ ਨਿਆਂ ਪ੍ਰਣਾਲੀ ਨੂੰ ਬਹੁਵਾਦ ਦਾ ਗ੍ਰਹਿਣ ਲੱਗ ਜਾਂਦਾ ਹੈ। ਦਿੱਲੀ ਵਿਚ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਜ਼ਖਮ ਸਿੱਖਾਂ ਦੀ ਮਾਨਸਿਕਤਾ ਵਿਚ ਹਾਲੇ ਵੀ ਅੱਲੇ ਹਨ, 35 ਵਰ੍ਹੇ ਬੀਤਣ ਤੋਂ ਬਾਅਦ ਵੀ ਪੀੜਤਾਂ ਨੂੰ ਇਨਸਾਫ਼ ਕਿਧਰੇ ਦਿਖਾਈ ਨਹੀਂ ਦਿੰਦਾ।
       ਭਾਰਤ ਦਾ ਸੰਵਿਧਾਨ ਸੰਸਦੀ ਪ੍ਰਣਾਲੀ ਰਾਹੀਂ ਸਰਕਾਰ ਦੀ ਸਥਾਪਨਾ ਦਾ ਉਲੇਖ ਕਰਦਾ ਹੈ। ਸੰਵਿਧਾਨ ਜੋ ਰਚਨਾ ਪੱਖੋਂ ਤਾਂ ਸੰਘੀ ਹੈ, ਪਰ ਇਸਦੇ ਪ੍ਰਧਾਨ ਲੱਛਣ ਏਕਾਤਮਕ ਹਨ। ਸੰਵਿਧਾਨ ਦੀਆਂ ਏਕਾਤਮਕ ਵਿਵਸਥਾਵਾਂ ਸੰਘੀ ਢਾਂਚੇ ਦੀ ਰਚਨਾ ਦੇ ਅਸਪੱਸ਼ਟ ਪ੍ਰਭਾਵਾਂ ਨੂੰ ਤਹਿਸ ਨਹਿਸ ਕਰ ਦਿੰਦੀਆਂ ਹਨ। ਸ਼ਾਇਦ ਇਹੀ ਕਾਰਨ ਸੀ ਕਿ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਨੇ ਹੀ ਸੰਵਿਧਾਨ ਦੀ ਵਿਆਖਿਆ ਅਤੇ ਉਸਦੇ ਭਾਵ ਅਰਥਾਂ ਨੂੰ ਸਹੀ ਪਰਿਪੇਖ ਵਿਚ ਨਾ ਉਜਾਗਰ ਕਰਨ ਦੇ ਮਾਮਲੇ ਨੂੰ ਲੈ ਕੇ ਤੌਖਲੇ ਪ੍ਰਗਟ ਕੀਤੇ ਸਨ। 2 ਸਤੰਬਰ 1953 ਨੂੰ ਰਾਜ ਸਭਾ ਵਿਚ ਉਨ੍ਹਾਂ ਕਿਹਾ ਸੀ, 'ਮੈਂ ਘੱਟ ਗਿਣਤੀਆਂ ਅਤੇ ਕਮਜ਼ੋਰ ਲੋਕਾਂ ਦੀ ਤਸੱਲੀ ਲਈ ਇਹ ਕਹਿਣਾ ਚਾਹੁੰਦਾ ਹਾਂ, ਜੋ ਇਸ ਗੱਲੋਂ ਡਰ ਰਹੇ ਹਨ ਕਿ ਕਿਸੇ ਸਮੇਂ ਦੇਸ਼ ਦੀ ਬਹੁਗਿਣਤੀ ਇਸ ਸੰਵਿਧਾਨ ਨੂੰ ਪਰਿਭਾਸ਼ਤ ਕਰਨ ਸਮੇਂ ਕੁਝ ਧਾਰਾਵਾਂ ਦੀ ਗ਼ਲਤ ਵਰਤੋਂ ਕਰ ਸਕਦੀ ਹੈ।' ਡਾਕਟਰ ਅੰਬੇਡਕਰ ਨੇ ਆਪਣੇ ਭਾਸ਼ਨ ਵਿਚ ਇਹ ਵੀ ਕਿਹਾ, 'ਭਾਵੇਂ ਮੈਂ ਇਸ ਸੰਵਿਧਾਨ ਨੂੰ ਤਿਆਰ ਕੀਤਾ ਹੈ, ਪਰ ਜੇ ਇਸ ਸੰਵਿਧਾਨ ਦੀਆਂ ਵਿਵਸਥਾਵਾਂ ਦੀ ਵਿਆਖਿਆ ਸਮੇਂ ਘੱਟ ਗਿਣਤੀਆਂ ਦੇ ਸਰੋਕਾਰਾਂ ਨੂੰ ਅੱਖੋਂ-ਪਰੋਖੇ ਕੀਤਾ ਜਾਂਦਾ ਹੈ ਤਾਂ ਮੈਂ ਇਸ ਸੰਵਿਧਾਨ ਨੂੰ ਸਾੜਨ ਵਾਲਾ ਪਹਿਲਾ ਵਿਅਕਤੀ ਹੋਵਾਂਗਾ।'
      ਜੇ ਅੱਜ ਡਾ. ਭੀਮ ਰਾਓ ਅੰਬੇਡਕਰ ਹੁੰਦੇ ਤਾਂ ਉਨ੍ਹਾਂ ਦੀ ਦਾਨਾਈ ਨੂੰ ਵੀ ਨੱਥੂ ਰਾਮ ਗੌਡਸੇ ਦੇ ਭੂਤ ਨੇ ਉਸੇ ਤਰ੍ਹਾਂ ਜ਼ਲੀਲ ਕਰਨਾ ਸੀ ਜਿਵੇਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਆਰ. ਐੱਸ. ਐੱਸ. ਤੇ ਭਾਜਪਾ ਦੇ ਨਵੇਂ ਰਾਸ਼ਟਰਵਾਦ ਦੀ ਲੋਅ ਵਿਚ ਕੀਤਾ ਜਾ ਰਿਹਾ ਹੈ। ਕੀ ਇਹ ਸੱਚ ਨਹੀਂ ਕਿ 66 ਵਰ੍ਹੇ ਪਹਿਲਾਂ ਡਾ. ਅੰਬੇਡਕਰ ਵੱਲੋਂ ਕੀਤੀ ਗਈ ਤੌਖਲਿਆਂ ਭਰਭੂਰ ਪੇਸ਼ੀਨਗੋਈ ਆਰ. ਐੱਸ. ਐੱਸ. ਅਤੇ ਭਾਜਪਾ ਦੀ ਫਿਰਕੂ ਸੋਚ ਨੇ ਅੱਜ ਸੱਚ ਕਰ ਵਿਖਾਈ ਹੈ।
      ਕਦੇ ਸੋਚਿਆ ਵੀ ਨਹੀਂ ਸੀ ਕਿ ਦੇਸ਼ ਵਿਚ ਪ੍ਰਚੰਡ ਫ਼ਿਰਕਾਪ੍ਰਸਤੀ ਦਾ ਅਜਿਹਾ ਦੌਰ ਵੀ ਆਏਗਾ, ਜਿਸ ਦੇ ਤਬਾਹਕੁੰਨ ਪ੍ਰਭਾਵਾਂ ਹੇਠ ਭਾਰਤ ਦੇ ਲੋਕਤੰਤਰ ਅਤੇ ਰਾਸ਼ਟਰਵਾਦ ਦੀ ਪਰਿਭਾਸ਼ਾ ਹੀ ਬਦਲ ਜਾਵੇਗੀ। ਫ਼ਿਰਕਾਪ੍ਰਸਤ ਚੇਤਨਾ ਦਾ ਦੌਰ ਦੇਸ਼ ਦੇ ਸਮੁੱਚੇ ਚੋਣਕਾਰ ਮੰਡਲ ਨੂੰ ਮਜ਼ਹਬੀ ਸੰਕੀਰਨਤਾ ਦੀ ਸਰਪ੍ਰਸਤੀ ਹੇਠ ਦੋ ਵੱਡੇ ਭਾਗਾਂ ਵਿਚ ਵੰਡ ਦੇਵੇਗਾ। ਭਾਰਤ ਦੀ ਧਰਮ ਨਿਰਪੱਖ ਲੋਕਤੰਤਰੀ ਪ੍ਰਣਾਲੀ ਵਿਚ ਬਹੁਵਾਦ ਦੇ ਨਵੇਂ ਮੱਤ ਦਾ ਅਵਿਸ਼ਕਾਰ ਹੋਵੇਗਾ ਜਿਸਦਾ ਅਨੋਖਾ ਰੂਪ ਦੇਸ਼ ਦੇ ਜਮਹੂਰੀ ਢਾਂਚੇ ਤਹਿਤ ਅਤੇ ਸੰਵਿਧਾਨ ਅਨੁਸਾਰ ਹੀ ਘੱਟ ਗਿਣਤੀਆਂ ਦੀ ਬਣਦੀ ਹਰ ਭੂਮਿਕਾ ਨੂੰ ਸੰਵਿਧਾਨ ਦੀਆਂ ਕਮਜ਼ੋਰੀਆਂ ਦਾ ਸਹਾਰਾ ਲੈ ਕੇ ਤਹਿਸ-ਨਹਿਸ ਕਰ ਦੇਵੇਗਾ।
      ਹੁਣ ਸਵਾਲ ਉੱਠਦਾ ਹੈ ਕਿ ਅਜਿਹੀ ਨਿਆਂਹੀਣਤਾ ਨੂੰ ਆਖਿਰ ਕਿਵੇਂ ਮਨਜ਼ੂਰ ਕੀਤਾ ਜਾ ਸਕਦਾ ਹੈ? ਜੇ ਅਨੇਕਤਾ ਵਿਚ ਏਕਤਾ ਦੇ ਸਿਧਾਂਤ ਅਨੁਸਾਰ ਦੇਸ਼ ਦੀਆਂ ਘੱਟ ਗਿਣਤੀਆਂ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਰੋਕਾਰਾਂ ਨੂੰ ਸਹੀ ਪਰਿਪੇਖ ਵਿਚ ਸੰਬੋਧਨ ਕਰਨਾ ਹੈ ਤਾਂ ਬੜੀ ਇਮਾਨਦਾਰੀ ਨਾਲ ਦੇਸ਼ ਦੀਆਂ ਸਮੂਹ ਘੱਟ ਗਿਣਤੀਆਂ ਨੂੰ ਭਰੋਸੇ ਵਿਚ ਲੈ ਕੇ ਸੰਵਿਧਾਨਕ ਲੋਕਤੰਤਰ ਨੂੰ ਬਚਾਉਣ ਲਈ ਸਮੁੱਚੀ ਜਮਹੂਰੀ ਰਚਨਾ ਦੀ ਸਟੀਕ ਸਮੀਖਿਆ ਲਈ ਕੌਮੀ ਪੱਧਰ 'ਤੇ ਵੱਡੇ ਸੰਵਾਦ ਦੀ ਲੋੜ ਹੈ ਤਾਂ ਕਿ ਫ਼ਿਰਕਾਪ੍ਰਸਤੀ ਦੇ ਬਿਰਤਾਂਤ ਨੂੰ ਅਦਬ ਤੇ ਦਲੀਲ ਨਾਲ ਬਦਲਿਆ ਜਾ ਸਕੇ, ਨਹੀਂ ਤਾਂ ਪਾਕਿਸਤਾਨ ਅਤੇ 'ਹਿੰਦੂਤਵ' ਨੂੰ ਪ੍ਰਣਾਏ, ਇਸ ਨਵੇਂ 'ਭਾਰਤ ਦਰਸ਼ਨ' ਵਿਚ ਕੋਈ ਬਹੁਤਾ ਫ਼ਰਕ ਨਹੀਂ ਰਹਿ ਜਾਵੇਗਾ।

'ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ
ਸੰਪਰਕ : 98140-33362

ਇਹ ਸਰਹੰਦ ਨਹੀਂ, ਸਿੱਖਾਂ ਦੀ 'ਕਰਬਲਾ' ਹੈ - ਬੀਰ ਦਵਿੰਦਰ ਸਿੰਘ

ਇਹ ਜ਼ਿਕਰ ਸਾਲ ੧੯੬੭ ਦਾ ਹੈ। ਗੁਰਦੁਆਰਾ ਫ਼ਤਹਿਗੜ੍ਹ ਸਾਹਿਬ (ਸਰਹਿੰਦ) ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਸ਼ਹੀਦੀ ਜੋੜ ਮੇਲੇ ਸਮੇਂ ੧੩ ਪੋਹ ਦੀ ਰਾਤ ਨੂੰ ਸ਼ਹੀਦੀ ਕਵੀ ਦਰਬਾਰ ਸਜਾਇਆ ਗਿਆ ਸੀ, ਜਿਸ ਵਿਚ ਚੋਟੀ ਦੇ ਕਵੀ ਪਹੁੰਚੇ ਹੋਏ ਸਨ। ਕਵੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਆਪਣੇ ਬਿਹਤਰੀਨ ਕਲਾਮ ਪੇਸ਼ ਕੀਤੇ ਅਤੇ ਸੰਗਤਾਂ ਦੀ ਵਾਹ ਵਾਹ ਖੱਟੀ, ਪਰ ਸਭ ਤੋਂ ਵੱਧ ਪ੍ਰਸੰਸਾ ਉਸ ਸ਼ਾਇਰ ਨੂੰ ਮਿਲੀ ਜਿਸ ਨੇ ਆਪਣੀ ਨਜ਼ਮ ਦਾ ਵਿਸ਼ਾ-ਵਸਤੂ ਬਾਕੀਆਂ ਤੋਂ ਵੱਖਰਾ ਰੱਖ ਕੇ ਆਪਣੀ ਨਜ਼ਮ ਪੇਸ਼ ਕੀਤੀ। ਇਹ ਕਵੀ ਸੀ ਮਰਹੂਮ ਸਾਧੂ ਸਿੰਘ ਦਰਦ। ਉਸ ਦੀ ਨਜ਼ਮ ਦਾ ਅਨੁਮਾਨ ਸੀ, ''ਇਹ ਸਰਹੰਦ ਨਹੀਂ, ਸਿੱਖਾਂ ਦੀ ਕਰਬਲਾ ਹੈ।'' ਮੈਂ ਉਸ ਸਮੇਂ ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ ਵਿਚ ਹਾਲੇ ਗਿਆਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ। ਇਸ ਲਈ ਮੇਰੀ ਸੂਝ ਅਤੇ ਸੋਝੀ ਵਿਚ 'ਕਰਬਲਾ' ਬਾਰੇ ਕੋਈ ਜਾਣਕਾਰੀ ਨਹੀਂ ਸੀ ਪ੍ਰੰਤੂ ਸਾਧੂ ਸਿੰਘ ਦਰਦ ਦੀ ਇਸ ਕਵਿਤਾ ਦੇ ਅਨੁਮਾਨ ਨੇ ਮੇਰੇ ਜ਼ਿਹਨ ਵਿਚ ਯਕਦਮ ਇਹ ਸਵਾਲ ਖੜ੍ਹਾ ਕਰ ਦਿੱਤਾ ਕਿ ਸ਼ਾਇਰ ਨੇ ਸਰਹਿੰਦ ਨੂੰ ਕਰਬਲਾ ਨਾਲ ਤਸ਼ਬੀਹ ਕਿਉਂ ਦਿੱਤੀ? ਬਸ ਇਸ ਸਵਾਲ ਨੇ 'ਕਰਬਲਾ' ਬਾਰੇ ਜਾਨਣ ਦੀ ਪ੍ਰਬਲ ਇੱਛਾ ਜਗਾ ਦਿੱਤੀ।
'ਕਰਬਲਾ' ਦੇ ਪ੍ਰਸੰਗ ਵਿਚ ਸੰਖੇਪ ਜਿਹੀ ਜਾਣਕਾਰੀ ਇਸ ਤਰ੍ਹਾਂ ਹੈ; 'ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸੇ (ਦੋਹਤਰੇ) ਹਜ਼ਰਤ ਇਮਾਮ ਹੁਸੈਨ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਅੱਜ ਤੋਂ ਕੋਈ ੧੩੩੨ ਸਾਲ ਪਹਿਲਾਂ ੬੮੦ ਈਸਵੀ ੬੧ ਹਿਜ਼ਰੀ ਨੂੰ ਇਕ ਸਾਜ਼ਿਸ਼ ਦੇ ਤਹਿਤ ਇਰਾਕ ਦੇ ਕੂਫ਼ਾ ਸ਼ਹਿਰ ਦੇ ਨਜ਼ਦੀਕ ਦਰਿਆ ਫ਼ਰਾਤ ਦੇ ਕਿਨਾਰੇ ਕਰਬਲਾ ਦੇ ਮੈਦਾਨ ਵਿਚ ਤਿੰਨ ਦਿਨ ਪਿਆਸਾ ਰੱਖ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਕਰਬਲਾ ਦਾ ਮੈਦਾਨ ਉਹ ਜਗ੍ਹਾ ਹੈ, ਜਿਥੇ ਯਦੀਦ ਦੇ ਲਸ਼ਕਰ ਨੇ ਹਜ਼ਰਤ ਇਮਾਮ ਹੁਸੈਨ 'ਤੇ ਹਮਲਾ ਕਰਕੇ ਉਨ੍ਹਾਂ ਨੂੰ ੭੨ ਸਾਥੀਆਂ ਸਮੇਤ ਸ਼ਹੀਦ ਕਰ ਦਿੱਤਾ ਸੀ। ਸ਼ਹੀਦ ਹੋਣ ਵਾਲਿਆਂ ਵਿਚ ਹਜ਼ਰਤ ਇਮਾਮ ਹੁਸੈਨ ਦੇ ਪਰਿਵਾਰ ਦੇ ੧੮ ਮੈਂਬਰ ਵੀ ਸ਼ਾਮਲ ਸਨ। ਹਜ਼ਰਤ ਇਮਾਮ ਹੁਸੈਨ ਦੀ ਉਮਰ ਸ਼ਹਾਦਤ ਦੇ ਵਕਤ ੫੮ ਸਾਲ ਸੀ, ਜਦੋਂਕਿ ਕਰਬਲਾ ਦੇ ਮੈਦਾਨ ਵਿਚ ਸ਼ਹੀਦ ਹੋਣ ਵਾਲੇ ਉਨ੍ਹਾਂ ਦੇ ਦੋ ਬੇਟੇ ਅਲੀ ਅਕਬਰ ਦੀ ਉਮਰ ੧੮ ਸਾਲ ਅਤੇ ਅਲੀ ਅਸਗਰ ਦੀ ਉਮਰ ਕੇਵਲ ੬ ਮਹੀਨੇ ਦੀ ਸੀ। ਉਨ੍ਹਾਂ ਦੇ ਦੋ ਭਾਣਜੇ ਔਨ ਅਤੇ ਮੁਹੰਮਦ ਕ੍ਰਮਵਾਰ ੯ ਅਤੇ ੧੦ ਸਾਲ ਦੇ ਸਨ। ਇਨ੍ਹਾਂ ਦੀ ਸ਼ਹਾਦਤ ਨੂੰ ਖ਼ਿਰਾਜ਼-ਏ-ਅਕੀਦਤ ਪੇਸ਼ ਕਰਨ ਲਈ ਸ਼ੀਆ ਮੁਸਲਮਾਨਾਂ ਵਲੋਂ ਹਰ ਸਾਲ ਦਸ ਮੁਹੱਰਮ ਨੂੰ ਤਾਜ਼ੀਆ ਕੱਢਿਆ ਜਾਂਦਾ ਹੈ। ਮੁਹੱਰਮ ਇਸਲਾਮੀ ਕੈਲੰਡਰ ਦਾ ਪਹਿਲਾ ਮਹੀਨਾ ਹੈ। ਇਸਲਾਮ ਦੇ ਪੈਰੋਕਾਰ ਮੁਹੱਰਮ ਦੇ ਮਹੀਨੇ ਨੂੰ ਇਸਲਾਮ ਦੇ ਇਤਿਹਾਸ ਵਿਚ ਨਿਹਾਇਤ ਹੀ ਅਫ਼ਸੋਸਨਾਕ ਸਮਾਂ ਮੰਨਦੇ ਹਨ। ਇਥੋਂ ਤੱਕ ਕਿ ਮੁਹੱਰਮ ਦਾ ਚੰਨ ਚੜ੍ਹਨ ਸਮੇਂ ਸ਼ੀਆ ਫ਼ਿਰਕੇ ਨਾਲ ਤੁਅੱਲਕ ਰੱਖਣ ਵਾਲੀਆਂ ਔਰਤਾਂ ਆਪਣੀਆਂ ਚੂੜੀਆਂ ਤੱਕ ਤੋੜ ਦਿੰਦੀਆਂ ਹਨ ਅਤੇ ਚਾਲੀ ਦਿਨ ਤੱਕ ਕੋਈ ਵੀ ਹਾਰ-ਸ਼ਿੰਗਾਰ ਨਹੀਂ ਕਰਦੀਆਂ। ਸੋਗ ਵਜੋਂ ਪੁਸ਼ਾਕ ਵੀ ਸਿਆਹ ਰੰਗ ਦੀ ਹੀ ਪਹਿਨਦੀਆਂ ਹਨ। ਚਾਲੀ ਦਿਨ ਤੱਕ ਕੋਈ ਖੁਸ਼ੀ ਨਹੀਂ ਮਨਾਈ ਜਾਂਦੀ। ਖਾਣ ਲਈ ਕੇਵਲ ਸਾਦਾ ਖਾਣਾ ਤਿਆਰ ਕੀਤਾ ਜਾਂਦਾ ਹੈ ਜੋ ਕੇਵਲ ਜਿਊਣ ਲਈ ਲੋੜੀਂਦਾ ਹੈ। ਸੁਆਦਲੇ ਤੇ ਲਜ਼ੀਜ਼ ਪਕਵਾਨ ਇਸ ਸਮੇਂ ਵਿਚ ਨਹੀਂ ਪਕਾਏ ਜਾਂਦੇ। ਮੁਹੱਰਮ ਦਾ ਸਮਾਂ, ਗ਼ਮ-ਏ-ਹੁਸੈਨ ਦੇ ਤੌਰ 'ਤੇ ਅੰਤਾਂ ਦੀ ਉਦਾਸੀ, ਸਾਦਗੀ ਅਤੇ ਹਲੀਮੀ ਵਿਚ ਰਹਿ ਕੇ ਗੁਜ਼ਾਰਿਆ ਜਾਂਦਾ ਹੈ। ਸ਼ੀਆ ਮੱਤ ਨੂੰ ਮੰਨਣ ਵਾਲੇ ਮੁਸਲਮਾਨ ਮਰਦ ਤਾਂ ਤਾਜ਼ੀਅਤ ਕੱਢਣ ਵਕਤ ਆਪਣੀਆਂ ਛਾਤੀਆਂ ਪਿੱਟ-ਪਿੱਟ ਕੇ 'ਯਾ-ਹੁਸੈਨ ਯਾ-ਹੁਸੈਨ' ਪੁਕਾਰਦੇ, ਲਹੂ-ਲੁਹਾਣ ਹੋ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇੰਝ ਕਰਨ ਨਾਲ ਉਹ ਇਨ੍ਹਾਂ ਸ਼ਹਾਦਤਾਂ ਨੂੰ ਲਹੂ ਦਾ ਨਜ਼ਰਾਨਾ ਭੇਟ ਕਰਦੇ ਹਨ। ਕਰਬਲਾ ਦੇ ਮੈਦਾਨ ਦਾ ਇਹ ਦਰਦਨਾਕ ਮੰਜ਼ਰ ਇਸਲਾਮ ਦੀ ਤਵਾਰੀਖ਼ ਵਿਚ ਭਾਰੀ ਮਹੱਤਵ ਰੱਖਦਾ ਹੈ। ਸਰ ਮੁਹੰਮਦ ਇਕਬਾਲ ਲਿਖਦੇ ਹਨ :
ਕਤਲ-ਏ-ਹੁਸੈਨ ਅਸਲ ਮੇਂ ਮਰਗ-ਏ-ਯਦੀਦ ਹੈ,
ਇਸਲਾਮ ਜ਼ਿੰਦਾ ਹੋਤਾ ਹੈ ਹਰ 'ਕਰਬਲਾ' ਕੇ ਬਾਅਦ।
ਕਰਬਲਾ ਦੇ ਪ੍ਰਸੰਗ ਵਿਚ ਇਸ ਸੰਖੇਪ ਜਿਹੀ ਜਾਣਕਾਰੀ ਨਾਲ ਆਓ ਹੁਣ ਸਰਬੰਸਦਾਨੀ ਦਸਮ ਪਾਤਸ਼ਾਹ ਹਜ਼ੂਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਦੀ ਗੱਲ ਕਰੀਏ। ਬਾਬਾ ਜ਼ੋਰਾਵਰ ਸਿੰਘ ਜੀ ਦੀ ਉਮਰ ਸ਼ਹਾਦਤ ਦੇ ਵਕਤ ੮ ਸਾਲ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਉਮਰ ੬ ਸਾਲ ਸੀ। ਇਨ੍ਹਾਂ ਨੂੰ ਆਪਣੇ ਧਰਮ ਅਤੇ ਸਿੱਖੀ ਸਿਦਕ ਪ੍ਰਤੀ ਵਫ਼ਾ ਪਾਲਣ ਬਦਲੇ ਸੂਬਾ ਸਰਹਿੰਦ ਵਜ਼ੀਰ ਖਾਂ ਦੇ ਹੁਕਮ ਨਾਲ ੧੩ ਪੋਹ ਸੰਮਤ ੧੭੬੧ ਬਿਕ੍ਰਮੀ ਅਰਥਾਤ ੨੭ ਦਸੰਬਰ ੧੭੦੪ ਈਸਵੀ ਨੂੰ ਜਿਊਂਦੇ ਦੀਵਾਰਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਦੋਂ ਦੀਵਾਰ ਉਸਾਰੇ ਜਾਣ ਤੋਂ ਬਾਅਦ ਵਾਰ-ਵਾਰ ਡਿੱਗ ਜਾਂਦੀ ਰਹੀ ਤਾਂ ਮਾਸੂਮ ਸਾਹਿਬਜ਼ਾਦਿਆਂ 'ਤੇ ਤਲਵਾਰ ਦਾ ਵਾਰ ਕਰਕੇ ਉਨ੍ਹਾਂ ਦੇ ਸੀਸ ਧੜ੍ਹ ਨਾਲੋਂ ਜੁਦਾ ਕਰਕੇ ਸ਼ਹੀਦ ਕੀਤਾ ਗਿਆ। ਉਸੇ ਹੀ ਦਿਨ ਜਦੋਂ ਮਾਤਾ ਗੁਜਰੀ ਜੀ ਨੂੰ ਸਰਹਿੰਦ ਦੇ ਠੰਢੇ ਬੁਰਜ ਵਿਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ ਤਾਂ ਮਾਤਾ ਜੀ ਵੀ ਸਰੀਰ ਤਿਆਗ ਕੇ ਜੋਤੀ-ਜੋਤਿ ਸਮਾ ਗਏ। ਮਨੁੱਖਤਾ ਦੇ ਇਤਿਹਾਸ ਵਿਚ ਇਸ ਅਦੁੱਤੀ ਸ਼ਹਾਦਤ ਜਿਹੇ ਭਿਆਨਕ ਕਹਿਰ ਦਾ ਮੰਜ਼ਰ ਹੋਰ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਗੁਰੂ ਜੀ ਦੇ ਵੱਡੇ ਦੋਵੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਦੇ ਸਮੇਂ ਉਮਰ ੧੮ ਸਾਲ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਉਮਰ ੧੪ ਸਾਲ ਸੀ। ਇਹ ਦੋਵੇਂ ਸਾਹਿਬਜ਼ਾਦੇ ੮ ਪੋਹ ਸੰਮਤ ੧੭੬੧ ਬਿਕ੍ਰਮੀ ਅਰਥਾਤ ੨੨ ਦਸੰਬਰ ੧੭੦੪ ਈਸਵੀ ਨੂੰ ਦਸਮ ਪਾਤਸ਼ਾਹ ਹਜ਼ੂਰ ਦੀਆਂ ਨਜ਼ਰਾਂ ਦੇ ਸਾਹਮਣੇ ਦੁਸ਼ਮਣਾਂ ਨਾਲ ਜੰਗ ਲੜਦੇ ਹੋਏ ਚਮਕੌਰ ਦੇ ਧਰਮ ਯੁੱਧ ਵਿਚ ਵੱਡੀ ਵੀਰਤਾ ਨਾਲ ਸ਼ਹੀਦੀਆਂ ਪਾ ਗਏ। ਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਪੰਜ ਦਿਨ ਦੇ ਵਕਫ਼ੇ ਅੰਦਰ-ਅੰਦਰ ਹੀ ਸ਼ਹੀਦੀਆਂ ਪਾ ਗਏ। ਇਨ੍ਹਾਂ ਸ਼ਹਾਦਤਾਂ ਨੂੰ ਹਾਲੇ ੩੧੧ ਵਰ੍ਹੇ ਹੋਏ ਹਨ। ਕੌਮਾਂ ਦੀ ਤਵਾਰੀਖ਼ ਦਾ ਲੇਖਾ-ਜੋਖਾ ਕਰਨ ਸਮੇਂ ਇਹ ਅਵਧੀ ਕੋਈ ਏਨੀ ਜ਼ਿਆਦਾ ਨਹੀਂ ਕਿ ਕੌਮ ਦੇ ਚੇਤਿਆਂ ਵਿਚੋਂ ਛੋਟੇ ਸਾਹਿਬਜ਼ਾਦਿਆਂ ਵਰਗੇ ਸ਼ਹੀਦ ਮਨਫ਼ੀ ਹੋ ਜਾਣ। ਸ਼ਹੀਦਾਂ ਨੂੰ ਇਕ ਖ਼ਸੂਸਨ ਅਦਬ ਅਤੇ ਮਰਿਯਾਦਾ ਨਾਲ ਯਾਦ ਕਰਨਾ ਹੀ ਆਪਣੇ ਅਕੀਦੇ ਪ੍ਰਤੀ ਸੱਚੀ ਵਫ਼ਾਦਾਰੀ ਦਾ ਹਲਫ਼ ਹੈ। ਸ਼ਹੀਦ ਕਦੇ ਮਰਦੇ ਨਹੀਂ। ਮੌਤ ਤਾਂ ਜ਼ੁਲਮ ਦੀ ਹੁੰਦੀ ਹੈ। ਅਜਿਹੇ ਸ਼ਹੀਦਾਂ ਦੀਆਂ ਸ਼ਹਾਦਤਾਂ ਦੇ ਸੱਚ ਸਦਾ ਸੱਜਰੇ, ਜਗਦੇ ਅਤੇ ਮਘਦੇ ਰਹਿੰਦੇ ਹਨ। ਸ਼ਹੀਦਾਂ ਦੇ ਲਹੂ ਨਾਲ ਲਿਖੀਆਂ ਇਬਾਰਤਾਂ ਕਦੇ ਫਿੱਕੀਆਂ ਨਹੀਂ ਪੈਂਦੀਆਂ। ਮਹਿਸੂਸ ਕਰਨ ਵਾਲਿਆਂ ਲਈ, ਸ਼ਹੀਦੀਆਂ ਦੀ ਸ਼ਿੱਦਤ ਅਤੇ ਵੇਦਨਾ ਉਨ੍ਹਾਂ ਦੇ ਜਜ਼ਬਾਤ ਅੰਦਰ ਸਦਾ ਸਰਸਬਜ਼ ਰਹਿੰਦੀ ਹੈ। ਕਮਜ਼ੋਰ ਤੇ ਬੁਜ਼ਦਿਲ ਮਨਾਂ ਦੇ ਅਕੀਦੇ ਸਮੇਂ ਦੀ ਗਰਦਿਸ਼ ਨਾਲ ਕਮਜ਼ੋਰ ਪੈ ਜਾਂਦੇ ਹਨ। ਸਮਾਂ ਪਾ ਕੇ ਉਨ੍ਹਾਂ ਦੇ ਮਨਾਂ ਅੰਦਰ ਆਪਣੇ ਸਿਦਕ ਪ੍ਰਤੀ ਵਫ਼ਾ ਪਾਲਣ ਦੀ ਸਿਕ ਅਤੇ ਸਮਰੱਥਾ ਹੀ ਮਰ ਜਾਂਦੀ ਹੈ। ਅਜਿਹੇ ਸਿਦਕਹੀਣ ਬੰਦੇ ਤਾਂ ਧਰਤੀ 'ਤੇ ਬੋਝ ਹੀ ਹੁੰਦੇ ਹਨ। ਜਿਨ੍ਹਾਂ ਘਰਾਂ ਵਿਚ ਸ਼ਹੀਦਾਂ ਪ੍ਰਤੀ ਈਮਾਨ ਅਤੇ ਸਿਦਕ ਪ੍ਰਤੀ ਵਫ਼ਾ ਦੀ ਸ਼ਮ੍ਹਾਂ ਨਹੀਂ ਜਗਦੀ ਉਹ ਘਰ, ਘਰ ਨਹੀਂ ਹੁੰਦੇ। ਅਜਿਹੇ ਸਰਾਪੇ ਘਰਾਂ ਨੂੰ ਹੀ ਤਾਂ 'ਭੂਤਵਾੜਾ' ਆਖਦੇ ਹਾਂ।
ਇਹ ਸਾਲ ੨੦੦੩ ਦਾ ਜ਼ਿਕਰ ਹੈ। ਮੈਂ ਅਮਰੀਕਾ ਦੀ ਇਕ ਯੂਨੀਵਰਸਿਟੀ ਵਿਚ 'ਅੰਤਰ-ਧਰਮ ਇਕ ਅਨੁਭਵ' ਵਿਸ਼ੇ 'ਤੇ ਰੱਖੀ ਇਕ ਗਿਆਨ-ਗੋਸ਼ਟੀ ਵਿਚ ਆਪਣੇ ਵਿਚਾਰ ਪੇਸ਼ ਕਰ ਰਿਹਾ ਸੀ। ਯੂਨੀਵਰਸਿਟੀ ਆਡੀਟੋਰੀਅਮ ਦੇ ਮੰਚ ਦੇ ਚਬੂਤਰੇ ਦੇ ਸਾਹਮਣੇ ਵਾਲੀ ਦੀਵਾਰ 'ਤੇ ਯਸ਼ੂ ਮਸੀਹ ਦੀ ਇਕ ਲਹੂ-ਲੁਹਾਣ ਆਦਮ ਕੱਦ ਪ੍ਰਤਿਮਾ ਸਲੀਬ 'ਤੇ ਲਟਕ ਰਹੀ ਸੀ। ਯਸ਼ੂ ਮਸੀਹ ਦੇ ਹੱਥਾਂ ਅਤੇ ਪੈਰਾਂ ਵਿਚ ਮੇਖਾਂ ਗੱਡੀਆਂ ਹੋਈਆਂ ਸਨ ਤੇ ਜ਼ਖ਼ਮਾਂ ਵਿਚੋਂ ਖ਼ੂਨ ਸਿੰਮਦਾ ਦਿਖਾਇਆ ਹੋਇਆ ਸੀ। ਮੈਂ ਆਪਣੀ ਤਕਰੀਰ ਯਸ਼ੂ ਮਸੀਹ ਦੀ ਪ੍ਰਤਿਮਾ ਤੇ ਸਲੀਬ ਦੇ ਜ਼ਿਕਰ ਨਾਲ ਆਰੰਭ ਕੀਤੀ। ਉਸ ਤੋਂ ਬਾਅਦ ਆਪਣੀ ਬੋਲਣ ਵਿਧੀ ਰਾਹੀਂ ਆਪਣੀ ਜਾਣ-ਪਛਾਣ ਦੇਣ ਸਮੇਂ ਸਰੋਤਿਆਂ ਨੂੰ ਸਿੱਖ ਇਤਿਹਾਸ ਦੇ ਝਰੋਖਿਆਂ ਵਿਚੋਂ ਦੀ ਸਰਹਿੰਦ ਦੀਆਂ ਦੀਵਾਰਾਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੋੜ ਲਿਆ। ਸਰੋਤੇ ਸਾਹ ਸੂਤ ਕੇ ਇਸ ਖ਼ੌਫ਼ਨਾਕ ਮੰਜ਼ਰ ਦਾ ਬਿਆਨ ਸੁਣ ਰਹੇ ਸਨ। ਇੰਜ ਲੱਗ ਰਿਹਾ ਸੀ ਜਿਵੇਂ ਉਹ ਸਾਰੇ ਦੇ ਸਾਰੇ ਮੇਰੇ ਨਾਲ ਮਿਲ ਕੇ ਸਰਹਿੰਦ ਦੀਆਂ ਖ਼ੂਨੀ ਦੀਵਾਰਾਂ ਦੇ ਸਨਮੁਖ ਆ ਖੜ੍ਹੇ ਸਨ । ਸਰੋਤਿਆਂ ਦੀ ਪਹਿਲੀ ਕਤਾਰ ਵਿਚ ਯੂਨੀਵਰਸਿਟੀ ਦੇ ਵਿਦੇਸ਼ੀ ਵਿਦਿਆਰਥੀਆਂ ਦੀ ਡੀਨ ਡਾਕਟਰ ਵੈਂਡੀ ਬੈਠੀ ਹੋਈ ਸੀ, ਇਤਫ਼ਾਕ ਨਾਲ ਉਸ ਦੇ ਦੋਵੇਂ ਪਾਸੇ ਸੱਜੇ ਅਤੇ ਖੱਬੇ, ਉਸ ਦੇ ਦੋ ਪੁੱਤਰ ਬੈਠੇ ਹੋਏ ਸਨ ਜੋ ਉਮਰ ਵਿਚ ਦਸ ਸਾਲ ਤੋਂ ਛੋਟੀ ਉਮਰ ਦੇ ਜਾਪਦੇ ਸਨ। ਮੈਂ ਵੇਖ ਰਿਹਾ ਸੀ ਕਿ ਡਾਕਟਰ ਵੈਂਡੀ ਨੇ ਸਰਹਿੰਦ ਦੀ ਦਾਸਤਾਨ ਦਾ ਹੌਲਨਾਕ ਵਿਸਥਾਰ ਸੁਣਦਿਆਂ ਕਈ ਵਾਰੀ ਰੁਮਾਲ ਨਾਲ ਅੱਖਾਂ ਵਿਚੋਂ ਵਗਦੇ ਹੰਝੂ ਪੂੰਝੇ ਸਨ।
ਉਹ ਇਕ ਸਹਿਮੀ ਹੋਈ ਮਨੋ-ਅਵਸਥਾ ਵਿਚ ਵਾਰ-ਵਾਰ ਆਪਣੇ ਦੋਵਾਂ ਪੁੱਤਰਾਂ ਨੂੰ ਆਪਣੀ ਹਿੱਕੜੀ ਨਾਲ ਲਾ ਰਹੀ ਸੀ। ਮੈਂ ਸਮਝ ਰਿਹਾ ਸੀ ਕਿ ਉਸ ਦੇ ਮਨ 'ਤੇ ਕੀ ਗੁਜ਼ਰ ਰਿਹਾ ਹੈ। ਸ਼ਾਇਦ ਉਹ ਉਸ ਵੇਲੇ ਮਾਤਾ ਗੁਜਰੀ ਨੂੰ ਯਾਦ ਕਰਦੀ ਹੋਈ ਜ਼ਬਰਦਸਤ ਮਾਨਸਿਕ ਪੀੜਾ ਵਿਚ ਉਨ੍ਹਾਂ ਭਿਆਨਕ ਪਲਾਂ ਨੂੰ ਜਿਉਂ ਰਹੀ ਸੀ ਜੋ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਸੁਣਨ ਤੋਂ ਲੈ ਕੇ ਜੋਤੀ-ਜੋਤਿ ਸਮਾਉਣ ਤੱਕ ਹੰਢਾਏ ਸਨ। ਜਦੋਂ ਮੈਂ ਸਰਹਿੰਦ ਦੇ ਇਤਿਹਾਸ ਦੀ ਦਰਦਨਾਕ ਵਿਥਿਆ ਸਮਾਪਤ ਕੀਤੀ ਤਾਂ ਪੂਰੇ ਦੇ ਪੂਰੇ ਆਡੀਟੋਰੀਅਮ ਵਿਚ ਇਕ ਅਜੀਬ ਸੰਨਾਟਾ ਜਿਹਾ ਛਾਇਆ ਹੋਇਆ ਸੀ। ਲਗਭਗ ਸਾਰੇ ਸਰੋਤਿਆਂ ਦੀਆਂ ਅੱਖੀਆਂ ਨਮ ਸਨ। ਮੈਂ ਖੁਦ ਅੱਥਰੂ-ਅੱਥਰੂ ਸਾਂ। ਕੁਝ ਪਲ ਦੀ ਖ਼ਾਮੋਸ਼ੀ ਤੋਂ ਬਾਅਦ ਮੈਂ ਸਰੋਤਿਆਂ ਨੂੰ ਪੁੱਛਿਆ ਕਿ ਜੇ ਉਨ੍ਹਾਂ ਦੇ ਮਨ ਵਿਚ ਕੋਈ ਦੁਬਿਧਾ ਜਾਂ ਸਵਾਲ ਹੈ ਤਾਂ ਪੁੱਛ ਸਕਦੇ ਹੋ। ਬਸ ਇਹ ਕਹਿਣ ਦੀ ਦੇਰ ਸੀ ਕਿ ਮੰਤਰ-ਮੁਗਧ ਹੋਏ ਅਮਰੀਕਨ ਸਰੋਤੇ ਇਕ-ਇਕ ਕਰਕੇ ਸਵਾਲ ਕਰਨ ਲੱਗੇ, ਉਨ੍ਹਾਂ ਵਿਚੋਂ ਕੁਝ ਕੁ ਸਵਾਲ ਅਜਿਹੇ ਸਨ ਜਿਨ੍ਹਾਂ ਨੇ ਮੇਰੀ ਸੰਵੇਦਨਸ਼ੀਲਤਾ ਨੂੰ ਝੰਜੋੜ ਕੇ ਰੱਖ ਦਿੱਤਾ ਜੋ ਆਪ ਸਭ ਨਾਲ ਸਾਂਝੇ ਕਰਨੇ ਜ਼ਰੂਰੀ ਹਨ।

ਪਹਿਲਾ ਸਵਾਲ ਇਸ ਤਰ੍ਹਾਂ ਸੀ: ਕ੍ਰਿਪਾ ਕਰਕੇ ਇਹ ਦੱਸੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ੀ ਲਈ ਜਾਣ ਤੋਂ ਪਹਿਲਾਂ ਕਿਸ ਦੀ ਸੰਗਤ ਵਿਚ ਸਨ? ਅਜਿਹੀ ਕਿਹੜੀ ਮਹਾਨ ਅਤੇ ਮਜ਼ਬੂਤ ਪ੍ਰੇਰਨਾ ਸੀ, ਜਿਸ ਸਦਕਾ ਉਨ੍ਹਾਂ ਵਜ਼ੀਰ ਖਾਂ ਦੇ ਡਰਾਵੇ ਅਤੇ ਬਹਿਕਾਵਿਆਂ ਨੂੰ ਦਰਕਿਨਾਰ ਕਰਦੇ ਹੋਏ ਡੋਲਣ ਅਤੇ ਘਬਰਾਉਣ ਦੀ ਬਜਾਏ ਜਿਊਣ ਦੀ ਇੱਛਾ ਦੇ ਇਖ਼ਿਤਿਆਰ ਨੂੰ ਠੁਕਰਾ ਕੇ ਸਿੱਖੀ ਸਿਦਕ 'ਤੇ ਕਾਇਮ ਰਹਿੰਦੇ ਹੋਏ ਮੌਤ ਨੂੰ ਮਨਜ਼ੂਰ ਕਰਨ ਨੂੰ ਤਰਜੀਹ ਦਿੱਤੀ?

ਦੂਸਰਾ ਸਵਾਲ ਇਸ ਤਰ੍ਹਾਂ ਸੀ: ਮਾਸੂਮ ਸਾਹਿਬਜ਼ਾਦਿਆਂ ਨੂੰ ਜਦੋਂ ਜਿਊਂਦੇ ਦੀਵਾਰਾਂ ਵਿਚ ਚਿਣਨਾ ਸ਼ੁਰੂ ਕੀਤਾ ਤਾਂ ਇਸ ਵਿਕਰਾਲ ਪ੍ਰਕਿਰਿਆ ਵਿਚ ਲਗਭਗ ਕਿੰਨਾ ਕੁ ਸਮਾਂ ਲੱਗਾ ਹੋਵੇਗਾ। ਜਦੋਂ ਇਹ ਸਮਾਂ ਹਰ ਸਾਲ ਆਉਂਦਾ ਹੈ ਤਾਂ ਸਿੱਖ ਕੌਮ ਇਹ ਭਿਆਨਕ ਪਲ ਕਿਸ ਤਰ੍ਹਾਂ ਗੁਜ਼ਾਰਦੀ ਹੈ। ਇਸ ਹਿਰਦੇਵੇਧਕ ਸਮੇਂ ਵਿਚ ਮਾਸੂਮ ਸਾਹਿਬਜ਼ਾਦਿਆਂ ਦੀ ਪੀੜਾ ਨੂੰ ਤੁਸੀਂ ਕਿੰਝ ਅਨੁਭਵ ਕਰਦੇ ਹੋ ਅਤੇ ਉਸ ਖ਼ਾਸ ਵਕਤ 'ਤੇ ਤੁਹਾਡੇ ਰੁਝੇਵੇਂ ਅਤੇ ਅਮਲ ਕੀ ਹੁੰਦੇ ਹਨ?
ਪਹਿਲੇ ਸਵਾਲ ਦਾ ਜਵਾਬ ਤਾਂ ਮੈਂ ਬੜ੍ਹੇ ਠਰੰਮੇ ਤੇ ਵਿਸਥਾਰ ਨਾਲ ਦੇ ਦਿੱਤਾ ਪ੍ਰੰਤੂ ਦੂਸਰੇ ਸਵਾਲ ਨੇ ਮੈਨੂੰ ਸ਼ਰਮ ਨਾਲ ਪਾਣੀ-ਪਾਣੀ ਕਰ ਦਿੱਤਾ। ਉਨ੍ਹਾਂ ਸੁਹਿਰਦ ਸਰੋਤਿਆਂ ਦੇ ਤਾਂ ਸਰਹਿੰਦ ਦੀ ਦਾਸਤਾਨ ਦਾ ਵਰਨਣ ਸੁਣ ਕੇ ਹੀ ਹੰਝੂ ਵਹਿ ਤੁਰੇ ਸਨ, ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਦੱਸਦਾ ਕਿ ਸਿੱਖ ਤਾਂ ਹੁਣ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ ਵਿਆਹ-ਸ਼ਾਦੀਆਂ ਵੀ ਕਰਨ ਲੱਗ ਪਏ ਹਨ। ਇਕ ਪਾਸੇ ਸਾਹਿਬਜ਼ਾਦਿਆਂ ਦੇ ਨੀਂਹਾਂ ਵਿਚ ਚਿਨਣ ਦਾ ਸਮਾਂ ਆਉਂਦਾ ਹੈ ਤੇ ਦੂਸਰੇ ਪਾਸੇ ਬੈਂਡ-ਵਾਜੇ ਵੱਜਦੇ ਹਨ। ਭਲਾ ਮੈਂ ਕਿੰਝ ਦੱਸਦਾ ਕਿ ਅੱਜ-ਕਲ੍ਹ ਤਾਂ ਸ਼ਹੀਦੀ ਜੋੜ ਮੇਲੇ 'ਤੇ ਲੰਗਰਾਂ ਵਿਚ ਲੱਡੂ-ਜਲੇਬੀਆਂ ਵੀ ਪੱਕਦੇ ਹਨ ਅਤੇ ਗੁਰੂ ਦੇ ਲਾਲਾਂ ਦੀਆਂ ਸ਼ਹੀਦੀਆਂ ਤੇ 'ਖ਼ਿਰਾਜ਼-ਏ-ਅਕੀਦਤ' ਭੇਟ ਕਰਨ ਆਏ ਤੀਰਥ ਯਾਤਰੀ ਬੜੇ ਸਵਾਦ ਨਾਲ ਲੱਡੂ-ਜਲੇਬੀਆਂ ਛਕਦੇ ਹਨ। ਸ਼ਰਾਬ ਦੇ ਠੇਕੇ ਵੀ ਫ਼ਤਹਿਗੜ੍ਹ ਸਾਹਿਬ ਦੇ ਗੁਰਦੁਆਰੇ ਦੇ ਇਰਦ-ਗਿਰਦ ਨੂੰ ਛੱਡ ਕੇ ਸ਼ਰਾਬੀਆਂ ਦੀ ਸਹੂਲਤ ਲਈ ਅਤੇ ਸ਼ਰਾਬ ਦੇ ਠੇਕੇਦਾਰਾਂ ਦੀ ਆਮਦਨ ਦਾ ਖ਼ਿਆਲ ਰੱਖਦੇ ਹੋਏ ਬਾਕੀ ਸਾਰੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਖੁੱਲ੍ਹੇ ਰੱਖੇ ਜਾਂਦੇ ਹਨ। ਹਾਲੇ ਤੈਅ ਹੀ ਨਹੀਂ ਕੀਤਾ ਗਿਆ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿਚ ਜਿਊਂਦੇ ਚਿਣਨ ਦੀ ਪ੍ਰਕਿਰਿਆ ਤੋਂ ਸ਼ੁਰੂ ਹੋ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੱਕ ਦੇ ਸਮੇਂ ਦੇ ਦਰਮਿਆਨ ਸਮੁੱਚੀ ਸਿੱਖ ਕੌਮ ਦੇ ਰੁਝੇਵੇਂ, ਸਮੂਹਿਕ ਅਮਲ ਅਤੇ ਵਰਤਾਰੇ ਕੀ ਹੋਣੇ ਚਾਹੀਦੇ ਹਨ?
