ਪੰਜਾਬੀ ਸੱਭਿਆਚਾਰ ਦੇ ਸਬਾਲਟਰਨ ਪੱਖ - ਡਾ. ਮਨਮੋਹਨ
ਮਾਨਵ ਵਿਗਿਆਨੀਆਂ ਅਨੁਸਾਰ ਸੱਭਿਆਚਾਰ ਮਨੁੱਖ ਦੁਆਰਾ ਬਣਾਇਆ ਗਿਆ ਵਾਤਾਵਰਣ ਜਾਂ ਈਕੋ ਸਿਸਟਮ ਹੈ ਜਿਸ ਵਿਚ ਉਸ ਸੱਭਿਆਚਾਰ ਦੇ ਲੋਕ ਵਿਚਰਦੇ ਅਤੇ ਵਿਵਹਾਰ ਕਰਦੇ ਹਨ। ਇਸ ਵਿੱਚ ਮਨੁੱਖ ਆਪਣੀਆਂ ਲੋੜਾਂ ਨੂੰ ਪੂਰਾ ਕਰਦਾ ਹੋਇਆ ਗੁਣਾਂ, ਆਦਤਾਂ ਅਤੇ ਪ੍ਰਤੀਮਾਨਾਂ ਨੂੰ ਸਿੱਖਦਾ ਹੈ। ਇਸ ਲਈ ਸੱਭਿਆਚਾਰ ਦਾ ਸਬੰਧ ਅਜਿਹੇ ਮਾਨਵੀ ਤੱਤਾਂ ਨਾਲ ਹੈ ਜਿਹੜੇ ਮਨੁੱਖ ਨੂੰ ਸੱਭਿਅਕ ਬਣਾਉਂਦੇ ਹਨ।
ਸਬਾਲਟਰਨ ਸ਼ਬਦ ਦੀ ਵੀ ਉਤਪਤੀ ਬਾਰੇ ਕਿਹਾ ਜਾ ਸਕਦਾ ਹੈ ਕਿ ਇਸ ਦਾ ਮੂਲ ਲਾਤੀਨੀ ਹੈ। ਇਹ ਦੋ ਸ਼ਬਦਾਂ ‘under’ (Sub) ਅਤੇ ‘other’ (alter) ਦੇ ਸੁਮੇਲ ਤੋਂ ਬਣਿਆ ਹੈ। ਗਾਇਤਰੀ ਚੱਕਰਵਰਤੀ ਸਪੀਵਾਕ ਦੀ 1985 ’ਚ ਆਈ ਕਿਤਾਬ ‘Can the Subaltern Speak?’ ਨਾਲ ਸਬਾਲਟਰਨ ਸ਼ਬਦ ਨੂੰ ਅਕਾਦਮਿਕ ਅਤੇ ਸਾਹਿਤਕ ਜਗਤ ’ਚ ਪ੍ਰਮੁੱਖਤਾ ਮਿਲੀ। ਸਬਾਲਟਰਨ ਸ਼ਬਦ ਇਤਾਲਵੀ ਮਾਰਕਸਵਾਦੀ ਚਿੰਤਕ ਅਨਤੋਨੀਓ ਗ੍ਰਾਮਸ਼ੀ ਦੀਆਂ ਸੱਭਿਆਚਾਰਕ ਗ਼ਲਬੇ ਦੀਆਂ ਲਿਖਤਾਂ ਵਿਚੋਂ ਲਿਆ ਗਿਆ ਹੈ। ਇਹ ਸ਼ਬਦ ਉਨ੍ਹਾਂ ਧਿਰਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਨੂੰ ਸਮਾਜ ਦੀ ਰਾਜਨੀਤਕ ਅਗਵਾਈ ਦੀਆਂ ਸਥਾਪਿਤ ਬਣਤਰਾਂ ਅਤੇ ਸੱਤਾ ਸੰਰਚਨਾਵਾਂ ਵਿੱਚੋਂ ਮਨਫ਼ੀ ਜਾਂ ਲਾਂਭੇ ਕਰ ਦਿੱਤਾ ਜਾਂਦਾ ਹੈ। ਇੰਝ ਸਮਾਜ ਵਿੱਚ ਇਨ੍ਹਾਂ ਧਿਰਾਂ ਦੇ ਲੋਕ ਬੋਲਹੀਣ ਹੁੰਦੇ ਹਨ ਜਾਂ ਬੋਲ ਸਾਧਨਾ ਤੋਂ ਵਿਰਵੇ ਰਹਿ ਗਏ ਹੁੰਦੇ ਹਨ।
ਸਬਾਲਟਰਨ ਧਿਰਾਂ ਵਿੱਚ ਕਿਸਾਨ, ਆਦਿਵਾਸੀ ਕਬੀਲਾਈ ਲੋਕ, ਔਰਤਾਂ ਅਤੇ ਦੂਜੇ ਹੋਰ ਹਾਸ਼ੀਆਗਤ ਲੋਕ ਸ਼ਾਮਿਲ ਹੁੰਦੇ ਹਨ ਜਿਨ੍ਹਾਂ ਦੀ ਗ਼ਾਲਬ ਸੱਤਾ ਤੱਕ ਪਹੁੰਚ ਨਹੀਂ ਹੁੰਦੀ। ਇਤਿਹਾਸਕ ਤੌਰ ’ਤੇ ਦੇਖਿਆਂ ਸਬਾਲਟਰਨ ਅਧਿਐਨ ਬੋਲਣ ਤੋਂ ਵਿਰਵੇ ਰਹਿ ਗਏ ਲੋਕਾਂ ਦੇ ਅਧਿਐਨ ਹਨ। ਸਬਾਲਟਰਨ ਅਧਿਐਨਾਂ ਹੇਠ ਨਵੀਂ ਤਰ੍ਹਾਂ ਦੀ ਲਿਖਤਾਂ ਸ਼ਾਮਿਲ ਕੀਤੀਆਂ ਗਈਆਂ। ਇਸ ਵਿੱਚ ਇਨ੍ਹਾਂ ਸਬਾਲਟਰਨ ਧਿਰਾਂ ਨੂੰ ਆਪਣੇ ਦੁੱਖ, ਪੀੜਾਂ, ਗੁੱਸੇ ਗਿਲੇ ਅਤੇ ਅਨੁਭਵਾਂ ਨੂੰ ਬੋਲਣ/ਪ੍ਰਗਟਾਉਣ ਦਾ ਮੌਕਾ ਦਿੱਤਾ ਗਿਆ ਜਿਸ ਤੋਂ ਕੁਲੀਨ ਵਰਗ ਦੇ ਇਤਿਹਾਸਕਾਰਾਂ ਨੇ ਇਨ੍ਹਾਂ ਧਿਰਾਂ ਨੂੰ ਵਾਂਝੇ ਕਰੀ ਰੱਖਿਆ ਸੀ। ਸਬਾਲਟਰਨ ਚਿੰਤਕਾਂ ਨੇ ਲਿਖੇ ਇਤਿਹਾਸ ਵਿੱਚ ਕਿਸਾਨਾਂ, ਔਰਤਾਂ, ਦਲਿਤਾਂ ਅਤੇ ਹੋਰ ਹਾਸ਼ੀਆਗਤ ਜਿਊੜਿਆਂ ਦੀ ਸ਼ਕਤੀਸ਼ਾਲੀ ਹਾਜ਼ਰੀ ਹੁੰਦੀ ਹੈ।
ਪੰਜਾਬ ਦੇ ਸੱਭਿਆਚਾਰ ਦਾ ਮੁੱਖ ਵਰਗ ਕਿਸਾਨੀ ਵੀ ਸੰਕਟਗ੍ਰਸਤ ਹੈ। ਪੰਜਾਬ ਦਾ ਖੇਤੀ ਸੰਕਟ ਮਹਿਜ਼ ਖੇਤੀ ਸੰਕਟ ਨਾ ਹੋ ਕੇ ਵਾਤਾਵਰਨ, ਪਾਣੀ ਅਤੇ ਸਿਹਤ ਸੰਕਟ ਵੀ ਹੈ ਜੋ ਕੁੱਲ ਮਿਲਾ ਕੇ ਪੰਜਾਬੀ ਸੱਭਿਆਚਾਰ ਦਾ ਸੰਕਟ ਬਣ ਚੁੱਕਿਆ ਹੈ। ਹਰੀ ਕ੍ਰਾਂਤੀ ਤੋਂ ਪਹਿਲਾਂ ਖੇਤੀ ਵਿੱਚ ਪਿੰਡ, ਪ੍ਰਕਿਰਤੀ, ਉੱਦਮ ਅਤੇ ਪੈਦਾਵਾਰ ਇੱਕ ਸਾਂਝੇ ਢਾਂਚੇ ’ਚ ਜੁੜੇ ਸਨ। ਕਿਸਾਨ ਨੂੰ ਖੇਤੀ ਲਈ ਪੈਦਾਵਾਰ ਦੀਆਂ ਲੋੜੀਂਦੀਆਂ ਵਸਤਾਂ, ਸੰਦ, ਖਾਦਾਂ ਅਤੇ ਹੋਰ ਕਿਰਤੀ ਸਹੂਲਤਾਂ ਪਿੰਡ ਦੇ ਰਵਾਇਤੀ ਆਰਥਿਕ ਢਾਂਚੇ ਵਿੱਚੋਂ ਪ੍ਰਾਪਤ ਹੋ ਜਾਂਦੀਆਂ ਸਨ। ਖੇਤੀ ਲਈ ਉਹ ਬੀਜ ਆਪਣੀ ਫ਼ਸਲ ਵਿੱਚੋਂ ਹੀ ਬਚਾਅ ਲੈਂਦਾ ਸੀ। ਖਾਦ ਵਜੋਂ ਉਹ ਆਪਣੇ ਪਸ਼ੂਆਂ ਦੇ ਗੋਹੇ ਦੀ ਰੂੜੀ ਵਰਤ ਲੈਂਦਾ ਸੀ। ਪਾਣੀ ਉਹ ਖੂਹਾਂ, ਕੁਦਰਤੀ ਸਰੋਤਾਂ ਜਾਂ ਨਹਿਰਾਂ ਤੋਂ ਲੈ ਲੈਂਦਾ ਸੀ। ਸੰਦਾਂ ਦੀ ਨਿਰੰਤਰ ਆਪੂਰਤੀ ਭਾਵ ਬਣਵਾਈ, ਸਾਂਭ-ਸੰਭਾਲ ਅਤੇ ਮੁਰੰਮਤ ਉਹ ਸੇਪੀ ਸਬੰਧਾਂ (ਤਰਖਾਣ, ਲੁਹਾਰ, ਝਿਊਰ, ਨਾਈ, ਚਮਾਰ ਆਦਿ) ਤੋਂ ਕਰਦਾ ਸੀ। ਕਿਰਤ ਦੀ ਆਪੂਰਤੀ ਉਹ ਆਪਣੇ ਸੀਰੀ ਸਬੰਧਾਂ ਵਿੱਚੋਂ ਕਰਦਾ ਸੀ। ਇਸ ਸਾਰੇ ਨਿਵੇਸ਼ ਵਿੱਚੋਂ ਜਦੋਂ ਫ਼ਸਲ ਤਿਆਰ ਹੋ ਜਾਂਦੀ ਤਾਂ ਉਹ ਪਿੰਡ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਉਪਜ ਮੰਡੀ ’ਚ ਆੜ੍ਹਤੀਏ ਜਾਂ ਸ਼ਹੂਕਾਰ ਕੋਲ ਲੈ ਜਾਂਦਾ ਸੀ। ਇੰਝ ਖੇਤੀ ’ਤੇ ਸਿਰਫ਼ ਕਿਸਾਨ ਹੀ ਨਹੀਂ ਸਗੋਂ ਮੱਧਲੀਆਂ ਦੇ ਨਾਲ ਨਾਲ ਹੇਠਲੀਆਂ/ਸਬਾਲਟਰਨ ਧਿਰਾਂ ਵੀ ਇਸ ਅਰਥਚਾਰੇ ਵਿੱਚ ਬੱਝੀਆਂ ਹੋਈਆਂ ਸਨ ਭਾਵ ਖੇਤੀ ਪਿੰਡ ਦਾ ਸਾਂਝਾ ਧੰਦਾ ਸੀ। ਪੰਜਾਬੀ ਸੱਭਿਆਚਾਰ ਵਿੱਚ ਇੱਕ-ਦੂਜੇ ਨਾਲ ਜੁੜੀ ਇਹ ਆਰਥਿਕਤਾ ਸਾਂਝੇ ਸਹਿਯੋਗ ਅਤੇ ਸਮਾਜਿਕ-ਸੱਤਾ ਸਬੰਧਾਂ ਵਿੱਚ ਬੱਝੀ ਹੋਈ ਸੀ। ਹਰੀ ਕ੍ਰਾਂਤੀ ਮਗਰੋਂ ਇਹ ਪ੍ਰਣਾਲੀ ਤਿੜਕ ਗਈ। ਫ਼ਸਲ ਕੱਚੇ ਮਾਲ ਦੇ ਰੂਪ ਵਿੱਚ ਮੰਡੀ ’ਚ ਜਾਣ ਲੱਗੀ। ਪਿੰਡ ਦੀ ਰਵਾਇਤੀ ਉਤਪਾਦਨ ਪ੍ਰਣਾਲੀ ਨੂੰ ਮੰਡੀ ਨੇ ਜੜ੍ਹੋਂ ਉਖਾੜ ਦਿੱਤਾ। ਹਰੀ ਕ੍ਰਾਂਤੀ ਰਾਹੀਂ ਕਿਸਾਨ ਫ਼ਸਲ ਉਤਪਾਦਨ ਦੇ ਨਵੇਂ ਮਸ਼ੀਨੀ ਅਤੇ ਤਕਨੀਕੀ ਢੰਗਾਂ ’ਚ ਨਿਪੁੰਨ ਹੋ ਗਿਆ, ਪਰ ਪਿੰਡ ਦਾ ਰਵਾਇਤੀ ਅਰਥਚਾਰਾ ਤਿੜਕਣ ਕਾਰਨ ਮੱਧਲੇ ਅਤੇ ਹੇਠਲੇ/ਸਬਾਲਟਰਨ ਵਰਗ ਦੀ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਸਥਿਤੀ ਡੋਲ ਗਈ। ਉਸ ਦੀ ਆਵਾਜ਼ ਨਿਰੰਤਰ ਧੀਮੀ ਹੋਣੀ ਹੀ ਸੀ, ਉਸ ਦੀ ਹੋਂਦ ਹੌਲੀ ਹੌਲੀ ਸੱਭਿਆਚਾਰਕ ਮੰਚ ਤੋਂ ਮਿਟਣ ਲੱਗੀ। ਸਾਰੀਆਂ ਸੇਪੀ ਜਾਤਾਂ ਹੁਣ ਮਜ਼ਦੂਰ ਬਣ ਗਈਆਂ। ਛੋਟੀ ਕਿਸਾਨੀ ਬੇਜ਼ਮੀਨੀ ਹੋ ਖੇਤ ਮਜ਼ਦੂਰਾਂ ਬਣ ਗਈ। ਪਿੰਡ ਦਾ ਸ਼ਹਿਰਾਂ ਵੱਲ ਪਲਾਇਣ ਹੋਣ ਲੱਗਿਆ। ਪਿੰਡਾਂ ਤੋਂ ਮਜ਼ਦੂਰਾਂ ਦੀ ਨਵੀਂ ਸਬਾਲਟਰਨ ਜਮਾਤ ਹੁਣ ਹੇੜਾਂ ਦੇ ਰੂਪ ’ਚ ਆਪਣੀ ਕਿਰਤ ਵੇਚਣ ਲਈ ਰੋਜ਼ ਸ਼ਹਿਰਾਂ ਵੱਲ ਕੂਚ ਕਰਦੀ ਹੈ। ਕਿਸਾਨ ਦੀ ਫ਼ਸਲ ਦੇ ਘੱਟ ਮੁਨਾਫ਼ੇ ਵਾਲੇ ਕੰਮਾਂ ਤੱਕ ਸੀਮਿਤ ਹੋਣ ਕਾਰਨ ਬਾਕੀ ਜਾਤ ਬਿਰਾਦਰੀਆਂ ਵੀ ਇਸ ਤੋਂ ਪ੍ਰਭਾਵਿਤ ਹੋਈਆਂ ਹਨ। ਮੱਧਵਰਗੀ ਕਿਸਾਨ ਪਰਿਵਾਰਾਂ ਤੋਂ ਇਲਾਵਾ ਬਾਕੀ ਸਾਰੀਆਂ ਜਾਤ ਬਿਰਾਦਰੀਆਂ ਹਾਸ਼ੀਆਗਤ ਹੋ ਗਈਆਂ। ਇਹ ਹਾਸ਼ੀਏ ’ਤੇ ਹੀ ਨਹੀਂ ਗਈਆਂ ਸਗੋਂ ਮੌਨ/ਬੋਲਹੀਣ ਵੀ ਹੋ ਗਈਆਂ। ਬੇਜ਼ਮੀਨੇ/ਛੋਟੇ ਕਿਸਾਨ, ਸ਼ਿਲਪੀ-ਕਿਰਤੀ ਆਵਾਜ਼ ਦਬਣ ਦੇ ਨਾਲ ਨਾਲ ਸੱਤਾ ਸੰਰਚਨਾਵਾਂ ਵਿੱਚੋਂ ਵੀ ਬਾਹਰ ਹੋ ਗਏ। ਇਨ੍ਹਾਂ ਨੇ ਧਨਾਢ ਕਿਸਾਨੀ ਦੀ ਅਗਵਾਈ ਵਿੱਚ ਪੰਜਾਬ ਦੇ ਸੱਤਾ ਸੰਘਰਸ਼ਾਂ ਦਾ ਸਾਥ ਦਿੱਤਾ ਪਰ ਇਸ ਧਨਾਢ ਕਿਸਾਨੀ ਨੇ ਇਨ੍ਹਾਂ ਨੂੰ ਆਪਣੇ ਹਿੱਤਾਂ ਲਈ ਵਰਤਿਆ ਤੇ ਬਾਅਦ ਵਿੱਚ ਇਨ੍ਹਾਂ ਦੀ ਬਾਂਹ ਨਹੀਂ ਫੜੀ।
ਪੰਜਾਬੀ ਸੱਭਿਆਚਾਰ ਦਾ ਇੱਕ ਹੋਰ ਸਬਾਲਟਰਨ ਜਿਊੜਾ ਫ਼ੌਜੀ ਜਾਂ ਸਿਪਾਹੀ ਹੈ। 1857 ਦੇ ਗਦਰ ਤੋਂ ਬਾਅਦ ਹਾਰੀ ਹੋਈ ਸਿੱਖ ਸਰਦਾਰੀ ਬਰਤਾਨਵੀ ਭਾਰਤੀ ਫ਼ੌਜ ਵਿੱਚ ਭਰਤੀ ਹੋਈ। ਇਨ੍ਹਾਂ ਬਹੁਤੀਆਂ ਜੰਗਾਂ ਉੱਤਰ-ਪੱਛਮੀ ਸਰਹੱਦ ’ਤੇ ਲੜੀਆਂ। ਦੂਜੀ ਅੰਗਰੇਜ਼-ਅਫ਼ਗ਼ਾਨ ਜੰਗ ਵਿੱਚ ਪਸ਼ਤੋ ਦੰਦਕਥਾ ‘ਮਾਈਵੰਡ ਦੀ ਮਾਲਾਲਈ’ ਦਾ ਜ਼ਿਕਰ ਰੁਡਯਾਰਡ ਕਿਪਲਿੰਗ ਆਪਣੇ ਨਾਵਲ ‘ਕਿਮ’ ’ਚ ਵੀ ਕਰਦਾ ਹੈ। ਗਦਰੀਆਂ ਵੱਲੋਂ ਦਿੱਲੀ ਕਬਜ਼ੇ ਵਿਰੁੱਧ ਅਤੇ ਮਗਰੋਂ ਉੱਤਰ-ਪੱਛਮੀ ਸੂਬੇ ਵਿੱਚ ਚਿਤਰਾਲ, ਤਿਰਾਹ ਅਤੇ ਮਾਲਾਕੰਦ ਦੀਆਂ ਮੁਹਿੰਮਾਂ ’ਚ ਵੀ ਪੰਜਾਬੀਆਂ ਨੇ ਜਾਨਾਂ ਵਾਰੀਆਂ। ਬਰਤਾਨਵੀ ਬਸਤੀਵਾਦੀ ਜੰਗਾਂ ਅਤੇ ਝੜਪਾਂ ’ਚ ਵੀ ਹੇਠਲੇ ਮੱਧਲੇ ਰੈਂਕਾਂ ਦੇ ਫ਼ੌਜੀਆਂ ਦਾ ਸਬਾਲਟਰਨ ਪਰਿਪੇਖ ਬੜਾ ਮਹੱਤਵਪੂਰਨ ਹੈ। ਪਹਿਲੀ ਅਤੇ ਦੂਜੀ ਆਲਮੀ ਜੰਗ ਵਿੱਚ ਬਰਤਾਨਵੀ ਸਾਸ਼ਨ ਨੇ ਪੰਜਾਬ, ਖ਼ਾਸਕਰ ਰਾਵਲਪਿੰਡੀ ਅਤੇ ਲਾਹੌਰ ਡਿਵੀਜ਼ਨ ਵਿੱਚੋਂ ਵੱਡੀ ਪੱਧਰ ’ਤੇ ਭਰਤੀ ਕੀਤੀ। ਰਿਆਸਤੀ ਰਜਵਾੜਿਆਂ ਖ਼ਾਸਕਰ ਪਟਿਆਲਾ ਅਤੇ ਸਥਾਨਕ ਸਫ਼ੈਦਪੋਸ਼ਾਂ, ਜ਼ਿਮੀਦਾਰਾਂ ਅਤੇ ਜ਼ੈਲਦਾਰਾਂ ਨੇ ਇਸ ਭਰਤੀ ’ਚ ਆਮ ਪੇਂਡੂਆਂ ਨੂੰ ਬੜੇ ਵੱਡੇ ਪੈਮਾਨੇ ’ਤੇ ਆਕਰਸ਼ਿਤ ਕੀਤਾ। ਪਟਿਆਲਾ ਰਿਆਸਤ ਦੇ ਗਾਇਕ ਸ਼ੈਲਾ ਨੇ ਆਪਣੇ ਗਾਣਿਆਂ ਰਾਹੀਂ ਲੋਕਾਂ ਨੂੰ ਫ਼ੌਜ ’ਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ :
‘ਹੋ ਜਾ ਫੌਜ ’ਚ ਭਰਤੀ ਬਣ ਜਾ ਰੰਗਰੂਟ
ਖਾਣ ਨੂੰ ਮਿਲੇਗੀ ਡਬਲ ਰੋਟੀ ਤੇ ਫਰੂਟ
ਪਾਣ ਨੂੰ ਮਿਲੇਗੀ ਵਰਦੀ, ਪੇਟੀ ਤੇ ਬੂਟ
ਪਹਿਲੀ ਆਲਮੀ ਜੰਗ ਤੋਂ ਪਹਿਲਾਂ ਵੀ ਪੰਜਾਬੀ ਫ਼ੌਜੀਆਂ ਨੇ ਬਰਤਾਨਵੀ ਕਮਾਨ ਹੇਠ ਕਈ ਜੰਗਾਂ ਲੜੀਆਂ ਜਿਵੇਂ ਦੂਜੀ ਅੰਗਰੇਜ਼-ਅਫ਼ਗ਼ਾਨ ਜੰਗ, ਅੰਗਰੇਜ਼-ਮਿਸਰ ਜੰਗ, ਦੂਜੀ ਅਫ਼ੀਮ ਜੰਗ, ਚੀਨ ਦਾ ਬੌਕਸਰ ਵਿਦਰੋਹ ਦਬਾਉਣਾ ਅਤੇ ਉੱਤਰੀ-ਪੱਛਮੀ ਸਰਹੱਦੀ ਸੂਬੇ ਵਿੱਚ ਕਈ ਲੜਾਈਆਂ ਤੇ ਭੇੜ (ਸਾਰਾਗੜ੍ਹੀ ਇਨ੍ਹਾਂ ’ਚੋਂ ਇੱਕ ਹੈ)।
ਪਹਿਲੀ ਆਲਮੀ ਜੰਗ ਸਰਬ (ਸਰਬੀਆ ਦੇ ਛੇ ਨਾਗਰਿਕਾਂ) ਵੱਲੋਂ ਆਸਟਰੋ-ਹੰਗੇਰੀਅਨ ਸ਼ਹਿਜ਼ਾਦੇ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਜਿਸ ਵਿੱਚ ਪੰਜਾਬੀ ਫ਼ੌਜੀ ਬਰਤਾਨਵੀ ਰਹਿਨੁਮਾਈ ਹੇਠ ਅਨਦ ਦੀ ਜੰਗ ਲੜੇ। ਬੈਲਜੀਅਮ ’ਤੇ ਜਰਮਨੀ ਦੇ ਹਮਲੇ ਬਾਅਦ ਬ੍ਰਿਟੇਨ ਤੇ ਫਰਾਂਸ ਨੇ ਜਰਮਨੀ ਖ਼ਿਲਾਫ਼ ਸਾਂਝਾ ਮੁਹਾਜ਼ ਖੋਲ੍ਹਿਆ ਤਾਂ ਪੰਜਾਬੀ ਸਿਪਾਹੀਆਂ ਨੇ ਆਪਣੀ ਜਾਨਾਂ ਹੂਲਵੀਂ ਜੰਗ ਲੜੀ। ਪੱਛਮੀ ਮੁਹਾਜ਼ ’ਤੇ ਬਰਤਾਨਵੀ ਫ਼ੌਜ ’ਚ ਭਰਤੀ ਪੰਜਾਬੀ ਫ਼ੌਜੀਆਂ ਨੇ ਕਈ ਜੰਗਾਂ ਜਿਵੇਂ ਗੈਲੀਪੋਲੀ, ਕੁਤ-ਅਲ-ਅਮਰਾ, ਬਗਦਾਦ ਲੜੀਆਂ। ਵਰਦੁਨ ਦੀ ਲੜਾਈ ਵੀ ਬੜੀ ਮਹਤੱਵਪੂਰਨ ਸੀ। ਕਈ ਵਰ੍ਹੇ ਚੱਲੀ ਦੂਜੀ ਆਲਮੀ ਜੰਗ ਵਿੱਚ 25 ਲੱਖ ਭਾਰਤੀ ਫ਼ੌਜੀਆਂ ਨੇ ਭਾਗ ਲਿਆ। ਇਨ੍ਹਾਂ ਵਿੱਚੋਂ 24 ਹਜ਼ਾਰ ਫ਼ੌਜੀ ਮਾਰੇ ਗਏ ਅਤੇ 64 ਹਜ਼ਾਰ ਜ਼ਖ਼ਮੀ ਹੋਏ। ਭਾਰਤੀ ਫ਼ੌਜ ਵਿੱਚ ਬਹੁਤ ਵੱਡੀ ਤਾਦਾਦ ਪੰਜਾਬੀਆਂ (ਸਿੱਖ, ਮੁਸਲਮਾਨ ਅਤੇ ਹਿੰਦੂ) ਦੀ ਸੀ। ਅੱਜ ਵੀ ਪੰਜਾਬੀ ਜ਼ਿਆਦਾਤਰ ਭਾਰਤੀ ਫ਼ੌਜ, ਨੀਮ-ਫ਼ੌਜੀ ਬਲਾਂ ਅਤੇ ਪੁਲੀਸ ਮਹਿਕਮਿਆਂ ’ਚ ਭਰਤੀ ਹੁੰਦੇ ਹਨ। ਪੰਜਾਬੀ ਦੀ ਅਫ਼ਸਰ ਕਾਡਰ ’ਚ ਕਮਿਸ਼ਨਿੰਗ ਲਗਾਤਾਰ ਘਟ ਰਹੀ ਹੈ ਪਰ ਹੇਠਲੇ ਰੈਕਾਂ ’ਚ ਪੰਜਾਬੀਆਂ ਦੀ ਹਾਜ਼ਰੀ ਸੰਤੁਸ਼ਟੀਜਨਕ ਹੈ। ਜਿਵੇਂ ਕਿ ਦੇਖਿਆ ਗਿਆ ਹੈ ਕਿ ਇਨ੍ਹਾਂ ਹੇਠਲੇ ਕਰਮਚਾਰੀਆਂ ਦੀ ਕੋਈ ਆਵਾਜ਼ ਨਹੀਂ, ਇਸੇ ਕਰਕੇ ਇਹ ਕੋਈ ਠੋਸ ਅਤੇ ਦ੍ਰਿੜ੍ਹ ਧਿਰ ਬਣਦੇ ਦਿਖਾਈ ਨਹੀਂ ਦਿੰਦੇ। ਸੇਵਾਮੁਕਤ ਹੋਣ ਮਗਰੋਂ ਇਨ੍ਹਾਂ ਨੂੰ ਕੋਈ ਨਵਾਂ ਰੁਜ਼ਗਾਰ ਭਾਲਣ ’ਚ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੀਵਨ ਦੇ ਤੀਹਵਿਆਂ ਅਤੇ ਚਾਲੀਆਂ ਸਾਲਾਂ ਵਿਚ ਰਿਟਾਇਰ ਹੋਣ ਮਗਰੋਂ ਜਾਂ ਤਾਂ ਇਨ੍ਹਾਂ ਨੂੰ ਬਿਲਕੁਲ ਰੁਜ਼ਗਾਰ ਨਹੀਂ ਮਿਲਦਾ ਜਾਂ ਫਿਰ ਘੱਟ ਉਜਰਤ ਵਾਲਾ ਰੁਜ਼ਗਾਰ ਮਿਲਦਾ ਹੈ। ਪੈਨਸ਼ਨ ਦਾ ਪੈਸਾ ਬਹੁਤ ਘੱਟ ਹੋਣ ਅਤੇ ਲਗਾਤਾਰ ਮਹਿੰਗਾਈ ਵਧਣ ਨਾਲ ਇਹ ਫ਼ੌਜੀ ਤਬਕਾ ਨਿੱਤ ਜੀਵਨ ਦੀ ਮੁਸ਼ਕਿਲਾਂ, ਤੰਗੀਆਂ ਅਤੇ ਥੁੜ੍ਹਾਂ ਦੇ ਦਰਪੇਸ਼ ਸਬਾਲਟਰਨਿਟੀ ਦੀ ਸਟੀਕ ਉਦਾਹਰਣ ਹੈ। ਇਸ ਤਬਕੇ ਦੀ ਆਵਾਜ਼ ਨਾ ਕਦੇ ਪਹਿਲਾਂ ਸੁਣੀ ਗਈ ਸੀ ਤੇ ਨਾ ਹੁਣ ਸੁਣੀ ਜਾ ਰਹੀ ਹੈ।
ਪੰਜਾਬੀ ਸੱਭਿਆਚਾਰ ਦਾ ਮੁੱਖ ਤੱਤ ਪੰਜਾਬੀ ਭਾਸ਼ਾ ਦੀ ਸਥਿਤੀ ਵੀ ਸਬਾਲਟਰਨਿਟੀ ਦੀ ਹੈ। ਪੰਜਾਬੀ ਬੋਲੀ ਦੇ ਇਤਿਹਾਸਕ ਸੰਦਰਭ ਵੱਲ ਦੇਖੀਏ ਤਾਂ ਪੰਜਾਬੀ ਪਚਵਿੰਜਾ ਸੌ ਸਾਲ ਪੁਰਾਣੀ ਹੈ। ਨਾਥਾਂ ਯੋਗੀਆਂ ਦੇ ਸਾਹਿਤ ਤੋਂ ਲੈ ਕੇ ਬਾਬਾ ਫ਼ਰੀਦ ਦੀ ਬਾਣੀ ਤੋਂ ਹੁੰਦਿਆਂ ਇਹ ਗੁਰੂ ਨਾਨਕ ਦੇਵ ਜੀ ਤੱਕ ਆਉਂਦਿਆਂ ਆਪਣਾ ਸਰੂਪ ਸਿਰਜਣ ਲੱਗਦੀ ਹੈ। ਇਸ ਕਾਲ ਦੌਰਾਨ ਇਹ ਸਿਰਫ਼ ਆਮ/ਸਾਧਾਰਨ ਲੋਕਾਂ ਦੀ ਭਾਸ਼ਾ ਰਹੀ। ਸੱਤਾ ਦੀ ਭਾਸ਼ਾ ਨਹੀਂ ਬਣ ਸਕੀ। ਸਿੱਖ ਰਾਜ ਸਮੇਂ ਵੀ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸ਼ਾਸਕੀ ਤੇ ਪ੍ਰਬੰਧਕੀ ਕੰਮਕਾਜਾਂ ਦੀ ਭਾਸ਼ਾ ਫ਼ਾਰਸੀ ਸੀ, ਪਰ ਉਸ ਦੇ ਰਾਜ ’ਚ ਮਾਲੀਆ ਉਗਰਾਹੁਣ ਵਾਲੇ ਵਿਭਾਗ ਦੀ ਜ਼ਿੰਮੇਵਾਰੀ ਸੀ ਕਿ ਉਹ ਹਰ ਪਿੰਡ ’ਚ ‘ਕਾਇਦਾ-ਏ-ਨੂਰ’ ਸਭ ਆਮ ਲੋਕਾਂ ਨੂੰ ਮੁਹੱਈਆ ਕਰਵਾਉਣ ਤਾਂ ਕਿ ਲੋਕ ਪੰਜਾਬੀ ਜ਼ੁਬਾਨ ਪੜ੍ਹ ਲਿਖ ਸਕਣ। ਖ਼ਾਲਸਾ ਰਾਜ ’ਚ ਪੰਜਾਬੀ ਪੜ੍ਹਨ ਵਾਲਿਆਂ ਦਾ ਸਿੱਖਿਆ ਦੀ ਦਰ ਬੜੀ ਉੱਚੀ ਸੀ। 1849 ’ਚ ਅੰਗਰੇਜ਼ਾਂ ਨੇ ਪੰਜਾਬ ’ਤੇ ਕਬਜ਼ਾ ਕੀਤਾ ਤਾਂ ਹਥਿਆਰਾਂ ਦੇ ਨਾਲ ਨਾਲ ‘ਕਾਇਦਾ-ਏ-ਨੂਰ’ ਵੀ ਜ਼ਬਤ ਕੀਤਾ ਤਾਂ ਜੋ ਲੋਕ ਭਾਸ਼ਾ ਦੇ ਜਾਣਕਾਰ ਹੋਣ ਨਾਲ ਰਾਜਨੀਤਕ ਤੌਰ ’ਤੇ ਜਾਗਰੂਕ ਨਾ ਹੋ ਸਕਣ।
ਭਾਸ਼ਾ ਸਬੰਧੀ ਮਸਲਿਆਂ ਅਤੇ ਇਸ ਨਾਲ ਜੁੜੀ ਰਾਜਨੀਤੀ ਦੀ ਸ਼ੁਰੂਆਤ ਅੰਗਰੇਜ਼ਾਂ ਦੀ ਆਮਦ ਨਾਲ ਹੋਈ। ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਦੀ ਕਾਰਜਕਾਰੀ ਕੌਂਸਿਲ ਦੇ ਕਾਨੂੰਨ ਮੈਂਬਰ ਲਾਰਡ ਟੀ.ਬੀ. ਮੈਕਾਲੇ ਨੂੰ ਫਰਵਰੀ 1835 ’ਚ ਕਮੇਟੀ ਆਫ ਪਬਲਿਕ ਇੰਸਟਰੱਕਸ਼ਨ ਦਾ ਪ੍ਰਧਾਨ ਥਾਪਿਆ। ਮਾਰਚ ’ਚ ਉਸ ਨੇ ‘The Minutes of Education’ ਰਿਪੋਰਟ ਸੌਂਪੀ ਜਿਸ ’ਚ ਕਿਹਾ ਗਿਆ ਕਿ ਭਾਰਤ ’ਚ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਹੋਵੇ ਅਤੇ ਜੇਕਰ ਸੰਸਕ੍ਰਿਤ ਕਾਲਜ, ਕਲਕੱਤਾ ਤੇ ਬਨਾਰਸ ਅਤੇ ਮੁਹੰਮਦੀਆ ਕਾਲਜ, ਦਿੱਲੀ ਆਪਣੀ ਸਿੱਖਿਆ ਦਾ ਮਾਧਿਅਮ ਸੰਸਕ੍ਰਿਤ ਅਤੇ ਅਰਬੀ ਫ਼ਾਰਸੀ ਰੱਖਣਾ ਚਾਹੁੰਦੇ ਹਨ ਤਾਂ ਇਨ੍ਹਾਂ ਨੂੰ ਦਿੱਤੀ ਜਾਣ ਵਾਲੀ ਸਰਕਾਰੀ ਅਨੁਦਾਨ ਰਾਸ਼ੀ ਬੰਦ ਕਰ ਦਿੱਤੀ ਜਾਵੇ। ਲਾਰਡ ਮੈਕਾਲੇ ਦੀ ਇਸ ਰਿਪੋਰਟ ਨਾਲ ਨਾ ਸਿਰਫ਼ ਸੰਸਕ੍ਰਿਤ, ਅਰਬੀ, ਫ਼ਾਰਸੀ ਦਾ ਹੀ ਸਗੋਂ ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ਸਮੇਤ ਪੰਜਾਬੀ ਦਾ ਵੀ ਬਹੁਤ ਨੁਕਸਾਨ ਹੋਇਆ। ਪੰਜਾਬ ’ਚ ਅੰਗਰੇਜ਼ਾਂ ਦਾ ਰਾਜ ਆਉਣ ਤੋਂ ਬਾਅਦ ਫ਼ਾਰਸੀ ਦੇ ਨਾਲ ਨਾਲ ਅੰਗਰੇਜ਼ੀ ਦਾ ਦਬਦਬਾ ਵੀ ਕਾਇਮ ਹੋ ਗਿਆ।
ਪੰਜਾਬ ’ਚ ਅੰਗਰੇਜ਼ਾਂ ਦੇ ਰਾਜ ’ਚ ਇਸਾਈ ਮੱਤ ਦੇ ਵਧ ਰਹੇ ਪ੍ਰਭਾਵ ਨੂੰ ਠੱਲ੍ਹ ਪਾਉਣ ਵਾਸਤੇ ਆਰੀਆ ਸਮਾਜ, ਸਿੰਘ ਸਭਾ ਲਹਿਰ ਅਤੇ ਸਰ ਸਈਅਦ ਅਹਿਮਦ ਦੀ ਅਲੀਗੜ੍ਹ ਮੁਸਲਿਮ ਮੂਵਮੈਂਟ ਕਾਰਨ ਜਦੋਂ ਭਾਸ਼ਾਵਾਂ ਦਾ ਵੀ ਫ਼ਿਰਕੂਕਰਨ ਹੋਣ ਲੱਗਾ ਤਾਂ ਪੰਜਾਬੀ (ਗੁਰਮੁਖੀ ਲਿਪੀ) ਨੂੰ ਸਿੱਖਾਂ ਦੀ ਭਾਸ਼ਾ ਆਖ ਦਿੱਤਾ ਗਿਆ। ਉਸ ਸਮੇਂ ਲਾਲਾ ਬਿਹਾਰੀ ਲਾਲ ਨੂਰ ਜਿਹੇ ਬੁੱਧੀਜੀਵੀਆਂ ਦਾ ਕਹਿਣਾ ਸੀ ਕਿ ਸਿੱਖਿਆ ਦਾ ਮਾਧਿਅਮ ਪੰਜਾਬੀ ਹੀ ਹੋਣਾ ਚਾਹੀਦਾ ਹੈ। ਬਾਬੂ ਰਜਬ ਅਲੀ, ਫ਼ਿਰੋਜ਼ਦੀਨ ਸ਼ਰਫ਼, ਉਸਤਾਦ ਚਿਰਾਗ਼ਦੀਨ ਦਾਮਨ ਅਤੇ ਧਨੀ ਰਾਮ ਚਾਤ੍ਰਿਕ ਜਿਹੇ ਕਵੀ ਪੰਜਾਬੀ ਦੇ ਹੱਕ ’ਚ ਆਪਣੀਆਂ ਕਵਿਤਾਵਾਂ ਰਾਹੀਂ ਹਾਅ ਦਾ ਨਾਅਰਾ ਮਾਰਦੇ ਰਹੇ। 1902 ’ਚ ਭਾਈ ਵੀਰ ਸਿੰਘ ਪੰਜਾਬੀ ਭਾਸ਼ਾ ਬਾਰੇ ਆਪਣੇ ਲੇਖ ’ਚ ਲਿਖਦੇ ਨੇ ਕਿ ‘ਹਾਲਾਤ ਬੜੇ ਮਾੜੇ ਨੇ। ਘਰਾਂ ’ਚ ਪੰਜਾਬੀ ’ਚ ਗੱਲ ਨਹੀਂ ਕੀਤੀ ਜਾਂਦੀ’।