Dr-Dharm-Singh

ਪੰਜਾਬੀ ਵਿਦਵਤਾ ਵਿਚ ਨਿਘਾਰ ਅਤੇ ਉਲਾਰ - ਡਾ. ਧਰਮ ਸਿੰਘ

ਸ਼ਿਸ਼ਟਾਚਾਰ ਵਜੋਂ ਅਸੀਂ ਡਾਕਟਰੇਟ ਦੀ ਡਿਗਰੀ ਪ੍ਰਾਪਤ ਹਰੇਕ ਵਿਅਕਤੀ ਨੂੰ ਵਿਦਵਾਨ ਵਜੋਂ ਸੰਬੋਧਨ ਕਰਨ ਦੇ ਆਦੀ ਹਾਂ, ਪਰ ਅਸਲ ਵਿਚ ਵਿਦਵਤਾ ਬਹੁਤ ਦੂਰ ਦੀ ਚੀਜ਼ ਹੈ। ਵਿਦਵਾਨ ਬਣਨ ਲਈ ਕਿਸੇ ਵੀ ਵਿਅਕਤੀ ਨੂੰ ਕਿਸੇ ਖ਼ਾਸ ਖੇਤਰ ਵਿਚ ਲੰਮਾ ਸਮਾਂ ਖੋਜ ਜਾਂ ਆਲੋਚਨਾ ਦਾ ਮਿਆਰੀ ਕੰਮ ਕਰਕੇ ਵਿਖਾਉਣਾ ਪੈਂਦਾ ਹੈ। ਪੰਜਾਬੀ ਵਿਚ ਉਪਾਧੀ ਸਾਪੇਖ ਖੋਜ/ਆਲੋਚਨਾ ਨੂੰ ਆਰੰਭ ਹੋਇਆਂ ਇਕ ਸਦੀ ਹੋਣ ਵਾਲੀ ਹੈ, ਬੇਸ਼ੱਕ ਉਪਾਧੀ ਨਿਰਪੇਖ ਖੋਜ ਦੀ ਉਮਰ ਸੌ ਸਾਲ ਤੋਂ ਕਿਤੇ ਜ਼ਿਆਦਾ ਹੈ। ਪੰਜਾਬੀ ਵਿਦਵਤਾ ਦੇ ਇਤਿਹਾਸ ਉਪਰ ਝਾਤੀ ਮਾਰੀਏ ਤਾਂ ਕੁਝ ਸਿੱਟੇ ਯਕੀਨਨ ਹੀ ਕੱਢੇ ਜਾ ਸਕਦੇ ਹਨ। ਗੁਰਬਾਣੀ ਦੀ ਖੋਜ ਤੋਂ ਗੱਲ ਸ਼ੁਰੂ ਕਰੀਏ ਤਾਂ ਸ਼ੇਰ ਸਿੰਘ, ਸੁਰਿੰਦਰ ਸਿੰਘ ਕੋਹਲੀ, ਤਾਰਨ ਸਿੰਘ, ਪ੍ਰੋ. ਸਾਹਿਬ ਸਿੰਘ, ਦੀਵਾਨ ਸਿੰਘ, ਰਤਨ ਸਿੰਘ ਜੱਗੀ, ਗੁਰਬਚਨ ਸਿੰਘ ਤਾਲਿਬ ਅਤੇ ਪਿਆਰਾ ਸਿੰਘ ਪਦਮ ਆਦਿ ਵਿਦਵਾਨਾਂ ਦੇ ਨਾਂ ਸਹਿਜੇ ਹੀ ਲਏ ਜਾ ਸਕਦੇ ਹਨ। ਇਸ ਖੇਤਰ ਦੀ ਖੋਜ ਨੂੰ ਉਤਸ਼ਾਹਿਤ ਕਰਨ ਵਿਚ ਸੁਰਿੰਦਰ ਸਿੰਘ ਕੋਹਲੀ ਨੇ ਜੋ ਯਤਨ ਕੀਤੇ, ਉਸ ਦੀ ਕੁਝ ਝਲਕ ਉਸ ਦੀ ਸਵੈ-ਜੀਵਨੀ ਮੂਲਕ ਪੁਸਤਕ 'ਮੈਂ ਅਤੇ ਪੰਜਾਬੀ ਸਾਹਿਤ' ਵਿਚੋਂ ਵੇਖੀ ਜਾ ਸਕਦੀ ਹੈ।
