Davindar Daman

ਨਵੇਂ ਵਰ੍ਹੇ ਮੌਕੇ ਇਕ ਸਨਕੀ ਨਾਟਕਕਾਰ ਦਾ ਸੁਨੇਹਾ - ਦਵਿੰਦਰ ਦਮਨ

ਮੈਂ ਸਾਰੇ ਧਰਤੀ ਵਾਸੀਆਂ ਨੂੰ ਸਾਲ 2023 ਨਵੇਂ ਵਰ੍ਹੇ ਦੀ ਮੁਬਾਰਕ ਦਿੰਦਾ ਹਾਂ ਅਤੇ ਇਕ ਸੁਨੇਹਾ ਵੀ।
ਓਦਾਂ ਤਾਂ ਹਰ ਬੀਤ ਗਿਆ ਪਲ ਪਿਛਲਾ ਵਰ੍ਹਾ ਹੋ ਜਾਂਦਾ ਹੈ ਅਤੇ ਹਰ ਅਗਲਾ ਪਲ ਨਵਾਂ ਵਰ੍ਹਾ ਬਣ ਜਾਂਦਾ ਹੈ, ਪਰ ਅਸੀਂ ਜਨਵਰੀ ਦੇ ਪਹਿਲੇ ਦਿਨ ਨੂੰ ਹੀ ਨਵੇਂ ਸਾਲ ਦੀ ਸ਼ੁਰੂਆਤ ਮੰਨ ਲਿਆ ਹੈ। ਮੈਂ ਆਪਣੀ ਜ਼ਿੰਦਗੀ ਦੇ 79 ਸਾਲ ਹੰਢਾ ਕੇ 3 ਜਨਵਰੀ ਨੂੰ 80ਵੇਂ ਸਾਲ ਵਿਚ ਕਦਮ ਰੱਖਿਆ ਹੈ। ਇਸ ਮੌਕੇ ਮੈਂ ਅਪਣਾ ਇਕ ਸੁਫ਼ਨਾ ਹਰ ਧਰਤੀ ਵਾਸੀ ਨਾਲ ਸਾਂਝਾ ਕਰਨਾ ਚਾਹਾਂਗਾ।
ਇਹ ਸੁਫ਼ਨਾ ਮੈਂ ਸਭ ਤੋਂ ਪਹਿਲਾਂ 1965 ਵਿਚ ਲਿਆ ਸੀ। ਇਹ ਸੁਫ਼ਨਾ ਭਾਰਤ ਅਤੇ ਪਾਕਿਸਤਾਨ ਦੇ ਯੁੱਧ ਦੀ ਉਪਜ ਸੀ ਅਤੇ ਉਸ ਸਮੇਂ ਮੈਂ ਆਪਣੇ ਪਲੇਠੇ ਨਾਟਕ ‘ਧਰਤੀ ਮਾਂ ਹੈ’ (ਨਵਾਂ ਨਾਂ ‘ਕਾਲਾ ਲਹੂ’) ਰਾਹੀਂ ਆਪਣੇ ਇਸ ਸੁਫ਼ਨੇ ਨੂੰ ਅਪਣੇ ਦੇਸ਼ਵਾਸੀਆਂ ਨਾਲ ਸਾਂਝਾ ਕਰਨ ਦਾ ਹਰ ਸੰਭਵ ਯਤਨ ਵੀ ਕੀਤਾ ਸੀ। ਅੱਜ 58 ਵਰ੍ਹੇ ਬੀਤ ਜਾਣ ਉਪਰੰਤ ਵੀ ਇਹ ਸੁਫ਼ਨਾ ਮੇਰੇ ਅੰਦਰ ਜਿਉਂ ਦਾ ਤਿਉਂ ਮੌਜੂਦ ਹੈ। ਮੇਰੇ ਅੰਦਰ ਇਹ ਸੁਫ਼ਨਾ ਇਕ ਪ੍ਰਫੁੱਲਤ ਬਿਰਖ਼ ਦਾ ਰੂਪ ਧਾਰਨ ਕਰ ਚੁੱਕਾ ਹੈ ਜੋ ਮੇਰੇ ਅੰਦਰ ਧਰਤੀ ’ਤੇ ਪਿਆਰ ਅਤੇ ਸ਼ਾਂਤੀ ਦੀ ਬਹਾਲੀ ਲਈ ਤੜਪ ਪੈਦਾ ਕਰਦਾ ਰਹਿੰਦਾ ਹੈ। ਹਰ ਧਰਮ ਪਿਆਰ ਅਤੇ ਸ਼ਾਂਤੀ ਦੀ ਪ੍ਰੇਰਨਾ ਦਿੰਦਾ ਹੈ। ਸਮੁੱਚੀ ਮਾਨਵਤਾ ਦੀ ਭਲਾਈ ਦੀ ਗੱਲ ਕਰਦਾ ਹੈ। ਪਰ ਪਿਆਰ ਅਤੇ ਸ਼ਾਂਤੀ ਕਿੱਥੇ ਹੈ? ਅਸਲ ਵਿਚ ਹਰ ਧਰਮ ਆਪਣੇ ਯੁੱਗ ਦੀ ਸੋਚ ਦੀ ਉਪਜ ਹੈ। ਸਮਾਂ ਪਾ ਕੇ ਇਹ ਸੋਚ ਧੁੰਦਲੀ ਪੈ ਜਾਂਦੀ ਹੈ ਤਾਂ ਕੁਝ ਚਲਾਕ ਅਤੇ ਖ਼ੁਦਗ਼ਰਜ਼ ਲੋਕਾਂ ਦੇ ਹੱਥਾਂ ਵਿਚ ਧਰਮ ਦੇ ਰੂਪ ਵਿਚ ਪਰਿਵਰਤਤ ਹੋ ਜਾਂਦੀ ਹੈ ਜੋ ਇਸ ਨੂੰ ਆਪਣੇ ਹਿਤਾਂ ਲਈ ਕਥਿਤ ਧਾਰਮਿਕ ਆਗੂਆਂ ਰਾਹੀਂ ਇਸ ਦੀ ਵਰਤੋਂ ਕਰਦੇ ਹਨ। ਇਹ ਚਲਾਕ ਤੇ ਖ਼ੁਦਗਰਜ਼ ਸ਼੍ਰੇਣੀ ਧਰਮ ਦਾ ਕਵਚ ਪਾ ਕੇ ਮਾਨਵਤਾ ਨੂੰ ਵੰਡਦੀ ਤੇ ਲੜਾਉਂਦੀ ਹੈ। ਦੇਸ਼ਾਂ ਦੇ ਇਲਾਕਿਆਂ ਦੇ ਟੋਟੇ ਕਰਦੀ ਹੈ। ਜੇ ਬੀਤੇ ’ਤੇ ਨਜ਼ਰ ਮਾਰੀਏ ਤਾਂ ਵੇਖਾਂਗੇ ਕਿ ਧਰਮ ਦੇ ਨਾਂ ’ਤੇ ਜਿੰਨਾ ਲਹੂ ਮਨੁੱਖ ਦਾ ਡੁੱਲ੍ਹਿਆ ਹੈ ਓਨਾ ਤਾਂ ਦੋ ਆਲਮੀ ਜੰਗਾਂ ਵਿਚ ਵੀ ਨਹੀਂ ਡੁੱਲ੍ਹਿਆ।
ਅਸੀਂ ਯੁੱਧਾਂ ਤੋਂ ਕੁਝ ਸਬਕ ਸਿੱਖੇ ਹਾਂ, ਪਰ ਧਾਰਮਿਕ ਲੜਾਈਆਂ ਨੇ ਸਾਡੇ ਅੰਦਰ ਹੋਰ ਕੱਟੜਤਾ ਅਤੇ ਜ਼ਹਿਰ ਭਰੀ ਹੈ। ਪਹਿਲੀ ਆਲਮੀ ਜੰਗ ਤੋਂ ਬਾਅਦ ਅਮਨ ਕਾਇਮ ਰੱਖਣ ਲਈ League of Nations ਦਾ ਗਠਨ ਕੀਤਾ ਗਿਆ। ਦੂਜੀ ਆਲਮੀ ਜੰਗ ਤੋਂ ਬਾਅਦ ਅਮਨ ਦੀ ਬਹਾਲੀ ਲਈ ਯੂਐੱਨਓ (UNO- United Nations Organization) ਹੋਂਦ ਵਿਚ ਲਿਆਂਦੀ। ਸਮੁੱਚੇ ਤੌਰ ’ਤੇ ਮਨੁੱਖਤਾ ਅਮਨ ਚਾਹੁੰਦੀ ਹੈ, ਪਰ ਯੁੱਧ ਦੇ ਬੱਦਲ ਅਜੇ ਵੀ ਛਾਏ ਹੋਏ ਹਨ।
ਮਨੁੱਖ ਬਹੁਤ ਤਰੱਕੀ ਕਰ ਰਿਹਾ ਹੈ। ਵਿਗਿਆਨ ਰਾਹੀਂ ਇਸ ਨੇ ਬਹੁਤ ਸੁਖ-ਸਾਧਨ ਜੁਟਾਏ ਹਨ, ਪਰ ਉਸ ਤੋਂ ਬਹੁਤੇ ਮਾਰੂ ਹਥਿਆਰ ਬਣਾਏ ਹਨ। ਅਜੇ ਰੁਕਿਆ ਨਹੀਂ। ਦਿਨੋ ਦਿਨ ਵੱਧ ਤੋਂ ਵੱਧ ਤਬਾਹੀ ਬਾਰੇ ਸੋਚ ਰਿਹਾ ਹੈ। ਹਰ ਦੇਸ਼ ਆਪਣੀ ਸੁਰੱਖਿਆ ਦੀ ਆੜ ਥੱਲੇ ਫ਼ੌਜਾਂ ਅਤੇ ਮਾਰੂ ਹਥਿਆਰਾਂ ਉਪਰ ਅਰਬਾਂ-ਖਰਬਾਂ ਰੁਪਏ ਖਰਚ ਕਰ ਰਿਹਾ ਹੈ। ਦੂਜੇ ਪਾਸੇ ਹਰ ਦੇਸ਼ ਅੰਦਰ ਥੋੜ੍ਹੇ ਬਹੁਤੇ ਫ਼ਰਕ ਨਾਲ ਗ਼ਰੀਬੀ, ਭੁੱਖਮਰੀ ਅਤੇ ਬਿਮਾਰੀਆਂ ਨਾਲ ਲੋਕ ਤੜਪ ਰਹੇ ਹਨ। ਵੇਸਵਾਗਿਰੀ ਜ਼ੋਰਾਂ ’ਤੇ ਹੈ। ਕਿੰਨੇ ਹੀ ਲੋਕਾਂ ਦੇ ਸਿਰ ’ਤੇ ਛੱਤ ਨਹੀਂ ਹੈ। ਹੋਰ ਤਾਂ ਹੋਰ ਹਜ਼ਾਰਾਂ ਹੀ ਲੋਕਾਂ ਕੋਲ ਆਪਣਾ ਦੇਸ਼ ਤਕ ਨਹੀਂ ਹੈ। ਜਦੋਂਕਿ ਇਹ ਧਰਤੀ ਕਿਸੇ ਇਕ ਦੀ ਨਹੀਂ, ਸਭ ਦੀ ਸਾਂਝੀ ਹੈ। ਇਸ ਸਭ ਕੁਝ ਲਈ ਕੌਣ ਜ਼ਿੰਮੇਵਾਰ ਹੈ? ਵੱਡਾ ਖ਼ਤਰਾ ਕਿਸ ਤੋਂ ਹੈ? ਇਹ ਕਦੋਂ ਤੀਕ ਚਲਦਾ ਰਹੇਗਾ?
ਅੱਜ ਜ਼ਰੂਰਤ ਹੈ ਕਿ ਧਰਮ, ਰੰਗ, ਨਸਲ ਅਤੇ ਜਾਤ-ਪਾਤ ਨੂੰ ਇਕ ਪਾਸੇ ਰੱਖ ਕੇ ਸਾਰੀ ਮਾਨਵਤਾ ਨੂੰ ਇਕਜੁੱਟ ਕੀਤਾ ਜਾਵੇ। ਸਾਰੇ ਵਿਸ਼ਵ ਨੂੰ ਇਕ ਵਿਸ਼ਵ ਪਿੰਡ (Global Village) ਵਿਚ ਬਦਲਿਆ ਜਾਵੇ। ਅਮੀਰ ਅਤੇ ਤਾਕਤਵਰ ਦੇਸ਼ ਆਪਣੇ ਵਪਾਰਕ ਲਾਭ ਲਈ ਤਾਂ ਵਿਸ਼ਵੀਕਰਨ ਦੀ ਹਾਮੀ ਭਰਦੇ ਹਨ ਪਰ ਸਮੁੱਚੀ ਮਾਨਵਤਾ ਦੀ ਸੁਖ-ਸ਼ਾਂਤੀ ਲਈ ਵਿਸ਼ਵੀਕਰਨ ਤੋਂ ਮੂੰਹ ਮੋੜਦੇ ਹਨ। ਵਿਸ਼ਵ-ਪਿੰਡ ਦੀ ਰਚਨਾ ਸੰਭਵ ਹੈ, ਅਸੰਭਵ ਨਹੀਂ। ਜੇਕਰ ਭਾਰਤ, ਅਮਰੀਕਾ ਅਤੇ ਕਈ ਹੋਰ ਦੇਸ਼ਾਂ ਵਿਚ ਵੀ ਵੱਖ-ਵੱਖ ਨਸਲਾਂ, ਵੱਖ-ਵੱਖ ਧਰਮਾਂ ਅਤੇ ਵੱਖੋ-ਵੱਖਰੀਆਂ ਬੋਲੀਆਂ ਬੋਲਣ ਵਾਲੇ ਲੋਕ ਵੱਖ-ਵੱਖ ਇਲਾਕਿਆਂ ਵਿਚ ਰਹਿੰਦੇ ਹੋਏ ਇਕ ਦੇਸ਼ ਵਿਚ ਇਕੱਠੇ ਰਹਿ ਸਕਦੇ ਹਨ ਤਾਂ ਸਾਰਾ ਵਿਸ਼ਵ ਇਕ ਦੇਸ਼, ਇਕ ਪਿੰਡ ਕਿਉਂ ਨਹੀਂ ਬਣ ਸਕਦਾ? ਭਾਵੇਂ ਇਸ ਵਿਚਾਰ ਨੂੰ ਮੇਰੇ ਵਰਗੇ ਸਨਕੀਆਂ ਦਾ ਇਕ ਆਦਰਸ਼ਵਾਦੀ ਸੁਫ਼ਨਾ ਹੀ ਸਮਝ ਲਿਆ ਜਾਵੇ ਪਰ ਇਹ ਸੁਫ਼ਨਾ ਸਾਕਾਰ ਹੋ ਸਕਦਾ ਹੈ। ਅੱਜ ਇਸ ਸੁਫ਼ਨੇ ਨੂੰ ਸਾਕਾਰ ਕਰਨ ਦੀ ਅਤਿਅੰਤ ਲੋੜ ਹੈ। ਮੰਨਿਆ ਕਿ ਮੁੱਠੀ ਭਰ ਲਾਲਚੀ ਅਤੇ ਖ਼ੁਦਗ਼ਰਜ਼ ਲੋਕਾਂ ਦੀ ਇਕ ਸ਼੍ਰੇਣੀ ਇਸ ਸੁਫ਼ਨੇ ਦਾ ਡਟ ਕੇ ਵਿਰੋਧ ਕਰੇਗੀ। ਪਰ ਫਿਰ ਕੀ ਹੋਇਆ? ਵਿਰੋਧ ਤੋਂ ਡਰਨ ਦੀ ਲੋੜ ਨਹੀਂ। ਵਿਰੋਧ ਵਿਚੋਂ ਹੀ ਵਿਕਾਸ ਪੈਦਾ ਹੁੰਦਾ ਹੈ। ਹੁਣ ਤਕ ਦਾ ਸਾਰਾ ਵਿਕਾਸ ਵਿਰੋਧ ਦਾ ਹੀ ਸਿੱਟਾ ਹੈ। ਇਸ ਸੁਫ਼ਨੇ ਦੀ ਪੂਰਤੀ ਲਈ ਬਹੁਤ ਯਤਨਾਂ ਦੀ ਲੋੜ ਹੈ। ਧਰਤੀ ਦੇ ਹਰ ਵਾਸੀ ਨੂੰ ਇਸ ਸੁਫ਼ਨੇ ਪ੍ਰਤੀ ਸੁਚੇਤ ਕਰਨਾ ਪਵੇਗਾ। ਸਵਾਲ ਪੈਦਾ ਹੁੰਦਾ ਹੈ ਕਿ ਕੌਣ ਸੁਚੇਤ ਕਰੇਗਾ? ਸ਼ੁਰੂ ਵਿਚ ਇਹ ਕੰਮ ਵਿਗਿਆਨੀਆਂ, ਚਿੰਤਕਾਂ, ਬੁੱਧੀਜੀਵੀਆਂ ਅਤੇ ਸਭ ਤੋਂ ਵਧ ਕੇ ਲੇਖਕਾਂ, ਰੰਗਕਰਮੀਆਂ ਅਤੇ ਕਲਾਕਾਰਾਂ ਦਾ ਕਰਨਾ ਬਣਦਾ ਹੈ। ਉਹ ਹੀ ਲੋਕਾਂ ਦੇ ਮਨ ਅੰਦਰ ਇਸ ਸੁਫ਼ਨੇ ਦਾ ਬੀਜ, ਬੀਜ ਸਕਦੇ ਹਨ। ਉਸ ਤੋਂ ਬਾਅਦ ਸਮਾਜ ਸੇਵੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਦੀ ਆਵਾਜ਼ ਨੂੰ ਸੰਗਠਤ ਰੂਪ ਵਿਚ ਆਪੋ ਆਪਣੀਆਂ ਸਰਕਾਰਾਂ ਕੋਲ ਪਹੁੰਚਾਉਣ ਵਾਲੇ ਪਾਸੇ ਨਾ ਸਿਰਫ਼ ਪ੍ਰੇਰਨ ਸਗੋਂ ਸੁਪਨੇ ਨੂੰ ਸਾਕਾਰ ਕਰਨ ਲਈ ਜ਼ੋਰਦਾਰ ਸੰਘਰਸ਼ ਵੀ ਕਰਨ। ਸੁਫ਼ਨਿਆਂ ਵਿਚ ਬਹੁਤ ਸ਼ਕਤੀ ਹੁੰਦੀ ਹੈ। ਸੁਫ਼ਨੇ ਹੌਲੀ ਹੌਲੀ ਸਾਡੀ ਸੋਚ ਦਾ ਹਿੱਸਾ ਬਣ ਜਾਂਦੇ ਹਨ, ਫਿਰ ਸੋਚ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਕਿਰਿਆਸ਼ੀਲ ਹੁੰਦੀ ਹੈ ਤੇ ਅੰਤ ਸੁਫ਼ਨਿਆਂ ਨੂੰ ਸਾਕਾਰ ਕਰਨ ਵਿਚ ਸਫ਼ਲ ਹੋ ਜਾਂਦੀ ਹੈ। ਅੱਜ ਤਕ ਦਾ ਸਾਰਾ ਵਿਕਾਸ ਮਨੁੱਖ ਦੇ ਸੁਪਨਿਆਂ ਦਾ ਸਾਕਾਰਾਤਮਿਕ ਸਰੂਪ ਹੈ। ਇਨ੍ਹਾਂ ਸੁਫ਼ਨਿਆਂ ਨੇ ਹੀ ਮਨੁੱਖ ਨੂੰ ਚੰਦ, ਹੋਰਨਾਂ ਧਰਤੀਆਂ ਅਤੇ ਸਿਤਾਰਿਆਂ ਤੀਕ ਪੁੱਜਣ ਦੀ ਪ੍ਰੇਰਨਾ ਦਿੱਤੀ ਹੈ। ਸੋ ਆਓ, ਇਕੱਠੇ ਹੋ ਕੇ ਹੰਭਲਾ ਮਾਰੀਏ। ਆਮੀਨ!
ਸੰਪਰਕ : 98551-09660