ਅਮਰੀਕਾ ਤੋਂ ਵਾਪਸ ਪਰਤਦਿਆਂ ਹੀ ਮੈਂ ਸਭ ਤੋਂ ਪਹਿਲਾਂ ਇਹ ਦਰਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਸਾਂਝੇ ਕੀਤੇ, ਉਨ੍ਹਾਂ ਸਾਰੀ ਗੱਲ ਬੜੀ ਗੰਭੀਰਤਾ ਨਾਲ ਸੁਣੀ ਤੇ ਸਿੱਟੇ-ਬੱਧ ਸੁਹਿਰਦ ਉਪਰਾਲਾ ਸ਼ੁਰੂ ਕੀਤਾ, ਮੈਂ ਉਸ ਵੇਲੇ ਦੇ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਐਸ.ਕੇ. ਆਹਲੂਵਾਲੀਆ ਨਾਲ ਵੀ ਇਹ ਸਾਰਾ ਬਿਰਤਾਂਤ ਸਾਂਝਾ ਕੀਤਾ। ਉਨ੍ਹਾਂ ਨੇ ਵੀ ਇਸ ਨੇਕ ਕੰਮ ਵਿਚ ਬੜੀ ਸਾਰਥਿਕ ਭੂਮਿਕਾ ਨਿਭਾਈ। ਬੜੀ ਖੋਜ ਤੋਂ ਬਾਅਦ ਸ਼ਹਾਦਤ ਦੇ ਸਮੇਂ ਦਾ ਜ਼ਿਕਰ ਕੇਵਲ ਗੁਰਪ੍ਰਣਾਲੀ ਗੁਲਾਬ ਸਿੰਘ ਵਿਚ ਹੀ ਮਿਲਿਆ ਹੈ ਜੋ ਤਕਰੀਬਨ ਸਵੇਰ ਦੇ ੯.੪੫ ਤੋਂ ੧੧ ਵਜੇ ਤੱਕ ਦਾ ਬਣਦਾ ਹੈ, ਗੁਰਪ੍ਰਣਾਲੀ, ਗੁਲਾਬ ਸਿੰਘ ਵਿਚ ਸ਼ਹਾਦਤ ਦਾ ਸਮਾਂ ਇਸ ਤਰ੍ਹਾਂ ਅੰਕਿਤ ਕੀਤਾ ਗਿਆ ਹੈ  'ਸਵਾ ਪਹਰ ਦਿਨ ਚੜ੍ਹੇ ਕਾਮ ਭਯੋ ਹੈ' ਭਾਵ ਸਵਾ ਪਹਿਰ ਦਿਨ ਚੜ੍ਹੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਭਾਈ ਦੁੱਨਾ ਸਿੰਘ ਹੰਡੂਰੀਆਂ ਦੀ ਅਪ੍ਰਕਾਸ਼ਿਤ ਕ੍ਰਿਤ, 'ਕਥਾ ਗੁਰੂ ਜੀ ਕੇ ਸੁਤਨ ਕੀ' ਅਨੁਸਾਰ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਕਟਾਰ ਨਾਲ ਧੜ੍ਹ ਤੋਂ ਜੁਦਾ ਕਰਨ ਤੋਂ ਪਹਿਲਾਂ, ਜ਼ਾਲਮਾਂ ਨੇ ਉਨ੍ਹਾਂ ਮਾਸੂਮਾਂ ਨੂੰ ਚਾਬਕਾਂ ਤੇ ਕੋਰੜੇ ਵੀ ਮਾਰੇ ਸਨ,
''ਖਮਚੀ ਸਾਥ ਜੁ ਲਗੇ ਤਬੈ ਦੁਖ ਦੇਵਨੰ£
ਏਹ ਸੁ ਬਾਲਕ ਫੂਲ, ਧੂਪ ਨਹਿ ਖੇਵਨੰ£
ਤਬ ਮਲੇਰੀਏ ਕਹਯੋ; 'ਜੜਾਂ ਤੁਮ ਜਾਂਹਿ ਹੀ£
ਇਹ ਮਸੂਮ ਹੈਂ ਬਾਲ ਦੁਖਾਵਹੁ ਨਾਹਿ ਹੀ£''
(ਇਥੇ ਖਮਚੀ ਤੋਂ ਭਾਵ ਹੈ ਛਾਂਟਾ ਅਰਥਾਤ ਕੋਰੜਾ)
''ਜਬ ਦੁਸ਼ਟੀਂ ਐਸੇ ਦੁਖ। ਬਹੁਰੋ ਫੇਰ ਸੀਸ ਕਢਵਾਏ।।
ਰਜ ਕੋ ਪਾਇ ਪੀਪਲਹ ਬਾਂਧੇ। ਦੁਸ਼ਟ ਗੁਲੇਲੇ ਤੀਰ ਸੁ ਸਾਂਧੇ।।"

ਰਜ ਤੋਂ ਭਾਵ ਹੈ ਰੱਸਾ ਅਰਥਾਤ ਪਿੱਪਲ ਦੇ ਦਰੱਖ਼ਤ ਨਾਲ ਰੱਸਿਆਂ ਨਾਲ ਬੰਨ੍ਹ ਕੇ ਗੁਲੇਲ ਦੇ ਨਿਸ਼ਾਨੇ ਬਣਾ ਕੇ ਤਸੀਹੇ ਦਿੱਤੇ ਗਏ। ਹਵਾਲੇ ਲਈ ਦੇਖੋ: ਹੱਥ ਲਿਖਤ ਖਰੜਾ ਨੰਬਰ ੬੦੪੫, ਸਿੱਖ ਰੈਫਰੈਂਸ ਲਾਇਬਰੇਰੀ, ਸ੍ਰੀ ਅੰਮ੍ਰਿਤਸਰ)  ਇਥੇ ਇਹ ਜ਼ਿਕਰ ਕਰਨਾ ਵੀ ਅਜ਼ਹਦ ਜ਼ਰੂਰੀ ਹੈ ਕਿ ਨਵਾਬ ਸ਼ੇਰ ਮੁਹੰਮਦ ਖਾਨ ਮਾਲੇਰਕੋਟਲਾ ਨੇ ਨਾ ਸਿਰਫ਼ ਹਾਅ ਦਾ ਨਾਅਰਾ ਹੀ ਮਾਰਿਆ ਸਗੋਂ ਉਸ ਨੇ ਮਾਸੂਮ ਸਾਹਿਬਜ਼ਾਦਿਆਂ 'ਤੇ ਜ਼ੁਲਮ ਰੋਕਣ ਲਈ ਬੜੇ ਲਹੂਰ ਅਤੇ ਤਰਲੇ ਵੀ ਲਏ। ਲਾਹਨਤਾਂ ਵੀ ਪਾਈਆਂ ਪਰ ਜ਼ਾਲਮ ਵਜ਼ੀਰ ਖਾਂ ਨੇ ਉਸ ਦੀ ਇਕ ਨਾ ਸੁਣੀ। ਸਰਹਿੰਦ ਦੀ ਤਵਾਰੀਖ਼ ਦਾ ਜ਼ਿਕਰ ਕਰਦਿਆਂ ਇਹ ਬੜੇ ਅਦਬ ਨਾਲ ਕਹਿਣਾ ਬਣਦਾ ਹੈ ਕਿ ਸਿੱਖ ਕੌਮ ਦੇ ਇਤਿਹਾਸ ਦੇ ਅਜਿਹੇ ਨਾਜ਼ੁਕ ਅਤੇ ਭਿਆਨਕ ਮਰਹਲੇ ਤੇ ਨਵਾਬ ਸ਼ੇਰ ਮੁਹੰਮਦ ਖਾਨ, ਮਾਲੇਰਕੋਟਲਾ ਵਲੋਂ ਨਿਭਾਈ, ਨਾਕਾਬਿਲ-ਏ-ਫ਼ਰਾਮੋਸ਼ ਵਿਸ਼ੇਸ਼ ਤਵਾਰੀਖੀ ਭੂਮਿਕਾ ਲਈ ਸਿੱਖ ਕੌਮ ਹਮੇਸ਼ਾ ਲਈ ਆਭਾਰੀ ਤੇ ਅਹਿਸਾਨਮੰਦ ਰਹੇਗੀ।

ਭਾਵੇਂ ਸਮੁੱਚੀ ਸਿੱਖ ਕੌਮ ਦੇ ਅਮਲਾਂ ਵਿਚ ਇਨ੍ਹਾਂ ਦਰਦਨਾਕ ਪਲਾਂ ਨੂੰ ਸ਼ਰਧਾ ਅਤੇ ਅਕੀਦਤ ਨਾਲ ਨਿਯਮਤ ਕਰਨਾ ਨਿਸ਼ਚੇ ਹੀ ਸਿੱਖ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਜ਼ਿੰਮੇਵਾਰੀ ਬਣਦੀ ਹੈ। ਪ੍ਰੰਤੂ ਫ਼ੇਰ ਵੀ ਮੈਂ ਇਸ ਨਿਬੰਧ ਰਾਹੀਂ ਸਮੁੱਚੀ ਸਿੱਖ ਕੌਮ, ਸਿੱਖ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ, ਸੰਤ ਮਹਾਂਪੁਰਸ਼ਾਂ, ਸਿੰਘ ਸਭਾਵਾਂ, ਦੇਸ਼-ਪ੍ਰਦੇਸ਼ਾਂ ਦੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਖ਼ਾਲਸਾ ਕਾਲਜਾਂ ਅਤੇ ਖ਼ਾਲਸਾ ਸਕੂਲਾਂ ਦੇ ਸਮੂਹ ਪ੍ਰਬੰਧਕਾਂ ਅਤੇ ਮੁਖੀਆਂ, ਸਮੂਹ ਸਿੱਖ ਪਰਿਵਾਰਾਂ ਅਤੇ ਸਿੱਖ-ਪੰਥ ਦੇ ਦਰਦਮੰਦਾਂ ਨੂੰ ਇਕ ਮਿੰਨਤ ਅਤੇ ਤਰਲਾ ਕਰਦਾ ਹਾਂ ਕਿ ਗੰਭੀਰਤਾ ਨਾਲ ਸੋਚੋ ਕਿ ਵਿਸ਼ਵ ਭਰ ਦੇ ਈਸਾਈਅਤ ਨੂੰ ਮੰਨਣ ਵਾਲੇ ਪੈਰੋਕਾਰਾਂ ਨੂੰ ਤਾਂ ੨੦੦੦ ਸਾਲ ਬਾਅਦ ਵੀ ਸਲੀਬ 'ਤੇ ਟੰਗੇ ਪ੍ਰਭੂ ਯਿਸੂ ਮਸੀਹ ਨਜ਼ਰ ਆਉਂਦੇ ਹਨ ਅਤੇ ਸਲੀਬਕਸ਼ੀ ਤੋਂ ਬਾਅਦ ਈਸਾ ਮਸੀਹ ਦੇ ਹੱਥਾਂ ਅਤੇ ਪੈਰਾਂ ਵਿਚ ਗੱਡੀਆਂ ਮੇਖਾਂ ਦੇ ਜ਼ਖ਼ਮਾਂ 'ਚੋਂ ਸਿੰਮਦਾ ਖ਼ੂਨ ਅਤੇ ਉਸ ਦੀ ਪੀੜਾ ਦੇ ਅਨੁਭਵ ਦਾ ਡੂੰਘਾ ਅਹਿਸਾਸ ਹੈ। ਇਸੇ ਤਰ੍ਹਾਂ ਇਸਲਾਮ ਦੇ ਅਨੁਯਾਈਆਂ ਨੂੰ ੧੩੩੨ ਸਾਲ ਬਾਅਦ ਵੀ 'ਕਰਬਲਾ' ਦਾ ਕਹਿਰ ਯਾਦ ਹੈ। ਹਰ ਇਕ ਮੁਸਲਮਾਨ ਮੁਹੱਰਮ ਦੇ ਮੌਕੇ ਆਪਣੇ ਆਪ ਨੂੰ ਕਰਬਲਾ ਦੀ ਪੀੜਾ ਵਿਚ ਗੁੰਮ ਕਰ ਲੈਂਦਾ ਹੈ ਅਤੇ ਆਪਣੇ ਪੈਗੰਬਰ ਦੀ ਵੇਦਨਾ ਨਾਲ ਇਕਸੁਰ ਹੋ ਜਾਂਦਾ ਹੈ।

 ਦਰੇਗ ਇਸ ਗੱਲ ਦਾ ਹੈ ਕਿ ਸਿੱਖ ਕੌਮ ੩੧੧ ਸਾਲਾਂ ਦੇ ਸਮੇਂ ਅੰਦਰ ਹੀ ਨੀਂਹਾਂ ਵਿਚ ਚਿਣ ਕੇ ਸ਼ਹੀਦ ਹੋਏ ਦਸਮੇਸ਼ ਗੁਰੂ ਜੀ ਦੇ ਮਾਸੂਮ ਸਾਹਿਜ਼ਾਦਿਆਂ ਦੀ ਸ਼ਹੀਦੀ ਨੂੰ ਕਿਉਂ ਵਿਸਰ ਗਈ ਹੈ? ਇਹ ਸਮੁੱਚੀ ਸਿੱਖ ਕੌਮ ਲਈ ਆਪਣੇ ਸਵੈ ਅੰਦਰ ਝਾਤੀ ਮਾਰ ਕੇ ਗੰਭੀਰ ਸਮੀਖਿਆ ਕਰਨ ਦਾ ਸਮਾਂ ਹੈ। ਕੌਮਾਂ ਦੇ ਇਤਿਹਾਸ ਵਿਚ ਅਜਿਹਾ ਸਮਾਂ ਕਦੇ-ਕਦੇ ਆਉਂਦਾ ਹੈ ਜਦੋਂ ਕੌਮਾਂ ਆਪਣੇ ਬੀਤ ਚੁੱਕੇ ਆਪੇ ਦਾ ਨਿਰੀਖਣ ਕਰਦੀਆਂ ਹਨ ਅਤੇ ਆਉਣ ਵਾਲੇ ਸਮੇਂ ਲਈ ਸੁਚੇਤ ਹੁੰਦੀਆਂ ਹਨ। ਆਓ ਪ੍ਰਣ ਕਰੀਏ ਕਿ ੧੩ ਪੋਹ ਅਰਥਾਤ ੨੭ ਦਸੰਬਰ ਨੂੰ ਸਵੇਰ ਦੇ ਠੀਕ ੧੦ ਤੋਂ ੧੧ ਵਜੇ ਤੱਕ ਇਕ ਘੰਟਾ ਹਰ ਸਿੱਖ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਹੋਵੇ ਤੇ ਕਿਸੇ ਵੀ ਵਰਤਾਰੇ ਵਿਚ ਮਸਰੂਫ਼ ਕਿਉਂ ਨਾ ਹੋਵੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿਚ ਜੁੜ ਕੇ 'ਸਤਿਨਾਮ ਵਾਹਿਗੁਰੂ' ਦਾ ਜਾਪ ਕਰੀਏ। ਜ਼ਰਾ ਸੋਚੋ! ਜਦੋਂ ਸਾਡੇ ਕਿਸੇ ਬੱਚੇ ਦੇ ਜ਼ਰਾ ਜਿੰਨੀ ਸੱਟ ਲੱਗ ਜਾਂਦੀ ਹੈ ਤਾਂ ਸਾਡੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਜਾਂਦਾ ਹੈ, ''ਹੇ ਵਾਹਿਗੁਰੂ।'' ਕੀ ਅਸੀਂ ਹਰ ਸਾਲ ਇਹ ਥੋੜ੍ਹਾ ਜਿਹਾ ਸਮਾਂ ਕੱਢ ਕੇ ਨਿਵੇਕਲੇ ਬੈਠ ਕੇ ਆਪਣੇ ਗੁਰੂ ਅਤੇ ਮਾਸੂਮ ਸਾਹਿਬਜ਼ਾਦਿਆਂ ਦੀ ਯਾਦ ਵਿਚ ਸਮਰਪਿਤ ਹੋ ਕੇ ''ਸਤਿਨਾਮ ਵਾਹਿਗੁਰੂ'' ਨਹੀਂ ਜਪ ਸਕਦੇ। ਜਿਨ੍ਹਾਂ ਨੇ ਧਰਮ ਅਤੇ ਸਿੱਖੀ ਸਿਦਕ ਦੀ ਰੱਖਿਆ ਲਈ ਆਪਣੇ ਜੀਵਨ ਤੱਕ ਕੁਰਬਾਨ ਕਰ ਦਿੱਤੇ, ਖਾਸ ਕਰਕੇ, ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਤਾਂ ਇਸ ਨਿਸ਼ਚਿਤ ਸਮੇਂ 'ਤੇ ਸ਼ਹੀਦੀ ਜੋੜ ਮੇਲੇ ਸਮੇਂ ਹਰ ਵਿਅਕਤੀ ਆਪਣੀ-ਆਪਣੀ ਜਗ੍ਹਾ ਬੈਠ ਕੇ ਇਸ ਇਕ ਘੰਟੇ ਲਈ ਬੰਦਗੀ ਵਿਚ ਜੁੜ ਜਾਵੇ। ਇਸ ਇਕ ਘੰਟੇ ਲਈ ਤਾਂ ਇੰਝ ਜਾਪੇ ਜਿਵੇਂ ਸਮੁੱਚਾ ਜਨਜੀਵਨ ਹੀ 'ਮਾਸੂਮ ਸ਼ਹੀਦਾਂ' ਦੀ ਅਕੀਦਤ ਵਿਚ ਜੁੜ ਗਿਆ ਹੈ। ਇੰਜ ਕਰਨ ਨਾਲ ਸ਼ਹੀਦਾਂ ਪ੍ਰਤੀ ਸ਼ਰਧਾ ਅਤੇ ਸਨਮਾਨ ਪ੍ਰਗਟ ਕਰਨ ਦੇ ਅਦਬ ਵਿਚ ਇਕ ਨਿਵੇਕਲਾ ਬਾਬ ਨਮੂਦਾਰ ਹੋਵੇਗਾ। ਕਿੰਨਾ ਮਾਣ ਸੀ ਦਸਮ ਪਾਤਸ਼ਾਹ ਹਜ਼ੂਰ ਨੂੰ ਆਪਣੇ ਸਿੱਖਾਂ ਅਤੇ ਗੁਰੂ ਖਾਲਸੇ 'ਤੇ ਜਦੋਂ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਮਹਾਰਾਜ ਨੇ ਬੜੇ ਫ਼ਖ਼ਰ ਨਾਲ ਫ਼ਰਮਾਇਆ ਸੀ,

''ਇਨ ਪੁਤ੍ਰਨ ਕੇ ਸੀਸ ਪੈ, ਵਾਰ ਦੀਏ ਸੁਤ ਚਾਰ।।
ਚਾਰ ਮੂਏ ਤੋ ਕਿਆ ਭਯਾ, ਜੀਵਤ ਕਈ ਹਜ਼ਾਰ।।"

28 Dec. 2018