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਪੰਜਾਬ ’ਚ ਪੰਜਾਬੀ ਭਾਸ਼ਾ ਨੂੰ ਅਹਿਮੀਅਤ ਨਹੀਂ ਮਿਲੀ। ਪਟਿਆਲਾ ਰਾਜਸ਼ਾਹੀ ’ਚ 1920 ’ਚ ਪੰਜਾਬੀ ਭਾਸ਼ਾ ਲਾਗੂ ਹੋ ਗਈ ਅਤੇ ਅੱਜ ਦਾ ਪੰਜਾਬ ਦਾ ਭਾਸ਼ਾ ਵਿਭਾਗ ਪਟਿਆਲਾ ਸਟੇਟ ਤੋਂ ਹੀ ਆਇਆ ਹੈ। ਪੰਜਾਬ ’ਚ ਮੁੱਖ ਮੰਤਰੀ ਭੀਮ ਸੈਨ ਸੱਚਰ ਦੇ ਦੋ-ਭਾਸ਼ਾਈ ਫਾਰਮੂਲੇ ਨੇ ਪੰਜਾਬੀ ਨੂੰ ਵੱਡੀ ਢਾਹ ਲਾਈ। ਪੰਜਾਬੀ ਸੂਬੇ ਦੇ ਮੋਰਚੇ ਤੋਂ ਬਾਅਦ ਜਦੋਂ ਪੰਜਾਬ ਤਿੰਨ ਭਾਗਾਂ ’ਚ ਵੰਡਿਆ ਗਿਆ ਤਾਂ 1966 ’ਚ ਪੰਜਾਬ ਰਾਜ ਭਾਸ਼ਾ ਐਕਟ ਅਧੀਨ ਪੰਜਾਬੀ ਲਾਗੂ ਹੋਈ, ਪਰ ਅੱਜ 55 ਸਾਲ ਬਾਅਦ ਵੀ ਪ੍ਰਸ਼ਾਸਕੀ ਤੇ ਪ੍ਰਬੰਧਕੀ ਕਾਰਜਾਂ ’ਚ ਪੰਜਾਬੀ ਲਾਗੂ ਹੋਣ ਦੀ ਸਥਿਤੀ ਬੜੀ ਨਾਜ਼ੁਕ ਤੇ ਗੰਭੀਰ ਹੈ। ਪੰਜਾਬ ਦੇ ਵੀਹ ਹਜ਼ਾਰ ਸਕੂਲਾਂ ’ਚ ਪੰਜਾਬੀ ਦੀ ਪੜ੍ਹਾਈ ਦਾ ਮਿਆਰ ਬਹੁਤ ਨੀਵਾਂ ਹੈ। ਪੰਜਾਬ ’ਚ ਪ੍ਰਾਈਵੇਟ ਸਕੂਲਾਂ ਦੇ ਹੱਦੋਂ ਵੱਧ ਵਿਕਾਸ ਨੇ ਅੰਗਰੇਜ਼ੀ ਮਾਧਿਅਮ ’ਚ ਬੱਚਿਆਂ ਨੂੰ ਪੜ੍ਹਾਉਣ ਦੀ ਮਨੋਗ੍ਰੰਥੀ ਨੂੰ ਮਾਪਿਆਂ ਦੇ ਮਨਾਂ ’ਚ ਇਸ ਕਦਰ ਬਿਠਾ ਦਿੱਤਾ ਹੈ ਕਿ ਪੰਜਾਬੀ ਨੂੰ ਪੇਡੂਆਂ ਦੀ ਭਾਸ਼ਾ ਗਰਦਾਨ ਦਿੱਤਾ ਗਿਆ। ਇਨ੍ਹਾਂ ਸਕੂਲਾਂ ’ਚ ਪੰਜਾਬੀ ਬੋਲਣ ਤੱਕ ਦੀ ਮਨਾਹੀ ਹੈ ਅਤੇ ਜੇ ਕੋਈ ਬੋਲਦਾ ਹੈ ਤਾਂ ਉਸ ਬੱਚੇ ਨੂੰ ਹੇਅ ਭਾਵਨਾ ਨਾਲ ਤਾਂ ਵਿਵਹਾਰ ਕੀਤਾ ਹੀ ਜਾਂਦਾ ਸਗੋਂ ਜੁਰਮਾਨਾ ਵੀ ਲਾਇਆ ਜਾਂਦਾ ਹੈ। ਅਜਿਹੀ ਸੋਚ ਕਾਰਨ ਪੰਜਾਬੀ ਹਾਸ਼ੀਆਗਤ ਗ਼ਰੀਬ ਪੇਂਡੂਆਂ ਤੇ ਦਲਿਤਾਂ ਦੀ ਭਾਸ਼ਾ ਬਣ ਕੇ ਰਹਿ ਗਈ ਹੈ। ਪ੍ਰਾਈਵੇੇਟ ਨਿੱਜੀ ਸਕੂਲਾਂ ’ਚ ਪੜ੍ਹੇ ਬੱਚੇ ਤਿੰਨੋਂ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਪਹਿਲੀ ਜਮਾਤ ਤੋਂ ਪੜ੍ਹਨ ਕਾਰਨ ਕਿਸੇ ਵੀ ਭਾਸ਼ਾ ’ਚ ਨਿਪੁੰਨ ਨਹੀਂ ਹੁੰਦੇ। ਉਨ੍ਹਾਂ ਦੀ ਵਿਆਕਰਣ ਸਮਝ ਊਣੀ ਹੋਣ ਕਾਰਣ ਲਿਖਣ ਅਤੇ ਬੋਲਣ ਯੋਗਤਾ ਅਵਿਗਸੀ ਰਹਿ ਜਾਂਦੀ ਹੈ। ਅੱਜ ਪੰਜਾਬ ਦੇ ਵੀਹ ਹਜ਼ਾਰ ਸਕੂਲਾਂ ’ਚ 32 ਲੱਖ ਬੱਚੇ ਪੜ੍ਹਦੇ ਹਨ, ਪਰ ਹਰ ਬੱਚਾ ਗਿਆਨ ਦੀਆਂ ਮੂਲ ਨਿਪੁੰਨਤਾਵਾਂ ’ਚ ਊਣਾ ਹੈ।
ਪੰਜਾਬੀ ਬੋਲੀ ਦੇ ਇਤਿਹਾਸ ’ਤੇ ਝਾਤੀ ਮਾਰਿਆਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੀ ਭੂਗੋਲਿਕਤਾ ’ਚ ਆਏ ਬਦਲਾਵਾਂ ਕਾਰਨ ਇਸ ਦਾ ਖਿੱਤਾ ਸੁੰਗੜਿਆ ਹੈ ਅਤੇ ਪੰਜਾਬੀ ਬੋਲਣ ਤੇ ਪੰਜਾਬੀ ਨੂੰ ਗੁਰਮੁਖੀ ’ਚ ਪੜ੍ਹ ਲਿਖ ਸਕਣ ਵਾਲਿਆਂ ਦੀ ਗਿਣਤੀ ਘਟੀ ਹੈ।
ਭਾਵੇਂ ਲਹਿੰਦੇ ਪੰਜਾਬ ’ਚ ਠੇਠ ਪੰਜਾਬੀ ਬੋਲਣ ਵਾਲੇ ਤਾਂ ਪਹਿਲਾਂ ਹੀ ਵੱਡੀ ਗਿਣਤੀ ’ਚ ਸਨ ਪਰ ਹੁਣ ਉਨ੍ਹਾਂ ਵੱਲੋਂ ਪੰਜਾਬੀ ਨੂੰ ਸ਼ਾਹਮੁਖੀ ਲਿਪੀ ’ਚ ਲਿਖਣ ਪੜ੍ਹਨ ਵਾਲਿਆਂ ਦੀ ਗਿਣਤੀ ’ਚ ਵੱਡਾ ਵਾਧਾ ਹੋਇਆ ਹੈ। ਚੜ੍ਹਦੇ ਪੰਜਾਬ ਜਾਂ ਇਸ ਤੋਂ ਬਾਹਰ ਵੱਸਦੇ ਪੰਜਾਬੀਆਂ ’ਚ ਪੰਜਾਬੀ ਬੋਲਣ ਵਾਲੇ ਹੀ ਨਹੀਂ ਘਟੇ ਸਗੋਂ ਪੰਜਾਬੀ ਨੂੰ ਗੁਰਮੁਖੀ ’ਚ ਪੜ੍ਹਨ ਵਾਲਿਆਂ ਦੀ ਗਿਣਤੀ ’ਚ ਵੱਡੀ ਕਮੀ ਆਈ ਹੈ। ਇਸ ਨਾਲ ਪੰਜਾਬੀ ਦਾ ਬੋਲਚਾਲ ਦੀ ਭਾਸ਼ਾ ਤੱਕ ਹੀ ਰਹਿ ਜਾਣ ਦਾ ਖ਼ਤਰਾ ਵਧਿਆ ਹੈ।
ਵਰਤਮਾਨ ਦੌਰ ਵਿੱਚ ਪੰਜਾਬ ’ਚ ਸੱਭ ਤੋਂ ਵੱਡੀ ਸਬਾਲਟਰਨ ਹੋਂਦ ਵਿਦਿਆਰਥੀਆਂ ਦੀ ਹੈ ਕਿਉਂਕਿ ਇਨ੍ਹਾਂ ਦੀ ਪੀੜਾ ਨੂੰ ਕੋਈ ਬੋਲ ਨਹੀਂ ਮਿਲ ਰਹੇ। ਜੇਕਰ ਕਿਤੇ ਕੋਈ ਬੋਲ ਵੀ ਰਿਹਾ ਹੈ ਤਾਂ ਕੋਈ ਉਸ ਨੂੰ ਸੁਣ ਨਹੀਂ ਰਿਹਾ। ਸਰਕਾਰਾਂ ਨੇ ਸਿੱਖਿਆ ਤੋਂ ਆਪਣਾ ਹੱਥ ਪਿਛਾਂਹ ਖਿੱਚ ਲਿਆ ਹੈ। ਇਸ ਨੂੰ ਖ਼ਰੀਦਣ ਵੇਚਣ ਵਾਲੀ ਵਸਤ ਬਣਾ ਕੇ ਰੱਖ ਦਿੱਤਾ ਹੈ। ਇਉਂ ਨਾਬਰਾਬਰੀ ਵਾਲਾ ਸਮਾਜ ਨੂੰ ਹੀ ਨਹੀਂ ਬਣਦਾ ਸਗੋਂ ਸਮਾਜਿਕ ਤੌਰ ’ਤੇ ਪਾੜੇ ਵੀ ਪੈਦਾ ਹੁੰਦੇ ਹਨ। ਇਸ ਲਈ ਵਿਦਿਅਕ ਲਿਆਕਤ ਸਿਰ ’ਤੇ ਸਾਰੀ ਦੁਨੀਆ ਵਿੱਚ ਆਪਣੀ ਧਾਂਕ ਜਮਾਉਣ ਦੇ ਸਮਰੱਥ ਹਜ਼ਾਰਾਂ ਹੋਣਹਾਰ ਅਧਿਆਪਕ ਅਤੇ ਵਿਦਿਆਰਥੀ ਪੰਜਾਬ ਵਿੱਚੋਂ ਇਨ੍ਹਾਂ ਹਾਲਾਤ ਕਾਰਨ ਵਿਦੇਸ਼ਾਂ ਨੂੰ ਪਰਵਾਸ ਕਰ ਰਹੇ ਹਨ। ਡਾਕਟਰੀ ਅਤੇ ਇੰਜਨੀਅਰਿੰਗ ਆਦਿ ਦੀਆਂ ਡਿਗਰੀਆਂ ਹਾਸਲ ਕਰਨ ਮਗਰੋਂ ਵੀ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਬੇਰੁਜ਼ਗਾਰੀ ਦੀ ਮਾਰ ਸਹਿਣੀ ਪੈ ਰਹੀ ਹੈ। ਇਸ ਦੀ ਪੀੜ ਮਾਪੇ ਆਰਥਿਕ ਤੌਰ ’ਤੇ ਤਣਾਅਗ੍ਰਸਤ ਹੋਣ ਦੇ ਰੂਪ ਵਿੱਚ ਹੰਢਾਉਂਦੇ ਹਨ, ਅਤੇ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲਦੇ ਨਿਰਾਸ਼ਾ ਦੀ ਰਸਾਤਲ ’ਚ ਗ਼ਰਕ ਹੋ ਰਹੇ ਹਨ। ਇਸੇ ਕਾਰਨ ਨਸ਼ਿਆਂ ਦੇ ਆਦੀ ਹੋ ਰਹੇ ਹਨ। ਕਿਸਾਨਾਂ ਵਾਂਗ ਵਿਦਿਆਰਥੀ ਵੀ ਕਈ ਤਰ੍ਹਾਂ ਦੇ ਮਾਨਸਿਕ ਦਬਾਵਾਂ ਕਾਰਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੀ ਸਥਿਤੀ ਦੇ ਪੀੜਾਦਾਇਕ ਬੋਲ ਅੱਜ ਕੋਈ ਨਹੀਂ ਸੁਣ ਰਿਹਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਸਾਹਿਬਾਨ ਦਾ ਅਜਿਹਾ ਇਨਕਲਾਬੀ ਉਪਰਾਲਾ ਹੈ ਜਿਸ ਵਿੱਚ ਮੱਧਕਾਲ ਦੀਆਂ ਸਾਰੀਆਂ ਸਬਾਲਟਰਨ ਧਿਰਾਂ ਦੇ ਬੋਲਾਂ ਨੂੰ ਬਾਣੀ ਰਾਹੀਂ ਇੱਕ ਮੰਚ ’ਤੇ ਲਿਆ ਕੇ ਸਮਕਾਲੀ ਸੱਤਾ ਵਿਰੁੱਧ ਇਨ੍ਹਾਂ ਨੂੰ ਪ੍ਰਮੁੱਖਤਾ ਦਿੱਤੀ। ਸੈਂਕੜੇ ਸਾਲ ਪਹਿਲਾਂ ਇਨ੍ਹਾਂ ਯਤਨਾਂ ਦੇ ਬਾਵਜੂਦ ਅੱਜ ਵੀ ਪੰਜਾਬ ਦੀਆਂ ਸਬਾਲਟਰਨ ਧਿਰਾਂ ਜਿਵੇਂ ਦਲਿਤਾਂ, ਖੇਤ ਮਜ਼ਦੂਰਾਂ, ਔਰਤਾਂ, ਘੱਟ ਉਜਰਤ ਮਜ਼ਦੂਰਾਂ, ਛੋਟੇ ਕਿਸਾਨਾਂ ਦੀ ਚੁੱਪ ਨੂੰ ਬੋਲ ਦੇਣ ਦਾ ਹੀਲਾ ਸਾਡੇ ਸਮਿਆਂ ਵਿੱਚ ਵੱਡਾ ਸਵਾਲ ਹੈ।
ਸੰਪਰਕ : 82839-48811
‘ਮਿੱਟੀ’ ਦੇ ਬੋਲ ਸੁਣਦਿਆਂ - ਮਨਮੋਹਨ (ਡਾ.)