       ਸੂਫ਼ੀ ਕਾਵਿ ਦੇ ਗਹਿਨ ਅਧਿਐਨ ਸਬੰਧੀ ਮੋਹਨ ਸਿੰਘ ਦੀਵਾਨਾ, ਲਾਜਵੰਤੀ ਰਾਮਾ ਕ੍ਰਿਸ਼ਨਾ, ਜੀਤ ਸਿੰਘ ਸੀਤਲ, ਸਾਧੂ ਰਾਮ ਸ਼ਾਰਦਾ, ਗੁਰਦੇਵ ਸਿੰਘ, ਕੁਲਜੀਤ ਸ਼ੈਲੀ ਅਤੇ ਗੁਰਚਰਨ ਸਿੰਘ ਤਲਵਾੜਾ ਦੇ ਕੰਮ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਕਿੱਸਾ ਕਾਵਿ ਵਿਚ ਹਰਨਾਮ ਸਿੰਘ ਸ਼ਾਨ, ਜੀਤ ਸਿੰਘ ਸੀਤਲ, ਗੁਰਦੇਵ ਸਿੰਘ, ਸ. ਸ. ਅਮੋਲ ਅਤੇ ਕੁਲਬੀਰ ਸਿੰਘ ਕਾਂਗ ਆਦਿ ਦੇ ਕੰਮਾਂ ਨੂੰ ਕਦਰ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਮੱਧਕਾਲੀਨ ਵਾਰਤਕ ਬਾਰੇ ਪਿਆਰ ਸਿੰਘ, ਤਰਲੋਚਨ ਸਿੰਘ ਬੇਦੀ, ਰਤਨ ਸਿੰਘ ਜੱਗੀ, ਸੰਤ ਸਿੰਘ ਪਦਮ ਦੇ ਨਾਂ ਸਹਿਜੇ ਹੀ ਲਏ ਜਾ ਸਕਦੇ ਹਨ। ਲੋਕ ਸਾਹਿਤ ਵਿਚ ਕਰਨੈਲ ਸਿੰਘ ਥਿੰਦ, ਵਣਜਾਰਾ ਬੇਦੀ, ਨਾਹਰ ਸਿੰਘ, ਕਰਨਜੀਤ ਸਿੰਘ ਆਦਿ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਭਾਵ ਇਹ ਹੈ ਕਿ ਇਹ ਸਾਰੇ ਵਿਦਵਾਨ ਇਨ੍ਹਾਂ ਖੇਤਰਾਂ ਵਿਚ ਆਪੋ ਆਪਣੀ ਪਛਾਣ ਬਣਾ ਚੁੱਕੇ ਹਨ।