ਨਾਵਲ ‘ਮਿੱਟੀ ਬੋਲ ਪਈ’ ਪੰਜਾਬ ਦੇ ਹਾਸ਼ੀਏ ’ਤੇ ਧੱਕੇ ਗਏ ਲੋਕਾਂ ਨਾਲ ਸਬੰਧਿਤ ਹੈ। ਗ਼ਦਰੀ ਬਾਬਾ ਮੰਗੂ ਰਾਮ ਨੇ ਇਨ੍ਹਾਂ ਲੋਕਾਂ ਨੂੰ ਧਰਤੀ ਦੇ ਮੂਲਵਾਸੀ ਕਹਿੰਦਿਆਂ ਆਦਿ ਧਰਮ ਦੀ ਨੀਂਹ ਰੱਖੀ। ਪੰਜਾਬ ਦੇ ਲੋਕ-ਇਤਿਹਾਸਕਾਰ ਮਨਜ਼ੂਰ ਇਜਾਜ਼ ਨੇ ਇਨ੍ਹਾਂ ਲੋਕਾਂ ਨੂੰ ਹੜੱਪੀ ਵਸੇਬ (ਹੜੱਪਾ ਦੀ ਸਭਿਅਤਾ ਨੂੰ ਵਸਾਉਣ ਵਾਲੇ ਤੇ ਬਾਅਦ ਵਿਚ ਕੁਚਲੇ ਗਏ ਲੋਕ) ਕਿਹਾ ਹੈ। ਬਾਬਾ ਮੰਗੂ ਰਾਮ ਦੀ ਅਗਵਾਈ ਹੇਠ ਪੰਜਾਬ ਦੇ ਇਤਿਹਾਸ ਦਾ ਨਿਵੇਕਲਾ ਕਾਂਡ ਲਿਖਿਆ ਗਿਆ।
ਬਲਬੀਰ ਮਾਧੋਪੁਰੀ ਪੰਜਾਬੀ ਸਾਹਿਤ ਜਗਤ ’ਚ ਦਲਿਤ ਸਾਹਿਤ ਦਾ ਪ੍ਰਮਾਣਿਕ ਹਸਤਾਖਰ ਹੈ। ਉਸ ਦੀ ਸਵੈਜੀਵਨੀ ‘ਛਾਂਗਿਆ ਰੁੱਖ’ ਨੂੰ ਪੰਜਾਬੀ ਸਾਹਿਤ ਜਗਤ ’ਚ ਵੱਡਾ ਹੁੰਗਾਰਾ ਮਿਲਿਆ। ਉਸ ਦੇ ਦੋ ਕਾਵਿ ਸੰਗ੍ਰਹਿਆਂ ‘ਮਾਰੂਥਲ ਦਾ ਬਿਰਖ’ ਅਤੇ ‘ਭਖਦਾ ਪਤਾਲ’ ਨੇ ਪੰਜਾਬੀ ਕਵਿਤਾ ਜਗਤ ’ਚ ਭਰਵੀਂ ਹਾਜ਼ਰੀ ਲਵਾਈ। ਉਸ ਤੋਂ ਬਾਅਦ ‘ਮੇਰੀ ਚੋਣਵੀਂ ਕਵਿਤਾ’ ਵਡਮੁੱਲੀ ਕਾਵਿ ਪੁਸਤਕ ਹੈ। ਉਸ ਦੀਆਂ ਵਾਰਤਕ ਪੁਸਤਕਾਂ ’ਚ ‘ਦਿੱਲੀ ਇਕ ਵਿਰਾਸਤ’ (ਇਤਿਹਾਸਕ ਯਾਦਗਾਰਾਂ), ‘ਸਮੁੰਦਰ ਦੇ ਸੰਗ ਸੰਗ’ (ਸਫ਼ਰਨਾਮਾ), ‘ਦਿੱਲੀ ਦੇ ਇਤਿਹਾਸਕ ਗੁਰਦੁਆਰੇ’, ‘ਸਾਹਿਤਕ ਮੁਲਾਕਾਤਾਂ’, ‘ਆਦਿ ਧਰਮ ਦੇ ਬਾਨੀ ਬਾਬਾ ਮੰਗੂ ਰਾਮ’ ਅਤੇ ‘ਮੇਰੀ ਪੱਤਰਕਾਰੀ’ ਨੇ ਪੰਜਾਬੀ ਵਾਰਤਕ ’ਚ ਨਿੱਗਰ ਵਾਧਾ ਕੀਤਾ। ਇਸ ਤੋਂ ਇਲਾਵਾ ਬਲਬੀਰ ਨੇ 36 ਪੁਸਤਕਾਂ ਦਾ ਅਨੁਵਾਦ ਅਤੇ ਲਗਪਗ 42 ਪੁਸਤਕਾਂ ਦਾ ਸੰਪਾਦਨ ਵੀ ਕੀਤਾ।
‘ਮਿੱਟੀ ਬੋਲ ਪਈ’ ਨਾਵਲ ਦਾ ਬਿਰਤਾਂਤ ਦੋ ਪੀੜ੍ਹੀਆਂ ਦਾ ਆਪਸੀ ਸੰਵਾਦ ਹੈ ਜੋ ਬਾਬੇ ਤੇ ਪੋਤੇ ਜਿਸ ਦਾ ਨਾਮ ਗੋਰਾ ਹੈ, ਦਰਮਿਆਨ ਵਾਪਰਦਾ ਹੈ। ਇਸ ਬਿਰਤਾਂਤ ਦਾ ਗਾਲਪਨਿਕ ਕਾਲ 1926 ਜਦੋਂ ਪੰਜਾਬ ’ਚ ਆਦਿ ਧਰਮ ਲਹਿਰ ਆਰੰਭ ਹੋਈ ਤੇ ਉਸ ਤੋਂ ਕੁਝ ਕੁ ਬਾਅਦ ਦੇ ਵਰ੍ਹਿਆਂ ਦਾ ਸਮਾਂ ਹੈ। ਪੂਰੇ ਬਿਰਤਾਂਤ ਦਾ ਸਥਾਨ ਪੰਜਾਬ ਦਾ ਦੁਆਬਾ ਖੇਤਰ ਹੈ ਜਿੱਥੇ ਆਦਿ ਧਰਮ ਲਹਿਰ ਦਾ ਪ੍ਰਭਾਵ ਵਿਆਪਕ ਪੱਧਰ ’ਤੇ ਰਿਹਾ। ਦੁਆਬੇ ’ਚੋਂ ਵੀ ਹੁਸ਼ਿਆਰਪੁਰ ’ਚ ਜੈਜੋਂ ਦਾ ਕੰਢੀ ਖੇਤਰ। ਇਕ ਦੋ ਜਗ੍ਹਾ ਮੁਲਤਾਨ ਅਤੇ ਲਾਹੌਰ ਦੇ ਇਲਾਕਿਆਂ ਨਾਲ ਜੁੜੇ ਵੇਰਵੇ ਵੀ ਇਸ ਬਿਰਤਾਂਤ ਦਾ ਹਿੱਸਾ ਬਣਦੇ ਹਨ। ਬਾਬੇ ਪੋਤੇ ਦੇ ਇਸ ਸੰਵਾਦ ’ਚ ਹੀ ਸਮਕਾਲੀ ਸਮਾਜ, ਸੱਭਿਆਚਾਰ, ਰਾਜਨੀਤੀ, ਆਰਥਿਕਤਾ ਨਾਲ ਜੁੜੇ ਵਿਭਿੰਨ ਪਾਸਾਰਾਂ ਦਾ ਵੀ ਬਿਰਤਾਂਤੀਕਰਣ ਹੁੰਦਾ ਹੈ। ਗੋਰੇ ਦਾ ਬਾਪ ਕਿਧਰੇ ਗੁਆਚ ਗਿਆ ਹੈ ਜੋ ਬੜੀ ਦੇਰ ਤੋਂ ਘਰ ਨਹੀਂ ਪਰਤਿਆ। ਉਸ ਦਾ ਭਰਾ ਗੱਜਣ ਅਜੇ ਛੋਟਾ ਹੈ। ਦਾਦੀ ਤੇ ਬਾਬਾ ਪਿਆਰੋ ਦੀ ਗੋਰੇ ਦੇ ਚਾਚੇ ਨਾਲ ਚਾਦਰ ਪੁਆਉਣਾ ਚਾਹੁੰਦੇ ਹਨ। ਗੋਰੇ ਦੇ ਨਾਨਕੇ ਵੀ ਇਸ ਲਈ ਮੰਨ ਗਏ ਹਨ। ਬਾਬੇ ਨਾਲ ਗੋਰਾ ਜੇਜੋਂ ਵਿਖੇ ਉਸ ਦੀ ਜੁੱਤੀਆਂ ਦੀ ਦੁਕਾਨ ’ਤੇ ਆਉਂਦਾ ਜਾਂਦਾ ਰਹਿੰਦਾ ਹੈ। ਗੋਰੇ ਦਾ ਓਥੇ ਫਾਤਿਮਾ ਨਾਮ ਦੀ ਜਿਸਮਫ਼ਰੋਸ਼ ਨਾਲ ਸਹਿਜ ਮੋਹ ਵਿਕਸਤ ਹੋ ਜਾਂਦਾ ਹੈ। ਗੋਰਾ ਤੇ ਬਾਬਾ ਗੁਆਚੇ ਜੀਅ ਨੂੰ ਲੱਭਣ ਮੁਲਤਾਨ ਵੀ ਜਾਂਦੇ ਹਨ। ਅੰਤ ਜਦੋਂ ਗੋਰੇ ਦਾ ਪਿਓ ਲੱਭ ਜਾਂਦਾ ਹੈ ਤਾਂ ‘ਮਿੱਟੀ ਬੋਲ ਪਈ’ ਦਾ ਬਿਰਤਾਂਤ ਆਪਣੇ ਕਲਾਈਮੈਕਸ ਨੂੰ ਅਪੜਦਾ ਹੈ। ਦੇਸ਼ਵੰਡ ਦੀਆਂ ਕਨਸੋਆਂ ਕਾਰਨ ਫਾਤਿਮਾ ਤੇ ਉਸ ਦੀ ਸਾਥਣ ਰੁਕੱਈਆ ਗੋਰੇ ਹੁਣਾਂ ਕੋਲ ਹੀ ਨਿਰਲੇਪ ਤੇ ਨਿਰਮਲ ਬਣ ਰੁਕ ਜਾਂਦੀਆਂ ਹਨ। ‘ਮਿੱਟੀ ਬੋਲ ਪਈ’ ਦਾ ਅੰਤਲੇ ਪੜਾਅ ਦਾ ਇਹ ਮਹੱਤਵਪੂਰਣ ਸੰਵਾਦ ਇਸ ਬਿਰਤਾਂਤ ਦਾ ਨਿਚੋੜ ਹੋ ਨਿਬੜਦਾ ਹੈ : ‘ਮੰਗੂ ਰਾਮ ਐਮ. ਐਲ. ਏ ਨੇ ਆਪਣੀ ਛੋਟੀ ਜਿਹੀ ਤਕਰੀਰ ਵਿਚ ਵੱਡੀ ਗੱਲ ਆਖ ਛੱਡੀ ਏ। ਮੇਰੇ ਦਿਲ ਦਿਮਾਗ ਦੇ ਦਰਵਾਜ਼ੇ ਖੋਲ੍ਹ ਦਿੱਤੇ ਜੇ ਕਿ ਅਛੂਤ, ਸ਼ੂਦਰ, ਕਬਾਇਲੀ, ਈਸਾਈ ਤੇ ਮੁਸਲਮਾਨ ਬਣੇ ਲੋਕ ਹਿੰਦੋਸਤਾਨ ਦੇ ਅਸਲੀ ਬਾਸ਼ਿੰਦੇ ਜੇ। ਸਾਡੇ ਰੰਗ-ਅੰਗ, ਜੱਦੀ-ਪੁਸ਼ਤੀ ਪੇਸ਼ੇ ਇਕ ਜੈਸੇ ਜੇ। ਜਾਤਪਾਤ, ਛੂਆਛਾਤ ਤੇ ਊਚ-ਨੀਚ ਦਾ ਫੈਲਾਅ ਕਰਨ ਵਾਲੇ ਸਾਡੇ ’ਚੋਂ ਨਹੀਂ’।
ਇੰਝ ਕਹਿ ਸਕਦੇ ਹਾਂ ਕਿ ਨਾਵਲ ’ਚ ਬਾਬਾ ਆਪਣੇ ਪੋਤੇ ਨੂੰ ਜੀਵਨ, ਸਮਾਜ ਅਤੇ ਰਾਜਨੀਤੀ ਦੀ ਸਹਿਜ ਸੂਝ ਰਾਹੀਂ ਇਕ ਤਰ੍ਹਾਂ ਨਾਲ ਗਿਆਨ ਦੀ ਦੀਖਿਆ ਦਿੰਦਾ ਹੈ ਜਿਸ ਦੇ ਬਿਰਤਾਂਤੀਕਰਣ ਰਾਹੀਂ ਬਲਬੀਰ ਦਲਿਤ ਨਾਇਕਤਵ ਤੇ ਪਛਾਣ ਰਾਹੀਂ ਮੁਕਤੀ ਦੀ ਤਲਾਸ਼ ਇਤਿਹਾਸ ’ਚ ਪਏ ਦੂਜੇ ਦਲਿਤ ਵਿਕਲਪਾਂ ’ਚੋਂ ਕਰਦਾ ਹੈ ਜੋ ਜਾਂ ਤਾਂ ਅਣਗੌਲੇ ਰਹਿ ਗਏ ਜਾਂ ਇਤਿਹਾਸ ’ਚੋਂ ਵਿਸਾਰ ਦਿੱਤੇ ਗਏ।
‘ਮਿੱਟੀ ਬੋਲ ਪਈ’ ਦਾ ਬਿਰਤਾਂਤ ਬਲਬੀਰ ਮਾਧੋਪੁਰੀ ਦੇ ਜੀਵਨ ਦੇ ਪ੍ਰਮਾਣਿਕ ਅਨੁਭਵ ’ਤੇ ਆਧਾਰਿਤ ਹੈ। ਉਸ ਦਾ ਦਲਿਤ ਅਨੁਭਵ, ਚੇਤਨਾ, ਚਿੰਤਨ ਅਤੇ ਚਿੰਤਾ ਇਸ ਲਈ ਪ੍ਰਮਾਣਿਕ ਹੈ ਕਿ ਉਹ ਸਹਿਨੂਭਤੀ ਦਾ ਹੈ ਕਿਉਂਕਿ ਉਹ ਆਪ ਦਲਿਤ ਵਰਗ ‘ਚੋਂ ਹੈ। ਜੇ ਕੋਈ ਗ਼ੈਰ ਦਲਿਤ ਲਿਖਦਾ ਤਾਂ ਇਹ ਅਨੁਭਵ ਸਹਾਨੂਭੂਤੀ/ਹਮਦਰਦੀ ਵਾਲਾ ਹੁੰਦਾ। ਦਲਿਤ ਸਾਹਿਤ ਸ਼ਾਸਤਰ ਉਸਾਰਣ ਵਾਲੇ ਕਈ ਦਲਿਤ ਵਿਦਵਾਨਾਂ ਦਾ ਵਿਚਾਰ ਹੈ ਕਿ ਦਲਿਤ ਲੇਖਕ ਅਤੇ ਗ਼ੈਰ ਦਲਿਤ ਲੇਖਕ ਦੇ ਅਨੁਭਵ ’ਚ ਅੰਤਰ ਹੁੰਦਾ ਹੈ।
‘ਦਲਿਤ’ ਦਾ ਮਸਲਾ ਭਾਰਤੀ ਸਮਾਜਿਕ ਬਣਤਰ ਵਿਚ ਜਾਤ-ਪਾਤ ਨਾਲ ਜੁੜਿਆ ਹੋਇਆ ਹੈ। ਭਾਰਤੀ ਸਮਾਜ ਬੁਨਿਆਦੀ ਤੌਰ ’ਤੇ ਜਾਤੀ-ਜਮਾਤੀ ਸੰਸਥਾ ਹੈ। ਕੁਝ ਸੋਚਵਾਨ ਜਾਤੀ ਵਰਤਾਰੇ ਨੂੰ ਸਮਾਜ ਵਿਚਲੇ ਉਤਪਾਦਨ ਦੀ ਨਿਮਨ ਕਿਰਤ ਪ੍ਰਕਿਰਿਆ ਨਾਲ ਜੋੜਦੇ ਹਨ। ਮਨੁੱਖੀ ਸੋਸ਼ਣ ਲਈ ਇਹ ਜਾਤੀ ਵਰਤਾਰਾ ਸੰਸਥਾਗਤ ਰੂਪ ਧਾਰ ਕੇ, ਉਸ ਉਪਰੰਤ ਧਰਮ ਦੀ ਛਾਪ ਰਾਹੀਂ ਪ੍ਰਪੱਕ ਤੇ ਅਟੱਲ ਹੁਕਮਾਂ ਵਾਲਾ ਵਰਤਾਰਾ ਬਣ ਜਾਂਦਾ ਹੈ। ਸਦੀਆਂ ਤੋਂ ਉਦਪਾਦਨ ਦੇ ਸਾਧਨਾਂ ਤੋਂ ਵਾਂਝੇ ਲੋਕਾਂ ਨੂੰ ਅਜਿਹੇ ਹੀਣੇ, ਨਿਮਨ ਦਰਜੇ ਦਾ ਬਣਾ ਕੇ ਉਸ ਵਿਚੋਂ ਮਨੁੱਖੀ ਗੌਰਵ, ਸਵੈਮਾਨ ਖ਼ਤਮ ਕਰ ਦਿੱਤਾ ਅਤੇ ਹਾਸ਼ੀਆਗਤ ਪ੍ਰਾਣੀ ਵਿਚ ਬਦਲ ਦਿੱਤਾ। ਇਹ ਹਾਸ਼ੀਆਗਤ ਪ੍ਰਾਣੀ ਹੀ ਦਲਿਤ ਹੈ ਜਿਹੜਾ ਆਰਥਿਕਤਾ ਦੇ ਨਾਲ ਨਾਲ ਸਮਾਜਿਕ, ਸਭਿਆਚਾਰਕ, ਧਾਰਮਿਕ, ਮਾਨਸਿਕ, ਰਾਜਨੀਤਕ ਅਤੇ ਜਾਤੀ ਸੋਸ਼ਣ ਦਾ ਸ਼ਿਕਾਰ ਰਿਹਾ ਹੈ। ਡਾ. ਅੰਬੇਡਕਰ ਨੇ ਆਪਣੀ ਕਿਤਾਬ ‘Annihilation of Caste’ ਵਿਚ ਠੀਕ ਹੀ ਕਿਹਾ ਹੈ ਕਿ ਭਾਰਤ ਵਿਚ ਜਾਤਾਂ ਹੀ ਇਕ ਤਰ੍ਹਾਂ ਨਾਲ ਜਮਾਤੀ ਰੂਪ ਹਨ ਅਤੇ ਜਮਾਤਾਂ ਨੂੰ ਜਾਤਾਂ ਰਾਹੀਂ ਹੀ ਦੇਖਿਆ ਜਾਣਾ ਚਾਹੀਦਾ ਹੈ।
‘ਦਲਿਤ’ ਨੂੰ ਪਰਿਭਾਸ਼ਿਤ ਕਰਨ ਲਈ ਹੁਣ ਤਕ ਤਿੰਨ ਤਰ੍ਹਾਂ ਦੀ ਪਹੁੰਚ ਅਪਣਾਈ ਜਾਂਦੀ ਰਹੀ ਹੈ। ਪਹਿਲੀ ਪਹੁੰਚ ਹੈ ‘ਦਲਿਤ’ ਨੂੰ ਜਮਾਤੀ/ਵਰਗੀ ਸੰਕਲਪ ਤੋਂ ਸਮਝਣਾ। ਇਸ ਬਾਰੇ ਫਰਾਂਸਿਸੀ ਚਿੰਤਕ ਲੂਈਸ ਡੂਮੋਂਟ ਨੇ ਆਪਣੀ ਕਿਤਾਬ ‘ਹੋਮੋ ਹਾਈਰਾਰੀਕੀਸ’ ਵਿਚ ਠੀਕ ਹੀ ਕਿਹਾ ਹੈ ਕਿ ਪੱਛਮੀ ਚਿੰਤਕਾਂ ਦੀ ਸਮਭਾਵੀ ਪਹੁੰਚ ਕਾਰਨ ਉਹ ਜਾਤ-ਪਾਤ ਦੀ ਦਰਜੇਬੰਦੀ ਉਪਰ ਉਸਰੇ ਭਾਰਤੀ ਸਮਾਜ ਦੀ ਪੇਚੀਦਗੀ ਅਤੇ ਮੌਲਿਕਤਾ ਨੂੰ ਨਹੀਂ ਸਮਝ ਸਕੇ। ਦੂਜੀ ਪਹੁੰਚ ਹੈ ਦਲਿਤ ਨੂੰ ਵਰਣ ਦੇ ਨੁਕਤਾ ਨਿਗਾਹ ਤੋਂ ਦੇਖਣ ਦੀ ਤੇ ਤੀਜੀ ਪਹੁੰਚ ਦਲਿਤ ਨੂੰ ਡਾ. ਭੀਮ ਰਾਓ ਅੰਬੇਡਕਰ ਦੀ ਦ੍ਰਿਸ਼ਟੀ ਤੋਂ ਸਮਝਣ ਦੀ ਹੈ ਜੋ ਅਛੂਤ/ਸ਼ੂਦਰ ਨੂੰ ਦਲਿਤ ਸਮਝਦਾ ਸੀ। ਅੰਬੇਡਕਰ ਦਾ ਵਰਤਮਾਨ ’ਚੋਂ ਵਿਗਿਆਨ ਤੇ ਭਵਿੱਖਮੁਖੀ ਸਰੂਪ ਨਾਲ ਜੁੜਨ ਦੀ ਬਜਾਏ ਅਤੀਤ ਵੱਲ ਪਰਤ ਕੇ ਬੁੱਧ ਧਰਮ ਵੱਲ ਮੁੜਨਾ ਵੱਡਾ ਵਿਰੋਧਾਭਾਸ ਸੀ ਕਿਉਂਕਿ ਅਜੋਕੀ ਬ੍ਰਾਹਮਣਵਾਦੀ ਸੱਤਾ ਦਾ ਪ੍ਰਤੀਰੋਧ ਪੁਰਾਣੇ ਬੁੱਧ ਧਰਮ (ਨੇਤਿ ਨੇਤਿ-ਨਾਸਤਿਕਤਾ) ਨਾਲ ਕਰਨਾ ਸੰਭਵ ਨਹੀਂ ਸੀ। ਦੂਜੇ ਪਾਸੇ ਕਮਿਊਨਲ ਐਵਾਰਡ ਤੋਂ ਬਾਅਦ ਹੋਏ ਪੂਨਾ ਪੈਕਟ ਅਧੀਨ ਅੰਬੇਡਕਰ ਵੱਲੋਂ ਗਾਂਧੀ ਨਾਲ ਸਮਝੌਤੇ ਤੋਂ ਬਾਅਦ ਅਤੇ ਮਹਾਤਮਾ ਗਾਂਧੀ ਵੱਲੋਂ ਆਪਣੀ ‘ਹਰਿਜਨ ਰਾਜਨੀਤੀ ਸ਼ੁਰੂ ਕਰਨ ਕਾਰਨ’ ਅੰਬੇਡਕਰ ਦੀ ਦਲਿਤ ਰਾਜਨੀਤੀ ਹੋਰ ਵੀ ਖੀਣ ਹੋ ਗਈ। ਗਾਂਧੀ ਦਲਿਤਾਂ ਨੂੰ ਕੁਝ ਦਿੱਤੇ ਬਿਨਾਂ ਉਨ੍ਹਾਂ ਦੇ ਹਰਮਨ ਪਿਆਰੇ ਨੇਤਾ ਬਣ ਗਏ ਤੇ ਅੰਬੇਡਕਰ ਦਲਿਤਾਂ ਲਈ ਬਹੁਤ ਕੁਝ ਕਰਨਾ ਚਾਹੁੰਦਿਆਂ ਵੀ ਉਨ੍ਹਾਂ ਦੇ ਮਸੀਹਾ ਨਾ ਬਣ ਸਕੇ। ਦਲਿਤਾਂ ਦੀ ਬਹੁਗਿਣਤੀ ਕਾਂਗਰਸ ਵੱਲ ਖਿੱਚੀ ਗਈ। ਮਹਾਤਮਾ ਗਾਂਧੀ ਰਾਸ਼ਟਰਵਾਦੀ ਏਕਤਾ ਨੂੰ ਆਪਣੀ ਕੁਟਲਨੀਤੀ ਸਦਕਾ ਸਫ਼ਲ ਬਣਾ ਗਏ। ਅੰਬੇਡਕਰ ਸੰਵਿਧਾਨ ਤਿਆਰ ਕਰਕੇ ਵੀ ਉਨ੍ਹਾਂ ਦਲਿਤ ਕੁਲੀਨਾਂ ਨੂੰ ਹੀ ਮੁਕਤੀ ਦਿਵਾ ਸਕੇ ਜਿਨ੍ਹਾਂ ਨੇ ਆਰਥਿਕ ਮੁਕਤੀ ਪਹਿਲਾਂ ਹੀ ਹਾਸਲ ਕਰ ਲਈ ਸੀ। ਪੰਜਾਬ ਵਿਚ ਵੀ ਮੰਗੂ ਰਾਮ ਮੁੱਗੋਵਾਲੀਆ ਦੀ 1926 ਦੇ ਲਾਗੇ ਸ਼ੁਰੂ ਕੀਤੀ ਆਦਿ ਧਰਮ ਮੰਡਲ ਲਹਿਰ ਹੌਲੀ ਹੌਲੀ ਦਲਿਤ ਦੇ ਸੰਘਰਸ਼ ਤੋਂ ਥਿੜਕ ਕੇ ਮੁੱਖ ਧਾਰਾ ਦੀ ਰਾਜਨੀਤੀ ਵਿਚ ਸ਼ਾਮਿਲ ਹੋ ਗਈ।
ਅਰੁੰਧਤੀ ਰਾਏ ਲਿਖਦੀ ਹੈ : ‘1913 ’ਚ ਕੈਨੇਡਾ ’ਚ ਸਥਾਪਿਤ ਹੋਈ ਸਾਮਰਾਜਵਾਦ ਵਿਰੋਧੀ ਇਨਕਲਾਬੀ ਵਿਚਾਰਧਾਰਾ ਵਾਲੀ ਗ਼ਦਰ ਪਾਰਟੀ ਦਾ ਬਾਬੂ ਮੰਗੂ ਰਾਮ ਮੁੱਗੋਵਾਲੀਆ ਮੈਂਬਰ ਸੀ। ਪਰ ਲਗਪਗ ਇਕ ਦਹਾਕਾ ਅਮਰੀਕਾ ’ਚ ਬਿਤਾ ਕੇ ਜਦ ਬਾਬੂ ਮੰਗੂ ਰਾਮ ਮੁੱਗੋਵਾਲੀਆ ਪਰਤਿਆ ਤਾਂ ਉਸ ਦਾ ਸਾਹਮਣਾ ਜਾਤੀ ਪ੍ਰਥਾ ਦੇ ਜ਼ੁਲਮਾਂ ਅਤੇ ਕਰੂਰਤਾ ਨਾਲ ਹੋਇਆ। ਉਸ ਨੂੰ ਮਹਿਸੂਸ ਹੋਇਆ ਜਿਵੇਂ ਉਹ ਇਕ ਵਾਰ ਫਿਰ ਅਛੂਤ ਹੋ ਗਿਆ। 1926 ’ਚ ਉਸ ਨੇ ਆਦਿ ਧਰਮ ਲਹਿਰ ਚਲਾਈ। ਇਸ ਲਹਿਰ ਦਾ ਵਿਚਾਰ ਸੀ ਕਿ ਅਛੂਤ ਜਾਤਾਂ ਦੇ ਲੋਕ ਹੀ ਇੱਥੋਂ ਦੇ ਆਦਿ/ਮੂਲ ਨਿਵਾਸੀ ਹਨ। ਇਸ ਦੇ ਅਧਿਆਤਮਕ ਨਾਇਕ ਗੁਰੂ ਰਵਿਦਾਸ, ਕਬੀਰ ਅਤੇ ਭਗਤੀ ਲਹਿਰ ਦੇ ਹੋਰ ਸੰਤ ਕਵੀ ਸਨ। ਆਦਿ ਧਰਮ ਨੇ ਆਪਣੀ ਪਛਾਣ ਦਾ ਐਲਾਨ ਕੀਤਾ ਕਿ ਨਾ ਤਾਂ ਉਹ ਸਿੱਖ ਨੇ ਤੇ ਨਾ ਹਿੰਦੂ।
ਪਛਾਣ ਦਾ ਮੋਟਿਫ ‘ਮਿੱਟੀ ਬੋਲ ਪਈ’ ਦੇ ਬਿਰਤਾਂਤ ਦੀ ਮੂਲ ਧੁਨੀ ਹੈ। ਪੂਰੇ ਬਿਰਤਾਂਤ ਦੇ ਆਰ-ਪਾਰ ਪਛਾਣ ਦਾ ਵਿਹਾਰਕ ਪਰਿਪੇਖ ਅਮੂਰਤ ਰੂਪ ’ਚ ਪਸਰਿਆ ਹੈ। ਨਾਇਕ, ਗੋਰੇ ਦਾ ਬਾਬਾ ਉਸ ਨੂੰ ਆਦਿ ਧਰਮ ਬਾਰੇ ਵਿਆਖਿਆ ਕਰਦਿਆਂ ਦੱਸਦਾ ਹੈ: ‘‘ਭੁੱਲਿਆ ਧੁਆਨੂੰ ਆਦਿ ਧਰਮ ਦੀ ਸੋਚ ਤੇ ਹਜ਼ਾਰਾ ਰਾਮ ਪਿੱਪਲਾਂਵਾਲਾ ਦਾ ਆਖਿਆ ਦੱਸਣ ਲੱਗਾਂ, ‘ਦੇਖੋ ਬਈ ਸਿੱਧਾ-ਸਾਫ਼ ਮਤਲਬ ਇਹ ਆ ਕਿ ਅਸੀਂ ਹਿੰਦੁਸਤਾਨ ਦੇ ਅਸਲੀ ਬਾਸ਼ਿੰਦਿਆਂ ਦੀ ਔਲਾਦ ਆਂ। ਆਦਿਵਾਸੀ ਦਾ ਮਤਲਬ ਏਦਾਂ ਸਮਝੋ ਪਈ ਅਸੀਂ ਮੁੱਢ-ਕਦੀਮ ਤੋਂ ਏਥੇ ਦੇ ਰਹਿਣ ਆਲੇ ਆਂ। ਸਾਡੇ ਲੋਕਾਂ ਦੇ ਸਮਾਜ ਦਾ ਨਾਂ ਆਦਿ ਸਮਾਜ ਆ ... ਸਮਝ ਗਏ ?’