     ਏ.ਪੀ.ਆਈ. ਸਕੋਰ ਬਿਹਤਰ ਕਰਕੇ ਅਗਲੀ ਤਰੱਕੀ ਲਈ ਅੰਕਾਂ ਵਿਚ ਵਾਧਾ ਕਰਨ ਦੀ ਗਰਜ਼ ਵਜੋਂ ਹੁਣ ਬਹੁਤੇ ਅਧਿਆਪਕ ਸਾਧਾਰਨ ਪੱਧਰ ਦੀ ਸੰਪਾਦਨਾ ਵੱਲ ਹੋ ਤੁਰੇ ਹਨ। ਵਾਕਫ਼ ਜਾਂ ਹਮਜਮਾਤੀਆਂ ਕੋਲੋਂ ਦਸ-ਬਾਰਾਂ ਲੇਖ ਇਕੱਠੇ ਕਰਕੇ ਉਸ ਨੂੰ ਕਿਤਾਬੀ ਰੂਪ ਵਿਚ ਛਾਪ ਕੇ ਆਪਣੇ ਨਾਂ ਇਕ ਪ੍ਰਕਾਸ਼ਨਾ ਹੋਰ ਜੋੜਨ ਦੀ ਹੋੜ ਲੱਗੀ ਹੋਈ ਹੈ। ਖੋਜ ਜਾਂ ਆਲੋਚਨਾ ਦੇ ਨਾਂ ਉਪਰ ਜੋ ਨਵੀਆਂ ਪੁਸਤਕਾਂ ਛਪ ਰਹੀਆਂ ਹਨ, ਉਨ੍ਹਾਂ ਵਿਚ ਬਹੁਗਿਣਤੀ ਅਜਿਹੇ ਅਧਿਆਪਕਾਂ ਦੀ ਹੈ। ਅਜਿਹੀਆਂ ਪ੍ਰਕਾਸ਼ਨਾਵਾਂ ਦਾ ਮੁੱਲ ਵਕਤੀ ਹੀ ਹੁੰਦਾ ਹੈ। ਇਸ ਰੁਝਾਨ ਦੇ ਨਤੀਜੇ ਵਜੋਂ ਕਈ ਖੇਤਰ ਬਿਲਕੁਲ ਅਣਗੌਲੇ ਰਹਿ ਗਏ ਹਨ ਅਤੇ ਕਈਆਂ ਵਿਚ ਘੜਮੱਸ ਹੈ। ਇਸ ਰੁਝਾਨ ਦਾ ਸਿੱਟਾ ਇਹ ਨਿਕਲਿਆ ਹੈ ਕਿ ਪੰਜਾਬੀ ਵਿਦਵਤਾ ਵਿਚ ਉਲਾਰ ਪੈਦਾ ਹੋ ਗਿਆ ਹੈ। ਉਦਾਹਰਣ ਵਜੋਂ ਪੰਜਾਬੀ ਗਲਪ ਦੀ ਗੱਲ ਕਰੀਏ ਤਾਂ ਦੋ ਦਰਜਨ ਤੋਂ ਵੀ ਵਧੇਰੇ ਵਿਦਵਾਨ ਇਸ ਨੂੰ ਆਪਣੀ ਵਿਸ਼ੇਸ਼ਗਤਾ ਦਾ ਖੇਤਰ ਦੱਸਦੇ ਹਨ। ਲੋਕ ਸਾਹਿਤ, ਆਧੁਨਿਕ ਪੰਜਾਬੀ ਕਵਿਤਾ, ਪੰਜਾਬੀ ਨਾਟਕ, ਪਰਵਾਸੀ ਪੰਜਾਬੀ ਸਾਹਿਤ ਬਾਰੇ ਵੀ ਅਜਿਹਾ ਹੀ ਕਿਹਾ ਜਾ ਸਕਦਾ ਹੈ। ਇਸ ਦੇ ਉਲਟ ਹਵਾਲਾ ਸਾਹਿਤ, ਆਧੁਨਿਕ ਪੰਜਾਬੀ ਵਾਰਤਕ, ਸਾਹਿਤ-ਇਤਿਹਾਸਕਾਰੀ, ਪੰਜਾਬੀ ਕਾਵਿ ਸ਼ਾਸਤਰ ਆਦਿ ਕੁਝ ਅਜਿਹੇ ਖੇਤਰ ਹਨ ਜਿਨ੍ਹਾਂ ਵਿਚ ਕਿੰਨੇ ਕੁ ਨਾਵਲਾਂ ਦੇ ਨਾਂ ਲਏ ਜਾ ਸਕਦੇ ਹਨ?
       ਪੰਜਾਬੀ ਵਿਦਵਤਾ ਦੇ ਉਲਾਰ ਦੀ ਅਜਿਹੀ ਹਾਲਤ ਦਾ ਮੈਨੂੰ ਦੋ ਮੌਕਿਆਂ ਉਪਰ ਵਿਸ਼ੇਸ਼ ਅਹਿਸਾਸ ਹੋਇਆ।
     ਪਹਿਲਾ ਉਦੋਂ ਜਦੋਂ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਵਿਭਾਗ ਦਾ ਮੁਖੀ ਸੀ। ਵਿਭਾਗ ਦਾ ਮੁਖੀ ਆਪਣੇ ਅਹੁਦੇ ਕਰਕੇ ਬੋਰਡ ਆਫ਼ ਸਟੱਡੀਜ਼ ਦਾ ਚੇਅਰਮੈਨ ਵੀ ਹੁੰਦਾ ਹੈ। ਪੰਜਾਬੀ ਦੀਆਂ ਉਚੇਰੀਆਂ ਕਲਾਸਾਂ ਜਿਵੇਂ ਐਮ.ਏ., ਐਮ.ਫਿਲ. ਅਤੇ ਪੀਐੱਚ.ਡੀ. ਲਈ ਪ੍ਰੀਖਿਅਕਾਂ ਦੀਆਂ ਨਿਯੁਕਤੀਆਂ ਬੋਰਡ ਆਫ਼ ਸਟੱਡੀਜ਼ ਵੱਲੋਂ ਹੁੰਦੀਆਂ ਹਨ। ਯੂਨੀਵਰਸਿਟੀਆਂ ਵੱਲੋਂ ਆਮ ਕਰਕੇ ਇਹ ਹਦਾਇਤਾਂ ਹੁੰਦੀਆਂ ਹਨ ਕਿ ਖੇਤਰ ਵਿਸ਼ੇਸ਼ ਦੇ ਵਿਦਵਾਨਾਂ ਨੂੰ ਹੀ ਪ੍ਰੀਖਿਅਕ ਨਿਯੁਕਤ ਕੀਤਾ ਜਾਵੇ। ਮੁੱਖ ਪ੍ਰੀਖਿਅਕ ਦੇ ਨਾਲ-ਨਾਲ ਉਡੀਕ ਸੂਚੀ ਵੀ ਬਣਾ ਕੇ ਦੇਣੀ ਹੁੰਦੀ ਹੈ। ਮੱਧਕਾਲੀ ਸਾਹਿਤ ਪੰਜਾਬੀ ਸਾਹਿਤ ਦਾ ਅਨਮੋਲ ਵਿਰਸਾ ਹੈ ਜਿਸ ਨੂੰ ਕਿਸੇ ਵੀ ਸੂਰਤ ਵਿਚ, ਕਿਸੇ ਵੀ ਯੂਨੀਵਰਸਿਟੀ ਵੱਲੋਂ ਅਣਡਿੱਠ ਨਹੀਂ ਕੀਤਾ ਜਾ ਸਕਦਾ, ਪਰ ਪ੍ਰੀਖਿਅਕਾਂ ਦੀਆਂ ਨਿਯੁਕਤੀਆਂ ਕਰਨ ਵਾਲੇ ਇਸ ਖੇਤਰ ਵਿਚ ਕਾਲ ਪਿਆ ਵਿਖਾਈ ਦਿੰਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਮੱਧਕਾਲੀ ਸਾਹਿਤ ਵਿਚ ਖੋਜ ਜਾਂ ਆਲੋਚਨਾ ਦਾ ਕੰਮ ਕਰਨ ਵਾਲੇ ਵਿਦਵਾਨਾਂ ਦੀ ਗਿਣਤੀ ਹੁਣ ਨਾਂ-ਮਾਤਰ ਹੈ। ਇਸ ਦਾ ਹੱਲ ਇਹ ਕੱਢਿਆ ਜਾਂਦਾ ਕਿ ਸੀਨੀਅਰ ਅਧਿਆਪਕਾਂ ਨੂੰ ਨਿਯੁਕਤ ਕੀਤਾ ਜਾਵੇ ਜਾਂ ਫਿਰ ਇਕ ਤੋਂ ਵਧੀਕ ਖੇਤਰਾਂ ਵਿਚ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣ। ਅੱਜਕੱਲ੍ਹ ਇਕ ਹੋਰ ਭੈੜ ਚੱਲ ਪਿਆ ਹੈ। ਉਹ ਇਹ ਹੈ ਕਿ ਨਿਯੁਕਤ ਪ੍ਰੀਖਿਅਕਾਂ ਵੱਲੋਂ ਭੇਜਿਆ ਜਾਂਦਾ ਪ੍ਰਸ਼ਨ ਪੱਤਰ ਉਸੇ ਰੂਪ ਵਿਚ ਪ੍ਰਵਾਨ ਕਰਨ ਦੀ ਬਜਾਇ ਸਰਲ ਅਤੇ ਸੌਖਾ ਬਣਾ ਕੇ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਸ ਵਰਤਾਰੇ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਹੈ ਕਿ ਉਚੇਰੀਆਂ ਜਮਾਤਾਂ ਦੇ ਵਿਦਿਆਰਥੀਆਂ ਕੋਲੋਂ ਜਿਸ ਮੌਲਿਕ ਅਤੇ ਗਹਿਰ ਗੰਭੀਰ ਸੋਚ ਦੀ ਤਵੱਕੋ ਕੀਤੀ ਜਾਂਦੀ ਹੈ, ਉਸ ਦੀ ਨੀਂਹ ਮਨਫ਼ੀ ਹੋ ਜਾਂਦੀ ਹੈ। ਅਤਿਅੰਤ ਸਾਦੇ ਬਣਾ ਕੇ ਪੁੱਛੇ ਪ੍ਰਸ਼ਨਾਂ ਕਰਕੇ ਹੁਣ ਬੀ.ਏ. ਅਤੇ ਉਚੇਰੀਆਂ ਕਲਾਸਾਂ ਦੇ ਪ੍ਰਸ਼ਨ ਪੱਤਰਾਂ ਵਿਚਕਾਰ ਕੋਈ ਅੰਤਰ ਨਹੀਂ ਰਹਿ ਗਿਆ। ਵਿਦਿਆਰਥੀਆਂ ਵਿਚ ਮੌਲਿਕਤਾ ਅਤੇ ਨਵੇਂਪਣ ਦੀ ਘਾਟ ਪੈਦਾ ਹੋ ਗਈ ਹੈ।
      ਦੂਜਾ ਤੀਬਰ ਅਹਿਸਾਸ ਉਦੋਂ ਹੋਇਆ ਜਦੋਂ ਪੰਜਾਬੀ ਅਕਾਦਮੀ, ਦਿੱਲੀ ਵੱਲੋਂ ਵੱਡ-ਆਕਾਰੀ ਪੰਜਾਬੀ ਸਾਹਿਤ ਦਾ ਇਤਿਹਾਸ (ਚੌਦਾਂ ਜਿਲਦਾਂ) ਤਿਆਰ ਕਰਵਾਉਣ ਦਾ ਬੀੜਾ ਚੁੱਕਿਆ ਗਿਆ। ਮੇਰੇ ਹਿੱਸੇ ਪੰਜਾਬੀ ਖੋਜ ਦਾ ਇਤਿਹਾਸ (ਚੌਦਵੀਂ ਜਿਲਦ) ਲਿਖਣਾ ਆਇਆ। ਆਰੰਭ ਤੋਂ ਹੀ ਇਸ ਪ੍ਰਤਿਸ਼ਿਠਤ ਪ੍ਰਾਜੈਕਟ ਨਾਲ ਜੁੜਿਆ ਹੋਣ ਕਰਕੇ ਮੈਨੂੰ ਇਸ ਦੀਆਂ ਲਗਪਗ ਸਾਰੀਆਂ ਬੈਠਕਾਂ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਪ੍ਰਾਜੈਕਟ ਮੁਕੰਮਲ ਹੋਇਆ। ਚੌਦਾਂ ਜਿਲਦਾਂ ਵਿਚ ਪ੍ਰਕਾਸ਼ਿਤ ਇਸ ਵਿਸ਼ੇ ਵਿਚ ਘੱਟੋ ਘੱਟ ਅੱਧੀਆਂ ਪੁਸਤਕਾਂ ਅਜਿਹੀਆਂ ਹਨ ਜਿਹੜੀਆਂ ਮੂਲ ਰੂਪ ਵਿਚ, ਵਿਸ਼ੇਸ਼ਗ ਜਾਣ ਕੇ ਜਿਨ੍ਹਾਂ ਨੂੰ ਸੌਂਪੀਆਂ ਗਈਆਂ ਸਨ, ਉਹ ਦੌੜ ਗਏ ਅਤੇ ਉਨ੍ਹਾਂ ਦੀ ਥਾਂ ਉਹ ਕੰਮ ਕਿਸੇ ਹੋਰ ਨੂੰ ਦੇਣਾ ਪਿਆ। ਛਪੀਆਂ ਪੁਸਤਕਾਂ ਵਿਚ ਤਿੰਨ-ਚਾਰ ਅਜਿਹੀਆਂ ਹਨ ਜਿਨ੍ਹਾਂ ਬਾਰੇ ਸਰਗੋਸ਼ੀਆਂ ਹਨ ਕਿ ਉਹ ਦੂਸਰੀਆਂ ਦੇ ਟਾਕਰੇ ਮਿਆਰੀ ਨਹੀਂ ਹਨ।
     ਅੱਜ ਜੇ ਕੋਈ ਅਜਿਹੇ ਪ੍ਰਾਜੈਕਟ ਨੂੰ ਹੱਥ ਵਿਚ ਲਵੇ ਤਾਂ ਉਸ ਨੂੰ ਪਹਿਲੀਆਂ ਨਾਲੋਂ ਵੀ ਵਧੇਰੀਆਂ ਅਤੇ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਵਿਦਵਤਾ ਦੀ ਜੋਤ ਇਕ ਤੋਂ ਦੂਜੀ ਅਤੇ ਦੂਜੀ ਤੋਂ ਤੀਜੀ ਪੀੜ੍ਹੀ ਰਾਹੀਂ ਪ੍ਰਜਲਵਿਤ ਹੁੰਦੀ ਹੈ, ਪਰ ਹੁਣ ਤਾਂ ਜੋਤ ਵਿਚੋਂ ਘਿਉ ਹੀ ਮੁੱਕ ਰਿਹਾ ਹੈ, ਇਸ ਲਈ ਇਸ ਦਾ ਬੁਝਣਾ ਨਿਸ਼ਚਿਤ ਹੈ। ਮੱਧਕਾਲੀ ਸਾਹਿਤ, ਵਿਰਸਾ ਹੋਣ ਕਰਕੇ, ਹਰ ਥਾਂ ਹਰ ਸਮੇਂ ਪੜ੍ਹਾਇਆ ਜਾਂਦਾ ਰਹੇਗਾ, ਪਰ ਪੜ੍ਹਾਉਣ ਵਾਲੇ ਅਧਿਆਪਕ ਕਿੱਥੋਂ ਲੱਭਣਗੇ? ਇਹ ਸੋਚ ਕੇ ਸਿਰ ਚਕਰਾਅ ਜਾਂਦਾ ਹੈ। ਕਹਿੰਦੇ ਹਨ ਸ਼ੋਅ ਜਾਰੀ ਰਹਿਣਾ ਚਾਹੀਦਾ ਹੈ, ਪਰ ਇਹ ਸ਼ੋਅ ਇਕ ਫਲਾਪ ਸ਼ੋਅ ਬਣ ਕੇ ਰਹਿ ਜਾਵੇਗਾ। ਕਹਿਣ ਦੀ ਲੋੜ ਨਹੀਂ ਕਿ ਪੰਜਾਬੀ ਵਿਚ ਵਿਸ਼ੇਸ਼ਗਾਂ ਜਾਂ ਮਾਹਰਾਂ ਦਾ ਕਾਲ ਪੈ ਰਿਹਾ ਹੈ, ਫੁਟਕਲੀਆਂ ਅਤੇ ਕੱਚਘਰੜਾਂ ਦੀ ਭਰਮਾਰ ਹੋ ਰਹੀ ਹੈ ਜਿਸ ਦਾ ਖ਼ਮਿਆਜ਼ਾ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਅੱਗੇ ਵੀ ਭੁਗਤਣਾ ਪਵੇਗਾ। ਪੰਜਾਬੀ ਵਿਚ ਡਾਕਟਰੇਟ ਦੀ ਡਿਗਰੀ ਹਾਸਲ ਕਰਨ ਵਾਲਿਆਂ ਦੀ ਗਿਣਤੀ ਤਾਂ ਧੜਾਧੜ ਵਧ ਰਹੀ ਹੈ, ਪਰ ਵਿਦਵਤਾ ਵਿਚ ਨਿਘਾਰ ਆ ਰਿਹਾ ਹੈ ਅਤੇ ਇਹ ਉਲਾਰ ਵੀ ਹੋ ਰਹੀ ਹੈ।
      ਸੰਨ 2018 ਵਿਚ ਪ੍ਰਕਾਸ਼ਿਤ ਮੇਰੀ ਪੁਸਤਕ 'ਪੰਜਾਬੀ ਖੋਜ ਸੰਦਰਭ' ਦੇ ਤੀਜੇ ਸੰਸਕਰਣ ਵਿਚ ਪੰਜਾਬੀ ਵਿਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਦੋ ਹਜ਼ਾਰ ਤੋਂ ਉਪਰ ਦੱਸੀ ਹੈ ਜੋ ਹੁਣ ਇੱਕੀ ਸੌ ਤੋਂ ਉਪਰ ਹੋ ਗਈ ਹੋਵੇਗੀ, ਪਰ ਵਿਦਵਤਾ ਦੇ ਖੇਤਰ ਵਿਚ ਕਿੰਨੇ ਕੁ ਲੋਕ ਹੁਣ ਕਾਰਜਸ਼ੀਲ ਹਨ? ਇਹ ਇਕ ਗੰਭੀਰ ਪ੍ਰਸ਼ਨ ਹੈ। ਹੁਣ ਸਵਾਲ ਇਹ ਹੈ ਕਿ ਉਲਾਰ ਨੂੰ ਸੰਤੁਲਨ ਵਿਚ ਕਿਵੇਂ ਬਦਲਿਆ ਜਾਵੇ? ਇਸ ਦਾ ਮੈਨੂੰ ਇਕੋ ਹੱਲ ਇਹ ਪ੍ਰਤੀਤ ਹੁੰਦਾ ਹੈ ਕਿ ਖੋਜ ਵਿਸ਼ਿਆਂ ਬਾਰੇ ਮੁੜ ਤੋਂ ਸੋਚਿਆ ਜਾਵੇ। ਖੋਜ ਵਿਸ਼ਾ ਸੁਝਾਉਣ ਵਿਚ ਨਿਗਰਾਨ ਦੀ ਭੂਮਿਕਾ ਮਹੱਤਵਪੂਰਨ ਹੈ, ਇਸ ਲਈ ਇਹ ਜ਼ਿੰਮੇਵਾਰੀ ਨਿਗਰਾਨਾਂ ਨੂੰ ਹੀ ਨਿਭਾਉਣੀ ਪਵੇਗੀ। ਖੋਜ ਵਿਦਿਆਰਥੀ ਦੀ ਭੂਮਿਕਾ ਜਾਂ ਤਾਂ ਹੁੰਦੀ ਨਹੀਂ ਅਤੇ ਜੇ ਹੁੰਦੀ ਹੈ ਤਾਂ ਬਹੁਤ ਸੀਮਿਤ। ਇਸ ਲਈ ਨਿਗਰਾਨ ਮੱਧਕਾਲੀ ਪੰਜਾਬੀ ਸਾਹਿਤ ਬਾਰੇ ਨਵੇਂ ਅਤੇ ਮੌਲਿਕ ਖੋਜ ਵਿਸ਼ੇ ਲਿਆ ਕਰਨ। ਪੰਜਾਬੀ ਵਿਚ ਖੋਜ ਵਿਸ਼ਿਆਂ ਦੀ ਕੋਈ ਕਮੀ ਨਹੀਂ, ਲੋੜ ਸਿਰਫ਼ ਸੰਜੀਦਗੀ ਨਾਲ ਸੋਚਣ ਅਤੇ ਮਿਹਨਤ ਕਰਨ ਦੀ ਹੈ।
ਸੰਪਰਕ : 98889-39808