ਪਲੈਟੋ ਪਹਿਚਾਣ ਬਾਰੇ ਕਹਿੰਦਾ ਹੈ ਕਿ ਪਹਿਚਾਣ ਦੀ ਜੜ੍ਹ ਥਾਈਮੋਸ ’ਚ ਪਈ ਹੈ। ਥਾਈਮੋਸ ਸ਼ਬਦ ਮਾਨਵੀ ਆਤਮਾ ਦੇ ਉਨ੍ਹਾਂ ਪੱਖਾਂ ਦੀ ਵਿਆਖਿਆ ਕਰਦਾ ਹੈ ਜੋ ਮਨੁੱਖੀ ਸਵੈਮਾਣ, ਗੌਰਵ, ਸ਼ਰਮ ਅਤੇ ਨਾਰਾਜ਼ਗੀ/ਗੁੱਸੇ ਜਿਹੇ ਭਾਵਾਂ ਨੂੰ ਭਾਵੁਕ ਪੱਧਰ ’ਤੇ ਅਨੁਭਵ ਕਰਦਾ ਹੈ। ਇਹ ਥਾਈਮੋਸ ਹੀ ਹੈ ਜੋ ਸਨਮਾਨ ਅਤੇ ਅਸਮਿਤਾ ਵਾਸਤੇ ਪਛਾਣ ਦੀ ਇੱਛਾ ਪੈਦਾ ਕਰਦਾ ਹੈ। ਪਛਾਣ ਆਦਿਕਾਲੀ ਹੈ ਅਤੇ ਇਹ ਸਾਡੀਆਂ ਮੂਲ ਸੰਵੇਦਨਾਵਾਂ ’ਚ ਕਿਤੇ ਬਹੁਤ ਡੂੰਘੇ ਪਈ ਹੁੰਦੀ ਹੈ ਜੋ ਦੱਸਦੀ ਹੈ ਕਿ ਅਸੀਂ ਕੌਣ ਹਾਂ? ਪ੍ਰਸਿੱਧ ਬੁੱਧੀਜੀਵੀ ਪ੍ਰੋ. ਐਜਾਜ਼ ਅਹਿਮਦ ਪਛਾਣ ਦੀ ਰਾਜਨੀਤੀ ਬਾਰੇ ਆਪਣੇ ਇਕ ਲੇਖ ’ਚ ਲਿਖਦਾ ਹੈ ਕਿ ਸਿਰਜਣਸ਼ੀਲਤਾ ਹਮੇਸ਼ਾ ਸਮਾਜਿਕ ਹੁੰਦੀ ਹੈ। ਸਿਮਰਤੀ ਹੀ ਹੈ ਜੋ ਸਾਨੂੰ ਸਿਰਜਣਸ਼ੀਲ ਬਣਾਉਂਦੀ ਹੈ। ਸਿਮਰਤੀ ਨਿੱਜੀ ਵੀ ਹੁੰਦੀ ਹੈ ਤੇ ਸਮੂਹਿਕ ਵੀ। ਕਿਰਤੀ ਵਰਗ ਦੀ ਵੀ ਸਮੂਹਿਕ ਸਿਮਰਤੀ ਹੁੰਦੀ ਹੈ। ਸੋਸ਼ਣ ਦੀ। ਦਮਨ ਦੀ। ਦਲਨ ਦੀ। ਅਨਿਆਂ ਦੀ। ਅੱਤਿਆਚਾਰ ਦੀ। ਇਨ੍ਹਾਂ ਲੋਕਾਂ ’ਚ ਹਿੰਦੂ-ਮੁਸਲਮਾਨ, ਗੋਰੇ ਕਾਲੇ, ਇਸਤਰੀ-ਪੁਰਸ਼ ਸਭ ਤਰ੍ਹਾਂ ਦੇ ਲੋਕ ਸ਼ਮਿਲ ਹੁੰਦੇ ਹਨ। ਇਸ ਲਈ ਪਛਾਣ ਦਾ ਮਸਲਾ ਬੜਾ ਗੁੰਝਲਦਾਰ ਮਸਲਾ ਹੈ। ਇਹ ਇਕਹਿਰਾ ਨਹੀਂ। ਬਹੁਪਰਤੀ ਹੈ।
ਦਲਿਤ ਨਾਇਕਤਵ ਦਾ ਪ੍ਰਸ਼ਨ ਵੀ ‘ਮਿੱਟੀ ਬੋਲ ਪਈ’ ਦੇ ਬਿਰਤਾਂਤ ਦਾ ਕੇਂਦਰੀ ਮੋਟਿਫ਼ ਹੈ। ਨਾਇਕਤਵ ਦੀ ਤਲਾਸ਼ ਦਾ ਨਿਰਮਾਣ ਬਲਬੀਰ ਮਾਧੋਪੁਰੀ ਗੁਰੂ ਰਵਿਦਾਸ, ਕਬੀਰ ਜਿਹੇ ਬਾਣੀਕਾਰਾਂ ਦੇ ਸਮਤਾਮੂਲਕ ਸਮਾਜ ਦੇ ਯੂਟੋਪੀਏ (ਬੇਗਮ ਪੁਰਾ ਸਹਿਰ ਕੋ ਨਾਓ॥) ਰਾਹੀਂ ਕਰਦਾ ਹੈ। ਇਨ੍ਹਾਂ ਬਾਣੀਕਾਰਾਂ ਦੇ ਨਾਲ ਬੁੱਲ੍ਹੇ ਸ਼ਾਹ ਜਿਹਾ ਮੱਧਕਾਲ ਦਾ ਵੱਡਾ ਨਾਬਰੀ ਸੁਰ ਵਾਲਾ ਸੂਫ਼ੀ ਵੀ ਹੈ। ਇਨ੍ਹਾਂ ਦੇ ਨਾਲ ਨਾਲ ਸਿੱਧ ਚਾਨੋ ਜਿਹੇ ਇਸ਼ਟ ਦੀ ਪਛਾਣ ’ਚੋਂ ਵੀ ਨਾਵਲਕਾਰ ਨਾਇਕਤਵ ਦਾ ਬਿੰਬ ਉਸਾਰਦਾ ਹੈ। ਸ਼ੂਦਰਾਂ ਦੀ ਦਾਸਤਾ ਦੀ ਵਿਆਖਿਆ ਕਰਦਿਆਂ ਬਾਬਾ ਪੋਤੇ ਨੂੰ ਕਹਿੰਦਾ ਹੈ: ‘‘ਗੋਰਿਆ, ਤੈਨੂੰ ਦੱਸਾਂ ਪਈ ਸਨਾਤਨੀ ਗ੍ਰੰਥਾਂ ’ਚ ਇਨ੍ਹਾਂ ਬੇਜ਼ੁਬਾਨੇ ਨੂੰ ਸ਼ੂਦਰ ਦੀ ਜ਼ਦ ’ਚ ਰੱਖਿਆ ਹੋਇਆ। ਹੋਰ ਤਾਂ ਹੋਰ ਸ਼ਹਿਦ ਦੀਆਂ ਮੱਖੀਆਂ ਜੋ ਮਿਲ ਕੇ ਇਕੋ ਛੱਤੇ ’ਚ ਰਹਿੰਦੀਆਂ, ਉਨ੍ਹਾਂ ਨੂੰ ਵੀ ਰਾਣੀ ਮੱਖੀ ਤੇ ਗੋਲੀ ਮੱਖੀ ’ਚ ਵੰਡਿਆ ਹੋਇਆ। ਗੁਰੂ ਰਵਿਦਾਸ ਮਹਾਰਾਜ ਜੀ ਦਾ ਸ਼ਬਦ ਹੈ : ‘ਸਤਸੰਗਤਿ ਮਿਲਿ ਰਹੀਐ ਮਾਧੁਉ ਜੈਸੇ ਮਧੁਪ ਮਖੀਰਾ’। ਦੂਜੀ ਸੰਸਾਰ ਜੰਗ ’ਚ ਉੱਤਰ ਪੂਰਬ ਭਾਰਤ ’ਚ ਕੋਹੀਮਾ ਫਰੰਟ ’ਤੇ ਚਮਾਰ ਰੈਜੀਮੈਂਟ ਦੇ ਲਗਪਗ 45 ਜਵਾਨ ਸ਼ਹੀਦ ਹੋਏ। ਸ਼ਹੀਦ ਰਾਮ ਰੱਖਾ ਦੇ ਭੋਗ ’ਤੇ ਬਾਬਾ ਫਿਰ ਕਬੀਰ ਸਾਹਿਬ ਦਾ ਸ਼ਬਦ ‘ਸੂਰਾ ਜੋ ਪਹਿਚਾਨੀਏ...’ ਅਤੇ ਗੁਰੂ ਰਵਿਦਾਸ ਦੇ ਸ਼ਬਦ ‘ਮਾਟੀ ਕਾ ਪੁਤਰਾ ਕੈਸੇ ਨਚਤ ਹੈ॥’ ਦੀ ਬਹੁਧਵਨੀ ਨੂੰ ਜਗਾਉਂਦਿਆਂ ਆਪਣੇ ਨਾਇਕਤਵ ਦੀ ਪਛਾਣ ਬਹਾਦਰੀ ਅਤੇ ਕੁਰਬਾਨੀ ਦੇ ਨਾਲ ਨਾਲ ਮੌਤ ਨੂੰ ਹੱਸ ਕੇ ਗਲੇ ਲਾ ਲੈਣ ਦੇ ਅਧਿਆਤਮ ਰਾਹੀਂ ਕਰਦਾ ਹੈ। ਬਾਬਾ ਪੋਤੇ ਨੂੰ ਸਿੱਧ ਚਾਨੋ ਦੇ ਇਸ਼ਟ ’ਚੋਂ ਵੀ ਨਾਇਕਤਵ ਤੇ ਪਛਾਣ ਦਾ ਸਬਕ ਦਿੰਦਿਆਂ ਕਹਿੰਦਾ ਹੈ: ‘ਇਕ ਹੋਰ ਗੱਲ ਆ ਕਿ ਜਿਹੜਾ ਕੁਸ਼ਤੀ ਜਿੱਤਦਾ, ਉਹ ਪਿੜ ’ਚ ਗੱਡਿਆ ਝੰਡਾ ਪੁੱਟਦਾ ਆ ਤੇ ਆਪਣੇ ਮੋਢੇ ’ਤੇ ਰੱਖ ਕੇ ਸਿੱਧ ਚਾਨੋ ਦੇ ਮੰਦਰ ਜਾ ਕੇ ਚੜ੍ਹਾਉਂਦਾ ਆ ਤੇ ਮੱਥਾ ਟੇਕਦਾ’।
‘ਦਲਿਤ’ ਦੇ ਪ੍ਰਸ਼ਨ ਨੂੰ ਨਾਇਕਤਵ ਦੇ ਨੁਕਤੇ ਤੋਂ ਸਮਝਣ ਲਈ ਸਾਨੂੰ ਨੀਤਸ਼ੇ ਦੀ ਦਰਸ਼ਨ ਵਿਚ ਨਾਇਕ ਦੀਆਂ ਡਾਇਨੋਸੀਅਸ ਤੇ ਅਪੋਲੋਨਿਕ ਪਾਸਾਰਾਂ ਦੀਆਂ ਚਿਹਨਾਤਮਕਤਾਵਾਂ ਨੂੰ ਪਛਾਨਣਾ ਪਵੇਗਾ। ਉਸ ਦਾ ਮੱਤ ਹੈ ਕਿ ਡਾਇਓਨੀਸੀਅਸ ਦੀ ਮਰਦਾਵੀਂ ਤੇ ਬਹਾਦਰੀ ਵਾਲੀ ਪ੍ਰਤਿਭਾ ਤੇ ਅਪੋਲੋਨਿਕ ਅਪਸਰਾਈ-ਇਸਤਰੀ ਪ੍ਰਤਿਭਾ ਦਾ ਮਿਲਾਪ ਜ਼ਰੂਰੀ ਹੈ। ‘ਦਲਿਤ’ ਨਾਇਕਤੱਵ ਦੇ ਡਾਇਓਨੀਸੀਅਸ ਤੇ ਅਪੋਲੋਨਿਕ ਪਾਸਾਰਾਂ ਨੂੰ ਉਸ ਨਾਲ ਜੁੜੀ ਭਾਸ਼ਾ, ਕਵਿਤਾ, ਸੰਗੀਤ, ਨਾਚ, ਰਿਦਮ, ਮਿੱਥਾਂ ਤੇ ਦਰਸ਼ਨ ਦੇ ਕੇਂਦਰ ਨੂੰ ਤਲਾਸ਼ਣਾ ਪਵੇਗਾ। ‘ਮਿੱਟੀ ਬੋਲ ਪਈ’ ਦਾ ਬਾਬਾ ਚਰਿੱਤਰ ਨਾ ਸਿਰਫ਼ ਸਾਰੰਗੀਵਾਦਕ ਹੈ ਸਗੋਂ ਵਧੀਆ ਗਵੱਈਆ ਵੀ ਹੈ ਜਿਸ ਨੂੰ ਸ਼ਾਸਤਰੀ ਸੰਗੀਤ ਅਤੇ ਰਾਗਾਂ ਦੀ ਸਮਝ ਹੈ। ਇਸ ਦੇ ਨਾਲ ਹੀ ਬਾਬਾ ਸਾਹਿਤ, ਗਿਆਨ ਅਤੇ ਬਾਣੀ ਦਾ ਵੀ ਰਸੀਆ ਹੈ। ਉਹ ਹਰ ਗੱਲ ਦਾ ਤਰਕ ਆਪਣੇ ਪੋਤੇ ਨੂੰ ਜਾਂ ਤਾਂ ਇਤਿਹਾਸ ’ਚੋਂ ਦਿੰਦਾ ਹੈ ਜਾਂ ਮਿਥਿਹਾਸ ’ਚੋਂ। ਜਾਂ ਗੁਰਬਾਣੀ ’ਚੋਂ ਦਿੰਦਾ ਹੈ ਜਾਂ ਪੜ੍ਹੇ ਸਾਹਿਤ ’ਚੋਂ। ਜਾਂ ਆਪਣੇ ਕੀਤੇ ਸੰਘਰਸ਼ ’ਚੋਂ ਕਸ਼ੀਦੇ ਰਾਜਨੀਤਕ ਅਨੁਭਵ ’ਚੋਂ ਜਾਂ ਆਦਿ ਧਰਮ ਦੇ ਬਾਬੂ ਮੰਗੂ ਰਾਮ ਵੱਲੋਂ ਘੜੀ ਰਾਜਨੀਤੀ ’ਚੋਂ। ਇਸ ਤਰ੍ਹਾਂ ਇਸ ਤਲਾਸ਼ ਦੇ ਚਾਰ ਕੇਂਦਰ ਰੋਮਾਂਸ, ਧਰਮ, ਰਾਜਨੀਤੀ ਤੇ ਬਹਾਦਰੀ ਬਣਦੇ ਹਨ। ਇਨ੍ਹਾਂ ਕੇਂਦਰਾਂ ਵਿਚ ਹੀ ਕਿਸੇ ਚਰਿੱਤਰ ਦੇ ਨਾਇਕਤਵ ਦਾ ਗੌਰਵ ਪਿਆ ਹੁੰਦਾ ਹੈ।
ਮੁਕਤੀ ‘ਮਿੱਟੀ ਬੋਲ ਪਈ’ ਦਾ ਤੀਜਾ ਮੁੱਖ ਬਿਰਤਾਂਤਕ ਮੋਟਿਫ਼ ਹੈ। ਇੱਥੇ ਮੁਕਤੀ ਨੂੰ ਭਾਰਤੀ ਸਨਾਤਨੀ ਸੰਕਲਪਿਕ ਵਰਤਾਰਿਆਂ ਦੇ ਪ੍ਰਸੰਗ ’ਚ ਨਹੀਂ ਸਗੋਂ ਜਾਤ-ਜਮਾਤ ਵਿਰੁੱਧ ਵਿੱਢੇ ਦਲਿਤ ਸੰਘਰਸ਼ ਦੇ ਪਰਿਪੇਖ ਤੋਂ ਸਮਝਿਆ ਜਾਣਾ ਜ਼ਰੂਰੀ ਹੈ। ਬਾਬਾ ਭੀਮ ਰਾਓ ਅੰਬੇਡਕਰ ਦੀ ਜੀਵਨੀ ’ਚ ਧਨੰਜਯ ਕੀਰ ਲਿਖਦਾ ਹੈ ਕਿ ਡਾ. ਅੰਬੇਡਕਰ ਦਾ ਨਾਅਰਾ ਸੀ: ‘ਪੜ੍ਹੋ, ਸੰਗਠਿਤ ਹੋਵੋ ਤੇ ਸੰਘਰਸ਼ ਕਰੋ।’ ਡਾ. ਜਸਵੰਤ ਰਾਏ ਆਪਣੀ ਕਿਤਾਬ ‘ਬਾਬੂ ਮੰਗੂ ਰਾਮ ਮੁੱਗੋਵਾਲੀਆ’ ਵਿਚ ਆਦਿ ਧਰਮ ਵੱਲੋਂ ਸਥਾਪਿਤ ਕੀਤੇ ਮੰਡਲ ਦੇ ਲਿਖਤੀ ਸਿਧਾਂਤਾਂ ਦਾ ਵੇਰਵਾ ਦਿੰਦਾ ਹੈ ਜਿਸ ਅਨੁਸਾਰ ਗਿਆਨ ਗ੍ਰਹਿਣ ਕਰਨਾ, ਭਾਲਣਾ, ਤਰੱਕੀ ਹਾਸਲ ਕਰਨਾ ਅਤੇ ਭਾਲਣਾ ਹਰ ਵਿਅਕਤੀ ਲਈ ਜ਼ਰੂਰੀ ਹੈ। ਵਿੱਦਿਆ ਦੇ ਮਹੱਤਵ ਬਾਰੇ ਇਕ ਪ੍ਰਸੰਗ ਹੈ ਕਿ ਬਾਬਾ ਗੋਰੇ ਨੂੰ ਪੜ੍ਹਨ ਲਈ ਕਾਇਦੇ ਵਰਗੀਆਂ ਦੋ ਛੋਟੀਆਂ ਪਤਲੀਆਂ ਕਿਤਾਬਾਂ ਫੜਾਉਂਦਾ ਹੈ। ਗੋਰਾ ਪੜ੍ਹਨ ਲੱਗਦਾ ਹੈ :
‘ਪੜ੍ਹੋ ਵਿਦਿਯਾ ਕੌਮ ਸੰਭਾਲ ਲਈਏ,
ਪਤਾ ਲੱਗ ਜਾਵੇ ਗੱਲਾਂ ਚੰਗੀਆਂ ਦਾ।
ਸੇਵਕ ਸਮਝ ਕੇ ਵਾਸਤਾ ਮੰਨ ਲੈਣਾ
ਮੰਗੂ ਰਾਮ ਕੀ ਕਰਨਾ ਬਾਤਾਂ ਲੰਮੀਆਂ ਦਾ ’।
‘ਮਿੱਟੀ ਬੋਲ ਪਈ’ ਮਹਿਜ਼ ਬਾਬੇ, ਗੋਰੇ, ਗੱਜਣ, ਚਾਚਾ, ਪਿਆਰੋ, ਬਚਨੀ, ਫਾਤਿਮਾ ਜਿਹੇ ਪਾਤਰਾਂ ਨਾਲ ਜੁੜਿਆ ਘਟਨਾਵੀ ਬਿਰਤਾਂਤ ਹੀ ਨਹੀਂ ਸਗੋਂ ਆਪਣੀ ਸਮ-ਸਾਮਿਅਕਤਾ, ਸੱਭਿਆਚਾਰ, ਸਮਾਜ, ਰਾਜਨੀਤੀ, ਸੱਤਾ ਤੇ ਮਾਨਵੀ ਕਦਰਾਂ ਕੀਮਤਾਂ ਦਾ ਪ੍ਰਤਿਬਿੰਬ ਵੀ ਹੈ। ਇਸ ਬਿਰਤਾਂਤ ਦੇ ਅਮੂਰਤਨ ’ਚ ਦਲਿਤ ਸੱਭਿਆਚਾਰ ਤੇ ਦਲਿਤ ਦਰਸ਼ਨ ਦਾ ਵਿਵਰਣ ਵੀ ਪਿਆ ਹੈ। ਇਸੇ ਕਾਰਨ ਇਹ ਬਹੁਸੁਰੀ ਹੈ। ਇਸ ’ਚ ਪੰਜਾਬ ਦੀ ਵੰਡ ਤੋਂ ਪਹਿਲਾਂ ਦਾ ਸਮਾਂ, ਪੰਜਾਬ ਦੀ ਆਰਥਿਕਤਾ, ਪੰਜਾਬ ਦੀ ਸਮਾਜਿਕਤਾ, ਸੱਭਿਆਚਾਰ ਤੇ ਸੰਸਕ੍ਰਿਤੀ, ਲੋਕਯਾਨ ਤੇ ਲੋਕ ਰੰਗ ਦਾ ਬੜਾ ਮਾਰਮਿਕ ਤੇ ਅੱਖੀਂ ਡਿੱਠਾ ਵਰਣਨ ਹੈ । ਮਿਖਾਇਲ ਮਿਖਾਈਲੋਵਿਚ ਬਾਖ਼ਤਿਨ ਇਸ ਤਰ੍ਹਾਂ ਦੇ ਬਿਰਤਾਂਤ ਨੂੰ ‘ਸ਼ਬਦ ਸੰਚਾਰੀ ਵੰਨਸੁਵੰਨਤਾ/ ਹੈਟਰੋਗਲਾਸੀਆ’ ਕਹਿੰਦਾ ਹੈ। ਇਕ ਕਥਾ ਆਪਣੇ ਅੰਦਰ ਕਈ ਪਾਠ ਸਾਂਭੀ ਬੈਠੀ ਹੁੰਦੀ ਹੈ। ਇਹੋ ਪਾਠਾਤਿਮਕ ਬਹੁਵੰਦਤਾ/ਬਹੁਸੁਰਤਾ ਹੀ ਅਸਲ ’ਚ ਲੇਖਕ ਦੀ ਦ੍ਰਿਸ਼ਟੀ ਹੁੰਦੀ ਹੈ।
‘ਮਿੱਟੀ ਬੋਲ ਪਈ’ ਪੂਰੀ ਸ਼ਿੱਦਤ, ਸੰਵੇਦਨਾ, ਸੰਘਰਸ਼, ਸਮਰਪਣ ਤੇ ਸੁਹਿਰਦਤਾ ਨਾਲ ਜੀਵੀ ਜ਼ਿੰਦਗੀ ਦਾ ‘ਉਤਸਵ’ ਹੈ। ਮਿਖਾਇਲ ਬਾਖ਼ਤਿਨ ਆਪਣੇ ਇਸ ਉਤਸਵ ਦੇ ਸੰਕਲਪ ਬਾਰੇ ਲਿਖਦਾ ਹੈ ਕਿ ‘ਉਤਸਵ’ ਅਜਿਹਾ ਪ੍ਰਸੰਗ ਹੈ ਜਿਸ ਵਿਚ ਵੱਖਰੀਆਂ ਤੇ ਵਿਭਿੰਨ ਆਵਾਜ਼ਾਂ ਸੁਣਦੀਆਂ, ਪਣਪਦੀਆਂ ਹਨ। ਇਸੇ ਕਰਕੇ ਸੰਵਾਦ ਸੰਭਵ ਹੁੰਦਾ ਹੈ। ਇਹ ਉਤਸਵ ‘ਮਿੱਟੀ ਬੋਲ ਪਈ’ ਦੇ ਬਿਰਤਾਂਤ ਦੀ ਨਾ ਸਿਰਫ਼ ਕਥਾਤਮਕਤਾ ਸਗੋਂ ਇਸ ਦੀ ਸੱਭਿਆਚਾਰਕ ਦ੍ਰਿਸ਼ਕਾਰੀ, ਭਾਸ਼ਾਕਾਰੀ, ਲੋਕਤਾ ਤੇ ਮੁਹਾਵਰਾਮੂਲਕਤਾ ’ਚੋਂ ਸਹਿਜ ਭਾਅ ਝਲਕਦਾ ਹੈ। ‘ਮਿੱਟੀ ਬੋਲ ਪਈ’ ਦੇ ਬਿਰਤਾਂਤ ’ਚ ਦੁਆਬੀ ਤੇ ਕੰਢੀ ਦੇ ਇਲਾਕੇ ਦੀ ਬੋਲੀ ਕਾਰਨ ਆਂਚਲਿਕਤਾ ਦੀ ਪੁੱਠ ਇਸ ਨੂੰ ਹੋਰ ਪੜ੍ਹਨਯੋਗਤਾ ਪ੍ਰਦਾਨ ਕਰਦੇ ਹਨ।
ਸੰਪਰਕ : 82839-48811